ਗਾਜ਼ਾ ਪੱਟੀ 'ਚ ਇਸਰਾਇਲ ਕਿਉਂ ਕਰ ਰਿਹਾ ਹਵਾਈ ਹਮਲੇ?

ਤਸਵੀਰ ਸਰੋਤ, Getty Images
ਇਸਰਾਇਲ-ਗਾਜ਼ਾ ਸਰਹੱਦ ਦੇ ਨੇੜੇ ਹੋਏ ਇੱਕ ਧਮਾਕੇ ਵਿੱਚ ਚਾਰ ਇਸਰਾਇਲੀ ਸਿਪਾਹੀ ਜ਼ਖਮੀ ਹੋ ਗਏ ਹਨ, ਜਿਨ੍ਹਾਂ ਵਿਚੋਂ ਦੋ ਦੀ ਹਾਲਤ ਗੰਭੀਰ ਹੈ। ਜਵਾਬ ਵਿੱਚ ਹਮਾਸ ਜਥੇਬੰਦੀ ਖ਼ਿਲਾਫ਼ ਇਸਰਾਇਲ ਨੇ ਹਵਾਈ ਹਮਲੇ ਸ਼ੁਰੂ ਕਰ ਦਿੱਤੇ ਹਨ।
ਫੌਜ ਦਾ ਕਹਿਣਾ ਹੈ ਕਿ ਉਸ ਇਲਾਕੇ ਵਿੱਚ ਫਲਸਤੀਨੀ ਝੰਡਾ ਲਹਿਰਾ ਰਿਹਾ ਸੀ, ਜਦੋਂ ਉਸ ਦੇ ਨੇੜੇ ਜਵਾਨ ਗਿਆ ਤਾਂ ਧਮਾਕਾ ਹੋ ਗਿਆ।
ਜਵਾਬੀ ਕਾਰਵਾਈ ਵਿੱਚ ਇਸਰਾਈਲ ਨੇ ਗਾਜ਼ਾ 'ਚ ਹਮਾਸ ਦੇ ਟਿਕਾਣਿਆਂ 'ਤੇ ਹਵਾਈ ਹਮਲੇ ਕੀਤੇ ਹਨ।

ਤਸਵੀਰ ਸਰੋਤ, EPA
ਇਸਰਾਇਲ ਦੇ ਅਧਿਕਾਰੀਆਂ ਅਨੁਸਾਰ ਹਮਾਸ ਦੇ ਛੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ, ਜਿਸ ਵਿੱਚ ਇੱਕ ਸੁਰੰਗ ਅਤੇ ਹਥਿਆਰ ਫੈਕਟਰੀ ਵੀ ਸ਼ਾਮਲ ਹੈ।
ਗਾਜ਼ਾ ਵਿੱਚ ਸਿਹਤ ਕਰਮਚਾਰੀਆਂ ਨੇ ਦੱਸਿਆ ਕਿ ਇਸ ਘਟਨਾ ਵਿੱਚ ਦੋ ਫਲਸਤੀਨੀ ਵੀ ਜ਼ਖ਼ਮੀ ਹੋਏ ਹਨ।
'ਸਭ ਤੋਂ ਮਾੜੀ ਘਟਨਾ'
ਇਸਰਾਇਲ ਦੇ ਮੀਡੀਆ ਮੁਤਾਬਕ ਇਹ ਧਮਾਕਾ ਇਸਰਾਇਲ ਅਤੇ ਹਮਾਸ ਕੱਟੜਪੰਥੀਆਂ ਵਿਚਾਲੇ ਸਾਲ 2014 ਦੇ ਯੁੱਧ ਤੋਂ ਬਾਅਦ ਸਰਹੱਦ 'ਤੇ ਹੋਈ ਸਭ ਤੋਂ ਮਾੜੀ ਘਟਨਾ ਹੈ।
ਇਸ ਧਮਾਕੇ ਦੀ ਜ਼ਿੰਮੇਵਾਰੀ ਅਜੇ ਤੱਕ ਕਿਸੇ ਸੰਗਠਨ ਨੇ ਨਹੀਂ ਲਈ ਹੈ। ਇਹ ਘਟਨਾ ਖਾਨ ਯੂਨਸ ਸ਼ਹਿਰ ਦੇ ਪੂਰਬ ਵਿੱਚ ਸਥਾਨਕ ਸਮੇਂ ਮੁਤਾਬਕ ਸ਼ਾਮ ਦੇ 4 ਵਜੇ ਹੋਈ।
ਫੌਜ ਨੇ ਕਿਹਾ ਹੈ ਕਿ ਸ਼ੁੱਕਰਵਾਰ ਨੂੰ ਇੱਕ ਪ੍ਰਦਰਸ਼ਨ ਦੌਰਾਨ ਇੱਕ ਵਿਸਫੋਟਕ ਯੰਤਰ ਲਗਾਇਆ ਗਿਆ ਸੀ ਅਤੇ ਉਹ ਝੰਡੇ ਨਾਲ ਜੁੜਿਆ ਹੋਇਆ ਸੀ।
ਜਦੋਂ ਉਹ ਜਵਾਨ ਇਸਰਾਇਲੀ ਹਿੱਸੇ ਵੱਲ ਝੰਡੇ ਕੋਲ ਗਿਆ ਤਾਂ ਉੱਥੇ ਧਮਾਕਾ ਹੋ ਗਿਆ।
ਇਸਰਾਇਲ ਅਤੇ ਹਮਾਸ
ਜਰਮਨੀ ਦੇ ਮਿਊਨਿਖ ਵਿੱਚ ਇੱਕ ਸੁਰੱਖਿਆ ਕਾਨਫਰੰਸ ਵਿੱਚ ਹਿੱਸਾ ਲੈਣ ਗਏ ਇਸਰਾਇਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਇਸ ਧਮਾਕੇ ਬਾਰੇ ਕਿਹਾ, "ਗਾਜ਼ਾ ਦੀ ਸਰਹੱਦ ਦੀ ਘਟਨਾ ਬੇਹੱਦ ਗੰਭੀਰ ਹੈ, ਅਸੀਂ ਇਸ ਦਾ ਢੁੱਕਵਾਂ ਜਵਾਬ ਦੇਵਾਂਗੇ।"

ਤਸਵੀਰ ਸਰੋਤ, Getty Images
ਫਲਸਤੀਨੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਹਮਾਸ ਦੇ ਤਿੰਨ ਸਿਖਲਾਈ ਕੈਂਪ ਅਤੇ ਇਕ ਛੋਟੇ ਸਮੂਹ ਨਾਲ ਜੁੜੇ ਟਿਕਾਣਿਆਂ 'ਤੇ ਹਮਲਾ ਹੋਇਆ ਹੈ, ਪਰ ਇਸ ਵਿੱਚ ਕੋਈ ਜ਼ਖ਼ਮੀ ਨਹੀਂ ਹੋਇਆ ਹੈ।
ਇਸਰਾਈਲ ਮੀਡੀਆ ਨੇ ਵੀ ਕਿਹਾ ਹੈ ਕਿ ਸ਼ਨੀਵਾਰ ਦੀ ਸ਼ਾਮ ਨੂੰ ਦੇਸ ਦੇ ਦੱਖਣ ਵਿੱਚ ਗਾਜ਼ਾ ਵੱਲੋਂ ਦਾਗਿਆ ਗਿਆ ਇੱਕ ਰਾਕਟ ਮਿਲਿਆ ਸੀ। ਇਸ ਵਿੱਚ ਕੋਈ ਜ਼ਖ਼ਮੀ ਨਹੀਂ ਹੋਇਆ।
ਇਸ ਖੇਤਰ ਵਿੱਚ ਦਾਗੇ ਜਾਣ ਵਾਲੇ ਹਰ ਰਾਕਟ ਅਤੇ ਮੋਰਟਾਰ ਲਈ ਇਸਰਾਇਲ ਹਮਾਸ ਨੂੰ ਜ਼ਿੰਮੇਵਾਰ ਠਹਿਰਾਉਂਦਾ ਹੈ। ਸਾਲ 2008 ਤੋਂ ਹਮਾਸ, ਇਸਰਾਇਲ ਨਾਲ ਤਿੰਨ ਜੰਗਾਂ ਲੜ੍ਹ ਚੁੱਕਿਆ ਹੈ।












