ਮੈਨੂੰ ਹੇਠਾਂ ਸੁੱਟ ਉਸ ਨੇ ਅਸ਼ਲੀਲ ਹਰਕਤਾਂ ਕੀਤੀਆਂ : ਊਮਾ ਥਰਮਨ

ਅਦਾਕਾਰਾ ਊਮਾ ਥਰਮਨ ਨੇ ਹਾਲੀਵੁੱਡ ਫਿਲਮ ਨਿਰਮਾਤਾ ਹਾਰਵੀ ਵਾਇਨਸਟੀਨ ਖ਼ਿਲਾਫ਼ ਚੁੱਪੀ ਤੋੜਦਿਆਂ ਦੋਸ਼ਾਂ ਦੀ ਸੰਖੇਪ ਜਾਣਕਾਰੀ ਦਿੱਤੀ।

ਨਿਊਯਾਰਕ ਟਾਈਮਜ਼ ਦੇ ਆਰਟੀਕਲ 'ਚ ਉਨ੍ਹਾਂ ਨੇ ਕਿਹਾ 1990 ਵਿੱਚ ਲੰਡਨ ਦੇ ਇੱਕ ਹੋਟਲ ਦੇ ਕਮਰੇ ਵਿੱਚ ਵਾਇਨਸਟੀਨ ਨੇ ਉਨ੍ਹਾਂ ਨੂੰ ਹੇਠਾਂ ਸੁੱਟਿਆ ਅਤੇ "ਆਪਣੇ ਆਪ ਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ" ਪਰ ਉਹ ਇਸ ਤੋਂ ਪਹਿਲਾਂ ਖਿਸਕਣ ਵਿੱਚ ਕਾਮਯਾਬ ਹੋ ਗਈ।

ਹਾਲਾਂਕਿ ਹਾਰਵੇ ਵਾਇਨਸਟੀਨ ਦੇ ਬੁਲਾਰੇ ਨੇ ਕਿਹਾ ਕਿ ਇਹ ਦੋਸ਼ ਸੱਚ ਨਹੀਂ ਹੈ।

47 ਸਾਲਾ ਅਦਾਕਾਰ ਊਮਾ ਨੇ ਇਹ ਵੀ ਦੱਸਿਆ ਕਿ ਜਵਾਨੀ ਵੇਲੇ ਇੱਕ 20 ਸਾਲ ਵੱਡੇ ਅਦਾਕਾਰ ਨਾਲ ਉਸ ਨੂੰ ਜਿਨਸੀ ਸਬੰਧ ਬਣਾਉਣ ਲਈ ਵੀ ਮਜ਼ਬੂਰ ਕੀਤਾ ਗਿਆ ਸੀ।

ਊਮਾ ਨੇ ਵਾਇਨਸਟੀਨ ਖ਼ਿਲਾਫ ਆਪਣਾ ਗੁੱਸਾ ਪਿਛਲੇ ਸਾਲ ਨਵੰਬਰ ਵਿੱਚ ਉਜਾਗਰ ਕੀਤਾ ਸੀ ਅਤੇ ਅਖ਼ਬਾਰ ਨੂੰ ਆਪਣੀ ਆਪਬੀਤੀ ਦੱਸਣ ਦਾ ਫੈਸਲਾ ਲਿਆ ਸੀ।

ਲੇਖ ਵਿੱਚ ਖੁਲਾਸਾ ਕਰਦਿਆਂ ਉਮਾ ਨੇ ਕਿਹਾ ਕਿ ਉਹ 16 ਸਾਲ ਦੀ ਉਮਰ ਵਿੱਚ ਆਪਣੇ ਕੈਰੀਅਰ ਦੀ ਸ਼ੁਰੂਆਤ ਵੇਲੇ ਜਿਨਸੀ ਸ਼ੋਸ਼ਣ ਦਾ ਸ਼ਿਕਾਰ ਹੋਈ ਸੀ।

ਉਹ ਇੱਕ ਅਦਾਕਾਰ (ਜਿਸ ਦਾ ਨਾਂ ਨਹੀਂ ਦੱਸਿਆ) ਨਾਲ ਮੈਨਹਟਨ ਨਾਈਟ ਕਲੱਬ ਵਿੱਚ ਮਿਲੀ ਸੀ ਅਤੇ ਜਿਸ ਨੇ ਉਸ ਦੀ ਮਜ਼ਬੂਰੀ ਲਾਭ ਚੁੱਕਿਆ।

ਉਸ ਨੇ ਅਖ਼ਬਾਰ ਨੂੰ ਦੱਸਿਆ, "ਮੈਂ ਅਖ਼ੀਰ ਸ਼ਿਕਾਇਤ ਕੀਤੀ, ਮੈਂ ਨਾ ਕਹਿਣ ਦੀ ਕੋਸ਼ਿਸ਼ ਕੀਤੀ, ਰੋਈ, ਸਾਰਾ ਕੁਝ ਕੀਤਾ ਜੋ ਕਰ ਸਕਦੀ ਸੀ। ਉਸ ਨੇ ਮੈਨੂੰ ਫੜਿਆ, ਦਰਵਾਜ਼ਾ ਬੰਦ ਕੀਤਾ। ਮੈਂ ਭੱਜ ਨਹੀਂ ਸਕਦੀ ਸੀ ਅਤੇ ਮੈਂ ਦਰਵਾਜ਼ਾ ਖੜਖਾਇਆ।"

ਉਸ ਨੇ ਅਖ਼ਬਾਰ ਨੂੰ ਦੱਸਿਆ, "ਉਸ ਨੇ ਮੈਨੂੰ ਹੇਠਾਂ ਸੁੱਟਿਆ ਅਤੇ ਆਪਣੇ ਆਪ ਨੂੰ ਮੇਰੇ ਵੱਲ ਧੱਕਿਆ, ਉਸ ਨੇ ਅਣਸੁਖਾਵੀਆਂ ਹਰਕਤਾਂ ਕੀਤੀਆਂ।"

"ਉਸ ਨੇ ਮੈਨੂੰ ਮਜਬੂਰ ਕੀਤਾ ਅਤੇ ਮੈਂ ਇੱਕ ਜਾਨਵਰ ਵਾਂਗ ਖਿਸਕਣ ਲੱਗੀ।"

ਊਮਾ ਨੇ ਦੱਸਿਆ ਕਿ ਅਗਲੇ ਦਿਨ ਉਸ ਕੋਲ ਇੱਕ ਨੋਟ ਨਾਲ ਫੁੱਲਾਂ ਦਾ ਗੁਲਦਸਤਾ ਪਹੁੰਚਿਆ ਜਿਸ 'ਤੇ ਲਿਖਿਆ ਸੀ, "ਤੁਹਾਡੇ ਕੋਲ ਸਹਿਜ ਪ੍ਰੇਰਣਾ ਹੈ।"

ਇਸ ਤੋਂ ਬਾਅਦ ਵਾਇਨਸਟੀਨ ਦੇ ਸਹਾਇਕ ਨੇ ਨਵੇਂ ਫਿਲਮ ਪ੍ਰਾਜੈਕਟ ਲਈ ਫੋਨ ਕੀਤਾ।

ਹਾਰਵੀ ਵਾਇਨਸਟੀਨ ਦੀ ਪ੍ਰਤੀਕ੍ਰਿਆ

ਵਾਇਨਸਟੀਨ ਦੇ ਬੁਲਾਰੇ ਰਿਹਾਬ ਨੇ ਇਸ ਲੇਖ ਦੇ ਛਪਣ ਤੋਂ ਬਾਅਦ ਇੱਕ ਬਿਆਨ ਜਾਰੀ ਕੀਤਾ।

ਉਸ ਨੇ ਕਿਹਾ ਕਿ ਉਸ ਦੀ ਟੀਮ ਨੇ ਨਿਊਯਾਰਕ ਟਾਈਮਜ਼ ਨੂੰ "ਵਾਇਨਟਸੀਨ ਅਤੇ ਥਰਮਨ ਦੇ ਗੂੜੇ ਰਿਸ਼ਤੇ" ਵਾਲੀਆਂ ਤਸਵੀਰਾਂ ਭੇਜੀਆਂ।

ਅਖ਼ਬਾਰ ਨੇ ਇਸ ਸਬੰਧੀ ਪੁਸ਼ਟੀ ਕੀਤੀ ਹੈ ਕਿ ਇਸ ਨੂੰ ਜੋੜੇ ਦੀਆਂ ਪ੍ਰੀਮੀਅਰ ਅਤੇ ਪਾਰਟੀ ਦੀਆਂ ਤਸਵੀਰਾਂ ਮਿਲੀਆਂ ਹਨ।

ਬਿਆਨ ਮੁਤਾਬਕ, "ਵਾਇਨਸਟੀਨ ਨੇ ਮੰਨਿਆ ਹੈ ਕਿ 25 ਸਾਲ ਪਹਿਲਾਂ ਪੇਰਿਸ ਵਿੱਚ ਉਨ੍ਹਾਂ ਵੱਲੋਂ ਇੱਕ ਝੁਲਬੁਲੇ ਵਿਹਾਰ ਕਾਰਨ ਊਮਾ ਥਰਮਨ ਨੇ ਉਨ੍ਹਾਂ ਦੇ ਸੰਕੇਤਾਂ ਦਾ ਗਲਤ ਮਤਲਬ ਕੱਢਿਆ ਸੀ ਪਰ ਉਸ ਲਈ ਉਨ੍ਹਾਂ ਨੇ ਤੁਰੰਤ ਮੁਆਫ਼ੀ ਵੀ ਮੰਗ ਲਈ ਸੀ।"

"ਉਨ੍ਹਾਂ ਵੱਲੋਂ ਲਗਾਏ ਗਏ ਜਿਨਸੀ ਸ਼ੋਸ਼ਣ ਦੇ ਦੋਸ਼ ਸੱਚ ਨਹੀਂ।"

ਬਿਆਨ 'ਚ ਕਿਹਾ, "ਪਿਛਲੇ 25 ਸਾਲਾ ਵਿੱਚ ਅਜਿਹਾ ਕੁਝ ਨਹੀਂ ਹੋਇਆ। ਜੇਕਰ ਸੱਚਮੁੱਚ ਅਜਿਹਾ ਹੋਇਆ ਸੀ ਤਾਂ ਥਰਮਨ 25 ਸਾਲ ਤੱਕ ਚੁੱਪ ਕਿਉਂ ਰਹੇ ਪਹਿਲਾਂ ਕਿਉਂ ਨਹੀਂ ਬੋਲੇ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)