ਡਿਸਕੋ ਬਾਰ ਅਤੇ ਸਾਈਕਲ ਚਲਾਉਂਦੀਆਂ ਔਰਤਾਂ ਵਾਲਾ ਲਾਹੌਰ

ਪਾਕਿਸਤਾਨ

ਤਸਵੀਰ ਸਰੋਤ, AFP

ਤਸਵੀਰ ਕੈਪਸ਼ਨ, ਈਦ ਮਿਲਾਦੁਨਬੀ ਦੇ ਮੌਕੇ ਲਾਹੋਰ ਵਿੱਚ ਸਜਾਇਆ ਗਿਆ ਬਾਜ਼ਾਰ
    • ਲੇਖਕ, ਆਮਨਾ ਮੁਫ਼ਤੀ
    • ਰੋਲ, ਲੇਖਿਕਾ ਅਤੇ ਕਾਲਮਨਵੀਸ

ਲਾਹੌਰ ਸ਼ਹਿਰ ਨੇ ਪਿਛਲੇ 70 ਸਾਲਾਂ ਵਿੱਚ ਸਮਾਜ ਦੇ ਲਿਹਾਜ਼ ਨਾਲ ਬਹੁਤ ਕਲਾਬਾਜ਼ੀਆਂ ਖਾਦੀਆਂ ਹਨ। 50 ਦੇ ਦਹਾਕਿਆਂ ਵਿੱਚ ਲਾਹੌਰ ਦੀਆਂ ਸੜਕਾਂ 'ਤੇ ਔਰਤਾਂ ਸਾਈਕਲ ਚਲਾਉਂਦੀਆਂ ਸਨ ਅਤੇ ਰਾਹਗੀਰ ਉਨ੍ਹਾਂ ਨੂੰ ਘੂਰਦੇ ਨਹੀਂ ਸਨ।

ਬਾਰ ਅਤੇ ਡਿਸਕੋ ਹੋਇਆ ਕਰਦੇ ਸਨ। ਸ਼ਰਾਬ ਵੀ ਗ਼ੈਰ-ਕਾਨੂੰਨੀ ਨਹੀਂ ਬਣੀ ਸੀ। ਘਰਾਂ ਵਿੱਚ ਡਰਾਇੰਗ ਰੂਮ ਵੀ ਸਨ, ਔਰਤਾਂ ਅਤੇ ਮਰਦਾਂ ਦੇ ਕਮਰੇ ਵੱਖ ਵੱਖ ਹੁੰਦੇ ਸਨ।

ਔਰਤਾਂ ਲਈ ਖ਼ਾਸ ਤੌਰ 'ਤੇ ਮੀਨਾ ਬਾਜ਼ਾਰ

ਅਜਿਹੇ ਪ੍ਰੋਗਰਾਮ ਕਰਵਾਏ ਜਾਂਦੇ ਸਨ ਜਿਸ ਵਿੱਚ ਔਰਤ-ਮਰਦ ਇੱਕਠੇ ਆ ਸਕਦੇ ਸਨ ਅਤੇ ਔਰਤਾਂ ਲਈ ਖ਼ਾਸ ਤੌਰ 'ਤੇ ਮੀਨਾ ਬਾਜ਼ਾਰ ਵੀ ਹੁੰਦੇ ਸਨ।

ਲਾਹੌਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਲਾਹੌਰ ਵਿੱਚ ਸ਼ਰਾਬ ਗ਼ੈਰ ਕਾਨੂੰਨੀ ਹੈ

ਸ਼ਾਮ ਨੂੰ ਕਲੱਬ ਜਾਣਾ, ਟੈਨਿਸ ਅਤੇ ਤੰਬੋਲਾ ਖੇਡਣਾ ਬਹੁਤ ਸਾਰੇ ਘਰਾਂ ਵਿੱਚ ਸਾਧਾਰਣ ਗੱਲ ਸੀ। ਰੇਡੀਓ ਵਜਾਉਣਾ, ਗਾਣਾ ਸੁਣਨਾ, ਗੀਤ ਗਾਣਾ, ਲੂਡੋ, ਕੈਰਮ ਖੇਡਣਾ ਅਤੇ ਬਾਜ਼ੀਆਂ (ਤਾਸ਼) ਲਾਉਣਾ ਆਮ ਸ਼ੌਕ ਸਨ।

ਸਾੜੀ ਪਹਿਨਣਾ ਕੇਵਲ ਕਿਸੇ ਵਿਆਹ ਸ਼ਾਦੀ ਲਈ ਨਹੀਂ ਹੁੰਦੀ ਸੀ ਬਲਕਿ ਬਹੁਤ ਸਾਰੀਆਂ ਔਰਤਾਂ ਦਾ ਇਹ ਰੋਜ਼ ਪਹਿਨਣ ਵਾਲਾ ਪਹਿਰਾਵਾ ਸੀ।

ਵਧੇਰੇ ਔਰਤਾਂ ਬਾਹਰ ਕੰਮ ਨਹੀਂ ਕਰਦੀਆਂ ਸਨ

ਪਰਦੇ ਵਿੱਚ ਰਹਿਣ ਵਾਲੀਆਂ ਔਰਤਾਂ ਸਾਧਾਰਣ ਮਿਸਰੀ ਜਾਂ ਟੋਪੀ ਬੁਰਕਾਂ ਪਾਉਂਦੀਆਂ ਸਨ।

ਲਾਹੌਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪੁਰਾਣੇ ਲਾਹੌਰ ਸ਼ਹਿਰ ਦਾ ਨਜ਼ਾਰਾ

ਸੜਕਾਂ 'ਤੇ ਟਾਂਗੇ ਚਲਦੇ ਸਨ ਅਤੇ ਘੋੜੇ ਸੜਕਾਂ 'ਤੇ ਲਿੱਦ ਕਰਦੇ ਜਾਂਦੇ ਸਨ। ਹਾਲਾਂਕਿ ਬਾਅਦ ਵਿੱਚ ਸਰਕਾਰੀ ਆਦੇਸ਼ਾਂ 'ਤੇ ਉਨ੍ਹਾਂ ਨੂੰ ਵੱਡੇ ਪਜ਼ਾਮੇ ਵੀ ਪਹਿਨਾ ਦਿੱਤੇ ਗਏ ਪਰ ਜੇਕਰ ਕੋਈ ਲਿੱਦ ਨਾਲ ਸੜਕ 'ਤੇ ਡਿੱਗ ਜਾਂਦਾ ਸੀ ਤਾਂ ਉਸ ਨੂੰ ਤੁਰੰਤ ਟਿਟਨੈਸ ਦਾ ਟੀਕਾ ਲਗਵਾਉਣ ਲਈ ਦੌੜ ਲੱਗ ਜਾਂਦੀ ਸੀ।

ਘਰਾਂ ਵਿੱਚ ਕਾਰ ਹੋਵੇ ਨਾ ਹੋਵੇ ਪਰ ਮੱਝ ਜਰੂਰ ਹੁੰਦੀ ਸੀ।

ਵਧੇਰੇ ਔਰਤਾਂ ਬਾਹਰ ਕੰਮ ਨਹੀਂ ਕਰਦੀਆਂ ਸਨ, ਜੋ ਔਰਤਾਂ ਘਰਾਂ ਵਿੱਚ ਰਹਿੰਦੀਆਂ ਸਨ, ਉਨ੍ਹਾਂ ਵਿਚੋਂ ਕਿਸੇ ਵੀ ਤਰ੍ਹਾਂ ਦੀ ਹੀਣਭਾਵਨਾ ਨਹੀਂ ਸੀ ਅਤੇ ਬਾਹਰ ਕੰਮ ਕਰਨ ਵਾਲੀਆਂ ਔਰਤਾਂ ਨੂੰ ਕਿਸੇ ਵੀ ਤਰ੍ਹਾਂ ਦਾ ਘਮੰਡ ਨਹੀਂ ਹੁੰਦਾ ਸੀ।

ਪੰਜਾਬ ਦੇ ਸਾਰੇ ਦਰਿਆ ਵਗਦੇ ਸਨ ਅਤੇ ਰਾਵੀ ਵਿੱਚ ਹੜ੍ਹ ਵੀ ਆਇਆ ਕਰਦੇ ਸਨ।

ਲਾਹੌਰ

ਤਸਵੀਰ ਸਰੋਤ, AFP

ਤਸਵੀਰ ਕੈਪਸ਼ਨ, ਲਾਹੌਰ ਵਿਚੋਂ ਲੰਘਣ ਵਾਲੇ ਰਾਵੀ ਦਰਿਆ ਵਿੱਚ ਪਾਣੀ ਬਹੁਤ ਘਟ ਹੈ

ਸੜਕਾਂ ਦੇ ਕਿਨਾਰੇ ਅੰਬ ਅਤੇ ਜਾਮਨ ਦੇ ਦਰੱਖ਼ਤ ਹੁੰਦੇ ਸਨ। ਲੋਕਾਂ ਵਿੱਚ ਇੱਕ ਅਜੀਬ ਜਿਹਾ ਦੇਸਭਗਤੀ ਦਾ ਜਜ਼ਬਾ ਦੇਖਣ ਨੂੰ ਮਿਲਦਾ ਸੀ ਅਤੇ ਅਕਸਰ ਬਿਨਾਂ ਕੋਈ ਕਾਰਨ ਪਾਕਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਾਏ ਜਾਂਦੇ ਸਨ।

ਸਕੂਟਰ 'ਤੇ ਪੂਰਾ ਟੱਬਰ

ਮੋਟਰਸਾਈਕਲ ਮੁਸ਼ਕਲ ਨਾਲ ਹੀ ਨਜ਼ਰ ਆਉਂਦੇ ਸਨ ਅਤੇ ਸਕੂਟਰ ਹੁੰਦੇ ਸਨ, ਜਿਨ੍ਹਾਂ 'ਤੇ ਪੂਰਾ ਟੱਬਰ ਸਵਾਰ ਹੋ ਕੇ ਘੁੰਮਦਾ ਸੀ।

ਬੱਸਾਂ ਨਾਲ ਕਾਰਾਂ ਵੀ ਨਜ਼ਰ ਆਉਂਦੀਆਂ ਸਨ। ਯਥਾਰਥਵਾਦ ਅਤੇ ਲਘੁ ਕਲਾ ਵਧ ਫੁਲ ਰਹੀ ਸੀ।

ਵੀਡੀਓ ਕੈਪਸ਼ਨ, ਲਾਹੌਰ ਵਿੱਚ ਜ਼ਹਿਰੀਲੇ ਧੂੰਏ ਦਾ ਕਹਿਰ

ਸਾਹਿਤ ਅਤੇ ਲੇਖਕ ਜਿਉਂਦੇ ਸਨ, ਟੀ ਹਾਊਸ ਅਤੇ ਬੇਕਰੀ ਦੀਆਂ ਰੌਣਕਾਂ ਉਦੋਂ ਘਟ ਨਹੀਂ ਪੈਂਦੀਆਂ ਸਨ।

ਸਚਮੁੱਚ ਦੇ ਲੇਖਕ ਅਤੇ ਸ਼ਾਇਰ ਸ਼ਹਿਰ ਦੀਆਂ ਸੜਕਾਂ 'ਤੇ ਤੁਰਦੇ-ਫਿਰਦੇ ਨਜ਼ਰ ਆ ਜਾਂਦੇ ਸਨ। ਉਨ੍ਹਾਂ ਨਾਲ ਗੱਲ ਕੀਤੀ ਜਾ ਸਕਦੀ ਸੀ, ਮਿਲਿਆ ਜਾ ਸਕਦਾ ਸੀ।

ਸੂਬੇ ਖ਼ਾਨ, ਬਰਕਤ ਅਲੀ, ਬੰਬੇ ਕਲਾਥ ਹਾਉਸ ਦੀ ਪਛਾਣ ਸੀ। ਘਰਾਂ ਵਿੱਚ ਠੰਢ ਆਉਣ 'ਤੇ ਉੱਨ ਦੇ ਸਵੈਟਰ ਬੁਣੇ ਜਾਣ ਲਗਦੇ ਸਨ।

ਘਰਾਂ ਵਿੱਚ ਦੋ ਦਿਨ ਛੱਡ ਕੇ ਮੀਟ ਬਣਦਾ ਸੀ ਅਤੇ ਕੁਝ ਗਿਣੇ-ਚੁਣੇ ਪਕਵਾਨਾਂ ਤੋਂ ਇਲਾਵਾ ਕੁਝ ਦਾਵਤ ਵਾਲੇ ਪਕਵਾਨ ਹੁੰਦੇ ਸਨ।

ਫੇਰ ਜਿਵੇਂ ਕਿਸੇ ਜਾਦੂਮਈ ਹੱਥਾਂ ਨੇ ਸਾਡੇ ਸਮਾਜਿਕ ਢਾਂਚੇ ਦੀਆਂ ਪਸਲੀਆਂ ਬੜੀ ਖਾਮੋਸ਼ੀ ਨਾਲ ਖਿਸਕਾ ਲਈਆਂ ਅਤੇ ਸਾਰੀ ਇਮਾਰਤ ਇੱਕ ਮਿੱਟੀ ਦੇ ਢੇਰ ਵਾਂਗ ਆਪਣੇ ਆਪ ਵੀ ਕਦਮਾਂ ਵਿੱਚ ਆ ਡਿੱਗੀ।

ਬੁਰਕੇ ਵਿੱਚ ਤਬਦੀਲੀ ਆਈ

ਅਜਕਲ੍ਹ ਸਾਈਕਲ ਤਾਂ ਛੱਡੋ, ਗੱਡੀ ਚਲਾਉਣ ਵਾਲੀਆਂ ਔਰਤਾਂ ਨੂੰ ਇੰਨੀ ਹੈਰਤ ਨਾਲ ਦੇਰ ਤੱਕ ਅੱਖਾਂ ਪਾੜ ਕੇ ਦੇਖਿਆ ਜਾਂਦਾ ਹੈ ਕਿ ਵਾਰ ਵਾਰ ਸਾਫ ਕਰਨ ਦੇ ਬਾਵਜੂਦ ਗੱਡੀ ਦੀ ਸ਼ੀਸ਼ਾ ਚਿਪਚਿਪਾ ਹੋ ਜਾਂਦਾ ਹੈ।

ਲਾਹੌਰ

ਤਸਵੀਰ ਸਰੋਤ, Getty Images

ਬੁਰਕੇ ਵਿੱਚ ਤਬਦੀਲੀ ਆ ਗਈ ਹੈ, ਜਿਸ ਨੇ ਹਿਜਾਬ ਅਤੇ ਗਾਊਨ ਦੀ ਸ਼ਕਲ ਲੈ ਲਈ ਹੈ। ਇਨ੍ਹਾਂ ਵਿਚੋਂ ਗੋਲ-ਮਟੋਲ ਚਿਹਰੇ ਅਤੇ ਕਾਜਲ ਨਾਲ ਸਜੀਆਂ ਅੱਖਾਂ ਨੂੰ ਦੇਖ ਕੇ ਦੇਖਦੇ ਹੀ ਰਹਿਣ ਦਾ ਦਿਲ ਕਰਦਾ ਹੈ।

ਦਰਜੀਆਂ ਦਾ ਕੰਮ ਅੱਜ ਵੀ ਚੱਲ ਰਿਹਾ ਹੈ ਪਰ ਅਸਲੀ ਕੰਮ ਡਿਜ਼ਾਈਨਰ ਦਾ ਹੈ ਜੋ ਜਦੋਂ ਚਾਹੁੰਦਾ ਹੈ ਦਾਮਨ ਨੂੰ ਗਿਰੇਬਾਨ ਨਾਲ ਮਿਲਾ ਦਿੰਦਾ ਹੈ।

ਇਸੇ ਲਾਹੌਰ ਵਿੱਚ ਜਿੱਥੇ ਅਨਾਰਕਲੀ ਵਿੱਚ ਕਿਸੇ ਰਾਹ ਤੁਰੇ ਜਾਂਦੇ ਆਦਮੀ ਦੇ ਸਵੈਟਰ ਦਾ ਨਮੂਨਾ ਦੇਖ ਕੇ ਸਾਡੀ ਇੱਕ ਦੋਸਤ ਨੇ ਉਥੋਂ ਹੀ ਉੱਨ ਸਲਾਈਆਂ ਖਰੀਦੀਆਂ ਅਤੇ ਸਾਬ, ਪਿੱਛਾ ਕਰਦੇ ਕਰਦੇ ਨਮੂਨਾ ਉਤਾਰ ਲਿਆ।

ਹੁਣ ਇਸੇ ਲਾਹੌਰ ਵਿੱਚ ਕੋਈ ਹੱਥ ਦੇ ਉਣੇ ਸਵੈਟਰ ਨਹੀਂ ਪਹਿਨਦਾ ਅਤੇ ਕਿਸੇ ਨੂੰ ਸਲਾਈਆਂ ਨਾਲ ਉਣਨਾ ਵੀ ਨਹੀਂ ਆਉਂਦਾ।

ਨਹੀਂ ਰਿਹਾ ਸਵਾਦ

ਕੋਈ ਪਕਵਾਨ ਹੈ, ਕਿੰਨੇ ਹੀ ਚੈਨਲ ਦਿਨ ਰਾਤ ਔਰਤਾਂ ਨੂੰ ਖਾਣਾ ਪਕਾਉਣਾ ਸਿਖਾ ਰਹੇ ਹਨ। ਡਿਲੀਵਰੀ ਬੋਏ ਘਰ ਘਰ ਜਾ ਪੱਕਿਆ ਪਕਾਇਆ ਖਾਣਾ ਦੇ ਰਹੇ ਹਨ ਪਰ ਖਾਣੇ ਵਿੱਚ ਕਿਤੇ ਜ਼ਾਇਕਾ ਨਹੀਂ ਹੈ।

ਲਾਹੌਰ
ਤਸਵੀਰ ਕੈਪਸ਼ਨ, ਲਾਹੌਰ ਵਿੱਚ ਪੀਣ ਵਾਲਾ ਸਾਫ ਪਾਣੀ 10 ਸਾਲ ਵਿੱਚ ਖ਼ਤਮ ਹੋ ਸਕਦਾ ਹੈ

ਮੱਝਾਂ ਸ਼ਹਿਰਾਂ ਵਿਚੋਂ ਗਾਇਬ ਹੋ ਗਈਆਂ ਹਨ, ਰਾਵੀ ਦਰਿਆ ਸੁੱਕ ਗਿਆ ਹੈ। ਘੋੜੇ ਹੁਣ ਰੇਸ ਕੋਰਸ ਅਤੇ ਕਿਓਲਰੀ ਗ੍ਰਾਊਂਡ ਵਿੱਚ ਨਜ਼ਰ ਆਉਂਦੇ ਹਨ।

ਲਾਹੌਰ ਦੀ ਸ਼ਾਮ ਵਿੱਚ ਹੁਣ ਵੀ ਮੋਤੀਆ ਅਤੇ ਰਾਤ ਦੀ ਰਾਣੀ ਦੀ ਖ਼ੁਸ਼ਬੂ ਹੁੰਦੀ ਹੈ ਪਰ ਇੱਕ ਗੱਲ ਅਸੀਂ ਭੁੱਲ ਗਏ ਹਾਂ ਕਿ ਲਾਹੌਰ ਦਾ ਜ਼ਮੀਨੀ ਜਲ ਦਾ ਪੱਧਰ ਤੇਜ਼ੀ ਨਾਲ ਘਟ ਰਿਹਾ ਹੈ।

ਸੋਚੋ ਪਾਣੀ ਤੋਂ ਬਿਨਾਂ ਲਾਹੌਰ ਕਿਵੇਂ ਦਾ ਹੋਵੇਗਾ?

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)