ਕੀ ਕਬਜ਼ੇ ਵਾਲਾ ਯੇਰੋਸ਼ਲਮ ਫ਼ਲਸਤੀਨੀਆਂ ਦੀ ਰਾਜਧਾਨੀ ਬਣੇਗਾ ?

ਤਸਵੀਰ ਸਰੋਤ, EPA
ਯੇਰੋਸ਼ਲਮ ਨੂੰ ਇਜ਼ਰਾਇਲ ਦੀ ਰਾਜਧਾਨੀ ਵਜੋਂ ਮਾਨਤਾ ਦਿੱਤੇ ਜਾਣ ਵਾਲੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਫ਼ੈਸਲੇ ਦੀ ਦੁਨੀਆਂ ਭਰ ਵਿੱਚ ਕਾਫ਼ੀ ਅਲੋਚਨਾ ਹੋ ਰਹੀ ਹੈ।
ਟਰੰਪ ਦੇ ਫ਼ੈਸਲੇ ਨੇ ਅਮਰੀਕਾ ਨੂੰ ਦੁਨੀਆਂ ਦੇ ਸਭ ਤੋਂ ਸੰਵੇਦਨਸ਼ੀਲ ਖੇਤਰੀ ਮੁੱਦਿਆਂ 'ਚੋਂ ਇੱਕ 'ਤੇ ਅਲੱਗ-ਥਲੱਗ ਕਰ ਦਿੱਤਾ ਹੈ।
ਜਿਸ ਕਾਰਨ ਅਮਰੀਕਾ ਨੂੰ ਆਪਣੇ ਰਵਾਇਤੀ ਸਹਿਯੋਗੀਆਂ ਸਣੇ ਕਈ ਕੌਮਾਂਤਰੀ ਨੇਤਾਵਾਂ ਦੀ ਤਿੱਖੀ ਅਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਕੀ ਆਵੇਗਾ ਬਦਲਾਅ ?
ਇੱਕ ਪਾਸੇ ਜਿੱਥੇ ਟਰੰਪ ਦੀ ਨਿੰਦਾ ਤਾਂ ਹੋ ਰਹੀ ਹੈ,ਉੱਥੇ ਹੀ ਅਸਲ ਸਵਾਲ ਇਹ ਹੈ ਕਿ ਯੇਰੋਸ਼ਲਮ ਦੀ ਰਾਜਧਾਨੀ ਵਜੋਂ ਮਾਨਤਾ ਦੇਣ ਨਾਲ ਆਖ਼ਰ ਕੀ ਬਦਲ ਜਾਵੇਗਾ ?

ਤਸਵੀਰ ਸਰੋਤ, EPA
ਅਮਰੀਕਾ ਦੇ ਰਾਸ਼ਟਰਪਤੀ ਨੇ ਵ੍ਹਾਈਟ ਹਾਊਸ 'ਚ ਆਪਣੇ ਸੰਬੋਧਨ ਦੌਰਾਨ ਕਿਹਾ ਸੀ, "ਇਹ ਸੱਚਾਈ ਨੂੰ ਮਾਨਤਾ ਦੇਣ ਵਰਗਾ ਹੈ।"
ਇਜ਼ਰਾਇਲ ਯੇਰੋਸ਼ਲਮ ਨੂੰ ਆਪਣੀ ਰਾਜਧਾਨੀ ਮੰਨਦਾ ਰਿਹਾ ਹੈ। ਹਾਲਾਂਕਿ ਕੌਮਾਂਤਰੀ ਪੱਧਰ 'ਤੇ ਉਸ ਦੇ ਦਾਅਵੇ ਨੂੰ ਕੋਈ ਸਮਰਥਨ ਨਹੀਂ ਮਿਲਿਆ।
ਇੱਕ ਵੰਡਿਆ ਹੋਇਆ ਸ਼ਹਿਰ
ਯੇਰੋਸ਼ਲਮ ਦੁਨੀਆਂ ਦੇ ਸਭ ਤੋਂ ਪੁਰਾਣੇ ਸ਼ਹਿਰਾਂ 'ਚੋਂ ਇੱਕ ਹੈ। ਸਾਲ 1948 'ਚ ਅਰਬ-ਇਜ਼ਰਾਇਲ ਵਿਚਾਲੇ ਹੋਈ ਜੰਗ ਤੋਂ ਬਾਅਦ ਇਸ ਨੂੰ ਪੂਰਬੀ ਅਤੇ ਪੱਛਮੀ ਹਿੱਸਿਆਂ 'ਚ ਵੰਡ ਦਿੱਤਾ ਗਿਆ।
ਯੇਰੋਸ਼ਲਮ ਦੇ ਦੋ ਟੁਕੜੇ ਕਰਨ ਲਈ ਹਰੀ ਲਕੀਰ ਖਿੱਚ ਦਿੱਤੀ ਗਈ, ਜੋ ਦੋਵੇਂ ਪਾਸਿਆਂ ਦੀ ਫੌਜ ਨੂੰ ਦੂਰ ਰੱਖਣ ਲਈ ਸੀ।

ਤਸਵੀਰ ਸਰੋਤ, EPA
ਯਹੂਦੀਆਂ ਦੀ ਵਧੇਰੇ ਤਾਦਾਦ ਵਾਲਾ ਇਲਾਕਾ ਇਜ਼ਰਾਇਲ ਅਧੀਨ ਆ ਗਿਆ। ਜਦ ਕਿ ਫ਼ਲਸਤੀਨੀ, ਮੁਸਲਿਮ ਅਤੇ ਈਸਾਈ ਅਬਾਦੀ ਵਾਲਾ ਪੂਰਬੀ ਇਲਾਕਾ ਜਾਰਡਨ ਦੇ ਕੰਟਰੋਲ ਹੇਠ ਆ ਗਿਆ।
ਇਸ ਦੋਂ ਬਾਅਦ ਪੱਛਮੀ ਇਲਾਕੇ ਦੇ ਨੇੜੇ ਰਹਿਣ ਵਾਲੇ ਅਰਬੀਆਂ ਨੂੰ ਆਪਣੀ ਥਾਂ ਛੱਡ ਕੇ ਪੂਰਬੀ ਹਿੱਸੇ 'ਚ ਜਾਣਾ ਪਿਆ।
ਉੱਥੇ ਪੂਰਬੀ ਇਲਾਕੇ 'ਚ ਰਹਿਣ ਵਾਲੇ ਯਹੂਦੀਆਂ ਨੂੰ ਪੱਛਮੀ ਯੇਰੋਸ਼ਲਮ 'ਚ ਵੱਸਣਾ ਪਿਆ।
ਸਾਲ 1949 ਤੋਂ 1967 ਵਿਚਾਲੇ ਪੱਛਮੀ ਇਲਾਕੇ 'ਤੇ ਇਜ਼ਰਾਇਲ ਦਾ ਅਤੇ ਪੂਰਬੀ ਇਲਾਕੇ 'ਤੇ ਜਾਰਡਨ ਦਾ ਕੰਟਰੋਲ ਰਿਹਾ।
ਪੂਰਬੀ ਇਲਾਕੇ 'ਚ ਯੇਰੋਸ਼ਲਮ ਦਾ ਪੁਰਾਣਾ ਸ਼ਹਿਰ ਵੀ ਸੀ, ਜਿੱਥੇ ਇਸਲਾਮ, ਯਹੂਦੀ ਅਤੇ ਈਸਾਈ ਧਰਮ ਦੇ ਬੇਹੱਦ ਅਹਿਮ ਸਥਾਨ ਹਨ।
ਪਰ ਸਾਲ 1967 'ਚ ਛੇ ਦਿਨਾਂ ਦੀ ਜੰਗ ਦੌਰਾਨ ਇਜ਼ਰਾਇਲ ਨੇ ਪੂਰਬੀ ਇਲਾਕੇ 'ਤੇ ਕਬਜ਼ਾ ਕਰ ਰਿਹਾ।
ਸਾਲ 1980 'ਚ ਇਜ਼ਰਾਇਲ ਨੇ ਇੱਕ ਕਨੂੰਨ ਪਾਸ ਕਰਕੇ ਕਿਹਾ, "ਯੇਰੋਸ਼ਲਮ ਇਜ਼ਰਾਇਲ ਦਾ ਅਨਿੱਖੜਵਾਂ ਅੰਗ ਹੈ ਅਤੇ ਚਿਰੋਕਣੀ ਰਾਜਧਾਨੀ ਸੀ।"

ਤਸਵੀਰ ਸਰੋਤ, EPA/JIM HOLLANDER
ਪਰ ਇਸ ਤੋਂ ਬਾਅਦ ਵੀ ਯੇਰੋਸ਼ਲਮ 'ਤੇ ਵਿਵਾਦ ਰਿਹਾ, ਕਿਉਂਕਿ ਕੌਮਾਂਤਰੀ ਪੱਧਰ 'ਤੇ ਇਸ ਨੂੰ ਇਜ਼ਰਾਇਲ ਦੀ ਰਾਜਧਾਨੀ ਵਜੋਂ ਮਾਨਤਾ ਨਹੀਂ ਮਿਲੀ ਅਤੇ ਇਸ ਨੂੰ ਗ਼ੈਰਕਨੂੰਨੀ ਮੰਨਿਆ ਗਿਆ।
ਇਸ ਕਾਰਨ ਵੀ ਇਜ਼ਰਾਇਲ ਅਤੇ ਫ਼ਲਸਤੀਨੀਆਂ ਵਿਚਾਲੇ ਵਿਵਾਦ ਚੱਲਦਾ ਰਿਹਾ।
ਸਿਆਸੀ ਤੌਰ 'ਤੇ ਦੇਖਿਆ ਜਾਵੇ ਤਾਂ ਇਜ਼ਰਾਇਲ ਦੀ ਸੰਸਦ, ਪ੍ਰਧਾਨ ਮੰਤਰੀ ਦਾ ਦਫ਼ਤਰ ਅਤੇ ਇਜ਼ਰਾਇਲ ਦਾ ਸੁਪਰੀਮ ਕੋਰਟ ਪੱਛਮੀ ਯੇਰੋਸ਼ਲਮ ਵਿੱਚ ਹੈ।
ਅਸਰ ਚੰਗਾ ਜਾਂ ਮਾੜਾ ?
ਮਾਹਿਰਾਂ ਮੁਤਾਬਕ ਟਰੰਪ ਦਾ ਫ਼ੈਸਲਾ ਦਹਾਕਿਆਂ ਪੁਰਾਣੇ ਵਿਵਾਦ 'ਤੇ ਚੰਗੇ-ਮਾੜੇ ਦੋਵੇਂ ਹੀ ਪ੍ਰਭਾਵ ਛੱਡ ਸਕਦਾ ਹੈ।
ਅਮਰੀਕਾ ਦੇ ਕਈ ਰਾਸ਼ਟਰਪਤੀਆਂ ਨੇ ਇਸ ਮਸਲੇ ਦੇ ਹੱਲ ਕੱਢਣ ਦੀ ਕੋਸ਼ਿਸ਼ ਕੀਤੀ ਪਰ ਉਹ ਅਸਫ਼ਲ ਰਹੇ।

ਤਸਵੀਰ ਸਰੋਤ, AFP
ਨਿਊਯਾਰਕ ਤੋਂ ਬੀਬੀਸੀ ਪੱਤਰਕਾਰ ਬਾਰਬਰਾ ਪਲੇਟ ਉਸ਼ਰ ਕਹਿੰਦੇ ਹਨ, "ਆਖ਼ਰ ਸਵਾਲ ਇਹ ਨਹੀਂ ਕਿ ਕੀ ਪੱਛਮੀ ਯੇਰੋਸ਼ਲਮ ਇਜ਼ਰਾਇਲ ਦੀ ਰਾਜਧਾਨੀ ਹੈ , ਬਲਕਿ ਸਵਾਲ ਤਾਂ ਇਹ ਹੈ ਕਿ ਕੀ ਕਬਜ਼ੇ ਵਾਲਾ ਪੂਰਬੀ ਯੇਰੋਸ਼ਲਮ ਫ਼ਲਸਤੀਨੀਆਂ ਦੀ ਰਾਜਧਾਨੀ ਬਣ ਸਕੇਗਾ ?
ਉਨ੍ਹਾਂ ਮੁਤਾਬਕ, "ਟਰੰਪ ਪ੍ਰਸ਼ਾਸਨ ਨੇ ਸ਼ਹਿਰ ਦੇ ਹਾਲਾਤ 'ਤੇ ਕੁਝ ਨਹੀਂ ਕਹਿ ਰਿਹਾ, ਜਿਸ ਨਾਲ ਇਹ ਮਤਲਬ ਨਿਕਲ ਰਿਹਾ ਹੈ ਕਿ ਪੂਰਬੀ ਯੇਰੋਸ਼ਲਮ 'ਤੇ ਫ਼ਲਸਤੀਨੀਆਂ ਦਾ ਦਾਅਵਾ ਭਵਿੱਖ 'ਚ ਗੱਲਬਾਤ ਦਾ ਮੁੱਦਾ ਬਣਿਆ ਰਹੇਗਾ।"
ਕੁਝ ਜਾਣਕਾਰਾਂ ਦਾ ਕਹਿਣਾ ਹੈ ਕਿ ਅਮਰੀਕਾ ਨੇ ਯੇਰੋਸ਼ਲਮ ਨੂੰ ਇਜ਼ਰਾਇਲ ਦੀ ਰਾਜਧਾਨੀ ਵਜੋਂ ਮਾਨਤਾ ਦੇ ਕੇ ਪੂਰਬੀ ਇਲਾਕੇ 'ਚ ਇਜ਼ਰਾਇਲੀ ਬਸਤੀਆਂ ਦੇ ਨਿਰਮਾਣ ਨੂੰ ਸਹੀ ਕਰਾਰ ਦੇ ਦਿੱਤਾ ਹੈ।

ਤਸਵੀਰ ਸਰੋਤ, AFP
ਪਰ ਟਰੰਪ ਦਾ ਤਰਕ ਹੈ ਕਿ ਯੇਰੋਸ਼ਲਮ ਨੂੰ ਮਾਨਤਾ ਦੇਣ ਦੇ ਫ਼ੈਸਲੇ ਨਾਲ ਸ਼ਾਂਤੀ ਪ੍ਰਕਿਰਿਆ ਵਿੱਚ ਤੇਜ਼ੀ ਆਵੇਗੀ।
ਬੀਬੀਸੀ ਪੱਤਰਕਾਰ ਮੁਤਾਬਕ ਰਾਸ਼ਟਰਪਤੀ ਦੇ ਇਸ ਫ਼ੈਸਲੇ ਨਾਲ ਫ਼ਲਸਤੀਨੀਆਂ ਨੂੰ ਕੁਝ ਨਹੀਂ ਮਿਲਿਆ। ਉਨ੍ਹਾਂ ਦੇ ਭਾਸ਼ਣ ਨੂੰ ਇਜ਼ਰਾਇਲ ਦੇ ਹੱਕ 'ਚ ਮੰਨਿਆ ਜਾ ਰਿਹਾ ਹੈ।
ਹੁਣ ਆਉਣ ਵਾਲੇ ਸਮੇਂ ਵਿੱਚ ਦੇਖਣਾ ਇਹ ਹੋਵੇਗਾ ਕਿ ਮੱਧ ਪੂਰਬ 'ਚ ਉਨ੍ਹਾਂ ਵੱਲੋਂ ਸ਼ਾਂਤੀ ਦੀਆਂ ਕੋਸ਼ਿਸ਼ਾਂ ਕੀ ਰੰਗ ਲਿਆਉਂਦੀਆਂ ਹਨ।












