ਕੰਧਾਰ ਫ਼ੌਜੀ ਅੱਡੇ ’ਤੇ ਹਮਲਾ, 40 ਤੋਂ ਵੱਧ ਫ਼ੌਜੀਆਂ ਦੀ ਮੌਤ

ਅਫ਼ਗਾਨ ਫੌਜੀਆਂ 'ਤੇ ਇੱਕ ਹਫ਼ਤੇ ਵਿੱਚ ਹੋਇਆ ਤੀਜਾ ਆਤਮਘਾਤੀ ਹਮਲਾ

ਤਸਵੀਰ ਸਰੋਤ, EPA

ਦੱਖਣੀ ਸੂਬੇ ਕੰਧਾਰ ਵਿੱਚ ਫ਼ੌਜੀ ਅੱਡੇ 'ਤੇ ਹੋਏ ਆਤਮਘਾਤੀ ਹਮਲੇ 'ਚ 40 ਤੋਂ ਵੱਧ ਅਫ਼ਗਾਨ ਫ਼ੌਜੀ ਮਾਰੇ ਗਏ ਹਨ।

ਆਤਮਘਾਤੀ ਹਮਲਾਵਰਾਂ ਨੇ ਬਾਰੂਦ ਨਾਲ ਭਰੇ ਟਰੱਕ ਨੂੰ ਫੌਜੀ ਅੱਡੇ ਦੇ ਗੇਟ ਨਾਲ ਟਕਰਾ ਕੇ ਧਮਾਕਾ ਕੀਤਾ।

ਸੁਰੱਖਿਆ ਮੰਤਰਾਲੇ ਮੁਤਾਬਕ ਹਮਲੇ ਵਿੱਚ 5 ਤੋਂ ਵੱਧ ਫ਼ੌਜੀ ਜ਼ਖਮੀ ਹੋਏ ਜਦਕਿ 9 ਫ਼ੌਜੀ ਲਾਪਤਾ ਹਨ। ਹਮਲੇ ਵਿੱਚ 10 ਹਮਲਾਵਰਾਂ ਦੀ ਵੀ ਮੌਤ ਹੋਈ ਹੈ।

ਲਗਾਤਾਰ ਹਮਲੇ ਜਾਰੀ

ਇਹ ਹਮਲਾ ਕੰਧਾਰ ਦੇ ਮੇਵਾਂਡ ਜ਼ਿਲ੍ਹੇ ਦੇ ਚਸ਼ਮੋ ਇਲਾਕੇ 'ਚ ਹੋਇਆ ਹੈ। ਜੋ ਕਿ ਇਸ ਹਫ਼ਤੇ 'ਚ ਅਫ਼ਗਾਨ ਫ਼ੌਜੀਆਂ 'ਤੇ ਹੋਇਆ ਤੀਜਾ ਹਮਲਾ ਹੈ।

ਤਾਲਿਬਾਨ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਦੋ ਦਿਨ ਪਹਿਲਾਂ ਵੀ ਪੂਰਬੀ ਅਫ਼ਗਾਨ ਸ਼ਹਿਰ ਗਰਦੇਜ਼ ਵਿੱਚ ਤਾਲਿਬਾਨ ਵੱਲੋਂ ਪੁਲਿਸ ਸਿਖਲਾਈ ਸੈਂਟਰ 'ਤੇ ਹਮਲਾ ਕੀਤਾ ਗਿਆ ਸੀ । ਜਿਸ ਵਿੱਚ 41 ਲੋਕ ਮਾਰੇ ਗਏ ਸਨ।

ਉਸੇ ਦਿਨ ਗੁਆਂਢੀ ਸੂਬੇ ਗਜ਼ਨੀ 'ਚ ਇੱਕ ਕਾਰ ਬੰਬ ਧਮਾਕੇ ਵਿੱਚ 30 ਲੋਕਾਂ ਦੀ ਮੌਤ ਹੋਈ ਸੀ। ਮਰਨ ਵਾਲੇ ਜ਼ਿਆਦਾਤਰ ਸੁਰੱਖਿਆ ਮੁਲਾਜ਼ਮ ਸੀ।

(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ।)