ਉੱਤਰੀ ਤੇ ਦੱਖਣੀ ਕੋਰੀਆ ਦੀ ਸੁਲਹ ਤੋਂ ਭਾਰਤ ਨੂੰ ਕੀ ਲਾਭ?

    • ਲੇਖਕ, ਸੰਦੀਪ ਕੁਮਾਰ ਮਿਸ਼ਰਾ
    • ਰੋਲ, ਐਸੋਸੀਏਟ ਪ੍ਰੋਫੈਸਰ, ਜੇਐੱਨਯੂ, ਬੀਬੀਸੀ ਲਈ

ਅਪ੍ਰੈਲ 27, 2018 ਨੂੰ ਉੱਤਰੀ ਅਤੇ ਦੱਖਣੀ ਕੋਰੀਆ ਦੇ ਆਗੂਆਂ ਦੀ ਇਤਿਹਾਸਕ ਬੈਠਕ ਹੋਈ ਜਿਸ ਵਿੱਚ ਦੋਹਾਂ ਆਗੂਆਂ ਨੇ ਕੋਰੀਆ ਪ੍ਰਾਇਦੀਪ ਨੂੰ ਪਰਮਾਣੂ ਹਥਿਆਰਾਂ ਤੋਂ ਮੁਕਤ ਕਰਨ ਦਾ ਅਹਿਦ ਲਿਆ।

ਇਹ ਬੈਠਕ ਉੱਤਰੀ ਕੋਰੀਆ ਦੇ ਕਿੰਮ ਜੋਂਗ-ਉਨ ਅਤੇ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਮੂਨ ਜੇ-ਇਨ ਨੇ ਵਿਚਕਾਰ ਹੋਈ।

ਇਸ ਪ੍ਰਕਿਰਿਆ ਦੀ ਅਗਲੀ ਦਿਸ਼ਾ ਤਾਂ ਕਿਮ ਅਤੇ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਦੀ ਮੁਲਾਕਾਤ 'ਤੇ ਹੀ ਨਿਰਭਰ ਕਰੇਗੀ ਪਰ ਇਸ ਨੂੰ ਇੱਕ ਸਫ਼ਲ ਸ਼ੁਰੂਆਤ ਜ਼ਰੂਰ ਮੰਨਿਆ ਜਾ ਰਿਹਾ ਹੈ।

ਭਾਰਤ ਵੀ ਇਸ ਸਮੁੱਚੇ ਘਟਨਾਕ੍ਰਮ ਨੂੰ ਦਿਲਚਸਪੀ ਨਾਲ ਦੇਖ ਰਿਹਾ ਹੈ। ਭਾਰਤ ਉੱਤਰੀ ਕੋਰੀਆ ਦੇ ਹਥਿਆਰਾਂ ਨੂੰ ਸ਼ਾਂਤੀਪੂਰਨ ਅਤੇ ਕੂਟਨੀਤਿਕ ਤਰੀਕਿਆਂ ਨਾਲ ਖ਼ਤਮ ਕਰਨ ਦਾ ਹਾਮੀ ਰਿਹਾ ਹੈ ਜਿਸ ਕਰਕੇ ਇਹ ਮੁਲਾਕਾਤ ਉਸ ਲਈ ਸੰਤੋਖ ਦਾ ਸਬੱਬ ਹੈ।

ਇਹ ਭਾਰਤ ਦੀ ਨੈਤਿਕ ਜਿੱਤ ਹੈ। ਭਾਰਤ ਸ਼ਾਂਤੀਪੂਰਨ ਅਤੇ ਕੂਟਨੀਤਿਕ ਤਰੀਕਿਆਂ ਦਾ ਹਾਮੀ ਰਿਹਾ ਹੈ ਅਤੇ ਦੋਵੇਂ ਦੇਸ ਉਸੇ ਦਿਸ਼ਾ ਵੱਲ ਵਧ ਰਹੇ ਹਨ।

ਭਾਰਤ 'ਤੇ ਪ੍ਰਭਾਵ

ਹਾਲਾਂਕਿ ਉੱਤਰੀ ਕੋਰੀਆ ਦੇ ਪਰਮਾਣੂ ਹਥਿਆਰ ਮੁਕਤ ਹੋਣ ਦਾ ਭਾਰਤ 'ਤੇ ਕੋਈ ਸਿੱਧਾ ਅਸਰ ਨਹੀਂ ਪਵੇਗਾ।

ਨਾ ਹੀ ਇਸ ਨਾਲ ਭਾਰਤ ਦੀ ਭੂ-ਰਾਜਨੀਤਿਕ ਅਤੇ ਏਸ਼ੀਆ-ਪ੍ਰਸ਼ਾਂਤ ਖੇਤਰ ਵਿੱਚ ਉਸਦੇ ਸ਼ਾਂਤੀ ਸੰਤੁਲਨ 'ਤੇ ਕੋਈ ਅਸਰ ਪਵੇਗਾ।

ਭਾਰਤ ਹਾਲ ਹੀ ਵਿੱਚ ਅਮਰੀਕਾ,ਜਪਾਨ ਅਤੇ ਆਸਟਰੇਲੀਆ ਨਾਲ ਚਾਰ ਦੇਸਾਂ ਦੇ ਨੈੱਟਵਰਕ ਦਾ ਹਿੱਸਾ ਬਣਿਆ ਹੈ। ਇਹ ਨੈੱਟਵਰਕ ਆਉਣ ਵਾਲੇ ਸਾਲਾਂ ਵਿੱਚ ਲਗਪਗ ਇਹੋ-ਜਿਹਾ ਹੀ ਬਣਿਆ ਰਹੇਗਾ।

ਬੁਨਿਆਦੀ ਤੌਰ 'ਤੇ ਇਸ ਨੈੱਟਵਰਕ ਦੀ ਬਣਤਰ ਅਤੇ ਇਸਦੇ ਚੀਨ ਨਾਲ ਰਿਸ਼ਤਿਆਂ ਉੱਤੇ ਉੱਤਰੀ ਕੋਰੀਆ ਦੇ ਪਰਮਾਣੂ ਹਥਿਆਰ ਮੁਕਤ ਹੋਣ ਜਾਂ ਨਾ ਹੋਣ ਨਾਲ ਕੋਈ ਅਸਰ ਨਹੀਂ ਪੈਣ ਵਾਲਾ।

ਹਾਂ ਖੇਤਰੀ ਤੌਰ 'ਤੇ ਭਾਰਤ ਇੱਕ ਉੱਭਰ ਰਹੀ ਤਾਕਤ ਹੈ ਤੇ ਉਹ ਚਾਹੇਗਾ ਕਿ ਉੱਤਰੀ ਕੋਰੀਆ ਨੂੰ ਪਰਮਾਣੂ ਹਥਿਆਰ ਤੋਂ ਮੁਕਤ ਕਰਨ ਦੀ ਪ੍ਰਕਿਰਿਆ ਅਗਾਂਹ ਵਧੇ।

ਲੰਘੇ ਮਹੀਨਿਆਂ ਵਿੱਚ ਅਮਰੀਕਾ ਅਤੇ ਉੱਤਰੀ ਕੋਰੀਆ ਦੇ ਆਗੂਆਂ ਵਿੱਚ ਤਿੱਖੀ ਬਿਆਨਬਾਜ਼ੀ ਕਰਕੇ ਖੇਤਰੀ ਸਿਆਸਤ ਕਾਫੀ ਡਾਵਾਂਡੋਲ ਰਹੀ। ਅਸਲ ਵਿੱਚ ਪਿਛਲੇ ਸਮੇਂ ਵਿੱਚ ਕਈ ਮੌਕਿਆਂ 'ਤੇ ਦੋਹਾਂ ਦੇਸ ਹਥਿਆਰਬੰਦ ਟਾਕਰੇ ਦੇ ਵੀ ਬਹੁਤ ਨੇੜੇ ਆ ਗਏ।

ਭਾਰਤ ਲਈ ਇਹ ਕੋਈ ਸੁਖਾਵੇਂ ਹਾਲਾਤ ਨਹੀਂ ਸਨ। ਭਾਰਤ ਚਾਹੁੰਦਾ ਹੈ ਕਿ ਖਿੱਤੇ ਵਿੱਚ ਸਥਿਰਤਾ ਅਤੇ ਅਮਨ ਬਣਿਆ ਰਹੇ ਜਿਸ ਨਾਲ ਉਸ ਦੀ ਸਥਿਤੀ ਆਉਣ ਵਾਲੇ ਸਾਲਾਂ ਵਿੱਚ ਹੋਰ ਮਜ਼ਬੂਤ ਹੋ ਸਕੇ।

ਸਿਆਸੀ ਹਿੱਤਾਂ 'ਤੇ ਅਸਰ

ਜੇ ਕੋਰੀਆਈ ਪ੍ਰਾਇਦੀਪ ਵਿੱਚ ਤਣਾਅ ਦੀ ਸਥਿਤੀ ਬਣਦੀ ਹੈ ਤਾਂ ਇਸ ਇਸ ਨਾਲ ਭਾਰਤ ਦੇ ਸਿਆਸੀ ਅਤੇ ਰਣਨੀਤਿਕ ਹਿੱਤਾਂ 'ਤੇ ਮਾੜਾ ਅਸਰ ਪਵੇਗਾ ਜਿਨ੍ਹਾਂ ਦੀ ਪੂਰਤੀ ਲਈ ਖਿੱਤੇ ਵਿੱਚ ਅਮਨ ਕਾਇਮ ਕਰਨਾ ਜ਼ਰੂਰੀ ਹੈ।

ਪਿਛਲੇ ਇੱਕ ਦਹਾਕੇ ਦੌਰਾਨ ਭਾਰਤ ਆਪਣੇ ਖਿੱਤੇ ਦੇ ਕਈ ਦੇਸਾਂ ਨਾਲ ਦੁਵੱਲਾ ਅਤੇ ਬਹੁਦੇਸੀ ਵਪਾਰ ਵਧਾਉਣ ਵਿੱਚ ਸਫ਼ਲ ਰਿਹਾ ਹੈ।

ਆਪਣੀ 'ਪੂਰਬ ਵੱਲ ਦੇਖੋ ਨੀਤੀ' ਤਹਿਤ ਭਾਰਤ ਨੇ ਖਿੱਤੇ ਵਿੱਚ ਆਰਥਿਕ ਵਟਾਂਦਰੇ ਦੀ ਰਫ਼ਤਾਰ ਤੇਜ਼ ਕੀਤੀ ਹੈ।

ਕੋਰੀਆਈ ਪ੍ਰਾਇਦੀਪ ਦੇ ਇਰਦ-ਗਿਰਦ ਫੌਜੀ ਸੰਘਰਸ਼ ਨਾਲ ਇਸ ਪ੍ਰਕਿਰਿਆ ਨੂੰ ਧੱਕਾ ਲੱਗੇਗਾ। ਫਿਲਹਾਲ ਖੇਤਰ ਵਿੱਚ ਭਾਰਤ ਦਾ ਅਰਥਚਾਰਾ ਸਭ ਤੋਂ ਤੇਜੀ ਨਾਲ ਵਿਕਾਸ ਕਰ ਰਿਹਾ ਹੈ। ਉਹ ਚਾਹੇਗਾ ਕਿ ਅਮਨ ਕਾਇਮ ਰਹੇ ਅਤੇ ਵਿਕਾਸ ਦੀ ਰਫ਼ਤਾਰ ਵੀ ਕਾਇਮ ਰਹੇ।

ਜੇ ਉੱਤਰੀ ਕੋਰੀਆ ਦੇ ਪਰਮਾਣੂ ਹਥਿਆਰ ਖ਼ਤਮ ਹੋ ਸਕਣ ਤਾਂ ਭਾਰਤ ਨੂੰ ਇੱਕ ਹੋਰ ਲਾਭ ਹੋਵੇਗਾ।

ਵਿਸ਼ਵੀ ਪਰਮਾਣੂ ਹਥਿਆਰਾਂ ਦਾ ਪ੍ਰਸਾਰ ਰੋਕਣ ਵਾਲੀ ਏਜੰਸੀ ਸਮੇਂ ਦੇ ਨਾਲ ਭਾਰਤ ਦੀ ਪਰਮਾਣੂ ਤਾਕਤ ਨੂੰ ਇੱਕ ਅਪਵਾਦ ਵਜੋਂ ਮਾਨਤਾ ਦੇਣ ਲੱਗ ਪਈ ਹੈ। ਇਸ ਦਾ ਕਾਰਨ ਹੈ ਭਾਰਤ ਦਾ ਜਿੰਮੇਵਾਰੀ ਵਾਲਾ ਵਤੀਰਾ।

ਇਸ ਹਾਲਤ ਵਿੱਚ ਜੇ ਪਰਮਾਣੂ ਹਥਿਆਰਾਂ ਵਾਲੇ ਦੇਸਾਂ ਦੀ ਗਿਣਤੀ ਵਧੇਗੀ ਤਾਂ ਮਾਨਤਾ ਦੇਣ ਵਾਲੇ ਦੇਸ ਭਾਰਤ ਦੇ ਅਪਵਾਦ ਬਾਰੇ ਮੁੜ ਸੋਚਣ ਲਈ ਮਜਬੂਰ ਹੋ ਜਾਣਗੇ।

ਇਹ ਹਾਲਾਤ ਭਾਰਤ ਦੇ ਪਰਮਾਣੂ ਹਥਿਆਰ ਰੱਖ ਸਕਣ ਲਈ ਮਾਫਕ ਨਹੀਂ ਹੋਣਗੇ। ਹੁਣ ਜੇ ਉੱਤਰੀ ਕੋਰੀਆ ਪਰਮਾਣੂ ਹਥਿਆਰ ਛੱਡਦਾ ਹੈ ਤਾਂ ਭਾਰਤ 'ਤੇ ਦਬਾਅ ਘਟੇਗਾ।

ਯਕੀਨੀ ਤੌਰ 'ਤੇ ਭਾਰਤ ਉੱਤਰੀ ਕੋਰੀਆ ਅਤੇ ਦੱਖਣੀ ਕੋਰੀਆ ਦੇ ਆਗੂਆਂ ਦੀ ਬੈਠਕ ਦੇ ਨਤੀਜਿਆਂ ਤੋਂ ਖੁਸ਼ ਅਤੇ ਸੰਤੁਸ਼ਟ ਹੋਵੇਗਾ।

ਜ਼ਮੀਨ ਤੇ ਭਾਵੇਂ ਹੀ ਇਸ ਮੁਲਾਕਾਤ ਦੀ ਭਾਰਤ ਲਈ ਕੋਈ ਖ਼ਾਸ ਅਹਿਮੀਅਤ ਨਾ ਹੋਵੇ ਪਰ ਅਸਿੱਧੇ ਰੂਪ ਵਿੱਚ ਉਸ ਲਈ ਯਕੀਨੀ ਤੌਰ 'ਤੇ ਇਸ ਦੇ ਹਾਂਮੁਖੀ ਨਤੀਜੇ ਹੋਣਗੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)