ਜੱਲ੍ਹਿਆਂਵਾਲਾ ਬਾਗ਼ ਕਾਂਡ: ਕਦੋਂ ਕਦੋਂ ਉੱਠੀ ਮੁਆਫ਼ੀ ਦੀ ਮੰਗ?

ਤਸਵੀਰ ਸਰੋਤ, Getty Images
ਲੰਡਨ ਦੇ ਮੇਅਰ ਸਾਦਿਕ ਖ਼ਾਨ ਵੱਲੋਂ 1919 ਜੱਲ੍ਹਿਆਂਵਾਲਾ ਬਾਗ਼ ਦੇ ਕਤਲੇਆਮ ਬਾਰੇ ਬ੍ਰਿਟਿਸ਼ ਸਰਕਾਰ ਵੱਲੋਂ ਮੁਆਫ਼ੀ ਮੰਗਣ ਦੀ ਮੰਗ ਨੂੰ ਬਰਤਾਨੀਆ ਨੇ ਟਾਲ ਦਿੱਤਾ ਹੈ। ਵਿਦੇਸ਼ ਮੰਤਰਾਲੇ ਨੇ ਬਿਆਨ ਜਾਰੀ ਕੀਤਾ ਹੈ ਕਿ ਸਰਕਾਰ ਬਰਤਾਨਵੀਂ ਇਤਿਹਾਸ ਦੇ ਬੇਹੱਦ ਸ਼ਰਮਨਾਕ ਕਾਰੇ ਦੀ ਪਹਿਲਾਂ ਹੀ ਨਿਖੇਧੀ ਕਰ ਚੁੱਕੀ ਹੈ।
ਬੁੱਧਵਾਰ ਨੂੰ ਲੰਡਨ ਦੇ ਮੇਅਰ ਸਾਦਿਕ ਖ਼ਾਨ ਨੇ ਜੱਲ੍ਹਿਆਂਵਾਲਾ ਬਾਗ਼ ਦਾ ਦੌਰਾ ਕੀਤਾ। ਉਨ੍ਹਾਂ ਕਿਹਾ ਸੀ ਕਿ ਬ੍ਰਿਟੇਨ ਸਰਕਾਰ ਨੂੰ 13 ਅਪ੍ਰੈਲ 1919 'ਚ ਉਸ ਸਮੇਂ ਦੇ ਗੋਲੀਕਾਂਡ ਲਈ ਮੁਆਫ਼ੀ ਮੰਗਣੀ ਚਾਹੀਦੀ ਹੈ।
ਸਾਦਿਕ ਖ਼ਾਨ ਨੇ ਕਿਹਾ, ''ਉਸ ਵੇਲੇ ਬਰਤਾਨਵੀਂ ਸਰਕਾਰ ਵੱਲੋਂ ਅੰਨ੍ਹੇਵਾਹ ਚਲਾਈਆਂ ਗਈਆਂ ਗੋਲੀਆਂ 'ਚ ਸੈਂਕੜੇ ਨਿਹੱਥੇ ਲੋਕਾਂ ਦੀ ਜਾਨ ਚਲੀ ਗਈ ਸੀ।
13 ਅਪ੍ਰੈਲ 1919 ਦੀ ਜੱਲ੍ਹਿਆਂਵਾਲਾ ਬਾਗ਼ ਦੀ ਘਟਨਾ 'ਤੇ ਇਨਸਾਫ਼ ਦੀ ਗੁਹਾਰ ਲਗਾਉਂਦਿਆਂ ਬ੍ਰਿਟੇਨ ਸਰਕਾਰ ਨੂੰ ਕਈ ਵਾਰ ਮੁਆਫ਼ੀ ਮੰਗਣ ਲਈ ਕਿਹਾ ਜਾਂਦਾ ਰਿਹਾ ਹੈ।

ਤਸਵੀਰ ਸਰੋਤ, Getty Images
ਸਾਂਸਦ ਵਿਰੇਂਦਰ ਸ਼ਰਮਾ ਦੀ ਮੰਗ
ਇਸ ਦੇ ਨਾਲ ਹੀ ਇਸ ਸਾਲ ਅਕਤੂਬਰ 'ਚ ਬ੍ਰਿਟਿਸ਼ ਸਾਂਸਦ ਵਿਰੇਂਦਰ ਸ਼ਰਮਾ ਨੇ 'ਜੱਲ੍ਹਿਆਂਵਾਲਾ ਬਾਗ਼ ਹੱਤਿਆਕਾਂਡ 1919' ਸਿਰਲੇਖ ਹੇਠ ਇਹ ਮਤਾ ਸੰਸਦ 'ਚ ਰੱਖਦਿਆਂ ਮੰਗ ਕੀਤੀ ਕਿ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਟੈਰੀਜ਼ਾ ਮੇਅ ਇਸ ਲਈ ਮੁਆਫ਼ੀ ਮੰਗਣ।
ਸ਼ਰਮਾ ਨੇ ਕਿਹਾ, "ਆਉਣ ਵਾਲੀਆਂ ਪੀੜ੍ਹੀਆਂ ਨੂੰ ਪਤਾ ਲੱਗੇ ਕਿ ਉਸ ਸਮੇਂ ਦੀ ਬ੍ਰਿਟਿਸ਼ ਹਕੂਮਤ ਦਾ ਰਵੱਈਆ 21ਵੀਂ ਸਦੀ ਦੇ ਮੁਤਾਬਕ ਨਹੀਂ ਸੀ। ਇਹ ਜਮਹੂਰੀ ਕਦਰਾਂ ਕੀਮਤਾਂ ਦੇ ਖ਼ਿਲਾਫ਼ ਸੀ।"
ਉਨ੍ਹਾਂ ਕਿਹਾ, "ਜੋ ਗਲਤ ਹੋਇਆ ਹੈ ਉਸ ਲਈ ਮੁਆਫ਼ੀ ਮੰਗੀ ਜਾਏ ਤਾਂ ਉਸ ਵਿੱਚ ਕੋਈ ਹਰਜ਼ ਨਹੀਂ। ਮੈਂ ਸਾਂਸਦਾਂ ਵਿੱਚ ਇਸ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਇਹ ਮਤਾ ਪੇਸ਼ ਕੀਤਾ ਹੈ।"
ਮਹਾਂਰਾਣੀ ਐਲੀਜ਼ਾਬੇਥ ਦੂਜੀ ਅਤੇ ਡਿਊਕ ਦੀ ਫ਼ੇਰੀ
ਅਕਤੂਬਰ 1997 ਵਿੱਚ ਮਹਾਂਰਾਣੀ ਐਲੀਜ਼ਾਬੇਥ ਤੇ ਡਿਊਕ ਆਫ ਐਡਿਨਬਰਾ ਜੱਲ੍ਹਿਆਂਵਾਲਾ ਬਾਗ਼ ਦੀ ਯਾਦਗਾਰ 'ਤੇ ਪਹੁੰਚੇ ਸਨ। ਉਨ੍ਹਾਂ ਨੇ ਮ੍ਰਿਤਕਾਂ ਨੂੰ ਸ਼ਰਧਾਂਜਲੀ ਵੀ ਦਿੱਤੀ ਸੀ ਤੇ 30 ਸੈਕਿੰਡ ਲਈ ਸਿਰ ਝੁਕਾ ਕੇ ਖੜ੍ਹੇ ਵੀ ਰਹੇ ਸਨ।

ਤਸਵੀਰ ਸਰੋਤ, Getty Images
ਉਸ ਫੇਰੀ ਦੌਰਾਨ ਜੱਲ੍ਹਿਆਂਵਾਲਾ ਬਾਗ਼ ਜਾਣ ਤੋਂ ਪਹਿਲਾਂ ਮਹਾਂਰਾਣੀ ਨੇ ਕਿਹਾ ਸੀ," ਇਸ ਵਿੱਚ ਕੁੱਝ ਵੀ ਲੁਕਿਆ ਹੋਇਆ ਨਹੀਂ ਹੈ ਕਿ ਸਾਡੇ ਅਤੀਤ ਵਿੱਚ ਕੁੱਝ ਕੌੜੀਆਂ ਘਟਨਾਵਾਂ ਹਨ-- ਜੱਲ੍ਹਿਆਂਵਾਲਾ ਬਾਗ਼, ਜਿੱਥੇ ਮੈਂ ਕੱਲ੍ਹ ਜਾਣਾ ਹੈ ਇੱਕ ਦੁੱਖਦਾਈ ਮਿਸਾਲ ਹੈ। ਪਰ ਇਤਿਹਾਸ ਦੁਬਾਰਾ ਨਹੀਂ ਲਿਖਿਆ ਜਾ ਸਕਦਾ, ਭਾਵੇਂ ਅਸੀਂ ਕਦੇ ਕਦਾਈਂ ਕੁੱਝ ਹੋਰ ਚਾਹ ਰਹੇ ਹੋਈਏ। ਇਸ ਵਿੱਚ ਖੁਸ਼ੀ ਤੇ ਗਮੀਂ ਦੇ ਆਪਣੇ ਪਲ ਹੁੰਦੇ ਹਨ। ਸਾਨੂੰ ਗਮੀਂ ਤੋਂ ਸਬਕ ਲੈ ਕੇ ਖੁਸ਼ੀਆਂ ਉਪਜਾਉਣੀਆਂ ਚਾਹੀਦੀਆਂ ਹਨ।"
ਡੇਵਿਡ ਕੈਮਰਨ ਦੀ ਫ਼ੇਰੀ
ਜ਼ਿਕਰਯੋਗ ਹੈ ਕਿ ਬਰਤਾਨੀਆ ਦੇ ਤਤਕਾਲੀ ਪ੍ਰਧਾਨ ਮੰਤਰੀ ਡੇਵਿਡ ਕੈਮਰਨ ਨੇ 2013 ਵਿੱਚ ਆਪਣੀ ਭਾਰਤਾ ਫੇਰੀ ਦੌਰਾਨ ਜੱਲ੍ਹਿਆਂਵਾਲਾ ਬਾਗ਼ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਸੀ। ਹਾਲਾਂਕਿ ਉਹ ਅਜਿਹਾ ਕਰਨ ਵਾਲੇ ਪਹਿਲੇ ਬਰਤਾਨਵੀਂ ਪ੍ਰਧਾਨ ਮੰਤਰੀ ਸਨ ਪਰ ਉਨ੍ਹਾਂ ਵੀ ਮੁਆਫ਼਼ੀ ਨਹੀਂ ਮੰਗੀ ਸੀ।

ਤਸਵੀਰ ਸਰੋਤ, Getty Images
ਉਨ੍ਹਾਂ ਕਿਹਾ ਸੀ ਕਿ "ਅਤੀਤ ਵੱਲ ਪਿੱਛੇ ਮੁੜਨਾ" ਤੇ ਬਰਤਾਨਵੀਂ ਬਸਤੀਵਾਦ ਦੀਆਂ ਗਲਤੀਆਂ ਲਈ ਮੁਆਫ਼ੀ ਮੰਗਣਾ ਗ਼ਲਤ ਹੋਵੇਗਾ।
ਇਸ ਗੱਲ ਬਾਰੇ ਉਨ੍ਹਾਂ ਕਿਹਾ ਸੀ ਕਿ ਅਸੀਂ ਜਿਸ ਦੀ ਗੱਲ ਕਰ ਰਹੇ ਹਾਂ ਉਹ ਮੇਰੇ ਜਨਮ ਤੋਂ ਵੀ 40 ਸਾਲ ਪਹਿਲਾਂ ਵਾਪਰਿਆ ਸੀ। ਇਸ ਲਈ ਮੈਨੂੰ ਨਹੀਂ ਲਗਦਾ ਕਿ ਅਤੀਤ ਵਿੱਚ ਵਾਪਸ ਜਾ ਕੇ ਮੁਆਫ਼ੀ ਮੰਗਣ ਵਾਲੀਆਂ ਘਟਨਾਵਾਂ ਲੱਭਣਾ ਸਹੀ ਨਹੀਂ ਹੋਵੇਗਾ।
ਮੁਆਫ਼ੀ ਦੀ ਮੁੜ-ਮੁੜ ਉੱਠਦੀ ਮੰਗ
ਇਨ੍ਹਾਂ ਸਾਰੀਆਂ ਫ਼ੇਰੀਆਂ ਸਮੇਂ ਪੰਜਾਬ ਵਿੱਚ ਬਰਤਾਨੀਆ ਤੋਂ ਇਸ ਕਤਲੇਆਮ ਦੀ ਮੁਆਫ਼ੀ ਦੀ ਮੰਗ ਉੱਠਦੀ ਰਹੀ ਹੈ। ਮੰਗ ਕਰਨ ਵਾਲਿਆਂ ਵਿੱਚ ਮੋਹਰੀ ਨਾਮ ਪ੍ਰੋਫੈਸਰ ਜਗਮੋਹਨ ਦਾ ਵੀ ਰਿਹਾ ਹੈ। ਪ੍ਰੋਫੈਸਰ ਜਗਮੋਹਨ ਸ੍ਰ. ਭਗਤ ਸਿੰਘ ਦੇ ਭਾਣਜੇ ਹਨ।
ਕੀ ਹੈ ਜੱਲ੍ਹਿਆਂਵਾਲਾ ਬਾਗ਼ ਦੀ ਘਟਨਾ?
ਜੱਲ੍ਹਿਆਂਵਾਲਾ ਬਾਗ਼ ਵਿੱਚ 13 ਅਪ੍ਰੈਲ 1919 ਨੂੰ ਵਿਸਾਖੀ ਵਾਲੇ ਦਿਨ ਪੁਲਿਸ ਨੇ ਜਰਨਲ ਡਾਇਰ ਦੀ ਅਗਵਾਈ ਵਿੱਚ ਅੰਨ੍ਹੇਵਾਹ ਗੋਲੀਆਂ ਚਲਾਈਆਂ ਸਨ।
ਜਿਸ ਵਿੱਚ ਸਰਕਾਰੀ ਅੰਕੜਿਆਂ ਮੁਤਾਬਕ 372 ਲੋਕ ਮਾਰੇ ਗਏ ਸਨ ਤੇ 1,200 ਫੱਟੜ੍ਹ ਹੋਏ ਸਨ। ਇਸ ਕਤਲੇਆਮ ਨੇ ਭਾਰਤ ਦੀ ਅਜ਼ਾਦੀ ਦੀ ਲੜਾਈ ਵਿੱਚ ਨਵੀਂ ਜਾਨ ਭਰ ਦਿੱਤੀ ਸੀ।












