ਭਾਰਤ ਨੇ ਦੁਨੀਆਂ ਨੂੰ ਹੈਰਾਨ ਕਰਨ ਵਾਲੀਆਂ ਦਿੱਤੀਆਂ ਇਹ 7 ਚੀਜ਼ਾਂ

ਭਾਰਤ ਦੁਨੀਆਂ ਭਰ 'ਚ ਆਪਣੇ ਸੱਭਿਆਚਾਰ ਅਤੇ ਵੱਖਰੀ ਪਛਾਣ ਲਈ ਜਾਣਿਆ ਜਾਂਦਾ ਹੈ। ਅਬਾਦੀ ਦੇ ਮਾਮਲੇ 'ਚ ਭਾਰਤ ਦੁਨੀਆਂ ਦਾ ਦੂਜਾ ਸਭ ਤੋਂ ਵੱਡਾ ਦੇਸ਼ ਹੈ। ਭਾਰਤ ਨੇ ਦੁਨੀਆਂ ਨੂੰ ਕਈ ਅਜਿਹੀਆਂ ਚੀਜ਼ਾਂ ਦਿੱਤੀਆਂ ਜਿਸ ਨਾਲ ਲੋਕਾਂ ਦਾ ਜੀਵਨ ਸੁੱਖਮਈ ਬਣਿਆ।
ਭਾਰਤ ਨੇ ਦੁਨੀਆਂ ਨੂੰ ਅਜਿਹੀਆਂ ਸੱਤ ਚੀਜ਼ਾਂ ਦਿੱਤੀਆਂ ਹਨ, ਜਿਨ੍ਹਾਂ ਵਿੱਚੋਂ ਕੁਝ ਬਾਰੇ ਜਾਣ ਕੇ ਤੁਸੀਂ ਹੈਰਾਨ ਰਹਿ ਜਾਵੋਗੇ।
ਯੋਗ
ਦੁਨੀਆਂ ਭਰ 'ਚ ਅੱਜ ਯੋਗ ਬਹੁਤ ਪ੍ਰਸਿੱਧ ਹੈ। ਸੰਯੁਕਤ ਰਾਸ਼ਟਰਜ਼ ਨੇ 21 ਜੂਨ ਨੂੰ ਵਿਸ਼ਵ ਯੋਗ ਦਿਵਸ ਐਲਾਨਿਆ ਹੈ।
ਤੁਸੀਂ ਕਿਸੇ ਵੀ ਚੰਗੇ ਜਿਮ ਵਿੱਚ ਜਾਓ, ਤੁਹਾਨੂੰ ਵਧੀਆ ਯੋਗ ਸਿਖਾਉਣ ਵਾਲੇ ਮਿਲ ਜਾਣਗੇ।
ਯੋਗ ਦੇ ਬਾਰੇ ਕਿਹਾ ਜਾਂਦਾ ਹੈ ਕਿ ਇਹ ਭਾਰਤੀ ਇਤਿਹਾਸ ਦੇ ਵੈਦਿਕ ਕਾਲ ਤੋਂ ਹੀ ਕੀਤਾ ਜਾ ਰਿਹਾ ਹੈ। ਇਸ ਦੀਆਂ ਜੜ੍ਹਾਂ ਹਿੰਦੂ, ਬੁੱਧ ਅਤੇ ਜੈਨ ਸੱਭਿਆਚਾਰ ਨਾਲ ਜੁੜੀਆਂ ਹੋਈਆਂ ਹਨ।
ਅੱਜ ਦੇ ਦੌਰ 'ਚ ਹਰ ਕੋਈ ਆਪਣੇ ਆਪ ਨੂੰ ਤੰਦਰੁਸਤ ਰੱਖਣ ਲਈ ਯੋਗ ਨੂੰ ਮਹੱਤਤਾ ਦਿੰਦਾ ਹੈ। ਪੱਛਮ 'ਚ ਯੋਗ ਨੂੰ ਸਵਾਮੀ ਵਿਵੇਕਾਨੰਦ ਨੇ ਫ਼ੈਲਾਇਆ ਸੀ।

ਤਸਵੀਰ ਸਰੋਤ, RAVI PRAKASH
ਰੇਡੀਓ ਪ੍ਰਸਾਰਣ
ਆਮ ਤੌਰ ਤੇ ਨੋਬਲ ਪੁਰਸਕਾਰ ਵਿਜੇਤਾ ਇੰਜੀਨੀਅਰ ਅਤੇ ਖੋਜਕਰਤਾ ਗੁਲਇਲਮੋ ਮਾਕੌਰਨੀ ਨੂੰ ਰੇਡੀਓ ਪ੍ਰਸਾਰਣ ਦਾ ਕਰਤਾ-ਧਰਤਾ ਮੰਨਿਆ ਜਾਂਦਾ ਹੈ।
ਹਾਲਾਕਿ ਭਾਰਤੀ ਵਿਗਿਆਨਕ ਜਗਦੀਸ਼ ਚੰਦਰ ਬੋਸ ਨੇ ਇਸ ਤੋਂ ਪਹਿਲਾ ਮਿਲੀਮੀਟਰ ਰੇਂਜ ਰੇਡੀਓ ਤਰੰਗ ਮਾਈਕਰੋਵੇਵਜ਼ ਦੀ ਵਰਤੋਂ ਬਾਰੂਦ ਨੂੰ ਸੁਲਘਾਉਣ ਅਤੇ ਘੰਟੀ ਵਜਾਉਣ 'ਚ ਕੀਤਾ ਸੀ।
ਇਸਦੇ ਚਾਰ ਸਾਲ ਬਾਅਦ ਲੋਹਾ-ਪਾਰਾ-ਲੋਹਾ ਕੋਹੀਰਰ ਟੈਲੀਫ਼ੋਨ ਡਿਕਟੇਟਰ ਦੇ ਤੌਰ 'ਤੇ ਆਇਆ ਅਤੇ ਇਹਵਾਇਰਲੈੱਸ ਰੇਡੀਓ ਪ੍ਰਸਾਰਣ ਦੀ ਖੋਜ ਦਾ ਝੰਡਾਬਰਦਾਰ ਬਣਿਆ।
1978 'ਚ ਭੌਤਿਕ ਵਿਗਿਆਨ ਦੇ ਨੋਬਲ ਵਿਜੇਤਾ ਸਰ ਨੋਵਿਲ ਮੋਟ ਨੇ ਕਿਹਾ ਸੀ ਕਿ ਬੋਸ ਆਪਣੇ ਸਮੇਂ ਤੋਂ 60 ਸਾਲ ਅੱਗੇ ਸੀ।

ਫਾਇਬਰ ਔਪਟਿਕਸ
ਕੀ ਤੁਸੀਂ ਅਜਿਹੀ ਦੁਨੀਆਂ ਬਾਰੇ ਸੋਚ ਸਕਦੇ ਹੋ ਜਿੱਥੇ ਤੁਸੀਂ ਆਪਣੇ ਦੋਸਤ ਦੀ ਬਿੱਲੀ ਦਾ ਪਿਆਰਾ ਵੀਡੀਓ ਜਾਂ ਆਪਣੇ ਈਮੇਲ ਦੇ ਇਨਬੌਕਸ 'ਚ ਮਰਦਾਨਗੀ ਵਧਾਉਣ ਵਾਲੇ ਉਤਪਾਦ ਦੀ ਤਾਜ਼ਾ ਪੇਸ਼ਕਸ਼ ਨਾ ਦੇਖ ਸਕੋ?
ਜਦੋਂ ਇੰਟਰਨੈੱਟ ਦੀ ਦੁਨੀਆਂ ਨਹੀਂ ਸੀ ਤਾਂ ਇਹ ਸਾਰੀਆਂ ਚੀਜ਼ਾਂ ਸੰਭਵ ਨਹੀਂ ਸਨ । ਫਾਇਬਰ ਔਪਟਿਕਸ ਦੇ ਆਉਣ ਤੋਂ ਬਾਅਦ ਵੈੱਬ, ਟਰਾਂਸਪੋਰਟ, ਟੈਲੀਫ਼ੋਨ ਸੰਚਾਰ ਅਤੇ ਮੈਡੀਕਲ ਦੀ ਦੁਨੀਆਂ 'ਚ ਇਨਕਲਾਬੀ ਤਬਦੀਲੀ ਆਈ।
ਨਰਿੰਦਰ ਸਿੰਘ ਕਪਾਨੀ ਪੰਜਾਬ ਦੇ ਮੋਗਾ 'ਚ ਜੰਮੇ ਇੱਕ ਭੌਤਿਕ ਵਿਗਿਆਨੀ ਸੀ। ਦੁਨੀਆਂ ਭਰ 'ਚ ਇਨ੍ਹਾਂ ਨੂੰ ਔਪਟਿਕਸ ਫਾਇਬਰ ਦਾ ਮੋਢੀ ਮੰਨਿਆ ਜਾਂਦਾ ਹੈ।
1955 ਤੋਂ 1965 ਵਿਚਾਲੇ ਨਰਿੰਦਰ ਸਿੰਘ ਨੇ ਕਈ ਤਕਨੀਕੀ ਪੇਪਰ ਲਿਖੇ। ਇਹਨਾਂ ਵਿੱਚੋਂ ਇੱਕ ਪੇਪਰ 1960 ਦੌਰਾਨ 'ਸਾਇੰਟਿਫਿਕ ਅਮਰੀਕਨ' 'ਚ ਛਪਿਆ ਸੀ।
ਇਸ ਪੇਪਰ ਨੇ ਫਾਇਬਰ ਔਪਟਿਕਸ ਨੂੰ ਸਥਾਪਿਤ ਕਰਨ 'ਚ ਮਦਦ ਕੀਤੀ ਸੀ।

ਸੱਪ-ਪੌੜੀ
ਅੱਜ ਦੀਆਂ ਆਧੁਨਿਕ ਕੰਪਿਊਟਰ ਖੇਡਾਂ ਨੂੰ ਭਾਰਤ ਦੇ ਸੱਪ ਪੌੜੀ ਖੇਡ ਤੋਂ ਪ੍ਰੇਰਿਤ ਕਿਹਾ ਜਾਂਦਾ ਹੈ। ਭਾਰਤ ਦਾ ਇਹ ਖੇਡ ਇੰਗਲੈਡ 'ਚ ਕਾਫ਼ੀ ਪ੍ਰਸਿੱਧ ਹੋਇਆ।
ਇਸ ਖੇਡ ਦਾ ਸੰਬੰਧ ਹਿੰਦੂ ਬੱਚਿਆਂ ਨੂੰ ਕਦਰਾਂ-ਕੀਮਤਾਂ ਸਿਖਾਉਣ ਦੇ ਤੌਰ 'ਤੇ ਦੇਖਿਆ ਜਾਂਦਾ ਹੈ।
ਗੇਮ 'ਚ ਪੌੜੀ ਨੂੰ ਚੰਗਿਆਈ ਤੇ ਸੱਪ ਨੂੰ ਬੁਰਾਈ ਦੇ ਰੂਪ ਵਿੱਚ ਦੇਖਿਆ ਜਾਂਦਾ ਹੈ।
ਹਾਲਾਂਕਿ 19ਵੀਂ ਸਦੀ 'ਚ ਜਦੋਂ ਇਹ ਭਾਰਤ 'ਚ ਆਇਆ ਤਾਂ ਪੱਛਮੀ ਬਾਜ਼ਾਰ 'ਚ ਇਸਨੂੰ ਨੈਤਿਕਤਾ ਵਾਲੇ ਪੱਖ ਤੋਂ ਹਟਾ ਦਿੱਤਾ ਗਿਆ ਸੀ।

ਤਸਵੀਰ ਸਰੋਤ, Getty Images
ਯੂਐਸਬੀ ਪੋਰਟ
ਯੂਐਸਬੀ ਯਾਨਿ ਯੂਨੀਵਰਸਲ ਸੀਰੀਅਲ ਬਸ ਪੋਰਟ ਦੀ ਖੋਜ 'ਚ ਸਾਨੂੰ ਇਲੈਕਟ੍ਰੋਨਿਕ ਯੰਤਰ ਨਾਲ ਜੁੜਨ 'ਚ ਮਦਦ ਮਿਲੀ।
ਇਸ ਨਾਲ ਉਸ ਸ਼ਖ਼ਸ ਦੀ ਵੀ ਜ਼ਿੰਦਗੀ ਬਦਲ ਗਈ। ਜਿਸਨੇ ਇਸਨੂੰ ਬਣਾਉਣ 'ਚ ਮਦਦ ਕੀਤੀ। ਉਸ ਵਿਅਕਤੀ ਦਾ ਨਾਂ ਅਜੇ ਭੱਟ ਹੈ।
1990 ਦੇ ਦਹਾਕੇ 'ਚ ਭੱਟ ਤੇ ਉਨ੍ਹਾਂ ਦੀ ਟੀਮ ਨੇ ਜਦੋਂ ਯੰਤਰ 'ਤੇ ਕੰਮ ਕਰਨਾ ਸ਼ੁਰੂ ਕੀਤਾ ਤਾਂ ਉਸ ਦਹਾਕੇ ਦੇ ਅਖ਼ੀਰ ਤੱਕ ਕੰਪਿਊਟਰ ਸਪੰਰਕ ਦੀ ਇਹ ਸਭ ਤੋਂ ਅਹਿਮ ਕੜੀ ਬਣ ਗਿਆ ਸੀ।
ਭਾਰਤ ਦੇ ਇਸ ਖੋਜਕਰਤਾ ਨੂੰ ਇਸ ਮਾਮਲੇ 'ਚ ਪਛਾਣ ਉਦੋਂ ਮਿਲੀ ਜਦੋਂ 2009 ਵਿੱਚ ਇੰਟੇਲ ਦੇ ਲਈ ਇੱਕ ਟੈਲੀਵਿਜ਼ਨ ਮਸ਼ਹੂਰੀ ਆਈ।
2013 'ਚ ਭੱਟ ਨੂੰ ਯੂਰਪੀਅਨ ਇਨਵੈਂਟਰ ਐਵਾਰਡ ਨਾਲ ਨਵਾਜਿਆ ਗਿਆ।

ਤਸਵੀਰ ਸਰੋਤ, Getty Images
ਫਲੱਸ਼ ਟਾਇਲਟਸ
ਪੁਰਾਣੇ ਸਬੂਤਾਂ ਤੋਂ ਪਤਾ ਚੱਲਦਾ ਹੈ ਫਲਸ਼ਿੰਗ ਟਾਇਲਟ ਸਿੰਧੂ ਘਾਟੀ ਸੱਭਿਅਤਾ 'ਚ ਮੌਜੂਦ ਸੀ। ਕਾਂਸੇ ਯੁਗੀਨ ਸੱਭਿਅਤਾ ਦਾ ਇਹ ਇਲਾਕਾ ਬਾਅਦ 'ਚ ਕਸ਼ਮੀਰ ਬਣਿਆ। ਇੱਥੇ ਪਾਣੀ ਤੇ ਸੀਵੇਜ ਦਾ ਪ੍ਰਬੰਧ ਚੰਗਾ ਸੀ।

ਤਸਵੀਰ ਸਰੋਤ, Getty Images
ਸ਼ੈਂਪੂ
ਸ਼ੈਂਪੂ ਨਾਲ ਵਾਲ ਧੋਣ ਤੋਂ ਬਾਅਦ ਭਲਾ ਕੌਣ ਚੰਗਾ ਤੇ ਹਲਕਾ ਮਹਿਸੂਸ ਨਹੀਂ ਕਰਦਾ ਹੋਵੇਗਾ।
ਖੁਸ਼ਬੂ, ਚਮਕ ਤੇ ਆਤਮ-ਵਿਸ਼ਵਾਸ ਨੂੰ ਆਸਾਨੀ ਨਾਲ ਮਹਿਸੂਸ ਕੀਤਾ ਜਾ ਸਕਦਾ ਹੈ। ਬਿਨਾਂ ਸ਼ੈਂਪੂ ਦੇ ਨਹਾਉਣਾ ਅਜਿਹਾ ਲੱਗਦਾ ਹੈ ਜਿਵੇਂ ਸ਼ਾਮ ਦੀ ਚਾਹ ਬਿਨਾਂ ਬਿਸਕੁਟਾਂ ਦੇ ਹੋਵੇ।
ਭਾਰਤ 'ਚ 15ਵੀਂ ਸਦੀ ਵਿੱਚ ਕਈ ਪੌਦੇ, ਪੱਤੀਆਂ, ਫਲਾਂ ਤੇ ਬੀਜਾਂ ਨਾਲ ਸ਼ੈਂਪੂ ਬਣਾਇਆ ਜਾਂਦਾ ਸੀ। ਹੌਲੀ-ਹੌਲੀ ਵਪਾਰੀਆਂ ਨੇ ਇਸ ਸ਼ੈਂਪੂ ਨੂੰ ਯੂਰਪ 'ਚ ਪਹੁੰਚਾਉਣਾ ਸ਼ੁਰੂ ਕੀਤਾ।
(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ।)












