You’re viewing a text-only version of this website that uses less data. View the main version of the website including all images and videos.
ਉੱਤਰੀ ਕੋਰੀਆ: ਕਲੰਡਰ ਤੋਂ ਕਿਮ ਜੋਂਗ ਉਨ ਦਾ ਜਨਮ ਦਿਨ ਗਾਇਬ ਕਿਉਂ?
ਉੱਤਰੀ ਕੋਰੀਆ ਦੇ ਸ਼ਾਸਕ ਕਿਮ ਜੋਂਗ-ਉਨ ਨੂੰ ਜਿੱਥੇ ਦੁਨੀਆਂ ਇੱਕ ਦਿਨ ਲਈ ਵੀ ਨਹੀਂ ਭੁੱਲਦੀ ਉੱਥੇ ਉਨ੍ਹਾਂ ਦੇ ਦੇਸ ਵਿੱਚ ਉਨ੍ਹਾਂ ਦਾ ਜਨਮ ਦਿਨ ਕਲੰਡਰ ਤੋਂ ਗਾਇਬ ਹੈ।
ਉੱਤਰੀ ਕੋਰੀਆ ਵਿੱਚ ਨਵੇਂ ਸਾਲ ਲਈ ਜਾਰੀ ਹੋਏ ਕਲੰਡਰ ਵਿੱਚ ਕਿਮ ਜੋਂਗ-ਉਨ ਦੇ ਜਨਮ ਦਿਨ ਦਾ ਜ਼ਿਕਰ ਹੀ ਨਹੀਂ ਹੈ।
ਮੰਨਿਆ ਜਾਂਦਾ ਹੈ ਕਿ ਕਿਮ ਜੋਂਗ ਦਾ ਜਨਮ ਦਿਨ 8 ਜਨਵਰੀ ਨੂੰ ਹੈ, ਪਰ ਉੱਤਰੀ ਕੋਰੀਆ ਵਿੱਚ ਟੋਕੀਓ ਬ੍ਰਾਡਕਾਸਟਿੰਗ ਸਿਸਟਮ (ਟੀਬੀਐੱਸ) 'ਤੇ ਦਿਖਾਏ ਗਏ ਸਾਲ 2018 ਦੇ ਕਲੰਡਰ ਵਿੱਚ ਇਸ ਦਿਨ ਨੂੰ ਆਮ ਕੰਮ ਵਾਲਾ ਦਿਹਾੜਾ ਦਿਖਾਇਆ ਗਿਆ ਹੈ।
ਉੱਤਰੀ ਕੋਰੀਆ ਦੇ ਸਾਬਕਾ ਸ਼ਾਸਕਾਂ ਦੇ ਜਨਮ ਦਿਨ ਨੂੰ ਵੀ ਕਲੰਡਰ 'ਤੇ ਦਿਖਾਇਆ ਜਾਂਦਾ ਹੈ ਅਤੇ ਉਹ ਕੌਮੀ ਛੁੱਟੀ ਦੇ ਤੌਰ 'ਤੇ ਮਨਾਏ ਜਾਂਦੇ ਹਨ।
ਕਿਮ ਜੋਂਗ ਉਨ ਦੇ ਪਿਤਾ ਕਿਮ ਜੋਂਗ-ਇਲ ਦਾ ਜਨਮ ਦਿਨ ਹਰ ਸਾਲ 16 ਫਰਵਰੀ ਨੂੰ ਸ਼ਾਈਨਿੰਗ ਸਟਾਰ ਦੇ ਦਿਨ ਦੇ ਤੌਰ 'ਤੇ ਮਨਾਇਆ ਜਾਂਦਾ ਹੈ।
ਉੱਥੇ ਹੀ ਉਨ੍ਹਾਂ ਦੇ ਦਾਦਾ ਕਿਮ ਇਲ-ਸੁੰਗ ਦਾ ਜਨਮ ਦਿਨ 11 ਅਪ੍ਰੈਲ ਨੂੰ ਸੂਰਜ ਦੇ ਦਿਨ ਦੇ ਤੌਰ 'ਤੇ ਮਨਾਇਆ ਜਾਂਦਾ ਹੈ।
ਕਿਮ ਜੋਂਗ ਦੇ ਪਿਤਾ ਅਤੇ ਦਾਦਾ ਦੇ ਵੇਲੇ ਤੋਂ ਇਹ ਦੋਵੇਂ ਦਿਨ ਕੌਮੀ ਛੁੱਟੀ ਮੰਨੇ ਜਾਂਦੇ ਹਨ, ਪਰ ਇਸ ਵਾਰੀ ਹੈਰਾਨੀ ਦੀ ਗੱਲ ਇਹ ਹੈ ਕਿ ਉੱਤਰੀ ਕੋਰੀਆ ਵਿੱਚ ਕਿਮ ਜੋਂਗ ਦੇ ਜਨਮ ਦਿਨ 'ਤੇ ਛੁੱਟੀ ਐਲਾਨੀ ਨਹੀਂ ਗਈ ਹੈ।
ਹਾਲਾਂਕਿ ਕਿਮ ਜੋਂਗ ਦੇ ਜਨਮ ਦਿਨ ਨੂੰ ਲੈ ਕੇ ਭਰਮ ਬਣਿਆ ਰਹਿੰਦਾ ਹੈ।
ਉੱਤਰੀ ਕੋਰੀਆ ਵਿੱਚ ਉਨ੍ਹਾਂ ਦੇ ਜਨਮ ਦਿਨ ਦਾ ਉਦੋਂ ਪਤਾ ਲੱਗਿਆ ਜਦੋਂ ਸਾਲ 2014 ਵਿੱਚ ਬਾਸਕੇਟਬਾਲ ਖਿਡਾਰੀ ਡੇਨਿਸ ਰੋਡਮੈਨ ਨੇ ਪਿਓਂਗਯਾਂਗ ਵਿੱਚ ਇੱਕ ਪ੍ਰਦਰਸ਼ਨੀ ਮੈਚ ਤੋਂ ਬਾਅਦ ਉਨ੍ਹਾਂ ਲਈ 'ਹੈੱਪੀ ਬਰਥਡੇ' ਗਾਣਾ ਗਾਇਆ ਸੀ।
ਫੌਜ ਤੋਂ ਲੈ ਕੇ ਬਜ਼ਾਰ ਤੱਕ
ਸਾਲ 2018 ਦਾ ਇਹ ਕਲੰਡਰ ਉੱਤਰੀ ਕੋਰੀਆ ਦੇ ਹੋਟਲ ਅਤੇ ਬੁਕਸਟੋਰਸ ਦੇ ਨਾਲ-ਨਾਲ ਵਿਦੇਸ਼ਾਂ ਦੇ ਕੁਝ ਉੱਤਰੀ ਕੋਰੀਆ ਦੇ ਰੈਸਟੋਰੈਂਟਸ ਵਿੱਚ ਵੀ ਮਿਲਦਾ ਹੈ।
ਕਿਮ ਜੋਂਗ-ਉਨ ਦੇ ਜਨਮ ਦਿਨ ਦਾ ਜ਼ਿਕਰ ਨਾ ਹੋਣ ਤੋਂ ਇਲਾਵਾ ਇਸ ਕਲੰਡਰ ਵਿੱਚ ਇੱਕ ਹੋਰ ਬਦਲਾਅ ਆਇਆ ਹੈ।
ਉੱਤਰੀ ਕੋਰੀਆ ਦਾ ਕਲੰਡਰ ਪਹਿਲਾਂ ਫੌਜ ਅਤੇ ਕਿਮ ਜੋਂਗ ਉਨ ਦੇ ਪਰਿਵਾਰ ਦੀਆਂ ਤਸਵੀਰਾਂ ਨਾਲ ਭਰਿਆ ਹੁੰਦਾ ਸੀ।
ਸਿਓ-ਅਧਾਰਿਤ ਡੇਲੀ ਐੱਨ ਕੇ ਮੁਤਾਬਕ ਇਸ ਸਾਲ ਦੇ ਕਲੰਡਰ ਵਿੱਚ ਉੱਤਰੀ ਕੋਰੀਆ ਦੇ ਉਤਪਾਦਾਂ, ਲੈਂਡਸਕੇਪਸ ਅਤੇ ਵਿਅੰਜਨਾਂ ਨੂੰ ਜ਼ਿਆਦਾ ਦਿਖਾਇਆ ਗਿਆ ਹੈ।
ਡੇਲੀ ਐੱਨ ਕੇ ਨੇ ਕਿਹਾ ਕਿ ਇਸ ਤੋਂ ਪਤਾ ਚਲਦਾ ਹੈ ਕਿ ਪਹਿਲਾਂ ਦੇ 'ਪ੍ਰੋਪੇਗੈਂਡਾ ਕਲੰਡਰਸ' ਦੀ ਵਿਕਰੀ ਘੱਟ ਗਈ ਸੀ।