You’re viewing a text-only version of this website that uses less data. View the main version of the website including all images and videos.
ਚੀਨ ਦੇ ਵੁਹਾਨ ਸ਼ਹਿਰ ਵਿੱਚ ਮੋਦੀ ਤੇ ਸ਼ੀ ਨੇ ਮੁਲਾਕਾਤ ਕੀਤੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਚੀਨੀ ਰਾਸ਼ਟਰਪਤੀ ਸ਼ੀ ਜ਼ਿਨਪਿੰਗ ਨੇ ਚੀਨ ਦੇ ਵੁਹਾਨ ਸ਼ਹਿਰ ਵਿੱਚ ਮੁਲਾਕਾਤ ਕੀਤੀ।
ਚੀਨ ਦੇ ਕੇਂਦਰੀ ਸੂਬੇ ਹੁਬੋਈ ਦੀ ਰਾਜਧਾਨੀ ਵੁਹਾਨ ਵਿੱਚ ਹੋਈ ਇਸ ਗੈਰ-ਰਸਮੀਂ ਮੁਲਾਕਾਤ ਵਿੱਚ ਦੋਹਾਂ ਆਗੂਆਂ ਨੇ ਦੁੱਵਲੇ ਮਸਲਿਆਂ ਬਾਰੇ ਵਿਚਾਰ ਕੀਤੀ।
ਇਸ ਬੈਠਕ ਤੋਂ ਪਹਿਲਾਂ ਸ਼ੀ ਮੋਦੀ ਨੂੰ ਹੁਬੋਈ ਦੇ ਅਜਾਇਬ ਘਰ ਵਿੱਚ ਲੈ ਕੇ ਗਏ। ਜਿੱਥੇ ਚੀਨੀ ਕਲਾਕਾਰਾਂ ਨੇ ਪ੍ਰਧਾਨ ਮੰਤਰੀ ਦੇ ਸਵਾਗਤ ਵਿੱਚ ਸੱਭਿਆਚਾਰਕ ਪੇਸ਼ਕਾਰੀ ਕੀਤੀ।
ਨਰਿੰਦਰ ਮੋਦੀ ਨੇ ਸ਼ੀ ਦਾ ਗਰਮਜੋਸ਼ੀ ਵਾਲੇ ਸਵਾਗਤ ਲਈ ਧੰਨਵਾਦ ਕੀਤਾ।
ਡੀਡੀ ਨਿਊਜ਼ ਮੁਤਾਬਕ ਮੋਦੀ ਨੇ ਕਿਹਾ ਕਿ ਦੋਹਾਂ ਦੇਸਾਂ ਦਾ ਅਰਥਚਾਰਾ ਦੁਨੀਆਂ ਦੇ ਬਾਕੀ ਦੇਸਾਂ ਲਈ ਵੀ ਅਹਿਮ ਹੈ ਅਤੇ ਦੋਵੇਂ ਦੇਸ ਦੁਨੀਆਂ ਵਿੱਚ ਅਮਨ ਕਾਇਮ ਕਰਨ ਵਿੱਚ ਸਾਰਥਕ ਭੂਮਿਕਾ ਨਿਭਾ ਸਕਦੇ ਹਨ।
ਸਾਲ 2014 ਤੋਂ ਹੁਣ ਤੱਕ ਮੋਦੀ ਦੀ ਇਹ ਚੌਥੀ ਚੀਨ ਯਾਤਰਾ ਹੈ। ਦੁਵੱਲੀ ਗੱਲਬਾਤ ਲਈ ਮੋਦੀ ਦੂਜੀ ਵਾਰ ਚੀਨ ਵਿੱਚ ਹਨ। ਉਹ 2016 ਵਿੱਚ ਜੀ-20 ਸਿਖਰ ਸੰਮੇਲਨ ਅਤੇ 2017 ਵਿੱਚ ਬਰਿਕਸ ਸੰਮੇਲਨ ਵਿੱਚ ਹਿੱਸਾ ਲੈਣ ਚੀਨ ਗਏ ਸਨ।
ਇਨ੍ਹਾਂ ਮੁਲਾਕਾਤਾਂ ਦੇ ਬਾਵਜੂਦ ਦੋਹਾਂ ਦੇਸਾਂ ਦੇ ਰਿਸ਼ਤਿਆਂ ਵਿੱਚ ਸਰਹੱਦੀ ਤਣਾਅ ਕਰਕੇ ਤਲਖੀ ਬਣੀ ਰਹੀ ਹੈ।
ਕਦੇ ਧੁੱਪ ਕਦੇ ਛਾਂ
ਚੀਨ ਨੇ ਭਾਰਤ ਦੇ ਨਿਊਕਲੀਅਰ ਸਪਲਾਇਰ ਗਰੁੱਪ ਵਿੱਚ ਦਾਖਲੇ ਦਾ ਵਿਰੋਧ ਕੀਤਾ ਸੀ। ਜਦੋਂ ਭਾਰਤ ਨੇ ਜੈਸ਼-ਏ-ਮੁਹੰਮਦ ਦੇ ਨੇਤਾ ਮਸੂਦ ਅਜ਼ਹਰ ਨੂੰ ਸੰਯੁਕਤ ਰਾਸ਼ਟਰ ਵੱਲੋਂ ਅੱਤਵਾਦੀ ਵਜੋਂ ਐਲਾਨ ਕਰਵਾਉਣ ਦਾ ਯਤਨ ਕੀਤਾ ਤਾਂ ਚੀਨ ਨੇ ਉਸ ਨੂੰ ਵੀਟੋ ਕਰ ਦਿੱਤਾ ਸੀ।
ਭੂਟਾਨ ਦੇ ਨਾਲ ਲਗਦੀ ਡੋਕਲਾਮ ਦੀ ਸਰਹੱਦ 'ਤੇ ਦੋਹਾਂ ਦੇਸਾਂ ਦੀਆਂ ਫੌਜਾਂ 73 ਦਿਨਾਂ ਤੱਕ ਆਹਮੋ-ਸਾਹਮਣੇ ਖੜੀਆਂ ਰਹੀਆਂ ਸਨ।
ਭਾਰਤ ਅਤੇ ਚੀਨ ਦਾ ਏਸ਼ੀਆ ਦੇ ਵੱਡੇ ਅਰਥਚਾਰਿਆਂ ਵਿੱਚ ਸ਼ੁਮਾਰ ਹੁੰਦਾ ਹੈ। ਭਾਰਤ ਚੀਨ ਦੀ ਮਹੱਤਵਕਾਂਸ਼ੀ ਯੋਜਨਾ ਵਨ ਬੈਲਟ ਵਨ ਰੋਡ ਦਾ ਹਿੱਸਾ ਨਹੀਂ ਹੈ। ਇਸ ਦੇ ਬਾਵਜੂਦ ਦੋਹਾਂ ਦੇਸਾਂ ਨੂੰ ਵਪਾਰਕ ਖੇਤਰ ਵਿੱਚ ਵਧੀਆ ਰਿਸ਼ਤਿਆਂ ਦੀ ਉਮੀਦ ਹੈ।
ਮੋਦੀ ਦੇ ਦੌਰੇ ਤੋਂ ਪਹਿਲਾਂ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਸ਼ੰਘਾਈ ਕੋ-ਓਪਰੇਸ਼ਨ ਅਰਗਨਾਈਜ਼ੇਸ਼ਨ ਦੀ ਬੈਠਕ ਵਿੱਚ ਹਿੱਸਾ ਲੈਣ ਲਈ ਚੀਨ ਵਿੱਚ ਸਨ।
ਉਨ੍ਹਾਂ ਨੇ ਆਪਣੇ ਚੀਨੀ ਹਮ ਰੁਤਬਾ ਵਾਂਗ ਯੀ ਨਾਲ ਮੁਲਾਕਾਤ ਕੀਤੀ। ਉਨ੍ਹਾਂ ਦੇ ਇਸ ਦੌਰੇ ਨੂੰ ਪ੍ਰਧਾਨ ਮੰਤਰੀ ਦੇ ਦੌਰੋ ਦੀ ਤਿਆਰੀ ਵਜੋਂ ਦੇਖਿਆ ਜਾ ਰਿਹਾ ਸੀ।
ਮੋਦੀ ਇਸੇ ਸਾਲ ਜੂਨ ਵਿੱਚ ਇੱਕ ਵਾਰ ਫੇਰ ਚੀਨ ਜਾਣਗੇ ਜਿੱਥੇ ਉਹ ਕੋ-ਓਪਰੇਸ਼ਨ ਅਰਗਨਾਈਜ਼ੇਸ਼ਨ ਦੀ ਬੈਠਕ ਵਿੱਚ ਹਿੱਸਾ ਲੈਣਗੇ।
ਉਸ ਸਮਾਗਮ ਵਿੱਚ ਅੱਠ ਹੋਰ ਦੇਸਾਂ ਦੇ ਆਗੂ ਹੋਣਗੇ, ਜਿਸ ਕਰਕੇ ਉਨ੍ਹਾਂ ਨੂੰ ਸ਼ੀ ਨਾਲ ਲੰਮੀ ਮੁਲਾਕਾਤ ਦਾ ਸਮਾਂ ਨਹੀਂ ਮਿਲ ਸਕੇਗਾ। ਇਸੇ ਕਰਕੇ ਇਹ ਬੈਠਕ ਅਹਿਮ ਮੰਨੀ ਜਾ ਰਹੀ ਹੈ।