ਇਰਾਕ ਦਾ ਦਾਅਵਾ ਆਈਐੱਸ ਖਿਲਾਫ਼ ਲੜਾਈ ਮੁੱਕੀ

ਤਸਵੀਰ ਸਰੋਤ, AFP
ਇਰਾਕੀ ਸਰਕਾਰ ਦਾ ਦਾਅਵਾ ਹੈ ਕਿ ਫ਼ੌਜ ਨੇ ਇਰਾਕ-ਸੀਰੀਆ ਸਰਹੱਦ 'ਤੇ ਪੂਰੀ ਤਰ੍ਹਾਂ ਕਬਜ਼ਾ ਕਰ ਲਿਆ ਹੈ। ਇਹ ਸਰਹੱਦੀ ਇਲਾਕਾ ਕਥਿਤ ਕੱਟੜਪੰਥੀ ਸੰਗਠਨ ਇਸਲਾਮਿਕ ਸਟੇਟ ਦੇ ਲੜਾਕਿਆਂ ਦੇ ਕਬਜ਼ੇ ਵਿੱਚੋਂ ਆਖ਼ਰੀ ਕੁੱਝ ਇਲਾਕਿਆਂ ਵਿੱਚੋਂ ਸੀ।
ਇਰਾਕੀ ਪ੍ਰਧਾਨਮੰਤਰੀ ਹੈਦਰ-ਅਲ-ਅਬਾਦੀ ਨੇ ਬਗ਼ਦਾਦ ਵਿੱਚ ਪ੍ਰੈੱਸ ਕਾਨਫਰੰਸ ਕਰਕੇ ਕਿਹਾ ਕਿ ਇਰਾਕੀ ਫੌਜ ਨੇ ਇਰਾਕੀ-ਸੀਰੀਆ ਸਰਹੱਦ 'ਤੇ ਪੂਰੀ ਤਰ੍ਹਾਂ ਕੰਟਰੋਲ ਕਰ ਲਿਆ ਹੈ।
ਇਸ ਤੋਂ ਪਹਿਲਾਂ ਨਵੰਬਰ ਵਿੱਚ ਰਵਾ ਵਿੱਚ ਕਥਿਤ ਇਸਲਾਮਿਕ ਸਟੇਟ ਨੂੰ ਪਿੱਛੇ ਹੱਟਣਾ ਪਿਆ ਸੀ।
ਇਸ ਐਲਾਨ ਤੋਂ ਪਹਿਲਾਂ ਰੂਸ ਨੇ ਵੀ ਐਲਾਨ ਕਰ ਦਿੱਤਾ ਸੀ ਕਿ ਇਸ ਦੀਆਂ ਫ਼ੌਜਾਂ ਨੇ ਆਈਐੱਸ ਨੂੰ ਗੁਆਂਢੀ ਮੁਲਕ ਸੀਰੀਆ ਵਿੱਚੋਂ ਖਦੇੜ ਦਿੱਤਾ ਹੈ।
2014 ਵਿੱਚ 'ਖਲੀਫ਼ਾ' ਰਾਜ ਦਾ ਐਲਾਨ
ਜਿਹਾਦੀਆਂ ਨੇ 2014 ਵਿੱਚ ਸੀਰੀਆ ਤੇ ਇਰਾਕ ਤੇ ਕਬਜ਼ਾ ਕੀਤਾ ਸੀ। ਇਸ ਮਗਰੋਂ ਇਸ ਨੇ 'ਖਲੀਫ਼ਾ' ਦੇ ਰਾਜ ਦਾ ਐਲਾਨ ਕਰ ਕੇ 10 ਲੱਖ ਲੋਕਾਂ 'ਤੇ ਰਾਜ ਲਾਗੂ ਕਰ ਦਿੱਤਾ।

ਤਸਵੀਰ ਸਰੋਤ, Getty Images
ਇਸ ਮਗਰੋਂ ਆਈਐੱਸ ਪਿਛਲੇ ਦੋ ਸਾਲਾਂ ਤੋਂ ਹਾਰਦਾ ਜਾ ਰਿਹਾ ਹੈ। ਇਸੇ ਸਾਲ ਜੁਲਾਈ ਵਿੱਚ ਇਹ ਸਮੂਹ ਇਰਾਕੀ ਸ਼ਹਿਰ ਮੋਸੂਲ ਤੇ ਨਵੰਬਰ ਵਿੱਚ ਉੱਤਰੀ ਸੀਰੀਆ ਦਾ ਰੱਕ਼ਾ ਸ਼ਹਿਰ ਵੀ ਹਾਰ ਗਿਆ।
ਕਿਹਾ ਜਾ ਰਿਹਾ ਹੈ ਕਿ ਆਈਐੱਸ ਲੜਾਕੇ ਸੀਰੀਆ ਦੇ ਇਲਾਕਿਆਂ ਵੱਲ ਨੱਸ ਗਏ ਹਨ ਜਦ ਕਿ ਬਾਕੀ ਤੁਰਕੀ ਦੀ ਸਰੱਹਦ ਲੰਘ ਗਏ ਹਨ।
ਪੀਐੱਮ ਅਬਾਦੀ ਨੇ ਕਿਹਾ, "ਸਾਡੇ ਦੁਸ਼ਮਣ ਸਾਡੀ ਸੱਭਿਅਤਾ ਖ਼ਤਮ ਕਰਨਾ ਚਾਹੁੰਦੇ ਸਨ ਪਰ ਅਸੀਂ ਆਪਣੇ ਏਕੇ ਤੇ ਇੱਛਾ ਸ਼ਕਤੀ ਨਾਲ ਜਿੱਤ ਹਾਸਲ ਕੀਤੀ ਹੈ।"
ਬੀਬੀਸੀ ਦੇ ਅਰਬ ਮਸਲਿਆਂ ਦੇ ਸੰਪਾਦਕ ਸੇਬੈਸਟੀਅਨ ਅਸ਼ਰ ਦੀ ਰਿਪੋਰਟ
ਨਿਸ਼ਚਿਤ ਹੀ ਇਹ ਇਰਾਕੀ ਪ੍ਰਧਾਨ ਮੰਤਰੀ ਹੈਦਰ ਅਲ-ਅਬਾਦੀ ਲਈ ਇੱਕ ਫ਼ਖਰ ਦਾ ਸਮਾਂ ਹੈ। ਕਦੇ ਇਹ ਜਿੱਤ ਬਿਲਕੁਲ ਹੀ ਅਸੰਭਵ ਲੱਗ ਰਹੀ ਸੀ।
ਜੇ ਇਹ ਮੰਨ ਲਿਆ ਜਾਵੇ ਕਿ ਆਈਐੱਸ ਦੇ ਖਿਲਾਫ਼ ਜੰਗ ਵਾਕਈ ਮੁੱਕ ਗਈ ਹੈ ਜਿਸ ਵਿੱਚ ਹੁਣ ਤੱਕ ਇਰਾਕੀ ਫ਼ੌਜਾਂ ਦਾ ਬੇਹੱਦ ਨੁਕਸਾਨ ਹੋਇਆ ਹੈ। ਇਸ ਖਾਤਮੇ ਦਾ ਇਹ ਅਰਥ ਬਿਲਕੁਲ ਵੀ ਨਹੀਂ ਲਿਆ ਜਾਣਾ ਚਾਹੀਦਾ ਕਿ ਕੱਟੜ ਪੰਥੀ ਗੁੱਟ ਖ਼ਿਲਾਫ ਲੜਾਈ ਬਿਲਕੁਲ ਹੀ ਮੁੱਕ ਗਈ ਹੈ।

ਤਸਵੀਰ ਸਰੋਤ, Getty Images
ਇਸ ਸਮੂਹ ਦੀ ਵਿਚਾਰਧਾਰਾ ਜਾਂ ਇਸ ਦੀ ਬਗਾਵਤ ਖੜ੍ਹੀ ਕਰਨ ਦੀ ਸਮਰੱਥਾ ਖਿਲਾਫ਼ ਹਾਲੇ ਸੰਘਰਸ਼ ਕਰਨਾ ਬਾਕੀ ਹੈ। ਉਹ ਭਾਵੇਂ ਇਰਾਕ ਵਿੱਚ ਹੋਵੇ, ਸੀਰੀਆ ਜਾਂ ਪੂਰੇ ਸੰਸਾਰ ਵਿੱਚ।
ਭਾਵੇਂ ਇਲਾਕੇ ਵਾਪਸ ਲੈ ਲਏ ਗਏ ਹਨ ਪਰ ਜਦ ਤੱਕ ਜਿਹਾਦ ਨੂੰ ਜਨਮ ਦੇਣ ਵਾਲੇ ਕਾਰਨ ਬਰਕਰਾਰ ਰਹਿਣਗੇ ਤੱਦ ਤੱਕ ਇਰਾਕੀ ਸ਼ਹਿਰਾਂ 'ਤੇ ਆਤਮਘਾਤੀ ਹਮਲਿਆਂ ਦੇ ਬੱਦਲ ਬਣੇ ਰਹਿਣਗੇ।
ਰੂਸੀ ਫੌਜ ਸੀਰੀਆ ਵਿੱਚ ਮੌਜੂਦ ਰਹੇਗੀ
ਵੀਰਵਾਰ ਨੂੰ ਰੂਸੀ ਫ਼ੌਜ ਨੇ ਆਈਐੱਸ ਨੂੰ ਤੁਰਕੀ ਵਿੱਚੋਂ ਭਜਾਉਣ ਦਾ ਐਲਾਨ ਕੀਤਾ ਸੀ।
ਇਸ ਮੌਕੇ ਸੀਰੀਆ ਵਿੱਚ ਰੂਸੀ ਫੌਜ ਦੇ ਮੁੱਖੀ ਕਰਨਲ ਜਰਨਲ ਸਗੋਈ ਰੁਦਰਸਕੋਈ ਨੇ ਦੱਸਿਆ ਸੀ ਕਿ ਫ਼ੌਜਾਂ ਨੇ ਲੜਾਕਿਆਂ ਤੋਂ ਤਰਕੀ ਦੇ ਰਹਿੰਦੇ ਇਲਾਕਿਆਂ ਵਿੱਚੋਂ ਆਈਐੱਸ ਨੂੰ ਕੱਢ ਦਿੱਤਾ ਹੈ। ਇਸ ਨਾਲ ਮਿਸ਼ਨ ਪੂਰਾ ਹੋ ਗਿਆ ਹੈ।
ਨਾਲ ਹੀ ਇਹ ਵੀ ਕਿਹਾ ਸੀ ਕਿ ਸ਼ਾਂਤੀ ਬਹਾਲੀ ਤੱਕ ਰੂਸੀ ਫੌਜ ਸੀਰੀਆ ਵਿੱਚ ਮੌਜੂਦ ਰਹੇਗੀ।
ਇਰਾਕ ਦੀ ਆਈਐੱਸ ਨਾਲ ਲੜਾਈ
- ਜਨਵਰੀ 2014: ਇਸਲਾਮਿਕ ਸਟੇਟ ਆਫ਼ ਇਰਾਕ ਐਂਡ ਲੈਵੇਂਟ(ISIL) ਨੇ ਫੱਲੂਜਾ ਤੇ ਰਮਾਦੀ 'ਤੇ ਕਬਜ਼ਾ ਕੀਤਾ।
- ਜੂਨ 2014: ਛੇ ਦਿਨਾਂ ਦੀ ਲੜਾਈ ਮਗਰੋਂ ਜਿਹਾਦੀਆਂ ਨੇ ਇਰਾਕ ਦੇ ਮੋਸੂਲ ਸ਼ਹਿਰ 'ਤੇ ਕਬਜ਼ਾ ਕੀਤਾ।
- 29 ਜੂਨ 2014: ISIL ਨੇ ਆਪਣਾ ਨਾਂ ਬਦਲ ਕੇ ਇਸਲਾਮਿਕ ਸਟੇਟ ਰੱਖ ਲਿਆ। ਅਬੁ ਬਕਰ ਅਲ-ਬਗ਼ਦਾਦੀ ਨੂੰ ਖਲੀਫ਼ਾ ਐਲਾਨਿਆ।
- ਅਗਸਤ 2014: ਆਈਐੱਸ ਨੇ ਸਿੰਜਾਰ 'ਤੇ ਕਬਜ਼ਾ ਕੀਤਾ। ਦੋ ਲੱਖ ਆਮ ਲੋਕ ਜਿਨ੍ਹਾਂ ਵਿੱਚੋਂ ਯਜੀਦੀ ਜ਼ਿਆਦਾ ਸਨ ਉਹ ਸਿੰਜਾਰ ਪਾਹਾੜਾਂ ਵੱਲ ਭੱਜੇ।
- ਮਾਰਚ 2015: ਇਰਾਕੀ ਫੌਜਾਂ ਤੇ ਸ਼ਿਆ ਲੜਾਕਿਆਂ ਨੇ ਤਿਕਰਿਤ ਸ਼ਹਿਰ ਨੂੰ ਮੁੜ ਆਪਣੇ ਕਬਜ਼ੇ ਹੇਠ ਲਿਆ।
- ਦਸੰਬਰ 2015: ਰਮਾਦੀ ਸ਼ਹਿਰ 'ਤੇ ਕਬਜ਼ਾ।
- ਜੂਨ 2016: ਫੱਲੂਜਾ 'ਤੇ ਇਕਾਰੀ ਕਬਜ਼ਾ।
- ਅਕਤੂਬਰ 2016: ਇਰਾਕੀ ਫੌਜਾਂ, ਕੁਰਦਿਸ਼ ਲੜਾਕਿਆਂ ਤੇ ਕੌਮਾਂਤਰੀ ਮਦਦ ਨਾਲ ਮੋਸੂਲ ਦੀ ਘੇਰੇਬੰਦੀ 'ਚੋਂ ਆਈਐੱਸ ਦਾ ਖ਼ਾਤਮਾ।
- ਜੁਲਾਈ 2017: ਮੋਸੂਲ ਸ਼ਹਿਰ 'ਚੋਂ ਆਈਐੱਸ ਦਾ ਖ਼ਾਤਮਾ।
- ਦਸੰਬਰ 2017: ਇਰਾਕੀ ਪ੍ਰਧਾਨਮੰਤਰੀ ਦਾ ਆਈਐੱਸ ਖ਼ਿਲਾਫ਼ ਜੰਗ ਖ਼ਤਮ ਹੋਣ ਦਾ ਐਲਾਨ।














