ਅਗਲੇ 15 ਸਾਲਾਂ 'ਚ ਡੇਢ ਕਰੋੜ ਵਾਧੂ ਲੋਕ ਮਰਨਗੇ? ਆਖ਼ਰ ਕਿਉਂ ਵਧੇਗੀ ਮੌਤਾਂ ਦੀ ਗਿਣਤੀ ?

ਵਿਸ਼ਵ ਸਿਹਤ ਸਗੰਠਨ (WHO) ਅਨੁਸਾਰ ਅਗਲੇ 15 ਸਾਲਾਂ ਵਿੱਚ ਕਰੀਬ ਕਰੋੜ ਹੋਰ ਜ਼ਿਆਦਾ ਲੋਕ ਮਰਨਗੇ। ਇਹ ਵਾਧਾ ਦਿਲ ਦੀ ਬੀਮਾਰੀ ਅਤੇ ਕੈਂਸਰ ਵਰਗੇ ਰੋਗਾਂ ਕਾਰਨ ਹੋਵੇਗਾ।

ਤਕਨੀਕ ਤੇ ਸਿਹਤ ਸਹੂਲਤਾਂ ਨਾਲ ਪਿਛਲੇ ਕਈ ਦਹਾਕਿਆਂ ਤੋਂ ਉਮਰ ਵਿੱਚ ਵਾਧਾ ਹੋ ਰਿਹਾ ਹੈ ਅਤੇ ਮੌਤ ਨੂੰ ਕੁਝ ਸਾਲਾਂ ਲਈ ਕਾਫ਼ੀ ਹੱਦ ਤੱਕ ਟਾਲਣ ਵਿੱਚ ਕਾਮਯਾਬੀ ਹਾਸਲ ਹੋਈ ਹੈ।

ਪਰ ਆਉਣ ਵਾਲੇ ਕੁਝ ਸਾਲਾਂ ਵਿੱਚ ਮੌਤਾਂ ਦੀ ਗਿਣਤੀ ਵਧੇਗੀ। ਇਸ ਹਾਲਾਤ ਵਿੱਚ ਉਨ੍ਹਾਂ ਲੋਕਾਂ ਨੂੰ ਬਚਾਉਣਾ ਇੱਕ ਚੁਣੌਤੀ ਹੈ, ਜੋ ਆਪਣੀ ਜ਼ਿੰਦਗੀ ਦੇ ਆਖ਼ਰੀ ਪੜ੍ਹਾਅ ਵਿੱਚ ਹਨ।

ਅਸੀਂ 20ਵੀਂ ਸਦੀ ਦੀ ਸ਼ੁਰੂਆਤ ਪੈਨਸਲਿਨ ਤੋਂ ਕੀਤੀ ਸੀ ਪਰ ਤਕਨੀਕੀ ਸੁਧਾਰਾਂ ਨੇ ਮੁਸ਼ਕਿਲ ਇਲਾਜ ਨੂੰ ਵੀ ਹਰ ਇੱਕ ਦੀ ਪਹੁੰਚ ਵਿੱਚ ਲਿਆ ਦਿੱਤਾ। ਹਰ ਮਨੁੱਖ ਦੀ ਆਪਣੀ ਸਰੀਰਕ ਜ਼ਰੂਰਤ ਦੇ ਹਿਸਾਬ ਨਾਲ ਉਸਦਾ ਇਲਾਜ ਕੀਤਾ ਜਾ ਸਕਦਾ ਹੈ।

ਉਦਾਹਰਣ ਵਜੋਂ ਇੰਗਲੈਂਡ ਵਿੱਚ ਮਰਦਾਂ ਤੇ ਔਰਤਾਂ ਦੀ ਔਸਤ ਉਮਰ ਵਿੱਚ 30 ਸਾਲ ਦਾ ਵਾਧਾ ਹੋਇਆ ਹੈ। ਮਰਦਾਂ ਦੀ ਔਸਤ ਉਮਰ 79 ਸਾਲ ਅਤੇ ਔਰਤਾਂ ਦੀ ਔਸਤ ਉਮਰ 83 ਸਾਲ ਹੋ ਚੁੱਕੀ ਹੈ।

ਬੀਤੇ ਦਹਾਕਿਆਂ 'ਚ ਘੱਟ ਮੌਤਾਂ ਹੋਈਆਂ

ਪਹਿਲਾਂ ਮੌਤ ਦਾ ਅੰਦਾਜ਼ਾ ਲਾਉਣਾ ਨਾਮੁਮਕਿਨ ਸੀ ਕਿਉਂਕਿ ਜ਼ਿਆਦਾਤਰ ਲੋਕ ਅਚਾਨਕ ਕਿਸੇ ਇੰਨਫੈਕਸ਼ਨ ਦੀ ਬੀਮਾਰੀ ਨਾਲ ਮਰਦੇ ਸਨ।

ਜੋ ਬੀਮਾਰੀਆਂ ਪਹਿਲਾਂ ਮਾਰੂ ਸਨ, ਹੁਣ ਉਨ੍ਹਾਂ ਦਾ ਇਲਾਜ ਸੰਭਵ ਹੈ। ਇਸਦਾ ਦੂਜਾ ਪਹਿਲੂ ਵੀ ਹੈ। ਜ਼ਿਆਦਾ ਉਮਰ ਹੋਣ ਦਾ ਮਤਲਬ ਹੈ ਕਿ ਲੋਕ ਕਈ ਸਾਲ ਕੈਂਸਰ ਵਰਗੀਆਂ ਬੀਮਾਰੀਆਂ ਨਾਲ ਜੀਉਣਗੇ।

ਅਸੀਂ ਜ਼ਿਆਦਾ ਲੰਬੀ ਜ਼ਿੰਦਗੀ ਜੀ ਰਹੇ ਹਾਂ ਤੇ ਹੌਲੀ-ਹੌਲੀ ਮਰ ਰਹੇ ਹਾਂ। ਪਰ ਕੀ ਅਸੀਂ ਇਸ ਚੁਣੌਤੀ ਦਾ ਸਾਹਮਣਾ ਕਰਨ ਲਈ ਤਿਆਰ ਹਾਂ?

ਇਸ ਤੋਂ ਸਿੱਟਾ ਇਹ ਨਿਕਲਦਾ ਹੈ ਕਿ ਆਉਣ ਵਾਲੇ ਸਾਲਾਂ ਵਿੱਚ ਸਾਨੂੰ ਕਈ ਮੌਤਾਂ ਲਈ ਤਿਆਰ ਰਹਿਣਾ ਪਵੇਗਾ।

ਜਿਵੇਂ ਉਮਰ ਵਧ ਰਹੀ ਹੈ ਅਤੇ ਲੋਕਾਂ ਦੀ ਮੌਤਾਂ ਨੂੰ ਟਾਲਿਆ ਜਾ ਰਿਹਾ ਹੈ ਉਸ ਨਾਲ ਬਹੁਤ ਘੱਟ ਮੌਤਾਂ ਹੋਈਆਂ ਹਨ।

ਹਰ ਸਾਲ 20 ਫੀਸਦ ਦਾ ਵਾਧਾ

ਮਰਨਾ ਹਰ ਕਿਸੇ ਨੇ ਹੈ ਅਤੇ ਅਸੀਂ ਹੁਣ ਹੱਦ ਪਾਰ ਕਰ ਚੁੱਕੇ ਹਾਂ। ਹੁਣ ਮੌਤਾਂ ਨੂੰ ਹੋਰ ਟਾਲਣਾ ਇੱਕ ਵੱਡੀ ਮੁਸ਼ਕਿਲ ਹੈ। ਇੰਗਲੈਂਡ ਵਿੱਚ ਹਰ ਸਾਲ 5 ਲੱਖ ਲੋਕਾਂ ਦੀ ਮੌਤ ਹੋ ਰਹੀ ਹੈ।

ਅਗਲੇ 20 ਸਾਲ ਤੱਕ ਇਸ ਵਿੱਚ ਹਰ ਸਾਲ 20 ਫੀਸਦ ਦਾ ਵਾਧਾ ਹੋਵੇਗਾ।

ਪੂਰੀ ਦੁਨੀਆਂ ਵਿੱਚ ਅਜਿਹੇ ਹਾਲਾਤ ਹੀ ਹਨ। ਵਿਸ਼ਵ ਸਿਹਤ ਸੰਗਠਨ ਦੇ ਅਨੁਮਾਨ ਮੁਤਾਬਕ ਸਾਲ 2015 ਵਿੱਚ ਪੂਰੀ ਦੁਨੀਆਂ 'ਚ 5.6 ਕਰੋੜ ਲੋਕਾਂ ਦੀ ਮੌਤ ਹੋਈ ਸੀ। 2030 ਵਿੱਚ ਇਹ ਗਿਣਤੀ 7 ਕਰੋੜ ਤੱਕ ਪਹੁੰਚ ਜਾਵੇਗੀ।

ਵਧੇਰੇ ਲੋਕ ਆਪਣੀ ਜ਼ਿੰਦਗੀ ਦੇ ਆਖਰੀ ਸਾਲਾਂ ਵਿੱਚ ਵੱਖ-ਵੱਖ ਬੀਮਾਰੀਆਂ ਤੋਂ ਪੀੜਤ ਹੋਣਗੇ। ਸਰੀਰਕ ਤੇ ਮਾਨਸਿਕ ਤੌਰ 'ਤੇ ਮਰਨ ਤੋਂ ਪਹਿਲਾਂ ਉਹ ਆਪਣੇ ਆਪ ਨੂੰ ਬੀਮਾਰ ਮਹਿਸੂਸ ਕਰਨਗੇ।

ਤਾਂ ਅਸੀਂ ਕਿਵੇਂ ਇਨ੍ਹਾਂ ਦੇ ਬਿਹਤਰ ਤਰੀਕੇ ਨਾਲ ਖਿਆਲ ਰੱਖ ਸਕਦੇ ਹਾਂ?

ਜੋ ਲੋਕ ਆਪਣੀ ਜ਼ਿੰਦਗੀ ਦੇ ਆਖਰੀ ਪੜਾਅ ਵਿੱਚ ਹਨ, ਉਨ੍ਹਾਂ ਦੀ ਜ਼ਿੰਦਗੀ ਨੂੰ ਸੁਖਾਲਾ ਬਣਾਇਆ ਜਾ ਸਕਦਾ ਹੈ। ਅਸੀਂ ਉਨ੍ਹਾਂ ਦੇ ਬੀਮਾਰੀ ਨਾਲ ਪੈਦਾ ਹੁੰਦੇ ਕਸ਼ਟਾਂ ਨੂੰ ਘੱਟ ਕਰ ਸਕਦੇ ਹਾਂ।

ਸਮਾਜਿਕ ਮੁਹਿੰਮ ਦੀ ਲੋੜ

ਨਰਸਾਂ, ਸਮਾਜ ਸੇਵੀਆਂ ਅਤੇ ਸਲਾਹਾਕਾਰਾਂ ਦੀ ਟੀਮ ਬਣਾ ਕੇ ਇਸ ਦਿਸ਼ਾ ਵੱਲ ਕੰਮ ਕਰ ਸਕਦੇ ਹਾਂ।

ਮਰੀਜ਼ਾਂ ਦੀ ਜ਼ਿੰਦਗੀ ਚੰਗੇਰੀ ਬਣਾਉਣ ਵੱਲ ਕੰਮ ਕਰਨ ਵਾਲੇ ਲੋਕ ਉਨ੍ਹਾਂ ਦੀ ਬੀਮਾਰੀ ਨਾਲ ਜੁੜੀਆਂ ਸਭ ਤੋਂ ਵੱਡੀਆਂ ਸਮੱਸਿਆਵਾਂ ਦੀ ਪਛਾਣ ਕਰਦੇ ਹਨ। ਉਹ ਉਨ੍ਹਾਂ ਦੇ ਲੱਛਣ ਦੀ ਪਛਾਣ ਕਰਨ ਵੱਲ ਕੰਮ ਕਰਦੇ ਹਨ।

ਵਧੇਰੇ ਲੋਕਾਂ ਨੂੰ ਲੱਛਣ ਵਜੋਂ ਦਰਦ, ਨਜ਼ਲਾ ਅਤੇ ਸਾਹ ਦੀ ਸਮੱਸਿਆ ਮਹਿਸੂਸ ਹੁੰਦੀ ਹੈ। ਕਈ ਲੋਕਾਂ ਨੂੰ ਦਿਮਾਗੀ, ਸਮਾਜਿਕ ਅਤੇ ਅਧਿਆਤਮਕ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਰਿਚਰਚ ਅਨੁਸਾਰ ਬੀਮਾਰ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਨਾਲ ਉਨ੍ਹਾਂ ਦੀ ਜ਼ਿੰਦਗੀ ਬਿਹਤਰ ਹੁੰਦੀ ਹੈ। ਇਸ ਨਾਲ ਉਨ੍ਹਾਂ ਦਾ ਡਿਪਰੈਸ਼ਨ ਵੀ ਘੱਟ ਹੁੰਦਾ ਹੈ। ਇਸ ਗੱਲ ਦੀ ਸੰਭਾਵਨਾਵਾਂ ਵੀ ਵਧ ਜਾਂਦੀਆਂ ਹਨ ਕਿ ਉਨ੍ਹਾਂ ਦੀ ਮੌਤ ਹਸਪਤਾਲ ਦੇ ਬਿਸਤਰ 'ਤੇ ਨਾ ਹੋਵੇ।

ਅਜਿਹੇ ਇਲਾਜ ਨੂੰ ਉਸ ਵੇਲੇ ਵਧ ਇਸਤੇਮਾਲ ਕੀਤਾ ਜਾਂਦਾ ਹੈ ਜਦੋਂ ਸਾਰੇ ਇਲਾਜ ਮੁੱਕ ਜਾਣ।

ਪਰ ਮਰੀਜ਼ਾਂ ਦੀਆਂ ਸਮੱਸਿਆਵਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਘੱਟ ਕਰਨ ਦੀ ਇਹ ਪ੍ਰਕਿਰਿਆ ਉਸ ਵੇਲੇ ਵਧੇਰੇ ਲਾਹੇਵੰਦ ਹੈ, ਜਦੋਂ ਉਸ ਨੂੰ ਇਲਾਜ ਦੇ ਨਾਲ-ਨਾਲ ਹੀ ਕੀਤਾ ਜਾਵੇ।

ਗਰੀਬ ਦੇਸਾਂ 'ਚ ਵੀ ਸੁਧਾਰ ਜਾਰੀ

ਪੂਰੀ ਦੁਨੀਆਂ ਵਿੱਚ 2 ਕਰੋੜ ਲੋਕਾਂ ਨੂੰ ਅਜਿਹੇ ਇਲਾਜ ਦੀ ਲੋੜ ਹੈ। ਇਹ ਮੰਨਿਆ ਜਾਂਦਾ ਹੈ ਕਿ ਜ਼ਿਆਦਾ ਕਮਾਈ ਵਾਲੇ ਦੇਸਾਂ ਵਿੱਚ ਹਰ 10 ਮਰਨ ਵਾਲਿਆਂ ਲੋਕਾਂ ਵਿੱਚੋਂ 8 ਲੋਕਾਂ ਦੀ ਸਰੀਰਕ ਪੀੜਾ ਘੱਟ ਕਰਨ ਵਾਲੇ ਇਲਾਜ ਦੀ ਲੋੜ ਹੁੰਦੀ ਹੈ।

ਅਮੀਰ ਦੇਸਾਂ ਵਿੱਚ ਅਜਿਹਾ ਇਲਾਜ ਚੰਗੇ ਤਰੀਕੇ ਨਾਲ ਦਿੱਤਾ ਜਾਂਦਾ ਹੈ ਪਰ ਯੂਗਾਂਡਾ, ਮੰਗੋਲੀਆ ਤੇ ਪਨਾਮਾ ਵਰਗੇ ਘੱਟ ਅਮੀਰ ਦੇਸਾਂ ਵਿੱਚ ਵੀ ਅਜਿਹੇ ਇਲਾਜ ਵਿੱਚ ਬਿਹਤਰ ਤਰੀਕੇ ਨਾਲ ਸੁਧਾਰ ਹੋ ਰਿਹਾ ਹੈ। ਅਜਿਹਾ ਕੁਝ ਕੌਮੀ ਨੀਤੀਆਂ ਅਤੇ ਜਨਤਕ ਮੁਹਿੰਮਾਂ ਕਾਰਨ ਹੋਇਆ ਹੈ।

ਇੱਥੇ ਇਹ ਦੱਸਣ ਦੀ ਵੀ ਲੋੜ ਹੈ ਕਿ ਜੋ 10 ਵਿੱਚੋਂ 8 ਬੀਮਾਰ ਲੋਕ, ਜਿਨ੍ਹਾਂ ਨੂੰ ਬਿਹਤਰ ਇਲਾਜ ਦੀ ਲੋੜ ਸੀ, ਉਨ੍ਹਾਂ ਦੀ ਮੌਤ ਘੱਟ ਜਾਂ ਮੱਧ ਆਮਦਨ ਵਾਲੇ ਦੇਸਾਂ ਵਿੱਚ ਹੀ ਹੁੰਦੀ ਹੈ।

ਮਰੀਜ਼ਾਂ ਦੇ ਜੀਵਨ ਪੱਧਰ ਨੂੰ ਸੁਧਾਰਨ ਦੀ ਮੁਹਿੰਮ

  • ਇਹ ਮੁਹਿੰਮ 1967 ਵਿੱਚ ਡੇਮ ਸਿਸਲੀ ਨੇ ਸੌਂਡਰਸ ਨੇ ਸ਼ੁਰੂ ਕੀਤੀ ਸੀ।
  • ਅਜਿਹਾ ਇਲਾਜ ਮੈਡੀਕਲ ਇਲਾਜ ਦੇ ਨਾਲ ਚੱਲਣਾ ਚਾਹੀਦਾ ਹੈ।
  • ਇਹ ਕਈ ਵਾਰ ਲੋਕਾਂ ਦੀ ਬਿਹਤਰ ਕਰਦਾ ਹੈ ਅਤੇ ਕਈ ਵਾਰ ਜ਼ਿੰਦਗੀ ਦੇ ਸਾਲ ਵੀ ਵਧਾਉਂਦਾ ਹੈ।
  • ਅਜਿਹਾ ਇਲਾਜ ਸਿਰਫ ਕੈਂਸਰ ਨਹੀਂ ਸਗੋਂ ਹੋਰ ਖਤਰਨਾਕ ਬੀਮਾਰੀਆਂ ਲਈ ਵੀ ਅਸਰਦਾਰ ਹੈ।
  • ਇਹ ਸਿਰਫ਼ ਮੌਤ ਤੱਕ ਸੀਮਤ ਨਹੀਂ ਹੈ। ਕਈ ਲੋਕ ਡਿਸਚਾਰਜ ਵੀ ਹੋਣਗੇ।
  • ਇਸ ਇਲਾਜ ਨੂੰ ਮੁਹੱਈਆ ਕਰਵਾਉਣ ਵਾਲੇ ਲੋਕ ਹਸਪਤਾਲਾਂ, ਕੇਅਰ ਹੋਮਜ਼ ਅਤੇ ਆਪਣੇ ਘਰਾਂ ਵਿੱਚ ਮਰੀਜ਼ਾਂ ਦੇ ਕੰਮ ਆਉਂਦੇ ਹਨ।

ਇਸ ਇਲਾਜ ਨੂੰ ਹਰ ਇੱਕ ਦੀ ਪਹੁੰਚ ਵਿੱਚ ਲਿਆਉਣਾ ਵੀ ਚੁਣੌਤੀ ਹੈ। ਕਈ ਦਰਦਨਾਸ਼ਕ ਦਵਾਈਆਂ ਕਾਨੂੰਨੀ ਪਾਬੰਦੀਆਂ ਕਾਰਨ ਮਰੀਜ਼ਾਂ ਦੀ ਪਹੁੰਚ ਤੋਂ ਦੂਰ ਹਨ ਪਰ ਹੁਣ ਹਾਲਾਤ ਬਦਲ ਰਹੇ ਹਨ।

ਇਸ ਲਈ ਫੰਡਿਗ ਦੀ ਵੀ ਸਮੱਸਿਆ ਹੈ ਖਾਸਕਰ ਗਰੀਬ ਦੇਸਾਂ ਦੇ ਲਈ ਜਿੱਥੇ ਮੁੱਢਲੀ ਸਿਹਤ ਸੇਵਾਵਾਂ ਦੀ ਘਾਟ ਹੈ। ਅਮੀਰ ਦੇਸਾਂ ਵਿੱਚ ਵੀ ਸ਼ੋਧ ਲਈ ਘੱਟ ਪੈਸਾ ਹੈ।

ਇੰਗਲੈਂਡ ਵਿੱਚ ਬਜਟ ਦਾ 0.5 ਫੀਸਦ ਤੋਂ ਘੱਟ ਅਜਿਹੇ ਇਲਾਜ ਵਾਸਤੇ ਰੱਖਿਆ ਜਾਂਦਾ ਹੈ। 2040 ਤੱਕ ਅਜਿਹੇ ਇਲਾਜ ਦੀ ਮੰਗ ਵਿੱਚ 40 ਫੀਸਦ ਦਾ ਵਾਧਾ ਹੋਵੇਗਾ।

ਵਧਦੀ ਆਬਾਦੀ ਨਾਲ ਇਸ ਦੀ ਲੋੜ ਕਾਫੀ ਵਧ ਚੁੱਕੀ ਹੈ। ਬੀਤੇ ਦਹਾਕਿਆਂ ਵਿੱਚ ਹੋਏ ਵਿਗਿਆਨਿਕ ਵਿਕਾਸ ਨੇ ਸਾਡੇ ਮਰਨ ਨੂੰ ਬਦਲਿਆ ਪਰ ਇਹ ਸੱਚ ਨਹੀਂ ਬਦਲ ਸਕੇ ਕਿ ਮੌਤ ਹਰੇਕ ਨੂੰ ਆਉਣੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)