29 ਮਿੰਟਾਂ ’ਚ ਲੰਡਨ ਤੋਂ ਨਿਊਯਾਰਕ, ਕਿਵੇਂ ?

ਜਲਦ ਹੀ ਲੋਕ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਕੁਝ ਹੀ ਮਿੰਟਾਂ 'ਚ ਉਡ ਕੇ ਪਹੁੰਚ ਸਕਣਗੇ। ਇਹ ਰਾਕੇਟ ਅਤੇ ਕਾਰ ਉਦਯੋਗਪਤੀ ਏਲਨ ਮਸਕ ਦਾ ਕਹਿਣਾ ਹੈ।

ਉਨ੍ਹਾਂ ਨੇ ਇਹ ਵਾਅਦਾ ਆਸਟ੍ਰੇਲੀਆ ਦੇ ਐਡੀਲੇਡ ਵਿੱਚ ਕੌਮਾਂਤਰੀ ਏਸਟ੍ਰੇਨੌਟਿਕਲ ਕਾਂਗਰਸ 'ਚ ਕੀਤਾ।

ਇੱਕ ਪ੍ਰੋਮੋਸ਼ਨਲ ਵੀਡੀਓ 'ਚ ਦਾਅਵਾ ਕੀਤਾ ਗਿਆ ਕਿ ਲੰਡਨ ਤੋਂ ਨਿਊਯਾਰਕ ਪਹੁੰਚਣ ਲਈ ਸਿਰਫ਼ 29 ਮਿੰਟ ਹੀ ਲੱਗਣਗੇ।

ਮਸਕ ਨੇ ਉੱਥੇ ਮੌਜੂਦ ਦਰਸ਼ਕਾਂ ਨੂੰ ਕਿਹਾ ਕਿ ਉਨ੍ਹਾਂ ਦਾ ਟੀਚਾ 2024 ਤੱਕ ਲੋਕਾਂ ਨੂੰ ਮੰਗਲ 'ਤੇ ਭੇਜਣ ਦਾ ਹੈ।

ਉਨ੍ਹਾਂ ਦੀ ਕੰਪਨੀ ਸਪੇਸ-ਐਕਸ ਅਗਲੇ ਸਾਲ ਤੋਂ ਇਸ ਲਈ ਕੰਮ ਸ਼ੁਰੂ ਕਰੇਗੀ।

ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਕੰਪਨੀ ਸਪੇਸ ਐਕਸ ਇੱਕ ਗ੍ਰਹਿ ਤੋਂ ਦੂਜੇ ਗ੍ਰਹਿ ਤੱਕ ਦੀ ਯਾਤਰਾ ਵਿੱਚ ਸਮਰੱਥ ਵਾਹਨਾਂ ਦੇ ਨਿਰਮਾਣ 'ਤੇ ਹੀ ਕੰਮ ਕਰੇਗੀ। ਜਿਸ ਨੂੰ ਬੀਐਫ਼ਆਰ ਕਿਹਾ ਜਾਂਦਾ ਹੈ।

ਮਸਕ ਨੇ ਮੰਗਲ ਯਾਤਰਾ ਨਾਲ ਜੁੜੀਆਂ ਆਪਣੀਆਂ ਉਤਸ਼ਾਹ ਭਰਪੂਰ ਯੋਜਨਾਵਾਂ ਬਾਰੇ ਪਹਿਲੀ ਵਾਰ ਪਿਛਲੇ ਸਾਲ ਇੱਕ ਏਸਟ੍ਰੇਨੌਟਿਕਲ ਕਾਂਗਰਸ ਵਿੱਚ ਦੱਸਿਆ ਸੀ। ਇਸ ਵਾਰ ਵਿਸਥਾਰਤ ਯੋਜਨਾ ਦੇ ਨਾਲ ਪਹੁੰਚੇ ਸਨ।

ਪਿਛਲੇ ਸਾਲ ਦੇ ਮੁਕਾਬਲੇ ਬੀਐੱਫ਼ਆਰ ਦੇ ਅਕਾਰ ਨੂੰ ਛੋਟਾ ਕੀਤਾ ਗਿਆ ਹੈ, ਬੀਐਫ਼ਆਰ 106 ਮੀਟਰ ਲੰਬਾ ਅਤੇ 9 ਮੀਟਰ ਚੌੜਾ ਹੈ।

'ਲੰਬੀ ਦੂਰੀ ਦੀ ਯਾਤਰਾ ਅੱਧੇ ਘੰਟੇ 'ਚ'

  • ਇਸ ਤੋਂ ਇਲਾਵਾ ਕੀਮਤ ਨੂੰ ਲੈ ਕੇ ਏਲਨ ਮਸਕ ਨੇ ਕਿਹਾ ਕਿ ਕੰਪਨੀ ਦੀਆਂ ਕੋਸ਼ਿਸ਼ਾਂ ਨੂੰ ਇੱਕ ਸਿਸਟਮ 'ਤੇ ਕੇਂਦ੍ਰਿਤ ਕਰਨ ਅਤੇ ਫਿਰ ਗ੍ਰਾਹਕਾਂ ਦੀ ਜਰੂਰਤਾਂ ਨੂੰ ਪੂਰਾ ਕਰਨ ਲਈ ਇਸ ਦੀ ਵਰਤੋਂ ਕਰਨ ਨਾਲ ਇਸ ਦੇ ਖਰਚ ਨੂੰ ਖ਼ਰਚੀਲਾ ਬਣਾਇਆ ਜਾ ਸਕਦਾ ਹੈ।
  • ਕੰਪਨੀ ਸੈਟੇਲਾਈਟ ਲਾਂਚ ਕਰੇਗੀ ਅਤੇ ਸਪੇਸ ਸਟੇਸ਼ਨ ਨੂੰ ਸਰਵਿਸ ਦੀ ਸੁਵਿਧਾ ਦਵੇਗੀ। ਇਸ ਦੇ ਨਾਲ ਹੀ ਲੋਕਾਂ ਨੂੰ ਚੰਨ ਅਤੇ ਮੰਗਲ ਤੱਕ ਲੈ ਕੇ ਜਾਵੇਗੀ।
  • ਧਰਤੀ 'ਤੇ ਇੱਕ ਬਿੰਦੂ ਤੋਂ ਦੂਜੇ ਬਿੰਦੂ ਤੱਕ ਦਾ ਸਫ਼ਰ ਵੀ ਕਰਾ ਸਕੇਗੀ।
  • ਸਪੇਸ ਐਕਸ ਦੇ ਫ਼ਾਲਕਨ 9 ਅਤੇ ਡ੍ਰੈਗਨ ਜਹਾਜ਼ ਪਹਿਲਾਂ ਤੋਂ ਹੀ ਸਪੇਸ ਵਿੱਚ ਵਰਤੇ ਜਾ ਰਹੇ ਹਨ।
  • ਉਨ੍ਹਾਂ ਨੇ ਦਰਸ਼ਕਾਂ ਨੂੰ ਕਿਹਾ ਕਿ, "ਜ਼ਿਆਦਾਤਰ ਲੋਕ ਜਿਸ ਨੂੰ ਲੰਬੀ ਦੂਰੀ ਦੀ ਯਾਤਰਾ ਸਮਝਦੇ ਹਨ, ਉਸ ਨੂੰ ਅੱਧੇ ਘੰਟੇ ਤੋਂ ਵੀ ਘੱਟ ਸਮੇਂ ਵਿੱਚ ਪੂਰਾ ਕੀਤਾ ਜਾ ਸਕਦਾ ਹੈ।"
  • ਏਲਨ ਮਸਕ ਨੇ ਕਿਹਾ ਕਿ ਕਈ ਲੋਕ ਚਾਹੁਣਗੇ ਕਿ ਸਪੇਸ ਵਿੱਚ ਲਾਂਚ ਤੋਂ ਪਹਿਲਾਂ ਬੀਐੱਫ਼ਆਰ ਦਾ ਕਈ ਵਾਰ ਪ੍ਰੀਖਣ ਹੋ ਜਾਵੇ।
  • ਇਸ ਲਈ ਅਸੀਂ ਫ਼ਾਲਕਨ 9 ਅਤੇ ਡ੍ਰੈਗਨ ਜਹਾਜ਼ ਦੀ ਸਟਾਕ ਬਣਾਉਣ ਦਾ ਫ਼ੈਸਲਾ ਕੀਤਾ ਹੈ ਤਾਂ ਕਿ ਲੋਕ ਇਨ੍ਹਾਂ 'ਤੇ ਯਾਤਰਾ ਕਰ ਸਕਣ ਜਦ ਕਿ ਕੰਪਨੀ ਆਪਣੇ ਸਰੋਤਾਂ ਨੂੰ ਬੀਐੱਫ਼ਆਰ ਦੇ ਨਿਰਮਾਣ 'ਚ ਕੇਂਦ੍ਰਿਤ ਕਰੇਗੀ।

ਕੌਣ ਹੈ ਏਲਨ ਮਸਕ ?

ਮਸਕ ਸਪੇਸ-ਐਕਸ ਦਾ ਸੀਈਓ ਅਤੇ ਚੀਫ਼ ਡਿਜ਼ਾਈਨਰ ਹੈ। ਉਹ ਟੇਸਲਾ ਇਲੈਕਟ੍ਰਿਕ ਕਾਰ ਕੰਪਨੀ ਦੇ ਸੰਥਾਪਕ ਅਤੇ ਸੋਲਰਸਿਟੀ ਦੇ ਪ੍ਰਧਾਨ ਵੀ ਹਨ। ਸੋਲਰਸਿਟੀ ਨਵਿਆਉਣਯੋਗ ਊਰਜਾ ਜਿਵੇਂ ਉੱਚ ਭੰਡਾਰਨ ਵਾਲੀਆਂ ਬੈਟਰੀਆਂ ਬਣਾਉਣ ਦੀ ਮਾਹਿਰ ਕੰਪਨੀ ਹੈ।

ਦੂਰ-ਦ੍ਰਿਸ਼ਟੀ ਦੀ ਸੋਚ ਕਾਰਨ ਉਨ੍ਹਾਂ ਦੇ ਪ੍ਰਸ਼ੰਸਕਾਂ ਦੀ ਵੱਡੀ ਗਿਣਤੀ ਹੈ। ਹਾਲਾਂਕਿ ਉਨ੍ਹਾਂ ਦੀਆਂ ਕਈ ਯੋਜਨਾਵਾਂ 'ਚ ਲੰਬਾ ਸਮਾਂ ਲੱਗਾ ਪਰ ਆਪਣੇ ਖਾਤੇ ਵਿਚ ਬਹੁਤ ਸਾਰੀਆਂ ਉਪਲੱਬਧੀਆਂ ਹਨ।

(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ।)