ਫਰਾਂਸ:ਸਹਿਮਤੀ ਨਾਲ ਸੈਕਸ ਦੀ ਕਾਨੂੰਨੀ ਉਮਰ ਹੋਵੇਗੀ 15 ਸਾਲ

ਤਸਵੀਰ ਸਰੋਤ, AFP
ਫਰਾਂਸ ਸੈਕਸ ਲਈ ਸਹਿਮਤੀ ਦੇਣ ਦੀ ਉਮਰ 15 ਸਾਲ ਨਿਸ਼ਚਿਤ ਕਰਨ ਦੀ ਤਿਆਰੀ ਕਰ ਰਿਹਾ ਹੈ।
ਇਸ ਦਾ ਭਾਵ ਇਹ ਹੋਵੇਗਾ ਕਿ ਇਸ ਤੋਂ ਘੱਟ ਉਮਰ ਦੇ ਵਿਅਕਤੀ ਨਾਲ ਸਰੀਰਕ ਸੰਬੰਧ ਬਣਾਉਣ ਨੂੰ ਰੇਪ ਸਮਝਿਆ ਜਾਵੇਗਾ।
ਇਹ ਫੈਸਲਾ ਡਾਕਟਰਾਂ ਤੇ ਕਾਨੂੰਨੀ ਮਾਹਿਰਾਂ ਦੀ ਰਾਇ ਨਾਲ ਲਿਆ ਗਿਆ ਹੈ।
ਦੇਸ ਦੀ ਲਿੰਗਕ ਬਰਾਬਰੀ ਯਕੀਨੀ ਬਣਾਉਣ ਵਾਲੇ ਵਿਭਾਗ ਦੀ ਮੰਤਰੀ ਨੇ ਇਸ ਫੈਸਲੇ ਦਾ ਸਵਾਗਤ ਕੀਤਾ ਹੈ।
ਫਿਲਹਾਲ ਫਰਾਂਸ ਵਿੱਚ ਬਲਾਤਕਾਰ ਦੇ ਇਲਜ਼ਾਮਾਂ ਨੂੰ ਸਾਬਤ ਕਰਨ ਲਈ ਇਹ ਸਾਬਤ ਕਰਨਾ ਪੈਂਦਾ ਹੈ ਕਿ 15 ਸਾਲਾਂ ਤੋਂ ਘੱਟ ਉਮਰ ਦੇ ਵਿਅਕਤੀ ਨਾਲ ਜਬਰੀ ਸੈਕਸ ਕੀਤਾ ਗਿਆ ਸੀ।
ਇਹ ਤਬਦੀਲੀ ਦੋ ਵਿਅਕਤੀਆਂ ਉੱਪਰ 11 ਸਾਲਾਂ ਦੀਆਂ ਕੁੜੀਆਂ ਨਾਲ ਸਰੀਰਕ ਸੰਬੰਧ ਬਣਾਉਣ ਦੇ ਇਲਜ਼ਾਮ ਲੱਗਣ ਮਗਰੋਂ ਪੈਦਾ ਹੋਏ ਵਿਵਾਦ ਕਾਰਨ ਕੀਤੀ ਗਈ ਹੈ।
ਸੈਕਸ ਲਈ ਸਹਿਮਤੀ ਦੀ ਉਮਰ
ਮੌਜੂਦਾ ਕਾਨੂੰਨ ਮੁਤਾਬਕ ਜੇ ਕਿਸੇ ਕਿਸਮ ਦੀ ਹਿੰਸਾ ਸਾਬਤ ਨਾ ਹੋ ਸਕੇ ਤਾਂ ਮੁਲਜਮਾਂ ਉੱਪਰ ਬਲਾਤਕਾਰ ਦੀ ਥਾਂ ਬੱਚਿਆਂ ਦੇ ਜਿਨਸੀ ਸ਼ੋਸ਼ਣ ਦਾ ਕੇਸ ਬਣਦਾ ਹੈ।
ਇਸ ਮਾਮਲੇ ਵਿੱਚ ਵੱਧ ਤੋਂ ਵੱਧ 5 ਸਾਲਾਂ ਦੀ ਕੈਦ ਅਤੇ ਜੁਰਮਾਨਾ ਹੋ ਵੀ ਹੋ ਸਕਦਾ ਹੈ।

ਤਸਵੀਰ ਸਰੋਤ, AFP
ਜਿਨਸੀ ਸ਼ੋਸ਼ਣ ਭਾਵੇਂ ਬੱਚੇ ਦਾ ਹੋਵੇ ਤੇ ਭਾਵੇਂ ਬਾਲਗ ਦਾ ਸਜ਼ਾ ਇੱਕੋ ਜਿਹੀ ਹੈ ਜਦਕਿ ਬਲਾਤਕਾਰ ਦੇ ਦੋਸ਼ ਵਿੱਚ ਸਜ਼ਾ ਸਖ਼ਤ ਹੁੰਦੀ ਹੈ।
ਕੀ ਸਨ ਪੁਰਾਣੇ ਕਾਨੂੰਨ?
ਇਸ ਕਾਨੂੰਨ ਦੇ ਆਉਣ ਤੋਂ ਪਹਿਲਾਂ ਸੱਭਿਆਚਾਰਕ ਕਾਰਨਾਂ ਕਰਕੇ ਫਰਾਂਸ ਵਿੱਚ ਬਾਲਗ ਅਤੇ ਨਾਬਾਲਗ ਉਮਰ ਪਰਿਭਾਸ਼ਤ ਹੀ ਨਹੀਂ ਸੀ ਕੀਤੀ ਹੋਈ।
ਇਸ ਕਰਕੇ ਕਈ ਮਾਮਲਿਆਂ ਵਿੱਚ ਅਦਾਲਤਾਂ ਨੂੰ ਵੀ ਲਿੰਗਕ ਹਿੰਸਾ ਲਈ ਫੜੇ ਗਏ ਮੁਜ਼ਰਮਾਂ ਖਿਲਾਫ਼ ਜੁਰਮ ਤੈਅ ਕਰਨ ਵਿੱਚ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਸੀ।
ਇਸੇ ਕਰਕੇ ਬੱਚਿਆਂ ਖਿਲਾਫ ਜਿਨਸੀ ਹਿੰਸਾ ਵਿਰੁੱਧ ਕੰਮ ਕਰ ਰਹੇ ਗਰੁੱਪ ਸੈਕਸ ਲਈ ਸਹਿਮਤੀ ਦੀ ਉਮਰ ਨਿਰਧਾਰਿਤ ਕਰਨ ਲਈ ਸੰਘਰਸ਼ ਕਰ ਰਹੇ ਸਨ।
ਕੀ ਕੀਤੀ ਜਾ ਰਹੀ ਸੀ ਮੰਗ?
ਉਮਰ ਸੰਬੰਧੀ ਇਹ ਫੈਸਲਾ ਜਿਨਸੀ ਹਿੰਸਾ ਬਾਰੇ ਲਾਗੂ ਕੀਤੀਆਂ ਜਾਣ ਵਾਲੀਆਂ ਹੋਰ ਕਾਨੂੰਨੀ ਚਾਰਾਜੋਈਆਂ ਦਾ ਹਿੱਸਾ ਹੈ।
ਬੱਚਿਆਂ ਖਿਲਾਫ ਜਿਨਸੀ ਹਿੰਸਾ ਵਿਰੁੱਧ ਕੰਮ ਕਰ ਰਹੇ ਗਰੁੱਪ ਇਹ ਉਮਰ 13 ਜਾਂ 15 ਸਾਲ ਨਿਰਧਾਰਿਤ ਕਰਨ ਲਈ ਸੰਘਰਸ਼ ਕਰ ਰਹੇ ਸਨ।
ਮਿਸ ਸ਼ਿਆਪਾ ਨੇ ਏਐਫਪੀ ਨੂੰ ਦੱਸਿਆ ਕਿ ਮੈਨੂੰ ਖੁਸ਼ੀ ਹੈ ਕਿ ਇਹ ਤਬਦੀਲੀ ਕਰਨ ਸਮੇਂ ਵੱਡੀ ਉਮਰ ਚੁਣੀ ਗਈ ਹੈ। ਇਸ ਉਮਰ ਨੂੰ ਰਾਸ਼ਟਰਪਤੀ ਇਮੈਨੂਅਲ ਮੈਕਰੋਨ ਦੀ ਹਮਾਇਤ ਵੀ ਹਾਸਲ ਹੈ।
ਸਿਹਤ ਮੰਤਰੀ ਦਾ ਕਹਿਣਾ ਹੈ ਕਿ ਇਸ ਨਾਲ ਸਮਾਜਿਕ ਚੇਤਨਾ ਵਧੇਗੀ ਅਤੇ ਸਾਰਿਆਂ ਨੂੰ ਪਤਾ ਹੋਵੇਗਾ ਕਿ ਕੀ ਕਾਨੂੰਨੀ ਹੈ ਅਤੇ ਕੀ ਗੈਰ-ਕਾਨੂੰਨੀ ਹੈ।
ਫਰਾਂਸ ਦੇ ਕੁਝ ਕੇਸ
ਪਿਛਲੇ ਸਾਲ ਨਵੰਬਰ ਵਿੱਚ ਇੱਕ 30 ਸਾਲਾ ਵਿਅਕਤੀ ਨੂੰ ਇਲਜ਼ਾਮਾਂ ਤੋਂ ਬਰੀ ਕਰ ਦਿੱਤਾ ਗਿਆ ਸੀ।
ਅਦਾਲਤ ਨੇ ਕਿਹਾ ਸੀ ਕਿ ਮੁਲਜ਼ਮ ਨੇ 11 ਸਾਲਾ ਕੁੜੀ ਨਾਲ ਜਿਨਸੀ ਹਿੰਸਾ ਨਹੀਂ ਕੀਤੀ।
ਇੱਕ ਹੋਰ ਮਾਮਲੇ ਵਿੱਚ ਅਦਾਲਤ ਨੇ ਕਿਹਾ ਕਿ 28 ਸਾਲਾ ਇੱਕ ਵਿਆਕਤੀ ਉੱਪਰ ਬਲਾਤਕਾਰ ਦਾ ਨਹੀਂ ਸਗੋਂ ਜਿਨਸੀ ਦੁਰਵਿਹਾਰ ਦਾ ਕੇਸ ਚੱਲੇਗਾ।
ਇਸ ਮਾਮਲੇ ਵਿੱਚ ਵੀ ਅਦਾਲਤ ਨੇ ਕਿਹਾ ਸੀ ਕਿ ਮੁਲਜ਼ਮ ਨੇ ਕੁੜੀ ਨਾਲ ਜਿਨਸੀ ਹਿੰਸਾ ਨਹੀਂ ਕੀਤੀ।

ਹਾਲਾਂਕਿ ਬਾਅਦ ਵਿੱਚ ਅਦਾਲਤ ਨੇ ਆਪਣਾ ਫੈਸਲਾ ਬਦਲ ਲਿਆ ਤੇ ਕਿਹਾ ਕਿ ਮੁਲਜਮਾਂ 'ਤੇ ਰੇਪ ਦਾ ਕੇਸ ਹੀ ਚੱਲੇਗਾ।
ਕਿਹੜੇ ਦੇਸ ਵਿੱਚ ਸੈਕਸ ਲਈ ਸਹਿਮਤੀ ਦੀ ਕਿੰਨੀ ਹੈ ਉਮਰ?
ਭਾਰਤ ਵਿੱਚ ਸੈਕਸ ਲਈ ਸਹਿਮਤੀ ਦੇਣ ਦੀ ਉਮਰ 18 ਸਾਲ ਹੈ।
ਯੂਰਪੀ ਦੇਸ਼ਾਂ ਵਿੱਚ ਇਹ ਉਮਰ ਵੱਖੋ-ਵੱਖ ਹੈ꞉
- 14 ਸਾਲ꞉ ਜਰਮਨੀ, ਆਸਟਰੀਆ, ਹੰਗਰੀ, ਇਟਲੀ ਤੇ ਪੁਰਤਗਾਲ
- 15 ਸਾਲ꞉ ਗਰੀਸ, ਸਵੀਡਨ, ਪੋਲੈਂਡ
- 16 ਸਾਲ꞉ ਬੈਲਜੀਅਮ, ਨੀਦਰਲੈਂਡਜ਼, ਸਪੇਨ, ਰੂਸ
- 17 ਸਾਲ꞉ ਸਾਈਪ੍ਰਸ
ਬਰਤਾਨੀਆ ਵਿੱਚ ਇਹ ਉਮਰ 16 ਸਾਲ ਹੈ ਪਰ ਅਜਿਹੀਆਂ ਕਾਨੂੰਨੀ ਤਜਵੀਜ਼ਾਂ ਹਨ ਕਿ ਇਹ ਨਿਰਧਾਰਿਤ ਕੀਤਾ ਜਾ ਸਕੇ ਕਿ 13 ਸਾਲ ਤੋਂ ਘੱਟ ਉਮਰ ਦੇ ਬੱਚੇ ਸੈਕਸ ਲਈ ਸਹਿਮਤੀ ਨਾ ਦੇ ਸਕਣ।












