ਅਫ਼ਗਾਨਿਸਤਾਨ: ਕਾਬੁਲ 'ਚ ਗੋਲੀਬਾਰੀ ਖ਼ਤਮ, ਸਾਰੇ ਹਮਲਾਵਰ ਢੇਰ

ਤਸਵੀਰ ਸਰੋਤ, Reuters
ਅਫ਼ਗਾਨਿਸਤਾਨ ਦੇ ਸੁਰੱਖਿਆ ਬਲਾਂ ਨੇ 12 ਘੰਟਿਆਂ ਦੇ ਸੰਘਰਸ਼ ਮਗਰੋਂ ਕਾਬੁਲ ਦੇ ਇੰਟਰਕੌਨਟੀਨੈਂਟਲ ਹੋਟਲ ਨੂੰ ਆਪਣੀ ਸੁਰੱਖਿਆ ਵਿੱਚ ਲੈ ਲਿਆ ਹੈ।
ਅਫ਼ਗਾਨਿਸਤਾਨ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਬੰਦੂਕਧਾਰੀਆਂ ਦੇ ਹਮਲੇ ਤੋਂ ਬਾਅਦ ਸ਼ੁਰੂ ਹੋਇਆ ਸੰਘਰਸ਼ ਹੁਣ ਖ਼ਤਮ ਹੋ ਗਿਆ ਹੈ।
ਅਧਿਕਾਰੀਆਂ ਮੁਤਾਬਕ ਹਮਲੇ ਵਿੱਚ ਤਿੰਨ ਹਮਲਾਵਰਾਂ ਤੋਂ ਇਲਾਵਾ ਪੰਜ ਆਮ ਲੋਕ ਵੀ ਮਾਰੇ ਗਏ ਹਨ।

ਤਸਵੀਰ ਸਰੋਤ, EPA
ਉਨ੍ਹਾਂ ਮੁਤਾਬਕ ਵਿਚੋਂ ਸੌ ਤੋਂ ਵੱਧ ਮਹਿਮਾਨਾਂ ਨੂੰ ਛੁਡਾ ਲਿਆ ਗਿਆ ਹੈ।
ਪੂਰੀ ਰਾਤ ਸੰਘਰਸ਼
ਇਸ ਤੋਂ ਪਹਿਲਾਂ ਟੀਵੀ ਤੇ ਆ ਰਹੀਆਂ ਤਸਵੀਰਾਂ ਵਿੱਚ ਚਾਦਰਾਂ ਦੇ ਸਹਾਰੇ ਦੇ ਹੋਟਲ ਦੀ ਉੱਪਰਲੀ ਮੰਜ਼ਿਲ ਤੋਂ ਉਤਰਦੇ ਲੋਕ ਅਤੇ ਹੋਟਲ ਦੀ ਇਮਾਰਤ ਵਿਚੋਂ ਨਿਕਲਦਾ ਧੂੰਆਂ ਦਿਖਾਇਆ ਜਾ ਰਿਹਾ ਸੀ।
ਸ਼ਨੀਵਾਰ ਸਥਾਨਕ ਸਮੇਂ ਮੁਤਾਬਕ ਕਰੀਬ ਰਾਤ 9 ਵਜੇ ਬੰਦੂਕਧਾਰੀਆਂ ਨੇ ਹੋਟਲ ਇੰਟਰਕੌਨਟੀਨੈਂਟਲ ਉੱਤੇ ਹਮਲਾ ਕਰ ਦਿੱਤਾ ਸੀ।
ਉਨ੍ਹਾਂ 'ਤੇ ਕਾਬੂ ਪਾਉਣ ਲਈ ਅਫ਼ਗਾਨੀ ਸੁਰੱਖਿਆ ਬਲਾਂ ਨੂੰ ਪੂਰੀ ਰਾਤ ਸੰਘਰਸ਼ ਕਰਨਾ ਪਿਆ।

ਤਸਵੀਰ ਸਰੋਤ, Reuters
ਸਮਾਚਾਰ ਏਜੰਸੀ ਏਐੱਫਪੀ ਨੇ ਅਫ਼ਗਾਨ ਖ਼ੁਫ਼ੀਆ ਏਜੰਸੀ ਨੇ ਇੱਕ ਅਧਿਕਾਰੀ ਦੇ ਹਵਾਲੇ ਨਾਲ ਖ਼ਬਰ ਦਿੱਤੀ ਹੈ ਕਿ ਬੰਦੂਕਧਾਰੀ 'ਮਹਿਮਾਨਾਂ 'ਤੇ ਗੋਲੀਆਂ ਚਲਾ ਰਹੇ ਸਨ।'
ਅਜੇ ਤੱਕ ਕਿਸੇ ਗਰੁੱਪ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲੈਣ ਦਾ ਦਾਅਵਾ ਨਹੀਂ ਕੀਤਾ ਹੈ।
ਹੋਟਲ ਇੰਟਰਕੌਨਟੀਨੈਂਟਲ
ਬੁਲਾਰੇ ਨੇ ਦੱਸਿਆ ਕਿ ਇਸ ਹੋਟਲ ਪੰਜ ਮੰਜ਼ਿਲਾਂ 'ਤੇ ਸਥਾਨਕ ਸਮੇਂ ਮੁਤਾਬਕ ਰਾਤ 9 ਵਜੇ ਹਮਲਾ ਹੋਇਆ।
ਸਮਾਚਾਰ ਏਜੰਸੀ ਰਾਇਟਰਜ਼ ਨੇ ਬੁਲਾਰੇ ਦੇ ਹਵਾਲੇ ਨਾਲ ਖ਼ਬਰ ਦਿੱਤੀ ਹੈ ਕਿ ਇਨ੍ਹਾਂ ਬੰਦੂਕਧਾਰੀਆਂ ਵਿੱਚ ਕੁਝ ਆਤਮਘਾਤੀ ਹਮਲਾਵਰ ਵੀ ਹੋ ਸਕਦੇ ਹਨ।
ਇੰਟਰਕੌਨਟੀਨੈਂਟਲ ਹੋਟਲ ਉਹੀ ਹੋਟਲ ਹੈ, ਜਿਸ ਵਿੱਚ ਤਾਲਿਬਾਨ ਨੇ ਸਾਲ 2011 ਵਿੱਚ ਹਮਲਾ ਕੀਤਾ ਸੀ। ਉਸ ਵੇਲੇ 9 ਹਮਲਾਵਰਾਂ ਸਮੇਤ 21 ਲੋਕ ਮਾਰੇ ਗਏ ਸਨ।

ਤਸਵੀਰ ਸਰੋਤ, Reuters
ਕਾਬੁਲ ਤੋਂ ਆ ਰਹੀਆਂ ਰਿਪੋਰਟਾਂ ਤੋਂ ਅਜਿਹੇ ਸੰਕੇਤ ਮਿਲ ਰਹੇ ਹਨ ਕਿ ਹਮਲਾਵਰਾਂ ਨੇ ਹੋਟਲ ਵਿੱਚ ਦਾਖ਼ਲ ਹੋਣ ਲਈ ਸੁਰੱਖਿਆ ਗਾਰਡਾਂ ਉੱਤੇ ਗੋਲੀਆਂ ਚਲਾਈਆਂ।
ਉਸ ਤੋਂ ਪਹਿਲਾਂ ਕਿ ਵਿਸ਼ੇਸ਼ ਸੁਰੱਖਿਆ ਬਲਾਂ ਨੂੰ ਬੁਲਾਇਆ ਜਾਂਦਾ ਉਨ੍ਹਾਂ ਨੇ ਹੋਟਲ ਦੇ ਮਹਿਮਾਨਾਂ ਅਤੇ ਸਟਾਫ 'ਤੇ ਵੀ ਗੋਲੀਆਂ ਚਲਾਈਆਂ।
ਅਮਰੀਕੀ ਚਿਤਾਵਨੀ
ਕੁਝ ਰਿਪੋਰਟਾਂ ਵਿੱਚ ਇਹ ਕਿਹਾ ਗਿਆ ਹੈ ਕਿ ਹੋਟਲ ਵਿੱਚ ਆਈਟੀ ਕਾਨਫਰੰਸ ਚੱਲ ਰਹੀ ਸੀ ਅਤੇ ਕਈ ਸੂਬਿਆਂ ਦੇ ਅਧਿਕਾਰੀ ਸ਼ਿਰਕਤ ਕਰ ਰਹੇ ਸਨ।
ਇੱਕ ਚਸ਼ਮਦੀਦੀ ਨੇ ਰਾਇਟਰਜ਼ ਨੂੰ ਦੱਸਿਆ ਕਿ ਹਮਲਾਵਰਾਂ ਨੇ ਕੁਝ ਲੋਕਾਂ ਨੂੰ ਬੰਦੀ ਵੀ ਬਣਾ ਕੇ ਰੱਖਿਆ ਸੀ।
ਇਹ ਹਮਲਾ ਕਾਬੁਲ ਸਥਿਤ ਅਮਰੀਕੀ ਦੂਤਾਵਾਸ ਵੱਲੋਂ ਸ਼ਹਿਰਾਂ ਦੇ ਹੋਟਲਾਂ ਬਾਰੇ ਕੁਝ ਦਿਨਾਂ ਪਹਿਲਾਂ ਹੀ ਜਾਰੀ ਕੀਤੀ ਗਈ ਚਿਤਾਵਨੀ ਤੋਂ ਬਾਅਦ ਹੋਇਆ।












