ਸੋਸ਼ਲ꞉ 'ਬ੍ਰਾਊਨ ਲੋਕ ਪੱਗ ਬੰਨ੍ਹਣ ਤਾਂ ਅੱਤਵਾਦੀ, ਗੋਰੇ ਬੰਨ੍ਹਣ ਤਾਂ ਫੈਸ਼ਨ'

ਮਿਲਾਨ ਫੈਸ਼ਨ ਵੀਕ ਵਿੱਚ ਫੈਸ਼ਨ ਬਰਾਂਡ ਗੂਚੀ ਵੱਲੋਂ ਮਾਡਲਾਂ ਨੂੰ ਸਿੱਖਾਂ ਵਰਗੀ ਦਸਤਾਰ ਪਵਾ ਕੇ ਰੈਂਪ 'ਤੇ ਉਤਾਰਨ ਕਰਕੇ ਸੋਸ਼ਲ ਮੀਡੀਆ 'ਤੇ ਚਰਚਾ ਛਿੜ ਗਈ ਹੈ। ਇਸ ਦੇ ਹੱਕ ਅਤੇ ਵਿਰੋਧ ਵਿੱਚ ਲੋਕ ਆਪੋ ਆਪਣੀਆਂ ਦਲੀਲਾਂ ਪੇਸ਼ ਕਰ ਰਹੇ ਹਨ।

ਟਵਿਟਰ ਉੱਤੇ ਲੋਕ ਇਸ ਗੱਲ 'ਤੇ ਫੈਸ਼ਨ ਕੰਪਨੀ ਦੀ ਆਲੋਚਨਾ ਕਰ ਰਹੇ ਹਨ। ਕੁਝ ਲੋਕ ਇਸ ਨੂੰ ਨਸਲ ਵਾਦ ਨਾਲ ਜੋੜ ਕੇ ਵੀ ਦੇਖ ਰਹੇ ਹਨ।

ਇਸ ਫੈਸ਼ਨ ਵੀਕ ਵਿੱਚ ਰੈਂਪ 'ਤੇ ਕਈ ਮਾਡਲ ਨੇ ਹੱਥਾਂ ਵਿੱਚ ਆਪਣੇ ਨਕਲੀ ਸਿਰ ਫੜੇ ਹੋਏ ਸਨ ਤਾਂ ਕਿਸੇ ਨੇ ਡਰੈਗਨ।

ਚਰਚਾ ਦਾ ਕੇਂਦਰ ਬਿੰਦੂ ਸਿੱਖਾਂ ਦੀ ਦਸਤਰਾ ਵਰਗੀ ਪਗੜੀ ਬਣ ਗਈ।

ਕਈ ਲੋਕਾਂ ਦਾ ਕਹਿਣਾ ਹੈ ਕਿ ਪੱਗ ਸਿੱਖਾਂ ਦਾ ਧਾਰਮਿਕ ਚਿੰਨ੍ਹ ਹੈ ਤੇ ਇਸ ਨੂੰ ਇੱਕ ਫੈਸ਼ਨ ਅਕਸੈਸਰੀ ਵਜੋਂ ਵਰਤਣਾ ਗੈਰ-ਜਿੰਮੇਵਾਰਾਨਾ ਅਤੇ ਅਪਮਾਨਜਨਕ ਹੈ।

ਨਿਸ਼ਾ ਨਾਮ ਦੇ ਟਵਿੱਟਰ ਹੈਂਡਲਰ ਤੋਂ ਲਿਖਿਆ ਗਿਆ ਕਿ ਕੰਪਨੀ ਨੇ ਕਿਸੇ ਸਿੱਖ ਮਾਡਲ ਤੋਂ ਕੰਮ ਲੈਣ ਦੀ ਥਾਂ ਇੱਕ ਗੋਰੇ ਨੂੰ ਹੀ ਪੱਗ 'ਚ ਪੇਸ਼ ਕਰ ਦਿੱਤਾ।

ਲੀਓ ਕਲਿਆਨ ਨੇ ਲਿਖਿਆ ਕਿ ਹੈਰਾਨੀ ਦੀ ਗੱਲ ਹੈ ਕਿ ਗੋਰਿਆਂ ਲਈ ਪੱਗ ਨਵਾਂ ਫੈਸ਼ਨ ਬਣ ਗਈ ਹੈ।

ਉਨ੍ਹਾਂ ਲਿਖਿਆ, ''ਕੋਈ ਬ੍ਰਾਊਨ ਵਿਅਕਤੀ ਪੱਗ ਬੰਨ੍ਹਦਾ ਹੈ ਤਾਂ ਉਹ ਹਿੰਸਾ ਦਾ ਸ਼ਿਕਾਰ ਹੁੰਦਾ ਹੈ? ਉਹ ਸਾਡੀ ਸਭਿਅਤਾ ਨੂੰ ਤਾਂ ਚੋਰੀ ਕਰਨਾ ਤੇ ਵੇਚਣਾ ਚਾਹੁੰਦੇ ਹਨ ਪਰ ਸਾਨੂੰ ਪਿਆਰ ਨਹੀਂ ਕਰਦੇ।''

ਸੈਨ ਵਿਕਸ ਨਾਮ ਦੇ ਟਵਿੱਟਰ ਹੈਂਡਲ ਨੇ ਲਿਖਿਆ ਕਿ ਜੇ ਗੋਰੇ ਲੋਕ ਰੈਂਪ ਉੱਪਰ ਪੱਗ ਬੰਨ੍ਹਣ ਤਾਂ ਫੈਸ਼ਨ! ਕਮਾਲ ਹੈ! ਜੇ ਭੂਰੇ ਵਿਅਕਤੀ ਆਪਣੀ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਪੱਗ ਬੰਨ੍ਹਣ ਤਾਂ: ਅੱਤਵਾਦੀ !!!

ਗੁਰਪੀ ਕਲਰਸ ਓ ਨਾਮ ਦੇ ਟਵਿੱਟਰ ਹੈਂਡਲ ਨੇ ਆਪਣਾ ਰੋਹ ਪ੍ਰਗਟ ਕੀਤਾ ਕਿ ਗੁਚੀ, ਇਹ ਨਾ ਸਵੀਕਾਰਨ ਯੋਗ ਤੇ ਠੇਸ ਪਹੁੰਚਾਉਣ ਵਾਲਾ ਹੈ।

ਉਨ੍ਹਾਂ ਲਿਖਿਆ, ''ਕਿਸੇ ਦੂਜੇ ਧਰਮ ਦੇ ਚਿੰਨ੍ਹ ਧਾਰਨ ਕਰਨਾ ਕੋਈ ਫੈਸ਼ਨ ਨਹੀਂ, ਚੋਰੀ ਹੈ ! ਸਿੱਖਾਂ ਨਾਲ ਪੱਗ ਬੰਨ੍ਹਣ ਕਰਕੇ ਹਰ ਥਾਂ ਵਿਤਕਰਾ ਹੁੰਦਾ ਹੈ ਅਤੇ ਅਚਾਨਕ ਜਦੋਂ ਤੁਸੀਂ ਪਾ ਲਓ ਤਾਂ ਫੈਸ਼ਨ ?!?!''

ਰਮਨ ਨੇ ਲਿਖਿਆ, ''ਗੁਚੀ ਪੱਗ ਨੂੰ ਫੈਸ਼ਨ ਦੀ ਵਸਤ ਵਜੋਂ ਵਰਤਣ ਲਈ ਧੰਨਵਾਦ। ਸਿੱਖਾਂ ਨਾਲ ਪੱਗ ਕਰਕੇ ਹਰ ਥਾਂ ਵਿਤਕਰਾ ਕੀਤਾ ਜਾਂਦਾ ਹੈ। ਮੇਰੇ ਪਿਤਾ ਨੇ ਅਧਿਆਪਕ ਬਣਨ ਮਗਰੋਂ ਹਮਲੇ ਦੇ ਡਰੋਂ ਪੱਗ ਬੰਨ੍ਹਣੀ ਛੱਡ ਦਿੱਤੀ ਸੀ।''

ਜੁਫਰੋ ਜੋ ਹੈਡਵਿਗ ਟੀਊਸੀ ਨਾਮ ਦੇ ਟਵਿੱਟਰ ਹੈਂਡਲ ਨੇ ਲਿਖਿਆ ਕਿ ਇੰਟਰਨੈੱਟ ਗੁਚੀ ਤੋਂ ਦੁਖੀ ਹੈ ਕਿਉਂਕਿ ਉਨ੍ਹਾਂ ਨੇ ਇੱਕ ਗੋਰੇ ਮਾਡਲ ਦੇ ਪੱਗ ਬੰਨ੍ਹੀ ਹੈ।

ਉਨ੍ਹਾਂ ਨੇ ਟਵੀਟ ਕੀਤਾ, ''ਪੱਗ ਸਿਰਫ਼ ਇੱਕ ਧਰਮ ਜਾਂ ਸਭਿਅਤਾ ਨਾਲ ਹੀ ਜੁੜੀ ਹੋਈ ਨਹੀਂ ਹੈ। ਬਲਕਿ ਪੱਛਮੀਂ ਫੈਸ਼ਨ ਦਾ ਵੀ ਕਾਫੀ ਦੇਰ ਤੋਂ ਅੰਗ ਰਹੀ ਹੈ।''

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)