ਸਰਵੇ ਨਾਲ ਗੈਰ ਭਰੋਸੇਯੋਗ ਖ਼ਬਰਾਂ ਫੇਸਬੁੱਕ ਤੋ ਹਟਾ ਦਿੱਤੀਆਂ ਜਾਣਗੀਆਂ

ਤਸਵੀਰ ਸਰੋਤ, GETTY IMAGES
ਫੇਸਬੁੱਕ ਦੇ ਸੰਸਥਾਪਕ ਤੇ ਮੁਖੀ ਮਾਰਕ ਜ਼ਕਰਬਰਗ ਨੇ ਕਿਹਾ ਹੈ ਕਿ ਉਹ ਜਲਦੀ ਸੋਸ਼ਲ ਮੀਡੀਆ ਵੈਬ ਸਾਈਟ 'ਤੇ ਅਫ਼ਵਾਹਾਂ ਅਤੇ ਪ੍ਰਾਪੇਗੰਡਾ ਰੋਕਣ ਲਈ ਖ਼ਬਰਾਂ ਨਾਲ ਜੁੜੀ ਸੱਮਗਰੀ ਘਟਾਉਣਗੇ।
ਇਸ ਲਈ ਇੱਕ ਸਰਵੇ ਦਾ ਸਹਾਰਾ ਲਿਆ ਜਾਵੇਗਾ।
ਇਹ ਸਾਰੀ ਜਾਣਕਾਰੀ ਜ਼ਕਰਬਰਗ ਨੇ ਆਪਣੇ ਫੇਸਬੁੱਕ ਸਫ਼ੇ ਰਾਹੀਂ ਸਾਂਝੀ ਕੀਤੀ ਹੈ।
ਉਨ੍ਹਾਂ ਲਿਖਿਆ, "ਖ਼ਬਰਾਂ ਦੀ ਚੋਣ ਅਸੀਂ ਆਪ ਵੀ ਕਰ ਸਕਦੇ ਸੀ, ਪਰ ਇਹ ਸਾਡਾ ਸੁਭਾ ਨਹੀਂ ਹੈ।"
"ਅਸੀਂ ਬਾਹਰਲੇ ਮਾਹਿਰਾਂ ਨੂੰ ਪੁੱਛਣ ਬਾਰੇ ਸੋਚਿਆ ਜਿਸ ਨਾਲ ਭਾਵੇਂ ਫ਼ੈਸਲਾ ਤਾਂ ਸਾਡੇ ਹੱਥੋਂ ਨਿਕਲ ਜਾਂਦਾ ਪਰ ਨਿਰਪੱਖਤਾ ਦੀ ਸਮੱਸਿਆ ਹੱਲ ਨਹੀਂ ਹੋਣੀ ਸੀ। ਅਸੀਂ ਤੁਹਾਡੀ ਰਾਇ ਲੈ ਕੇ ਰੈਂਕਿੰਗ ਨਿਰਧਾਰਿਤ ਕਰ ਸਕਦੇ ਹਾਂ।"
"ਅੱਜ-ਕੱਲ ਦੁਨੀਆਂ ਵਿੱਚ ਬਹੁਤ ਜ਼ਿਆਦਾ ਸਨਸਨੀਵਾਦ, ਗਲਤ ਜਾਣਕਾਰੀ ਸਾਂਝੀ ਕੀਤੀ ਜਾਂਦੀ ਹੈ, ਧੜੇਬੰਦੀ ਹੈ।"

ਤਸਵੀਰ ਸਰੋਤ, Getty Images
"ਸੋਸ਼ਲ਼ ਮੀਡੀਏ ਜ਼ਰੀਏ ਗੱਲਾਂ ਤੇਜੀ ਨਾਲ ਫ਼ੈਲਦੀਆਂ ਹਨ ਤੇ ਜੇ ਅਸੀਂ ਇਸ ਸਭ ਕਾਸੇ ਨੂੰ ਰੋਕਣ ਲਈ ਕੁੱਝ ਨਹੀਂ ਕਰਾਂਗੇ ਤਾਂ ਇਹ ਵਧਦਾ ਹੀ ਜਾਵੇਗਾ।"
ਕਿਸ ਨੂੰ ਫ਼ਾਇਦਾ ਕਿਸ ਨੂੰ ਨੁਕਸਾਨ?
ਖ਼ਬਰਾਂ ਦੀ ਰੈਂਕਿਗ ਕਰਲ ਵਾਲੀ ਪ੍ਰਣਾਲੀ ਦੀ ਪਹਿਲਾਂ ਅਮਰੀਕਾ ਵਿੱਚ ਜਾਂਚ ਕੀਤੀ ਜਾਵੇਗੀ।
ਫੇਸਬੁੱਕ ਦੇ ਬੁਲਾਰੇ ਨੇ ਦੱਸਿਆ ਕਿ ਅਸੀਂ ਹਰੇਕ ਪ੍ਰਕਾਸ਼ਕ ਦੀ ਦਰਜੇਬੰਦੀ ਜਾਰੀ ਨਹੀਂ ਕਰਾਂਗੇ ਕਿਉਂਕਿ ਇਹ ਅਧੂਰੀ ਜਾਣਕਾਰੀ ਹੋਵੇਗੀ।
ਭਾਵੇਂ ਫੇਸਬੁੱਕ ਹੋਵੇ ਜਾਂ ਕੋਈ ਹੋਰ ਜੇ ਅਲੋਗਰਿਥਮ ਬਦਲੀ ਤਾਂ ਕੁੱਝ ਪ੍ਰਕਾਸ਼ਕਾਂ ਨੂੰ ਫ਼ਾਇਦਾ ਹੋਵੇਗਾ ਤੇ ਕਈਆਂ ਨੂੰ ਨੁਕਸਾਨ ਹੋਵੇਗਾ।
ਕਿਹਾ ਜਾ ਰਿਹਾ ਹੈ ਕਿ ਰਵਾਇਤੀ ਮੀਡੀਆ ਘਰਾਣਿਆਂ ਨੂੰ ਫ਼ਾਇਦਾ ਹੋਵੇਗਾ ਜਿਨ੍ਹਾਂ ਦਾ ਲੰਮਾ ਇਤਿਹਾਸ ਹੈ ਤੇ ਲੋਕਾਂ ਦਾ ਭਰੋਸਾ ਜਿੱਤ ਚੁੱਕੀਆਂ ਹਨ ਜਿਵੇਂ ਦਿ ਨਿਊ ਯਾਰਕ ਟਾਈਮਜ਼ ਤੇ, ਬੀਬੀਸੀ।

ਤਸਵੀਰ ਸਰੋਤ, Getty Images
ਇਸਦੇ ਨਾਲ ਹੀ ਨਵੇਂ ਪਨਪ ਰਹੇ ਮੀਡੀਆ ਘਰਾਣਿਆਂ ਨੂੰ ਇਸ ਹਿਸਾਬ ਨਾਲ ਨੁਕਸਾਨ ਹੋਵੇਗਾ ਜੋ ਹਾਲੇ ਲੋਕਾਂ ਦੇ ਦਿਲਾਂ ਵਿੱਚ ਥਾਂ ਬਣਾਉਣ ਦੀ ਕੋਸ਼ਿਸ਼ ਵਿੱਚ ਲੱਗੀਆਂ ਹੋਈਆਂ ਹਨ।
ਹਾਲਾਂਕਿ ਫੇਸਬੁੱਕ ਦੇ ਨਿਊਜ਼ ਫੀਡ ਦੇ ਮੁਖੀ ਐਡਮ ਮੋਸੇਰੀ ਨੇ ਕਿਹਾ ਕਿ ਕੁੱਝ ਵੀ ਹੋਵੇ ਕੋਸ਼ਿਸ਼ ਕੀਤੀ ਜਾਵੇਗੀ ਕਿ ਸਥਾਨਕ ਖ਼ਬਰਾਂ ਨੂੰ ਬਚਾਇਆ ਜਾਵੇਗਾ।
ਹਾਲੇ ਇਹ ਵੀ ਸਾਫ਼ ਨਹੀਂ ਹੈ ਕਿ ਵਿਗਿਆਨਕ ਪ੍ਰਕਾਸ਼ਕਾਂ ਦੀ ਸੱਮਗਰੀ ਦਾ ਕੀ ਕੀਤਾ ਜਾਵੇਗਾ, ਜਿਨ੍ਹਾਂ ਦਾ ਪਾਠਕ ਵਰਗ ਸੀਮਿਤ ਹੁੰਦਾ ਹੈ।
ਕੁੱਝ ਦਿਨ ਪਹਿਲਾਂ ਮਾਰਕ ਨੇ ਕਿਹਾ ਸੀ ਕਿ ਫੇਸਬੁੱਕ ਉੱਤੇ ਹੁਣ ਪਰਿਵਾਰ ਦੇ ਮੈਂਬਰਾਂ ਵਿਚਾਲੇ ਅਤੇ ਦੋਸਤਾਂ ਵਿੱਚ ਸੰਵਾਦ ਨੂੰ ਵਧਾਉਣ ਵਾਲੀ ਸਮਗਰੀ ਉੱਤੇ ਜ਼ੋਰ ਦਿੱਤਾ ਜਾਏਗਾ।












