ਇਹ ਖ਼ਬਰ ਪੜ੍ਹੇ ਬਿਨਾਂ ਡਾਇਬਿਟੀਜ਼ ਬਾਰੇ ਤੁਹਾਡੀ ਜਾਣਕਾਰੀ ਅਧੂਰੀ

ਤਸਵੀਰ ਸਰੋਤ, Getty Images
- ਲੇਖਕ, ਜੇਮਜ਼ ਗਲਾਗਰ
- ਰੋਲ, ਹੈਲਥ ਐਂਡ ਸਾਈਂਸ ਪੱਤਰਕਾਰ, ਬੀਬੀਸੀ ਨਿਊਜ਼
ਵਿਗਿਆਨੀਆਂ ਦਾ ਕਹਿਣਾ ਹੈ ਕਿ ਡਾਇਬਿਟੀਜ਼ ਪੰਜ ਵੱਖ-ਵੱਖ ਬਿਮਾਰੀਆਂ ਹਨ ਜਿਨ੍ਹਾਂ ਦਾ ਵੱਖਰਾ-ਵੱਖਰਾ ਇਲਾਜ ਹੋ ਸਕਦਾ ਹੈ।
ਡਾਇਬਿਟੀਜ਼ ਖ਼ੂਨ ਵਿੱਚ ਇੰਸੂਲਿਨ ਦੇ ਪੱਧਰ ਨਾਲ ਜੁੜੀ ਹੋਈ ਬਿਮਾਰੀ ਹੈ।
ਇਸ ਨੂੰ ਆਮ ਕਰਕੇ ਟਾਈਪ-1 ਤੇ ਟਾਈਪ-2 ਵਰਗਾਂ ਵਿੱਚ ਵੰਡਿਆ ਜਾਂਦਾ ਹੈ।
ਫਿਨਲੈਂਡ ਤੇ ਸਵੀਡਨ ਦੇ ਖੋਜੀਆਂ ਦਾ ਇੱਕ ਅਧਿਐਨ ਮਗਰੋਂ ਕਹਿਣਾ ਹੈ ਕਿ ਇਸ ਬਿਮਾਰੀ ਦਾ ਨਵਾਂ ਤੇ ਗੁੰਝਲਦਾਰ ਰੂਪ ਹੁਣ ਸਾਹਮਣੇ ਆਇਆ ਹੈ।
ਇਸ ਖੋਜ ਨਾਲ ਇਸ ਬਿਮਾਰੀ ਲਈ ਦਵਾਈ ਵਿਅਕਤੀ ਦੀ ਲੋੜ ਮੁਤਾਬਕ ਬਣਾਈ ਜਾ ਸਕੇਗੀ।
ਮਾਹਿਰਾਂ ਦਾ ਮੰਨਣਾ ਹੈ ਕਿ ਇਸ ਨਾਲ ਹਾਲਾਂ ਕਿ ਇਸ ਬਿਮਾਰੀ ਦੇ ਇਲਾਜ ਦੇ ਵਰਤਮਾਨ ਤਰੀਕਿਆਂ ਵਿੱਚ ਤਾਂ ਕੋਈ ਤਬਦੀਲੀ ਨਹੀਂ ਆਵੇਗੀ ਪਰ ਇਸ ਨਾਲ ਭਵਿੱਖ ਵਿੱਚ ਮਦਦ ਮਿਲੇਗੀ।

ਤਸਵੀਰ ਸਰੋਤ, Getty Images
ਸੰਸਾਰ ਭਰ ਵਿੱਚ ਇਹ ਬਿਮਾਰੀ ਗਿਆਰਾਂ ਵਿੱਚੋਂ ਇੱਕ ਬਾਲਗ ਨੂੰ ਆਪਣੀ ਲਪੇਟ ਵਿੱਚ ਲੈਂਦੀ ਹੈ।
ਇਸ ਨਾਲ ਮਰੀਜ਼ ਨੂੰ ਦਿਲ ਦੇ ਦੌਰੇ, ਸਟਰੋਕ, ਅੰਨ੍ਹਾਪਣ, ਗੁਰਦਿਆਂ ਦੀ ਨਾਕਾਮੀ ਤੇ ਅੰਗ ਕੱਟਣ ਤੱਕ ਦੀ ਮੁਸ਼ਕਿਲ ਆ ਖੜੀ ਹੁੰਦੀ ਹੈ।
ਟਾਈਪ-1 ਕਿਸਮ ਦੀ ਡਾਇਬਿਟੀਜ਼ ਅਸਲ ਵਿੱਚ ਸਰੀਰ ਦੀ ਰੋਗਾਂ ਨਾਲ ਲੜਨ ਦੀ ਤਾਕਤ ਨਾਲ ਜੁੜੀ ਬਿਮਾਰੀ ਹੈ। ਇਹ ਸਰੀਰ ਦੀਆਂ ਇਨਸੂਲਿਨ ਫੈਕਟਰੀਆਂ ਕਹੇ ਜਾਂਦੇ ਬੀਟਾ ਸੈਲਾਂ 'ਤੇ ਹਮਲਾ ਕਰਦੀ ਹੈ ਜਿਸ ਕਰਕੇ ਇਨਸੂਲਿਨ ਬਣਨਾ ਘੱਟ ਹੋ ਜਾਂਦਾ ਹੈ ਤੇ ਖ਼ੂਨ ਵਿੱਚ ਸ਼ੂਗਰ ਦੀ ਮਾਤਰਾ ਕੰਟਰੋਲ ਕਰਨ ਵਾਲੇ ਹਾਰਮੋਨ (ਇਨਸੂਲਿਨ) ਦੀ ਕਮੀ ਹੋ ਜਾਂਦੀ ਹੈ।

ਤਸਵੀਰ ਸਰੋਤ, Getty Images
ਟਾਈਪ-2 ਕਿਸਮ ਦੀ ਡਾਇਬਿਟੀਜ਼ ਨੂੰ ਲਾਈਫ ਸਟਾਈਲ ਜਾਂ ਜੀਵਨ ਸ਼ੈਲੀ ਨਾਲ ਜੁੜੀ ਬਿਮਾਰੀ ਵਜੋਂ ਦੇਖਿਆ ਜਾਂਦਾ ਹੈ। ਇਸ ਵਿੱਚ ਸਰੀਰ 'ਚ ਜਮਾਂ ਹੋਇਆ ਫੈਟ ਜਾਂ ਚਰਬੀ ਇਨਸੂਲਿਨ ਦੇ ਕੰਮ 'ਤੇ ਅਸਰ ਪਾਉਂਦਾ ਹੈ।
ਸਵੀਡਨ ਦੀ ਲੂਡ ਯੂਨੀਵਰਸਿਟੀ ਦੇ ਡਾਇਬਿਟੀਜ਼ ਸੈਂਟਰ ਅਤੇ ਫ਼ਿਨਲੈਂਡ ਦੇ ਇਨਸਟੀਟਿਊਟ ਫਾਰ ਮੋਲਿਕਿਊਲਰ ਮੈਡੀਸਨ ਨੇ ਇਹ ਅਧਿਐਨ 14,775 ਮਰੀਜ਼ਾਂ ਉੱਪਰ ਕੀਤਾ।
ਇਸ ਵਿੱਚ ਉਨ੍ਹਾਂ ਦੇ ਖ਼ੂਨ ਦਾ ਵਿਸਥਾਰ ਵਿੱਚ ਵਿਸ਼ਲੇਸ਼ਣ ਕੀਤਾ ਗਿਆ।
ਇਸ ਖੋਜ ਦੇ ਨਤੀਜੇ, ਦਿ ਲੈਨਸਿਟ ਡਾਇਬਿਟੀਜ਼ ਐਂਡ ਐਂਡੋਕ੍ਰਿਨੋਲੋਜੀ ਜਰਨਲ ਵਿੱਚ ਪ੍ਰਕਾਸ਼ਿਤ ਹੋਏ ਹਨ।

ਤਸਵੀਰ ਸਰੋਤ, Getty Images
ਨਤੀਜੇ ਦਰਸਾਉਂਦੇ ਹਨ ਕਿ ਮਰੀਜ਼ਾਂ ਨੂੰ ਪੰਜ ਗੁੱਟਾਂ ਜਾਂ ਕਲਸਟਰਜ਼ ਵਿੱਚ ਵੰਡਿਆ ਜਾ ਸਕਦਾ ਹੈ।
- ਕਲਸਟਰ 1- ਗੰਭੀਰ ਅਟੋਇਮਿਊਨ ਡਾਇਬਿਟੀਜ਼ ਰਵਾਇਤੀ ਟਾਈਪ-1 ਕਿਸਮ ਦੀ ਡਾਇਬਿਟੀਜ਼ ਵਰਗਾ ਹੀ ਹੈ। ਇਹ ਲੋਕਾਂ ਨੂੰ ਜਵਾਨੀ ਵਿੱਚ ਹੀ ਹੋਈ ਜਦੋਂ ਉਹ ਤੰਦਰੁਸਤ ਸਨ ਤੇ ਇਸ ਬਿਮਾਰੀ ਕਰਕੇ ਉਹ ਇਨਸੂਲਿਨ ਪੈਦਾ ਕਰ ਨਹੀਂ ਕਰ ਪਾਉਂਦੇ।
- ਕਲਸਟਰ 2- ਇਸ ਵਿੱਚ ਇਨਸੂਲਿਨ ਦੀ ਗੰਭੀਰ ਕਮੀ ਵਾਲੇ ਮਰੀਜ਼ ਸ਼ੁਰੂ ਵਿੱਚ ਪਹਿਲੇ ਕਲਸਟਰ ਵਾਲੇ ਮਰੀਜ਼ਾਂ ਵਰਗੇ ਹੀ ਲਗਦੇ ਸਨ। ਉਹ ਜਵਾਨ ਸਨ, ਠੀਕ ਵਜ਼ਨ ਵਾਲੇ ਸਨ ਅਤੇ ਇਨਸੂਲਿਨ ਨਿਰਮਾਣ ਲਈ ਜੂਝ ਰਹੇ ਸਨ। ਉਨ੍ਹਾਂ ਦੀ ਰੋਗਾਂ ਨਾਲ ਲੜਨ ਦੀ ਸਮਰੱਥਾ ਵਿੱਚ ਕੋਈ ਖਰਾਬੀ ਨਹੀਂ ਸੀ।
- ਕਲਸਟਰ 3- ਗੰਭੀਰ ਇਨਸੂਲਿਨ-ਪ੍ਰਤੀਰੋਧਕ ਡਾਇਬਿਟੀਜ਼ ਵਾਲੇ ਮਰੀਜ਼ ਭਾਰੇ ਸਨ। ਉਨ੍ਹਾਂ ਦਾ ਸਰੀਰ ਇਨਸੂਲਿਨ ਬਣਾ ਰਿਹਾ ਸੀ ਪਰ ਇਸ ਬਾਰੇ ਪ੍ਰਤੀਕਿਰਿਆ ਨਹੀਂ ਸੀ ਦਿਖਾ ਰਿਹਾ।
- ਕਲਸਟਰ 4- ਮੁਟਾਪੇ ਨਾਲ ਜੁੜੀ ਇਹ ਡਾਇਬਿਟੀਜ਼ ਮੁੱਖ ਤੌਰ ਤੇ ਉਨ੍ਹਾਂ ਲੋਕਾਂ ਵਿੱਚ ਦੇਖੀ ਗਈ ਜਿਨ੍ਹਾਂ ਦਾ ਭਾਰ ਬਹੁਤ ਜ਼ਿਆਦਾ ਸੀ ਪਰ ਮੈਟਾਬੋਲਿਟਿਕ ਤੌਰ ਤੇ ਕਲਸਟਰ-3 ਵਰਗੇ ਹੀ ਸਨ।
- ਕਲਸਟਰ 5- ਉਮਰ ਨਾਲ ਜੁੜੀ ਡਾਇਬਿਟੀਜ਼ ਦੇ ਮਰੀਜ਼ਾਂ ਵਿੱਚ ਬਿਮਾਰੀ ਦੇ ਲੱਛਣ ਉਮਰ ਦੇ ਵਧਣ ਨਾਲ ਸਾਹਮਣੇ ਆਏ ਪਰ ਇਹ ਲੱਛਣ ਮੱਧਮ ਸਨ।

ਤਸਵੀਰ ਸਰੋਤ, Getty Images
ਪ੍ਰੋਫ਼ੈਸਰ ਲੀਫ ਗਰੂਪ ਇਸ ਖੋਜੀਆਂ ਦੀ ਟੀਮ ਦਾ ਹਿੱਸਾ ਸਨ। ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ,"ਇਹ ਬਹੁਤ ਮਹੱਤਵਪੂਰਨ ਹੈ। ਅਸੀਂ ਵਾਕਈ ਸਟੀਕ ਮੈਡੀਸਨ ਵੱਲ ਵਧ ਰਹੇ ਹਾਂ।"
"ਆਦਰਸ਼ ਹਾਲਾਤ ਵਿੱਚ ਤਾਂ ਇਸਨੂੰ ਇਲਾਜ ਦਾ ਪਤਾ ਲਾਉਣ ਸਮੇਂ ਵਰਤਿਆ ਜਾਂਦਾ ਹੈ। ਸਾਡਾ ਨਿਸ਼ਾਨਾ ਬਿਹਤਰ ਇਲਾਜ ਹੈ।"
ਉਨ੍ਹਾਂ ਅੱਗੇ ਦੱਸਿਆ ਕਿ ਬਿਮਾਰੀ ਦੇ ਗੰਭੀਰ ਰੂਪਾਂ ਦਾ ਘੱਟ ਗੰਭੀਰ ਰੂਪਾਂ ਦੇ ਮੁਕਾਬਲੇ ਵਧੇਰੇ ਉੱਦਮ ਨਾਲ ਇਲਾਜ ਕੀਤਾ ਜਾ ਸਕਦਾ ਹੈ।
ਕਲਸਟਰ-2 ਦੇ ਮਰੀਜ਼ਾਂ ਨੂੰ ਟਾਈਪ-2 ਕਿਸਮ ਦੀ ਡਾਇਬਿਟੀਜ਼ ਦੇ ਮਰੀਜ਼ਾਂ ਦੇ ਵਰਗ ਵਿੱਚ ਹੀ ਰੱਖਿਆ ਜਾ ਸਕਦਾ ਹੈ, ਕਿਉਂਕਿ ਉਨ੍ਹਾਂ ਵਿੱਚ ਆਟੋਇਮਿਊਨ ਬਿਮਾਰੀ ਨਹੀਂ ਹੈ।
ਹਾਲਾਂਕਿ, ਅਧਿਐਨ ਤੋਂ ਇਹ ਵੀ ਪਤਾ ਚਲਦਾ ਹੈ ਕਿ ਕਲਸਟਰ-2 ਦੇ ਮਰੀਜ਼ਾਂ ਦੀ ਬਿਮਾਰੀ ਉਨ੍ਹਾਂ ਦੇ ਬੀਟਾ-ਸੈਲਾਂ ਦੀ ਗੜਬੜੀ ਕਰਕੇ ਹੁੰਦੀ ਹੈ ਨਾ ਕਿ ਮੋਟਾਪੇ ਕਰਕੇ।
ਸੰਭਵ ਤੌਰ ਤੇ ਉਨ੍ਹਾਂ ਦੀ ਬਿਮਾਰੀ ਟਾਈਪ-1 ਕਿਸਮ ਦੀ ਡਾਇਬਿਟੀਜ਼ ਦੇ ਨਾਲ ਵਧੇਰੇ ਮਿਲਦੀ ਹੈ।

ਤਸਵੀਰ ਸਰੋਤ, Getty Images
ਕਲਸਟਰ-2 ਦੇ ਮਰੀਜ਼ਾਂ ਨੂੰ ਅੰਨ੍ਹੇਪਣ ਦਾ ਵਧੇਰੇ ਖ਼ਤਰਾ ਸੀ ਜਦ ਕਿ ਕਲਸਟਰ-3 ਦੇ ਮਰੀਜ਼ਾਂ ਨੂੰ ਗੁਰਦਿਆਂ ਦੀ ਬਿਮਾਰੀ ਦਾ, ਇਸ ਲਈ ਕੁਝ ਕਲਸਟਰਾਂ ਦੇ ਮਰੀਜ਼ਾਂ ਨੂੰ ਸੁਧਰੀ ਹੋਈ ਸਕਰੀਨਿੰਗ ਨਾਲ ਲਾਭ ਹੋਵੇਗਾ।
ਬਿਹਤਰ ਵਰਗੀਕਰਨ
ਡਾ. ਵਿਕਟੋਰੀਆ ਸਲੇਮ, ਇੰਪੀਰੀਅਲ ਕਾਲਜ ਲੰਡਨ ਵਿੱਚ ਇੱਕ ਸਲਾਹਕਾਰ ਤੇ ਕਲੀਨੀਕਲ ਵਿਗਿਆਨੀ ਹਨ।
ਉਨ੍ਹਾਂ ਦਾ ਕਹਿਣਾ ਹੈ ਕਿ ਬਹੁਤੇ ਮਾਹਿਰਾਂ ਨੂੰ ਪਹਿਲੇ ਟਾਈਪ-1 ਤੇ ਟਾਈਪ-2 ਵਰਗੀਕਰਨ ਤੋਂ ਸੰਤੁਸ਼ਟੀ ਨਹੀਂ ਸੀ।
ਉਨ੍ਹਾਂ ਇਸ ਗੱਲ ਤੋਂ ਵੀ ਸੁਚੇਤ ਕੀਤਾ ਕਿ ਇਸ ਖੋਜ ਨਾਲ ਤੁਰਤ-ਫੁਰਤ ਨਹੀਂ ਬਦਲਣ ਵਾਲਾ।
ਇਹ ਅਧਿਐਨ ਸਿਰਫ਼ ਸਕੈਂਡੇਨੇਵੀਆ ਦੇ ਲੋਕਾਂ ਤੇ ਹੀ ਆਧਾਰਿਤ ਹੈ, ਪਰ ਡਾਇਬਿਟੀਜ਼ ਦੇ ਪ੍ਰਭਾਵ ਸੰਸਾਰ ਭਰ ਦੇ ਮਰੀਜ਼ਾਂ 'ਤੇ ਵੱਖਰੇ-ਵੱਖਰੇ ਹੁੰਦੇ ਹਨ।

ਤਸਵੀਰ ਸਰੋਤ, Getty Images
ਖ਼ਾਸ ਕਰਕੇ ਦੱਖਣ ਏਸ਼ੀਆ ਦੇ ਲੋਕਾਂ ਵਿੱਚ ਇਸ ਬਿਮਾਰੀ ਦਾ ਖ਼ਤਰਾ ਵਧੇਰੇ ਹੈ।
ਡਾ਼ ਸਲੇਮ ਨੇ ਦੱਸਿਆ, "ਹਾਲੇ ਵੀ ਬਹੁਤ ਕੁਝ ਲੁਕਿਆ ਹੋਇਆ ਹੈ। ਦੁਨੀਆਂ ਭਰ ਵਿੱਚ ਜਨੈਟਿਕ ਅਤੇ ਵਾਤਾਵਰਨ ਦੇ ਅੰਤਰਾਂ ਕਰਕੇ 500 ਉਪ-ਸਮੂਹ ਹੋ ਸਕਦੇ ਹਨ।"
"ਉਨ੍ਹਾਂ ਦੇ ਵਿਸ਼ਲੇਸ਼ਣ ਵਿੱਚ 5 ਕਲਸਟਰ ਹਨ ਪਰ ਇਹ ਵਧ ਸਕਦੇ ਹਨ।"
ਡਾ਼ ਐਮਲੀ ਬਰਨਸ ਡਾਇਬਿਟੀਜ਼ ਯੂਕੇ ਨਾਲ ਜੁੜੇ ਹੋਏ ਹਨ। ਉਨ੍ਹਾਂ ਨੇ ਕਿਹਾ, "ਬਿਮਾਰੀ ਦੀ ਸਮਝ ਵਧਣ ਨਾਲ ਵਿਅਕਤੀਗਤ ਇਲਾਜ ਕਰਨ ਅਤੇ ਭਵਿੱਖ ਵਿੱਚ ਡਾਇਬਿਟੀਜ਼ ਸਦਕਾ ਪੈਦਾ ਹੋਣ ਵਾਲੀਆਂ ਸਮਸਿਆਵਾਂ ਘਟਾਉਣ ਵਿੱਚ ਮਦਦ ਮਿਲੇਗੀ।"
ਉਨ੍ਹਾਂ ਅੱਗੇ ਕਿਹਾ, "ਇਸ ਖੋਜ ਨਾਲ ਟਾਈਪ-2 ਡਾਇਬਿਟੀਜ਼ ਦੇ ਹੋਰ ਵਿਸਥਾਰਿਤ ਅਧਿਐਨ ਵਿੱਚ ਮਦਦ ਮਿਲੇਗੀ ਪਰ ਫੇਰ ਵੀ ਸਾਨੂੰ ਮਰੀਜ਼ਾਂ ਦੀ ਅਸਲ ਹਾਲਤ ਸਮਝਣ ਲਈ ਇਨ੍ਹਾਂ ਕਲਸਟਰਾਂ ਬਾਰੇ ਹੋਰ ਜਾਨਣ ਦੀ ਲੋੜ ਹੈ।"












