ਹਮਲੇ ਦੇ 6 ਸਾਲ ਬਾਅਦ ਪਾਕਿਸਤਾਨ ਮੁੜੀ ਮਲਾਲਾ ਦਾ ਕਿਵੇਂ ਹੋਇਆ ਸਵਾਗਤ?

ਨੋਬਲ ਪੀਸ ਪੁਰਸਕਾਰ ਜੇਤੂ ਮਲਾਲਾ ਯੂਸਫ਼ਜ਼ਈ ਤਾਲਿਬਾਨ ਵੱਲੋਂ ਕੀਤੇ ਹਮਲੇ ਤੋਂ ਬਾਅਦ ਪਹਿਲੀ ਵਾਰ ਪਾਕਿਸਤਾਨ ਵਾਪਸ ਪਰਤ ਆਈ ਹੈ।

ਮਨੁੱਖੀ ਹੱਕਾਂ ਲਈ ਆਵਾਜ਼ ਚੁੱਕਣ ਵਾਲੀ 20 ਸਾਲਾ ਯੂਸਫ਼ਜ਼ਈ 'ਤੇ 2012 ਵਿੱਚ ਹਮਲਾਵਰ ਵੱਲੋਂ ਉਨ੍ਹਾਂ ਦੇ ਸਿਰ 'ਤੇ ਗੋਲੀ ਮਾਰੀ ਗਈ।

ਕੁੜੀਆਂ ਦੀ ਪੜ੍ਹਾਈ ਲਈ ਮੁਹਿੰਮ ਚਲਾਉਣ ਕਾਰਨ ਉਸ ਨੂੰ ਇਸ ਹਮਲੇ ਦਾ ਸ਼ਿਕਾਰ ਹੋਣਾ ਪਿਆ।

ਉਮੀਦ ਕੀਤੀ ਜਾ ਰਹੀ ਹੈ ਕਿ ਉਹ ਪ੍ਰਧਾਨ ਮੰਤਰੀ ਸ਼ਾਹਿਦ ਖ਼ਾਕਨ ਅੱਬਾਸੀ ਨਾਲ ਮੁਲਾਕਾਤ ਕਰਨਗੇ।

ਏਐਫਪੀ ਨਿਊਜ਼ ਏਜੰਸੀ ਮੁਤਾਬਕ 'ਸਵੰਦੇਨਸ਼ੀਲਤਾ' ਦੇ ਮੱਦੇਨਜ਼ਰ ਇਸ ਦੌਰੇ ਦੀ ਜਾਣਕਾਰੀ ਗੁਪਤ ਰੱਖੀ ਗਈ ਹੈ।

ਪਾਕਿਸਤਾਨ ਟੈਲੀਵਿਜ਼ਨ ਬਰੋਡਕਾਸਟ ਦੀ ਵੀਡੀਓ ਵਿੱਚ ਮਲਾਲਾ ਆਪਣੇ ਮਾਤਾ-ਪਿਤਾ ਨਾਲ ਸਖ਼ਤ ਸੁਰੱਖਿਆ ਦੇ ਘੇਰੇ 'ਚ ਇਸਲਾਮਾਬਾਦ ਬੈਨਜ਼ੀਰ ਭੁੱਟੋ ਇੰਟਰਨੈਸ਼ਨਲ ਏਅਰਪੋਰਟ 'ਤੇ ਦਿਖਾਈ ਦਿੱਤੀ।

ਉਹ ਮਲਾਲਾ ਫੰਡ ਗਰੁੱਪ ਦੇ ਅਧਿਕਾਰੀਆਂ ਸਹਿਤ ਪਾਕਿਸਤਾਨ ਆਈ ਹੈ।

ਸਥਾਨਕ ਮੀਡੀਆ ਮੁਤਾਬਕ ਇਸ ਦੌਰੇ ਦੇ ਚਾਰ ਦਿਨ ਤੱਕ ਚੱਲਣ ਦੀ ਉਮੀਦ ਜਤਾਈ ਜਾ ਰਹੀ ਹੈ।

ਇਸ ਬਾਰੇ ਅਜੇ ਤੱਕ ਪੁਖਤਾ ਜਾਣਕਾਰੀ ਨਹੀਂ ਹੈ ਕਿ ਉਹ ਆਪਣੇ ਦੌਰੇ ਦੌਰਾਨ ਆਪਣੇ ਜੱਦੀ ਘਰ ਜਿਹੜਾ ਕਿ ਸਵਾਤ ਵਿੱਚ ਹੈ ਉੱਥੇ ਜਾਣਗੇ ਜਾਂ ਨਹੀਂ।

ਕਦੋਂ ਅਤੇ ਕਿਉਂ ਹੋਇਆ ਹਮਲਾ

ਸਿਰਫ਼ 11 ਸਾਲ ਦੀ ਉਮਰ ਵਿੱਚ ਮਲਾਲਾ ਨੇ ਬੀਬੀਸੀ ਉਰਦੂ ਲਈ ਲਿਖਣਾ ਸ਼ੁਰੂ ਕਰ ਦਿੱਤਾ ਸੀ ਕਿ ਤਾਲਿਬਾਨ ਹਕੂਮਤ ਹੇਠ ਉਸਦੀ ਜ਼ਿੰਦਗੀ ਕਿਵੇਂ ਹੈ।

15 ਸਾਲ ਦੀ ਉਮਰ ਵਿੱਚ ਮਲਾਲਾ ਦੀ ਸਕੂਲ ਬੱਸ 'ਤੇ ਹਮਲਾ ਕੀਤਾ ਗਿਆ। ਉਸ ਸਮੇਂ ਇਹ ਖ਼ਬਰ ਕੌਮਾਂਤਰੀ ਪੱਧਰ 'ਤੇ ਸੁਰਖ਼ੀਆਂ ਵਿੱਚ ਆਈ ਸੀ।

ਇਸ 'ਤੇ ਪਾਕਿਸਤਾਨ ਤਾਲਿਬਾਨ ਨੇ ਕਿਹਾ ਸੀ ਕਿ ਉਨ੍ਹਾਂ ਨੇ ਉਸ 'ਤੇ ਹਮਲਾ ਕੀਤਾ ਹੈ ਕਿ ਕਿਉਂਕਿ ਉਹ 'ਪਰੋ-ਵੈਸਟ' ਹੈ ਅਤੇ ਪੱਛਮੀ ਸੱਭਿਆਚਾਰ ਨੂੰ ਵਧਾਵਾ ਦੇ ਰਹੀ ਹੈ।

ਮਲਾਲਾ ਲਗਾਤਾਰ ਬੱਚਿਆਂ ਦੀ ਪੜ੍ਹਾਈ ਅਤੇ ਲੋਕਾਂ ਦੇ ਹੱਕਾਂ ਦੀ ਗੱਲ ਕਰਦੀ ਰਹੀ ਹੈ।

ਉਨ੍ਹਾਂ ਨੇ ਆਪਣੇ ਪਿਤਾ ਜ਼ਿਆਉੱਦੀਨ ਨਾਲ ਮਲਾਲਾ ਫੰਡ ਸ਼ੁਰੂ ਕੀਤਾ ਤਾਕਿ ਕੋਈ ਵੀ ਕੁੜੀ ਬਿਨਾਂ ਡਰ ਦੇ ਸਿੱਖ ਸਕਦੀ ਹੈ ਅਤੇ ਅਗਵਾਈ ਕਰ ਸਕਦੀ ਹੈ।

ਸਾਲ 2014 ਵਿੱਚ ਉਹ ਨੋਬਲ ਸ਼ਾਂਤੀ ਪੁਰਸਕਾਰ ਜਿੱਤਣ ਵਾਲੀ ਪਹਿਲੀ ਪਾਕਿਸਤਾਨੀ ਬਣੀ ਸੀ।

ਮਲਾਲਾ ਅਤੇ ਭਾਰਤੀ ਕਾਰਕੁਨ ਕੈਲਾਸ਼ ਸਤਿਆਰਥੀ ਦੋਵਾਂ ਨੂੰ ਬੱਚਿਆਂ ਦੇ ਹੱਕ ਲਈ ਕੰਮ ਕਰਨ ਲਈ ਸ਼ਾਂਤੀ ਪੁਰਸਕਾਰ ਨਾਲ ਨਵਾਜ਼ਿਆ ਗਿਆ ਸੀ।

ਮਲਾਲਾ ਨੇ ਆਪਣੀ ਪੜ੍ਹਾਈ ਦੇ ਨਾਲ ਵੀ ਇਸ ਮੁਹਿੰਮ ਨੂੰ ਜਾਰੀ ਰੱਖਿਆ ਹੈ। ਉਹ ਔਕਸਫੋਰਡ ਯੂਨੀਵਰਸਟੀ ਵਿੱਚ ਪੜ੍ਹ ਰਹੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)