ਨਵਾਜ਼ ਸ਼ਰੀਫ਼, ਉਨ੍ਹਾਂ ਦੀ ਧੀ ਤੇ ਜਵਾਈ 'ਤੇ ਇਲਜ਼ਾਮ ਤੈਅ

ਤਸਵੀਰ ਸਰੋਤ, AFP/NA
ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ 'ਤੇ ਇਸਲਾਮਾਬਾਦ ਦੀ ਇੱਕ ਵਿਸ਼ੇਸ਼ ਅਦਾਲਤ ਨੇ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਇਲਜ਼ਾਮ ਤੈਅ ਕਰ ਦਿੱਤੇ ਹਨ।
ਇਸਲਾਮਾਬਾਦ ਅਦਾਲਤ ਨੇ ਨਵਾਜ਼ ਸ਼ਰੀਫ਼ ਦੀ ਬੇਟੀ ਮਰੀਅਮ ਅਤੇ ਉਨ੍ਹਾਂ ਦੇ ਜਵਾਈ ਕੈਪਟਨ(ਸੇਵਾਮੁਕਤ) ਮੁਹੰਮਦ ਸਫ਼ਦਰ 'ਤੇ ਵੀ ਇਲ਼ਜ਼ਾਮ ਤੈਅ ਕੀਤੇ ਹਨ।
ਇੰਨ੍ਹਾਂ ਤਿੰਨਾਂ 'ਤੇ ਅਦਾਲਤ ਨੇ ਲੰਡਨ ਵਿੱਚ ਫਲੈਟਸ ਦੇ ਮਾਮਲੇ ਵਿੱਚ ਇਹ ਇਲਜ਼ਾਮ ਵੀਰਵਾਰ ਨੂੰ ਤੈਅ ਕੀਤੇ ਹਨ।

ਤਸਵੀਰ ਸਰੋਤ, AFP/GETTY IMAGES
ਤਿੰਨਾਂ ਮੁਲਜ਼ਮਾਂ 'ਤੇ ਭ੍ਰਿਸ਼ਟਾਚਾਰ ਦੇ ਤਿੰਨ ਮਾਮਲੇ ਚੱਲ ਰਹੇ ਹਨ।
ਨਵਾਜ਼ ਸ਼ਰੀਫ਼ ਕਾਰਵਾਈ ਦੌਰਾਨ ਅਦਾਲਤ ਵਿੱਚ ਮੌਜੂਦ ਨਹੀਂ ਸਨ, ਕਿਉਂਕਿ ਉਹ ਪਰਿਵਾਰ ਨਾਲ ਲੰਡਨ ਵਿੱਚ ਸਨ।
ਮਰੀਅਮ ਨੇ ਕੀ ਕਿਹਾ?
ਅਦਾਲਤ ਦੇ ਇਸ ਫੈਸਲੇ 'ਤੇ ਮਰੀਅਮ ਨਵਾਜ਼ ਨੇ ਕਿਹਾ ਕਿ ਉਹ ਭੱਜਣ ਵਾਲਿਆਂ 'ਚੋਂ ਨਹੀਂ ਹੈ।
ਮਰੀਅਮ ਨੇ ਕਿਹਾ, "ਅਸੀਂ ਉਹ ਲੋਕ ਹਾਂ ਜੋ ਬਾਹਰੋਂ ਦੇਸ਼ 'ਚ ਆਏ ਹਾਂ। ਅਸੀਂ ਇਨਸਾਫ਼ ਦੀ ਪ੍ਰਕਿਰਿਆ ਵਿੱਚ ਸ਼ਾਮਿਲ ਹੋਣ ਆਏ ਹਾਂ। ਅਸੀਂ ਲੋਕ ਅਦਾਲਤ ਅਤੇ ਕਾਨੂੰਨ ਦੀ ਇੱਜ਼ਤ ਕਰਦੇ ਹਾਂ। ਸਾਡੇ ਲਈ ਅਦਾਲਤਾਂ ਕੋਈ ਨਵੀਂ ਗੱਲ ਨਹੀਂ ਹਨ।"

ਤਸਵੀਰ ਸਰੋਤ, Getty Images
ਸਜ਼ਾ ਦਾ ਐਲਾਨ ਅਜੇ ਨਹੀਂ ਹੋਇਆ ਹੈ, ਪਰ 14 ਸਾਲ ਤੱਕ ਦੀ ਜੇਲ੍ਹ ਹੋ ਸਕਦੀ ਹੈ ਅਤੇ ਸਾਰੇ ਬੈਂਕ ਖਾਤੇ ਤੇ ਜਾਇਦਾਦ ਜ਼ਬਤ ਹੋ ਸਕਦੀ ਹੈ।
67 ਸਾਲ ਦੇ ਨਵਾਜ਼ ਸ਼ਰੀਫ਼ ਨੂੰ ਜੁਲਾਈ ਮਹੀਨੇ ਵਿੱਚ ਸੁਪਰੀਮ ਕੋਰਟ ਨੇ ਅਣਐਲਾਨੀ ਆਮਦਨ ਦੇ ਮਾਮਲੇ ਵਿੱਚ ਪ੍ਰਧਾਨ ਮੰਤਰੀ ਅਹੁਦੇ ਲਈ ਅਯੋਗ ਠਹਿਰਾ ਦਿੱਤਾ ਸੀ।
ਪਨਾਮਾ ਪੇਪਰ ਲੀਕ ਨੇ 2016 ਵਿੱਚ ਪਰਿਵਾਰ ਦੇ ਮੈਂਬਰਾਂ ਵੱਲੋਂ ਲੰਡਨ ਵਿੱਚ ਜਾਇਦਾਦ ਖਰੀਦਣ ਦੇ ਇਲਜ਼ਾਮ ਲਗਾਏ। ਇਸ ਤੋਂ ਬਾਅਦ ਨਵਾਜ਼ ਸ਼ਰੀਫ਼ ਨੂੰ ਪ੍ਰਧਾਨ ਮੰਤਰੀ ਅਹੁਦੇ ਤੋਂ ਅਸਤੀਫ਼ਾ ਦੇਣਾ ਪਿਆ ਸੀ।












