ਭਾਰਤ 'ਚ ਅਫ਼ਰੀਕੀ ਮੂਲ ਦੀ ਅਮਰੀਕੀ ਔਰਤ ਨੂੰ ਪੁੱਛੇ ਗਏ ਬੇਹੂਦਾ ਸਵਾਲ

ਏਸ਼ਲੀ ਬਟਰਫ਼ੀਲਡ

ਤਸਵੀਰ ਸਰੋਤ, AFP

ਏਸ਼ਲੀ ਬਟਰਫ਼ੀਲਡ ਦੀ ਉਮਰ 31 ਸਾਲ ਹੈ ਅਤੇ ਉਹ ਤਕਰੀਬਨ ਪੂਰੀ ਦੁਨੀਆਂ ਘੁੰਮ ਚੁੱਕੀ ਹੈ, ਇਕੱਲੇ ਇੱਕ ਅਫ਼ਰੀਕੀ ਮੂਲ ਦੀ ਅਮਰੀਕੀ ਔਰਤ ਦੇ ਰੂਪ 'ਚ ਭਾਰਤ ਦੀ ਯਾਤਰਾ ਨੇ ਉਨ੍ਹਾਂ ਸਾਹਮਣੇ ਕਈ ਚੁਣੌਤੀਆਂ ਖੜੀ ਕੀਤੀਆਂ। ਪੜ੍ਹੋ ਉਨ੍ਹਾਂ ਦੀ ਕਹਾਣੀ, ਉਨ੍ਹਾ ਦੀ ਹੀ ਜ਼ੁਬਾਨੀ

ਮੈਂ ਜਿਵੇਂ ਹੀ ਡਿਨਰ ਖ਼ਤਮ ਕੀਤਾ ਤਾਂ ਭਾਰਤੀ ਰੇਸਟੌਰੈਂਟ 'ਚ ਅੱਧਖੜ ਉਮਰ ਦੇ ਮਾਲਿਕ ਨੇ ਮੈਨੂੰ ਪੁੱਛਿਆ ਕਿ, ''ਕੀ ਕਾਲੇ ਲੋਕ ਆਪਣੇ ਜੀਨਸ ਦੇ ਕਾਰਨ ਜਾਂ ਖਾਣਾ ਖਾਣ ਦੀ ਸਮਰੱਥਾ ਕਰਕੇ ਸੈਕਸ 'ਚ ਬਿਹਤਰ ਹੁੰਦੇ ਹਨ? ''

ਬਿਲ ਭਰਨ ਤੋਂ ਪਹਿਲਾਂ ਮੈਂ ਅਜਿਹੇ ਸਵਾਲ ਦੀ ਉਮੀਦ ਨਹੀਂ ਕੀਤੀ ਸੀ, ਹਾਲਾਂਕਿ ਮੈਂ ਇਸ ਤੋਂ ਬਿਲਕੁਲ ਵੀ ਅਸਹਿਜ ਨਹੀਂ ਹੋਈ।

ਅੰਤਰ-ਰਾਸ਼ਟਰੀ ਵਿਕਾਸ 'ਤੇ ਪਿਛਲੇ ਸੱਤ ਸਾਲਾਂ ਤੱਕ ਕੰਮ ਕਰਦੇ ਹੋਏ ਮੈਂ ਲਗਭਗ ਇਕੱਲੇ ਹੀ 30 ਦੇਸ਼ਾਂ ਦੀ ਯਾਤਰਾ ਕੀਤੀ ਹੈ ਅਤੇ ਮੈਂ ਕਈ ਤਰ੍ਹਾਂ ਦੇ ਸਵਾਲਾਂ ਨੂੰ ਸੁਣਨ ਦੀ ਆਦੀ ਹੋ ਗਈ ਹਾਂ।

ਭਾਰਤ 'ਚ ਇਹ ਕੋਈ ਪਹਿਲੀ ਜਾਂ ਆਖ਼ਰੀ ਵਾਰ ਨਹੀਂ ਸੀ ਜਦੋਂ ਮੈਂ ਅਜਿਹੇ ਹਲਾਤ ਦਾ ਸਾਹਮਣਾ ਕੀਤਾ ਸੀ।

ਉੱਤਰ ਭਾਰਤ 'ਚ ਇੱਕ ਬੱਸ ਦੇ ਸਫ਼ਰ ਦੌਰਾਨ ਮੈਨੂੰ ਨੀਂਦ ਆ ਗਈ ਸੀ, ਜਦੋਂ ਮੇਰੀ ਅੱਖ ਖੁਲ੍ਹੀ ਤਾਂ ਕੁਝ ਇੰਚ ਦੀ ਦੂਰੀ 'ਤੇ ਇੱਕ ਵਿਅਕਤੀ ਆਪਣੇ ਫ਼ੋਨ ਨਾਲ ਮੇਰੀ ਵੀਡੀਓ ਬਣਾ ਰਿਹਾ ਸੀ।

ਮੈਂ ਪੁੱਛਿਆ ਕਿ ''ਤੁਸੀਂ ਇਹ ਕੀ ਕਰ ਰਹੇ ਹੋ?''

ਉਸ ਨੇ ਬੜੀ ਆਸਾਨੀ ਨਾਲ ਜਵਾਬ ਦਿੱਤਾ, ''ਇੰਸਟਾਗ੍ਰਾਮ।''

ਏਸ਼ਲੀ ਬਟਰਫ਼ੀਲਡ

ਤਸਵੀਰ ਸਰੋਤ, AFP

'ਮੇਰੇ ਨਾਲ ਕਾਮੁਕ ਗੱਲਾਂ ਕੀਤੀਆਂ ਗਈਆਂ'

ਉਦੇਪੁਰ 'ਚ ਰੈਸਟੌਰੈਂਟ 'ਚ ਇੱਕ ਵਿਅਕਤੀ ਮੇਰੇ ਕੋਲ ਆਇਆ ਅਤੇ ਦੱਸਣ ਲੱਗਿਆ ਕਿ ਉਹ ਕਾਲੇ ਲੋਕਾਂ ਨਾਲ ਕਿੰਨਾ ਪਿਆਰ ਕਰਦਾ ਹੈ। ਇਸ ਤੋਂ ਬਾਅਦ ਉਸ ਨੇ ਅਜਿਹੀ ਟਿੱਪਣੀਆਂ ਕਰਨੀਆਂ ਸ਼ੁਰੂ ਕੀਤੀਆਂ ਜਿਹੜੀਆਂ ਕਾਮੁਕ ਸਨ।

ਮੇਰੇ ਵੱਲ ਜਿਹੜਾ ਧਿਆਨ ਦਿੱਤਾ ਜਾਂਦਾ ਹੈ, ਉਹ ਹਮੇਸ਼ਾ ਸਿਖ਼ਰ 'ਤੇ ਨਹੀਂ ਹੁੰਦਾ ਪਰ ਜਦੋਂ ਮੈਂ ਦੂਜੇ ਯਾਤਰੀਆਂ ਦੇ ਨਾਲ ਰਹਿੰਦੀ ਹਾਂ ਤਾਂ ਕੁਝ ਬਦਲਾਅ ਦਿਖਦੇ ਹਨ। ਗੋਰੇ ਜਾਂ ਏਸ਼ੀਆਈ ਯਾਤਰੀਆਂ ਦੇ ਨਾਲ ਯਾਤਰਾ ਕਰਨ ਅਤੇ ਇਕੱਲੇ ਜਾਂ ਕਿਸੇ ਕਾਲੇ ਵਿਅਕਤੀ ਨਾਲ ਸਫ਼ਰ ਕਰਦਿਆਂ ਜਿਹੜਾ ਮੇਰੇ ਵੱਲ ਲੋਕਾਂ ਦਾ ਧਿਆਨ ਆਉਂਦਾ ਹੈ, ਉਸ ਵਿੱਚ ਫ਼ਰਕ ਹੈ।

ਮੈਂ ਜਦੋਂ ਕਿਸੇ ਵਿਅਕਤੀ ਨਾਲ ਸਫ਼ਰ ਕਰਦੀ ਹਾਂ ਤਾਂ ਸਾਥੀ ਯਾਤਰੀਆਂ ਦੀ ਪ੍ਰਤੀਕਿਰਿਆ ਵੱਖਰੀ ਹੁੰਦੀ ਹੈ ਪਰ ਨਕਾਰਾਤਮਕ ਨਹੀਂ ਹੁੰਦੀ। ਹਾਲਾਂਕਿ, ਜਦੋਂ ਮੈਂ ਇਕੱਲੀ ਜਾਂ ਕਿਸੇ ਕਾਲੇ ਵਿਅਕਤੀ ਦੇ ਨਾਲ ਸਫ਼ਰ ਕਰਦੀ ਹਾਂ ਤਾਂ ਜ਼ਿਆਦਾਤਰ ਲੋਕਾਂ ਦੀਆਂ ਟਿੱਪਣੀਆਂ ਨਕਾਰਾਤਮਕ ਹੁੰਦੀਆਂ ਹਨ।

ਉਹ ਵੱਖ-ਵੱਖ ਤਰ੍ਹਾਂ ਦੇ ਮੁੰਹ ਬਣਾਉਂਦੇ ਹਨ, ਹੱਸਦੇ ਹਨ, ਘੂਰਦੇ ਹਨ, ਚੁਟਕੁਲੇ ਬਣਾਉਂਦੇ ਹਨ ਜਾਂ ਫ਼ਿਰ ਸਾਡੇ ਤੋਂ ਦੂਰ ਭੱਜਦੇ ਹਨ।

ਪੜ੍ਹਾਈ ਪੂਰੀ ਕਰਨ ਤੋਂ ਬਾਅਧ ਮੈਂ ਵੀ ਕਈ ਨੌਜਵਾਨਾਂ ਵਾਂਗ ਦੁਨੀਆਂ ਦੇਖਣਾ ਚਾਹੁੰਦੀ ਸੀ ਅਤੇ ਕੁਝ ਅਜਿਹਾ ਸਾਰਥਿਕ ਕੰਮ ਕਰਨਾ ਚਾਹੁੰਦੀ ਸੀ, ਜਿਹੜਾ ਮੈਨੂੰ ਵੱਖ-ਵੱਖ ਭਾਇਚਾਰਿਆਂ ਅਤੇ ਸੱਭਿਆਚਾਰ ਨੂੰ ਦਿਖਾਵੇ।

ਏਸ਼ਲੀ ਬਟਰਫ਼ੀਲਡ

ਤਸਵੀਰ ਸਰੋਤ, AFP

ਪਹਿਲੀ ਵਾਰ ਵਿਦੇਸ਼ ਦਾ ਸਫ਼ਰ

ਮੈਂ ਅਮਰੀਕਾ ਦੇ ਫ਼ਲੋਰੀਡਾ ਦੇ ਉਸ ਪਰਿਵਾਰ ਤੋਂ ਆਉਂਦੀ ਹਾਂ, ਜਿਹੜਾ ਛੁੱਟੀਆਂ ਮਨਾਉਣ ਵੀ ਨੇੜਲੀਆਂ ਥਾਵਾਂ 'ਤੇ ਸਿਰਫ ਕਾਰ ਰਾਹੀਂ ਜਾਂਦਾ ਸੀ, ਮੈਂ ਕਦੇ ਹਵਾਈ ਜਹਾਜ਼ 'ਚ ਨਹੀਂ ਬੈਠੀ ਸੀ ਅਤੇ ਕਦੇ ਦੇਸ਼ ਤੋਂ ਵੀ ਬਾਹਰ ਨਹੀਂ ਗਈ ਸੀ।

22 ਸਾਲ ਦੀ ਉਮਰ 'ਚ ਮੈਂ ਪਹਿਲਾ ਅੰਤਰ-ਰਾਸ਼ਟਰੀ ਹਵਾਈ ਸਫ਼ਰ ਕੀਤਾ। ਕਿੰਗਡਮ ਆਫ਼ ਸਵਾਜ਼ੀਲੈਂਡ (ਹਾਲ ਹੀ 'ਚ ਇਸ ਦੇ ਸਮਰਾਟ ਨੇ ਇਸ ਦਾ ਨਵਾਂ ਨਾਂ ਇਸਵਾਤਿਨੀ ਰੱਖਿਆ ਹੈ) ਗਈ। ਇਹ ਇੱਕ ਛੋਟਾ ਜਿਹਾ ਦੇਸ਼ ਹੈ, ਜਿਸ ਦੀਆਂ ਸਰਹੱਦਾਂ ਦੱਖਣ ਅਫ਼ਰੀਕਾ ਅਤੇ ਮੋਜ਼ਾਮਬਿਕ ਨਾਲ ਲੱਗਦੀਆਂ ਹਨ।

ਇਹ ਖ਼ੇਤਰ ਮੇਰੇ ਲਈ ਕਾਫ਼ੀ ਰੋਮਾਂਚ ਭਰਿਆ ਸੀ। ਉੱਥੇ ਜਾ ਕੇ ਮੈਨੂੰ ਸਮਝ 'ਚ ਆਇਆ ਕਿ ਅਫ਼ਰੀਕਾ ਦੇ ਬਾਰੇ ਅਮਰੀਕਾ 'ਚ ਕਿੰਨੀਆਂ ਗ਼ਲਤ ਧਾਰਨਾਵਾਂ ਹਨ, ਉੱਥੇ ਨਾ ਤਾਂ ਕੋਈ ਨੇਜੇ ਨਾਲ ਸ਼ਿਕਾਰ ਕਰ ਰਿਹਾ ਸੀ, ਨਾ ਹੀ ਮਿੱਟੀ ਦੇ ਘਰਾਂ 'ਚ ਰਹਿ ਰਿਹਾ ਸੀ, ਉਨ੍ਹਾਂ ਲੋਕਾਂ ਦੀ ਸੋਚ ਅਤੇ ਚਿੰਤਾਵਾਂ ਬਹੁਤੀਆਂ ਵੱਖ ਨਹੀਂ ਸੀ।

ਮੈਨੂੰ ਸਮਝ 'ਚ ਆਇਆ ਕਿ ਕਿਸੇ ਦੇਸ਼ ਨੂੰ ਸਿਰਫ਼ ਪੜ੍ਹ ਕੇ ਜਾਂ ਟੀਵੀ ਦੇਖ ਕੇ ਨਹੀਂ ਸਮਝਿਆ ਜਾ ਸਕਦਾ।

ਏਸ਼ਲੀ ਬਟਰਫ਼ੀਲਡ

ਤਸਵੀਰ ਸਰੋਤ, AFP

ਤਸਵੀਰ ਕੈਪਸ਼ਨ, ਮਥੁਰਾ 'ਚ ਦਵਾਰਕਾਧੀਸ਼ ਮੰਦਰ 'ਚ ਏਸ਼ਲੀ

ਜਦੋਂ ਅਮਰੀਕੀ ਨਹੀਂ ਸਮਝਿਆ ਗਿਆ

ਮੇਰੇ ਲਈ ਸਭ ਤੋਂ ਹੈਰਾਨ ਕਰਨ ਵਾਲੀ ਗੱਲ ਮੇਰੇ ਨਾਲ ਹੋਇਆ ਵਤੀਰਾ ਰਿਹਾ। ਮੈਂ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਅਮਰੀਕੀ ਸੰਸ਼ਥਾ ਪੀਸ ਕਾਰਪਸ ਜੁਆਇਨ ਕੀਤੀ, ਉਨ੍ਹਾਂ ਮੈਨੂੰ ਸਵਾਜ਼ਲੈਂਡ ਭੇਜਣ ਦਾ ਫ਼ੈਸਲਾ ਕੀਤਾ

ਜਦੋਂ ਮੈਂ ਉੱਥੇ ਪਹੁੰਚੀ ਤਾਂ ਮੈਨੂੰ ਪੁੱਛਿਆ ਗਿਆ ਕਿ, ''ਅਮਰੀਕੀ ਕਦੋਂ ਇੱਥੇ ਆ ਰਿਹਾ ਹੈ?''

ਮੈਂ ਕਿਹਾ ਕਿ ਮੈਂ ਅਮਰੀਕੀ ਹਾਂ, ਇਹ ਸੁਣ ਕੇ ਉਹ ਹੈਰਾਨ ਰਹਿ ਗਏ। ਠੇਠ ਅਫ਼ਰੀਕੀਆਂ ਨੂੰ ਲੈ ਕੇ ਜਿਵੇਂ ਮੇਰੇ ਵਿਚਾਰ ਸਨ, ਉਸੇ ਤਰ੍ਹਾਂ ਠੇਠ ਅਮਰੀਕੀਆਂ ਲਈ ਉਨ੍ਹਾਂ ਦੇ ਵਿਚਾਰ ਸਨ।

ਉਨ੍ਹਾਂ ਲਈ ਮੈਂ ਇੱਕ ਫਰਜ਼ੀ ਅਮਰੀਕੀ ਸੀ, ਕਈਆਂ ਦਾ ਇਹ ਮੰਨਣਾ ਸੀ ਕਿ ਮੈਂ ਅੰਗਰੇਜ਼ੀ ਬੋਲਣ ਵਾਲੇ ਅਫ਼ਰੀਕੀ ਦੇਸ਼ ਦੀ ਜਾਸੂਸ ਹਾਂ। ਕਿਸੇ ਖ਼ਾਸ ਰੰਗ ਦੇ ਸਵੈਂ ਸੇਵਕ ਲਈ ਇਹ ਅਸਾਧਾਰਨ ਪ੍ਰਤੀਕਿਰਿਆ ਨਹੀਂ ਹੈ।

ਪਿਛਲੇ ਸਾਲ ਗਰਮੀਆਂ 'ਚ 31 ਸਾਲ ਦੀ ਹੋਣ ਤੋਂ ਬਾਅਦ ਮੈਂ ਏਸ਼ੀਆ ਦਾ ਦੌਰਾ ਕਰਨ ਦੀ ਯੋਜਨਾ ਬਣਾਈ। ਮੈਂ ਕਈ ਦੇਸ਼ ਜਾਣਾ ਚਾਹੁੰਦੀ ਸੀ ਪਰ ਮਾਰਚ 'ਚ ਭਾਰਤ ਜਾਣਾ ਚਾਹਿਆ ਤਾਂ ਜੋ ਮੈਂ ਹਿੰਦੂ ਤਿਓਹਾਰ ਹੋਲੀ ਨੂੰ ਦੇਖ ਸਕਾਂ।

ਏਸ਼ਲੀ ਬਟਰਫ਼ੀਲਡ

ਤਸਵੀਰ ਸਰੋਤ, AFP

ਮੇਰਾ ਕੋਈ ਭਾਰਤੀ ਦੋਸਤ ਨਹੀਂ ਸੀ ਇਸ ਲਈ ਭਾਰਤ ਨੂੰ ਜਾਣਨ ਲਈ ਮੈਂ ਕਿਤਾਬਾਂ 'ਤੇ ਭਰੋਸਾ ਕੀਤਾ। ਇਹ ਮੇਰੇ ਲਈ ਇੱਕ ਨਵਾਂ ਅਨੁਭਵ ਸੀ।

ਸੱਤ ਹਫ਼ਤਿਆਂ ਪਹਿਲਾਂ ਮੈਂ ਦਿੱਲੀ ਪਹੁੰਚੀ, ਇੱਥੇ ਪਹੁੰਚ ਕੇ ਮੈਂ ਬਹੁਤ ਸਾਰੇ ਕੁੱਤੇ, ਕੂੜਾ, ਰੌਲਾ ਅਤੇ ਬਹੁਤ ਸਾਰੇ ਲੋਕ ਦੇਖੇ, ਇਹ ਅਸਲ 'ਚ ਇੱਕ ਨਵੀਂ ਦੁਨੀਆਂ ਸੀ।

ਦੂਜੇ ਦਿਨ ਤੋਂ ਮੈਨੂੰ ਬੇਚੈਨ ਕਰਨ ਵਾਲੇ ਅਨੁਭਵ ਹੋਣ ਲੱਗੇ। ਮੈਂ ਸੜਕ 'ਤੇ ਜਦੋਂ ਚੱਲਦੀ ਸੀ ਤਾਂ ਲੋਕ ਮੈਨੂੰ ਘੂਰਦੇ ਸਨ, ਹੱਸਦੇ ਸਨ ਅਤੇ ਮੇਰੇ ਤੋਂ ਦੂਰ ਭੱਜਦੇ ਸਨ।

ਆਵਾਰਾ ਕੁੱਤਿਆਂ ਨੇ ਮੈਨੂੰ ਘੇਰ ਲਿਆ ਅਤੇ ਹਮਲਾ ਕਰਨ ਦੀ ਕੋਸ਼ਿਸ਼ ਕਰਨ ਲੱਗੇ।

ਮੇਰੇ ਡਰ ਨੂੰ ਨਜ਼ਰਅੰਦਾਜ਼ ਕਰ ਲੋਕਾਂ ਨੂੰ ਮੈਂ ਹੱਸਦੇ ਦੇਖਿਆ।

ਕੁੱਤਿਆਂ ਦੇ ਹਟਣ ਤੋਂ ਬਾਅਦ ਲੋਕਾਂ ਨੇ ਮੇਰੇ 'ਤੇ ਪਾਣੀ ਨਾਲ ਭਰੇ ਗੁਬਾਰੇ ਸੁੱਟੇ। ਮੈਂ ਵਾਪਿਸ ਹੋਟਲ ਆਈ ਤਾਂ ਪਤਾ ਚੱਲਿਆਂ ਕਿ ਇਹ ਹੋਲੀ ਦੌਰਾਨ ਹੁੰਦਾ ਹੈ ਪਰ ਮੈਂ ਜਿੰਨਾ ਹੋਲੀ ਬਾਰੇ ਪੜ੍ਹਿਆ ਸੀ, ਇਸ ਨੇ ਮੈਨੂੰ ਬਿਲਕੁਲ ਵੀ ਖੇਡਣ ਦਾ ਆਨੰਦ ਨਹੀਂ ਦਿੱਤਾ।

ਮੈਂ ਅਗਸਤ 2017 ਤੋਂ ਏਸ਼ੀਆ ਦੀ ਯਾਤਰਾ ਕਰ ਰਹੀ ਸੀ ਪਰ ਭਾਰਤ ਦਾ ਅਨੁਭਵ ਸਭ ਤੋਂ ਅਲੱਗ ਸੀ। ਇੱਥੇ ਮੈਨੂੰ ਲੋਕਾਂ 'ਚ ਜਿਗਿਆਸਾ ਨਹੀਂ ਦਿਖੀ ਅਤੇ ਉਹ ਬੇਹੱਦ ਵੱਖਰੇ ਦਿਖੇ।

ਜ਼ਿਆਦਾਤਰ ਲੋਕ ਦੂਰ ਭੱਜਦੇ, ਹੱਸਦੇ, ਘੂਰਦੇ ਦਿਖੇ। ਕੁਝ ਬੇਹੱਦ ਹੋਰ ਹੀ ਤਰ੍ਹਾਂ ਦੇ ਸਨ ਅਤੇ ਮੇਰੇ ਨਾਲ ਬੁਰਾ ਵਿਹਾਰ ਕਰਦੇ ਸਨ।

ਸਭ ਤੋਂ ਅਲੱਗ ਅਨੁਭਵ ਉਦੋਂ ਰਿਹਾ ਜਦੋਂ ਇੱਕ ਅੱਧਖੜ ਉਮਰ ਦੇ ਵਿਅਕਤੀ ਨੇ ਮੈਨੂੰ ਮਾਸੂਮੀਅਤ ਨਾਲ ਕਾਲੇ ਲੋਕਾਂ ਦੀ ਸੈਕਸ ਸ਼ਕਤੀ ਬਾਰੇ ਪੁੱਛਿਆ।

ਮੈਨੂੰ ਅਹਿਸਾਸ ਹੋਇਆ ਕਿ ਜਿਸ ਤਰ੍ਹਾਂ ਅਫ਼ਰੀਕਾ ਨੂੰ ਲੈ ਕੇ ਮੈਨੂੰ ਗ਼ਲਤ ਜਾਣਕਾਰੀਆਂ ਦਿੱਤੀਆਂ ਗਈਆਂ, ਉਸੇ ਤਰ੍ਹਾਂ ਮੈਨੂੰ ਇੱਥੋਂ ਲਈ ਵੀ ਦਿੱਤੀਆਂ ਗਈਆਂ।

ਉਸ ਵਿਅਕਤੀ ਨੇ ਮੈਨੂੰ ਪੁੱਛਿਆ ਕਿ ਭਾਰਤ ਲਈ ਮੈਂ ਇੰਨੀਆਂ ਜਾਣਕਾਰੀਆਂ ਕਿੱਥੋਂ ਲੈ ਕੇ ਆਈ ਹਾਂ।

ਏਸ਼ਲੀ ਬਟਰਫ਼ੀਲਡ

ਤਸਵੀਰ ਸਰੋਤ, AFP

ਤਸਵੀਰ ਕੈਪਸ਼ਨ, ਉਦੇਪੁਰ ਦੇ ਮੇਵਾੜ ਉਤਸਵ 'ਚ ਏਸ਼ਲੀ

ਵਾਲਾਂ ਨੂੰ ਲੈ ਕੇ ਸੀ ਜਿਗਿਆਸਾ

ਉਸ ਦਾ ਕਹਿਣਾ ਸੀ ਕਿ ਉਸ ਨੇ ਬਹੁਤ ਕਾਲੀਆਂ ਔਰਤਾਂ ਨੂੰ ਟੀਵੀ 'ਤੇ ਬਿਨ੍ਹਾਂ ਵੱਧ ਕੱਪੜਿਆਂ ਦੇ ਦੇਖਿਆ ਹੈ। ਉਸ ਨੇ ਕਿਹਾ ਕਿ ਉਨ੍ਹਾਂ 'ਚ ਬਹੁਤ ਸ਼ਕਤੀ ਹੁੰਦੀ ਹੈ ਅਤੇ ਉਸ ਨੇ ਇਹ ਡਿਸਕਵਰੀ ਚੈਨਲ ਅਤੇ ਪੋਰਨ ਤੋਂ ਸਿੱਖਿਆ ਹੈ।

ਕਾਲੀਆਂ ਔਰਤਾਂ ਦੀ ਸੈਕਸ ਪਾਵਰ ਤੋਂ ਇਲਾਵਾ ਲੋਕਾਂ ਦੇ ਦਿਮਾਗ 'ਚ ਮੇਰੇ ਵਾਲਾਂ ਲਈ ਵੀ ਕਈ ਸਵਾਲ ਸਨ।

ਇੱਕ ਥਾਂ ਕਈ ਨੌਜਵਾਨਾਂ ਦੇ ਗਰੁੱਪ ਮੇਰੇ ਕੋਲ ਆਏ ਅਤੇ ਮੈਨੂੰ ਮੇਰੇ ਵਾਲਾਂ ਬਾਰੇ ਪੁੱਛਿਆ, ਉਨ੍ਹਾਂ ਨੂੰ ਲੱਗ ਰਿਹਾ ਸੀ ਕਿ ਮੈਂ ਵਿਗ ਪਾਈ ਹੈ।

ਉਨ੍ਹਾਂ ਨੂੰ ਦੱਸਣ 'ਚ ਮੈਨੂੰ ਖ਼ੁਸ਼ੀ ਹੋਈ ਕਿ ਲੋਕ ਕੁਦਰਤੀ ਕਾਲੇ ਵਾਲਾਂ ਨੂੰ ਲੈ ਕੇ ਬੇਹੱਦ ਉਤਸੁਕ ਸਨ। ਇਸ ਤੋਂ ਇਲਾਵਾ ਮੈਨੂੰ ਕਈ ਲੋਕਾਂ ਨੂੰ ਆਪਣੇ ਬਾਰੇ ਦੱਸਣ 'ਚ ਖੁਸ਼ੀ ਵੀ ਹੋਈ।

ਇੱਕ ਵਾਰ ਜੈਪੁਰ ਤੋਂ ਉਦੇਪੁਰ ਦੀ ਸਾਢੇ ਸੱਤ ਘੰਟੇ ਦੀ ਬੱਸ ਯਾਤਰਾ ਦੌਰਾਨ ਲਗਭਗ 45 ਸਾਲ ਦੀ ਔਰਤ ਮੇਰੇ ਨਾਲ ਯਾਤਰਾ ਕਰ ਰਹੀ ਸੀ। ਉਸ ਨੇ ਕਈ ਜਾਣਕਾਰੀਆਂ ਸਾਂਝੀਆਂ ਕੀਤੀਆਂ ਅਤੇ ਮੈਨੂੰ ਨਾਸ਼ਤਾ ਵੀ ਦਿੱਤਾ।

ਇਸ ਸਫ਼ਰ ਦੌਰਾਨ ਮੈਨੂੰ ਕਾਫ਼ੀ ਰਾਹਤ ਮਿਲੀ। ਇਹ ਸਭ ਮੇਰੇ ਲਈ ਕਾਫ਼ੀ ਵੱਡੀ ਗੱਲ ਸੀ ਕਿ ਮੈਂ ਇੱਕ ਕਾਲੀ ਔਰਤ ਆਪਣੇ ਅਨੁਭਵ ਨੂੰ ਸਾਂਝਾ ਕਰ ਸਕੀ।

ਮੇਰਾ ਮਕਸਦ ਹੈ ਕਿ ਵੱਧ ਤੋਂ ਵੱਧ ਲੋਕਾਂ ਨੂੰ ਮਿਲ ਸਕਾਂ, ਉਹ ਮੈਨੂੰ ਦੇਖ ਸਕਣ। ਮੈਂ ਚਾਹੁੰਦੀ ਹਾਂ ਕਿ ਲੋਕ ਮੈਨੂੰ ਉਦੋਂ ਤੱਕ ਦੇਖਣ ਜਦੋਂ ਤੱਕ ਉਹ ਮੇਰੇ ਵਰਗੇ ਲੋਕਾਂ ਨੂੰ ਦੇਖਦੇ ਹੋਏ ਅੱਕ (ਬੋਰ ਨਾ ਹੋ ਜਾਣ) ਨਾ ਜਾਣ।

ਮੇਰਾ ਸੁਪਨਾ ਹੈ ਕਿ ਭਵਿੱਖ ਦੇ ਲੋਕ ਕਾਲੇ ਲੋਕਾਂ ਨੂੰ ਦੇਖਣ ਦੇ ਆਦੀ ਹੋ ਜਾਣ।

(ਬੀਬੀਸੀ ਦੀ ਮੇਘਾ ਮੋਹਨ ਨਾਲ ਗੱਲਬਾਤ 'ਤੇ ਆਧਾਰਿਤ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)