ਬਿਨਾਂ ਦਸਤਾਵੇਜਾਂ ਤੋਂ ਅਪਰਵਾਸੀਆਂ ਨੂੰ ਨਾਗਰਿਕਤਾ ਦੇਣ ਦੀ ਟਰੰਪ ਦੀ ਸਕੀਮ

ਵ੍ਹਾਈਟ ਹਾਊਸ ਬਿਨਾਂ ਕਾਗਜ਼-ਪੱਤਰ ਦੇ ਅਮਰੀਕਾ ਵਿੱਚ ਰਹਿ ਰਹੇ ਲਗਪਗ ਵੀਹ ਲੱਖ ਲੋਕਾਂ ਨੂੰ ਦੇਸ ਦੀ ਨਾਗਰਿਕਤਾ ਦੇਣ ਦੀ ਯੋਜਨਾ ਉਲੀਕ ਰਿਹਾ ਹੈ। ਬਦਲੇ ਵਿੱਚ ਉਨ੍ਹਾਂ ਨੂੰ ਮੈਕਸੀਕੋ ਸਰਹੱਦ 'ਤੇ ਵਿਵਾਦਪੂਰਨ ਦੀਵਾਰ ਦੀ ਉਸਾਰੀ ਲਈ ਫ਼ੰਡ ਦੇਣੇ ਪੈਣਗੇ।

ਡੈਮੋਕਰੇਟਸ ਨਾਲ ਵਿਧਾਨਕ ਵਿਚਾਰ-ਵਟਾਂਦਰੇ ਤੋਂ ਪਹਿਲਾਂ ਇਸ ਯੋਜਨਾ ਦਾ ਸੁਝਾਅ ਟਰੰਪ ਦੇ ਇੱਕ ਸੀਨੀਅਰ ਸਹਾਇਕ ਨੇ ਦਿੱਤਾ ਹੈ।

ਪ੍ਰਸਤਾਵਿਤ ਬਿਲ ਸੋਮਵਾਰ ਨੂੰ ਪੇਸ਼ ਕੀਤਾ ਜਾਵੇਗਾ। ਇਸ ਤਹਿਤ ਮੈਕਸੀਕੋ ਸਰਹੱਦ ਨਾਲ ਉਸਾਰੀ ਜਾਣ ਵਾਲੀ ਦੀਵਾਰ ਲਈ 25 ਅਰਬ ਡਾਲਰ ਇੱਕਠੇ ਕੀਤੇ ਜਾਣਗੇ।

ਦੂਸਰੇ ਪਾਸੇ ਡੈਮੋਕਰੇਟਸ ਜੋ ਕਿ ਇਸ ਦੀਵਾਰ ਦੇ ਵਿਰੋਧੀ ਹਨ ਇਸ ਯੋਜਨਾ ਦਾ ਵੀ ਵਿਰੋਧ ਕਰ ਰਹੇ ਹਨ।

ਕੀ ਹੈ ਇਮੀਗਰੇਸ਼ਨ ਸਕੀਮ?

ਅਮਰੀਕੀ ਮੀਡੀਆ ਮੁਤਾਬਕ ਇਸ ਸਕੀਮ ਦੇ ਵੇਰਵੇ ਵੀਰਵਾਰ ਨੂੰ ਵ੍ਹਾਈਟ ਹਾਊਸ ਦੀਆਂ ਨੀਤੀਆਂ ਬਾਰੇ ਮੁਖੀ ਸਟੀਫ਼ਨ ਮਿਲਰ ਤੇ ਡੈਮੋਕਰੇਟ ਸਾਂਸਦਾਂ ਦੇ ਸਟਾਫ਼ ਮੈਂਬਰਾਂ ਵਿਚਕਾਰ ਹੋਈ ਟੈਲੀਫ਼ੋਨ ਗੱਲਬਾਤ 'ਚੋਂ ਸਾਹਮਣੇ ਆਏ ਹਨ।

ਮਿਲਰ ਮੁਤਾਬਕ ਇਹ ਇੱਕ "ਨਾਟਕੀ ਛੋਟ" ਹੈ।

ਇਸ ਯੋਜਨਾ ਤਹਿਤ ਦਸ ਤੋਂ ਵੀਹ ਸਾਲ ਦੇ ਸਮੇਂ ਦੌਰਾਨ ਕੋਈ ਅਠਾਰਾਂ ਲੱਖ ਲੋਕਾਂ ਨੂੰ ਨਾਗਰਿਕਤਾ ਦਿੱਤੀ ਜਾਵੇਗੀ।

ਇਨ੍ਹਾਂ ਵਿੱਚ ਸੱਤ ਲੱਖ ਉਹ ਲੋਕ ਵੀ ਸ਼ਾਮਲ ਹਨ ਜੋ ਛੋਟੀ ਉਮਰ ਵਿੱਚ ਅਮਰੀਕਾ ਆਏ (ਡਰੀਮਰਜ਼)।

ਓਬਾਮਾ ਰਾਜਕਾਲ ਨੇ ਬਚਪਨ ਵਿੱਚ ਅਮਰੀਕਾ ਪਹੁੰਚੇ ਲੋਕਾਂ ਨੂੰ ਵਾਪਸ ਉਨ੍ਹਾਂ ਦੇ ਦੇਸ ਭੇਜਣ ਦੀ ਕਾਰਵਾਈ ਨੂੰ ਧੀਮਾ ਕਰ ਦਿੱਤਾ ਸੀ।

ਇਸ ਨੀਤੀ ਨੂੰ ਡੈਫਰਡ ਐਕਸ਼ਨ ਫ਼ਾਰ ਚਾਈਲਡਹੁੱਡ ਅਰਾਈਵਲਸ" (ਡਾਕਾ) ਕਿਹਾ ਜਾਂਦਾ ਸੀ।

ਬਾਕੀ ਗਿਆਰਾਂ ਲੱਖ ਉਹ ਲੋਕ ਹਨ ਜਿਨ੍ਹਾਂ ਨੇ ਭਾਵੇਂ 'ਡਾਕਾ' ਲਈ ਅਰਜ਼ੀ ਨਹੀਂ ਸੀ ਦਿੱਤੀ ਪਰ ਉਹ ਇਸ ਲਈ ਯੋਗ ਸਨ।

ਅਖੌਤੀ ਚੇਨ ਮਾਈਗ੍ਰੇਸ਼ਨ ਨੀਤੀ ਜਿਸ ਨਾਲ ਅਮਰੀਕੀ ਨਾਗਰਿਕਾਂ ਨੂੰ ਆਪਣੇ ਜੀਵਨ ਸਾਥੀਆਂ ਲਈ ਤਾਂ ਵੀਜ਼ਾ ਮਿਲਦਾ ਹੈ ਪਰ ਬਾਕੀ ਪਰਿਵਾਰਕ ਮੈਂਬਰਾਂ ਲਈ ਨਹੀਂ।

ਵ੍ਹਾਈਟ ਹਾਊਸ ਡਾਈਵਰਸਿਟੀ ਵੀਜ਼ਾ ਲਾਟਰੀ ਦੀ ਸਕੀਮ ਵੀ ਬੰਦ ਕਰਨੀ ਚਾਹੁੰਦਾ ਹੈ।

ਇਸ ਸਕੀਮ ਨਾਲ ਦੁਨੀਆਂ ਭਰ ਵਿੱਚੋਂ ਪੰਜਾਹ ਹਜ਼ਾਰ ਲੋਕਾਂ ਨੂੰ ਗਰੀਨ ਕਾਰਡ ਮਿਲਦਾ ਹੈ।

ਕੀ ਪ੍ਰਤੀਕਿਰਿਆ ਮਿਲ ਰਹੀ ਹੈ?

ਇਮੀਗਰੇਸ਼ਨ ਨੀਤੀ ਬਾਰੇ ਸਭ ਤੋਂ ਵੱਧ ਕੱਟੜ ਵਿਚਾਰ ਰੱਖਣ ਵਾਲੇ ਰਿਪਬਲਿਕਨ ਸੰਸਦ ਮੈਂਬਰ ਟੌਮ ਕੌਟਨ ਨੇ ਇਸ ਯੋਜਨਾ ਦਾ ਸਵਾਗਤ ਕੀਤਾ ਹੈ।

ਉਨ੍ਹਾਂ ਨੇ ਆਪਣੇ ਇੱਕ ਬਿਆਨ ਵਿੱਚ ਕਿਹਾ, "ਰਾਸ਼ਟਰਪਤੀ ਦੀ ਯੋਜਨਾ ਬੇਹੱਦ ਉਦਾਰ ਤੇ ਇਨਸਾਨੀਅਤ ਵਾਲੀ ਹੈ ਤੇ ਨਾਲੋ-ਨਾਲ ਜ਼ਿੰਮੇਵਾਰ ਵੀ ਹੈ।"

ਡੈਮੋਕਰੇਟ ਇਸ ਨਾਲ ਜ਼ਿਆਦਾ ਖੁਸ਼ ਨਹੀਂ ਹਨ। ਡੈਮੋਕਰੇਟਨ ਸੰਸਦ ਵਿੱਪ ਡਿੱਕ ਡਰਬਨ ਨੇ ਇੱਕ ਬਿਆਨ ਵਿੱਚ ਕਿਹਾ, "ਡਰੀਮਰਜ਼ ਰਾਸ਼ਟਰਪਤੀ ਟਰੰਪ ਦੀ ਪਰਿਵਾਰ ਵਿਛੋੜਨ ਦੀ ਇਸ ਮੁਹਿੰਮ ਦੇ ਬੰਦੀ ਨਹੀਂ ਬਣਾਏ ਜਾਣੇ ਚਾਹੀਦੇ ਤੇ ਨਾ ਹੀ ਅਮਰੀਕੀ ਟੈਕਸ ਦੇ ਖਰਬਾਂ ਡਾਲਰ ਕਿਸੇ ਵਿਅਰਥ ਕੰਧ 'ਤੇ ਬਰਬਾਦ ਕੀਤੇ ਜਾਣੇ ਚਾਹੀਦੇ ਹਨ।"

ਨਿਊ ਜਰਸੀ ਦੇ ਸੰਸਦ ਮੈਂਬਰ ਨੇ ਆਪਣੀ ਖਿੱਝ ਇੱਕ ਟਵੀਟ ਰਾਹੀਂ ਕੱਢੀ।

ਉਨ੍ਹਾਂ ਲਿਖਿਆ, ਇਸ ਨੂੰ ਉਹ ਸਮਝੌਤਾ ਕਹਿ ਰਹੇ ਹਨ?

ਨੌਜਵਾਨ ਅਪਰਵਾਸੀਆਂ ਦੇ ਇੱਕ ਸੰਗਠਨ (ਯੂਨਾਈਟਿਡ ਵੀ ਡਰੀਮ) ਨੇ ਇਸ ਯੋਜਨਾ ਨੂੰ ਗੋਰਿਆਂ ਦਾ ਫ਼ਿਰੌਤੀ ਮੰਗਣ ਵਾਲਾ ਪੱਤਰ ਕਿਹਾ ਹੈ।

'ਡਾਕਾ' ਕਿਉਂ ਮਹੱਤਵਪੂਰਨ ਹੈ?

ਰਾਸ਼ਟਰਪਤੀ ਟਰੰਪ ਨੇ ਇਸ ਪ੍ਰੋਗਰਾਮ ਨੂੰ ਰੱਦ ਕਰਕੇ ਸੰਸਦ ਨੂੰ ਨਵੀਂ ਯੋਜਨਾ ਬਣਾਉਣ ਲਈ ਮਾਰਚ ਤੱਕ ਦਾ ਸਮਾਂ ਦਿੱਤਾ ਸੀ।

ਹੁਣ ਤੱਕ ਰਾਸ਼ਟਰਪਤੀ ਟਰੰਪ ਨੇ ਦੋਹਾਂ ਪਾਰਟੀਆਂ ਵੱਲੋਂ ਭੇਜੇ ਗਏ ਸਾਰੇ ਮਤੇ ਰੱਦ ਕਰ ਦਿੱਤੇ ਹਨ।

ਇਮੀਗਰੇਸ਼ਨ ਬਾਰੇ ਕੋਈ ਸਮਝੌਤਾ ਨਾ ਹੋ ਸਕਣ ਕਰਕੇ ਫੈਡਰਲ ਸਰਕਾਰ ਦੀਆਂ ਕਈ ਸੰਸਥਾਵਾਂ ਬੰਦ ਰਹੀਆਂ ਸਨ।

ਬੁੱਧਵਾਰ ਨੂੰ ਟਰੰਪ ਨੇ ਆਸ ਪ੍ਰਗਟ ਕੀਤੀ ਸੀ ਕਿ ਅਜਿਹਾ ਕੋਈ ਹੱਲ ਕੱਢ ਲਿਆ ਜਾਵੇਗਾ ਜਿਸ ਨਾਲ ਡਰੀਮਰ ਦੇਸ ਵਿੱਚ ਰਹਿ ਸਕਣ।

ਉਨ੍ਹਾਂ ਅੱਗੇ ਕਿਹਾ ਸੀ ਕਿ ਇਹ ਡਰੀਮਰਜ਼ ਲਈ ਮਿਹਨਤ ਕਰਨ ਦਾ ਇੱਕ ਮੌਕਾ ਹੈ।

ਰਿਪਬਲਿਕਨ ਰਾਸ਼ਟਰਪਤੀ ਨੇ ਇਹ ਸਪਸ਼ਟ ਕੀਤਾ ਸੀ ਕਿ ਚੋਣ ਵਾਅਦੇ ਵਾਲੀ ਮੈਕਸੀਕੋ ਦੀ ਦੀਵਾਰ ਦੀ ਉਸਾਰੀ ਲਈ ਉਨ੍ਹਾਂ ਨੂੰ ਪਾਰਟੀ ਦੀ ਹਮਾਇਤ ਚਾਹੀਦੀ ਹੋਵੇਗੀ।

ਹਾਲਾਂਕਿ ਸੈਨੇਟ ਵਿੱਚ ਡੈਮੋਕਰੇਟਿਕ ਪਾਰਟੀ ਦੇ ਆਗੂ ਚੱਕ ਸ਼ੂਮਰ ਨੇ ਸਰਹੱਦੀ ਦੀਵਾਰ ਉਸਾਰਨ ਲਈ ਪੈਸੇ ਦੇਣ ਦੀ ਪੇਸ਼ਕਸ਼ ਵਾਪਸ ਲੈ ਲਈ ਸੀ।

ਸਮਾਂ ਬੀਤ ਰਿਹਾ ਹੈ?

ਐਂਥਨੀ ਜ਼ਰਕਰ, ਬੀਬੀਸੀ ਨਿਊਜ਼, ਵਾਸ਼ਿੰਗਟਨ

ਨਿਊ ਇੰਗਲੈਂਡ ਦੇ ਪਲ ਪਲ ਬਦਲਦੇ ਮੌਸਮ ਬਾਰੇ ਮਾਰਕ ਟਵੇਨ ਦਾ ਕਥਨ ਹੈ ਕਿ ਜੇ ਤੁਹਾਨੂੰ ਉੱਥੋਂ ਦਾ ਮੌਸਮ ਪਸੰਦ ਨਹੀਂ ਹੈ ਤਾਂ ਪੰਜ ਮਿੰਟ ਉਡੀਕ ਕਰੋ। ਇਹੋ ਕੁੱਝ ਰਾਸ਼ਟਰਪਤੀ ਦਾ ਅਪਰਵਾਸ ਸਬੰਧੀ ਵਿਚਾਰਾਂ ਬਾਰੇ ਵੀ ਕਿਹਾ ਜਾ ਸਕਦਾ ਹੈ।

ਕਿਸੇ ਦਿਨ ਉਹ ਸੰਸਦ ਦੀ ਯੋਜਨਾ ਸਵੀਕਾਰ ਕਰ ਲੈਣਗੇ ਤੇ ਫੇਰ ਕਹਿਣਗੇ ਕਿ ਇਸ ਵਿੱਚ ਉਨ੍ਹਾਂ ਦੀ ਦੀਵਾਰ ਲਈ ਵੀ ਫੰਡਾਂ ਦਾ ਪ੍ਰਬੰਧ ਹੋਣਾ ਚਾਹੀਦਾ ਹੈ। ਉਹ ਇਮੀਗਰੇਸ਼ਨ ਕਾਨੂੰਨਾਂ ਵਿੱਚ ਉਲਟ-ਫੇਰ ਦੀਆਂ ਗੱਲਾਂ ਕਰਨ ਲਗਦੇ ਹਨ।

ਤਾਲਾਬੰਦੀ ਦੌਰਾਨ ਉਨ੍ਹਾਂ ਨੇ ਡੈਮੋਕਰੇਟਾਂ ਦੀਆਂ ਡਾਕਾ ਲਈ ਵੋਟਾਂ ਹਾਸਲ ਕਰਨ ਦੀਆਂ ਕੋਸ਼ਿਸ਼ਾਂ ਨੂੰ ਬਿਨਾਂ ਨਿਗਰਾਨੀ ਦੀ ਗੈਰ-ਕਾਨੂੰਨੀ ਇਮੀਗਰੇਸ਼ਨ ਲਈ ਸਹਾਇਤਾ ਕਹਿ ਦਿੰਦੇ ਹਨ। ਬੁੱਧਵਾਰ ਨੂੰ ਉਨ੍ਹਾਂ ਨੇ ਡਾਕਾ ਦੇ ਚਾਹਵਾਨਾਂ ਨੂੰ ਨਾਗਰਿਕਤਾ ਦੇਣ ਦਾ ਇੱਕ ਬਦਲਵਾਂ ਤਰੀਕਾ ਦੇਣ ਦੀ ਗੱਲ ਕੀਤੀ ਸੀ।

ਇਹ ਰਾਸ਼ਟਰਪਤੀ ਦਾ ਕੋਈ ਵੱਡਾ ਸਮਝੌਤਾ ਕਰਨ ਦੀ ਕਲਾ ਦਾ ਹਿੱਸਾ ਹੋ ਸਕਦਾ ਹੈ ਜੋ ਆਉਂਦੇ ਸਮੇਂ ਦੌਰਾਨ ਉਜਾਗਰ ਹੋਵੇਗੀ।

ਕੁਝ ਵੀ ਹੋਵੇ ਇੱਕ ਹੋਰ ਬਜਟ ਦਾ ਸਮਾਂ ਆ ਰਿਹਾ ਹੈ। ਇਮੀਗਰੇਸ਼ਨ ਦੇ ਮਾਮਲੇ ਦੀ ਖੜੋਤ ਤੋੜਨੀ ਹੈ ਤਾਂ ਇਸ ਦਾ ਹੱਲ ਜਲਦੀ ਨਿਕਲਣਾ ਚਾਹੀਦਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)