ਮਹਿਲਾ ਟੀ-20 ਵਿਸ਼ਵ ਕੱਪ : ਭਾਰਤ ਸੈਮੀਫਾਇਨਲ ਵਿੱਚ ਤੇ ਹਰਮਨਪ੍ਰੀਤ ਦਾ ਇੱਕ ਹੋਰ ਰਿਕਾਰਡ

ਤਸਵੀਰ ਸਰੋਤ, Getty Images
ਮਹਿਲਾ ਟੀ-20 ਵਿਸ਼ਵ ਕੱਪ 'ਚ ਭਾਰਤ ਨੇ ਆਇਰਲੈਂਡ ਨੂੰ ਹਰਾ ਕੇ ਸੈਮੀਫਾਈਨਲ 'ਚ ਜਗ੍ਹਾ ਬਣਾ ਲਈ ਹੈ।
ਦੋਵਾਂ ਟੀਮਾਂ ਵਿਚਾਲੇ ਖੇਡਿਆ ਗਿਆ ਮੈਚ ਮੀਂਹ ਕਾਰਨ ਰੁਕ ਗਿਆ ਅਤੇ ਭਾਰਤ ਨੇ ਡਕਵਰਥ ਲੁਈਸ ਨਿਯਮ ਦੇ ਆਧਾਰ 'ਤੇ ਇਹ ਮੈਚ 5 ਦੌੜਾਂ ਨਾਲ ਜਿੱਤ ਲਿਆ।
ਮਹਿਲਾ ਟੀ-20 ਵਿਸ਼ਵ ਕੱਪ 'ਚ ਸਮ੍ਰਿਤੀ ਮੰਧਾਨਾ ਦੀ 87 ਦੌੜਾਂ ਦੀ ਪਾਰੀ ਦੀ ਬਦੌਲਤ ਭਾਰਤ ਨੇ ਆਇਰਲੈਂਡ ਦੇ ਸਾਹਮਣੇ ਜਿੱਤ ਲਈ 156 ਦੌੜਾਂ ਦੀ ਚੁਣੌਤੀ ਰੱਖੀ ਸੀ।
ਇਸ ਤੋਂ ਬਾਅਦ ਟੀਚੇ ਦਾ ਪਿੱਛਾ ਕਰਨ ਆਈ ਆਇਰਲੈਂਡ ਦੀ ਟੀਮ ਦੀਆਂ ਦੋ ਵਿਕਟਾਂ ਪਹਿਲੇ ਹੀ ਓਵਰ ਵਿੱਚ ਆਊਟ ਹੋ ਗਈਆਂ ਸਨ।
ਗਰੁੱਪ-2 ਦੇ ਆਪਣੇ ਆਖਰੀ ਮੈਚ ਵਿੱਚ ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਲਿਆ ਸੀ।
ਟਾਸ ਤੋਂ ਬਾਅਦ ਹਰਮਨਪ੍ਰੀਤ ਕੌਰ ਨੇ ਦੱਸਿਆ ਕਿ ਰਾਧਾ ਯਾਦਵ ਦੀ ਥਾਂ ਦੇਵਿਕਾ ਵੈਦਿਆ ਨੂੰ ਟੀਮ ਵਿੱਚ ਸ਼ਾਮਲ ਕੀਤਾ ਗਿਆ ਸੀ।

ਤਸਵੀਰ ਸਰੋਤ, Getty Images
ਭਾਰਤ ਦੀਆਂ ਦੋਵੇਂ ਸਲਾਮੀ ਬੱਲੇਬਾਜ਼ਾਂ ਸਮ੍ਰਿਤੀ ਮੰਧਾਨਾ ਅਤੇ ਸ਼ੈਫਾਲੀ ਵਰਮਾ ਨੇ ਭਾਰਤੀ ਪਾਰੀ ਦੀ ਸ਼ੁਰੂਆਤ ਸਾਵਧਾਨੀ ਨਾਲ ਕੀਤੀ ਸੀ।
ਦੋਵਾਂ ਨੇ ਪਹਿਲੇ ਚਾਰ ਓਵਰਾਂ ਵਿੱਚ 27 ਦੌੜਾਂ ਅਤੇ ਪਾਵਰਪਲੇ ਦੇ ਪਹਿਲੇ ਛੇ ਓਵਰਾਂ ਵਿੱਚ ਸੱਤ ਦੀ ਔਸਤ ਨਾਲ 42 ਦੌੜਾਂ ਬਣਾਈਆਂ, ਪਰ ਇਸ ਤੋਂ ਬਾਅਦ ਰਨ ਰੇਟ ਇੱਕ ਵਾਰ ਫਿਰ ਥੋੜਾ ਹੌਲੀ ਹੋ ਗਿਆ ਸੀ।
ਦੋਵੇਂ ਬੱਲੇਬਾਜ਼ 10ਵੇਂ ਓਵਰ ਵਿੱਚ ਸਕੋਰ ਨੂੰ 62 ਦੌੜਾਂ ਤੱਕ ਲੈ ਗਏ। ਇਸ ਸਕੋਰ 'ਤੇ ਸ਼ੈਫਾਲੀ ਵਰਮਾ ਡੀਪ ਸਕਵੇਅਰ ਲੈੱਗ 'ਤੇ ਕੈਚ ਆਊਟ ਹੋ ਗਈ। ਸ਼ੈਫਾਲੀ ਵਰਮਾ ਆਪਣੀ ਬੱਲੇਬਾਜ਼ੀ ਦੌਰਾਨ ਦੌੜਾਂ ਬਣਾਉਣ ਲਈ ਸੰਘਰਸ਼ ਕਰਦੀ ਰਹੀ। ਉਸ ਨੇ ਆਊਟ ਹੋਣ ਤੋਂ ਪਹਿਲਾਂ 29 ਗੇਂਦਾਂ ਵਿੱਚ 24 ਦੌੜਾਂ ਬਣਾਈਆਂ।
ਆਪਣਾ 150ਵਾਂ ਅੰਤਰਰਾਸ਼ਟਰੀ ਟੀ-20 ਮੈਚ ਖੇਡ ਰਹੀ ਹਰਮਨਪ੍ਰੀਤ ਕੌਰ ਸ਼ੈਫਾਲੀ ਦੇ ਆਊਟ ਹੋਣ ਤੋਂ ਬਾਅਦ ਪਿੱਚ 'ਤੇ ਆਈ ਸੀ।
14ਵੇਂ ਓਵਰ ਦੀ ਆਖਰੀ ਗੇਂਦ 'ਤੇ ਸਮ੍ਰਿਤੀ ਮੰਧਾਨਾ ਨੇ ਛੱਕਾ ਲਗਾ ਕੇ ਆਪਣਾ ਅਰਧ ਸੈਂਕੜਾ ਪੂਰਾ ਕੀਤਾ। ਸਮ੍ਰਿਤੀ ਨੇ 40 ਗੇਂਦਾਂ ਵਿੱਚ ਪੰਜ ਚੌਕਿਆਂ ਅਤੇ ਇੱਕ ਛੱਕੇ ਦੀ ਮਦਦ ਨਾਲ ਆਪਣਾ ਅਰਧ ਸੈਂਕੜਾ ਪੂਰਾ ਕੀਤਾ।
ਅਰਧ ਸੈਂਕੜਾ ਪੂਰਾ ਕਰਨ ਤੋਂ ਬਾਅਦ ਸਮ੍ਰਿਤੀ ਮੰਧਾਨਾ ਨੇ 15ਵੇਂ ਓਵਰ ਵਿੱਚ ਦੋ ਚੌਕੇ ਜੜੇ, ਫਿਰ 16ਵੇਂ ਓਵਰ ਵਿੱਚ ਛੱਕਾ ਵੀ ਜੜਿਆ।
ਇਸੇ ਓਵਰ ਵਿੱਚ ਕਪਤਾਨ ਹਰਮਨਪ੍ਰੀਤ ਕੌਰ ਆਊਟ ਹੋ ਗਈ। ਇੱਕ ਵਾਰ ਫਿਰ ਹਰਮਨਪ੍ਰੀਤ ਕੌਰ ਬੱਲੇ ਨਾਲ ਵੱਡਾ ਸਕੋਰ ਬਣਾਉਣ ਵਿੱਚ ਨਾਕਾਮ ਰਹੀ।

ਤਸਵੀਰ ਸਰੋਤ, Getty Images
ਹਾਲਾਂਕਿ ਇਸ ਦੌਰਾਨ ਹਰਮਨਪ੍ਰੀਤ ਕੌਰ ਨੇ ਅੰਤਰਰਾਸ਼ਟਰੀ ਟੀ-20 ਕ੍ਰਿਕਟ 'ਚ ਆਪਣੀਆਂ 3,000 ਦੌੜਾਂ ਪੂਰੀਆਂ ਕਰ ਲਈਆਂ ਹਨ।
ਹਰਮਨਪ੍ਰੀਤ ਕੌਰ ਦੇ ਆਊਟ ਹੋਣ ਤੋਂ ਬਾਅਦ ਰਿਚਾ ਘੋਸ਼ ਆਈ। ਹੁਣ ਤੱਕ ਤਿੰਨ ਮੈਚਾਂ 'ਚ ਅਜੇਤੂ ਰਹੀ ਰਿਚਾ ਘੋਸ਼ ਪਹਿਲੀ ਗੇਂਦ 'ਤੇ ਬਿਨਾਂ ਖਾਤਾ ਖੋਲ੍ਹੇ ਹੀ ਆਊਟ ਹੋ ਗਈ ਸੀ।
ਆਖਰੀ ਓਵਰ 'ਚ ਜੇਮਿਮਾ ਰੌਡਰਿਗਜ਼ ਨੇ 12 ਗੇਂਦਾਂ 'ਤੇ 19 ਦੌੜਾਂ ਦੀ ਪਾਰੀ ਖੇਡੀ। ਜੇਮਿਮਾ ਭਾਰਤੀ ਪਾਰੀ ਦੀ ਆਖਰੀ ਗੇਂਦ 'ਤੇ ਆਊਟ ਹੋ ਗਈ। ਭਾਰਤੀ ਟੀਮ ਨੇ 20 ਓਵਰਾਂ 'ਚ 6 ਵਿਕਟਾਂ 'ਤੇ 155 ਦੌੜਾਂ ਬਣਾਈਆਂ।
ਕੀ ਸੈਮੀਫਾਈਨਲ ਵਿੱਚ ਪਹੁੰਚਣ ਦਾ ਸਮੀਕਰਨ
ਟੀਮ ਇੰਡੀਆ ਨੇ ਪਹਿਲਾ ਮੈਚ ਪਾਕਿਸਤਾਨ ਖ਼ਿਲਾਫ਼ ਜਿੱਤਿਆ ਅਤੇ ਦੂਜਾ ਮੈਚ ਵੈਸਟਇੰਡੀਜ਼ ਖ਼ਿਲਾਫ਼।
ਤੀਜੇ ਮੈਚ 'ਚ ਉਸ ਨੂੰ ਇੰਗਲੈਂਡ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ।
ਗਰੁੱਪ-2 ਤੋਂ ਸੈਮੀਫਾਈਨਲ 'ਚ ਪਹੁੰਚਣ ਲਈ ਭਾਰਤੀ ਟੀਮ ਨੂੰ ਇਹ ਮੈਚ ਜਿੱਤਣਾ ਹੋਵੇਗਾ।
ਦੂਜੇ ਪਾਸੇ ਜੇਕਰ ਭਾਰਤੀ ਟੀਮ ਹਾਰ ਜਾਂਦੀ ਹੈ ਅਤੇ ਜੇਕਰ ਪਾਕਿਸਤਾਨ ਇੰਗਲੈਂਡ ਨੂੰ ਹਰਾ ਦਿੰਦਾ ਹੈ ਤਾਂ ਸੈਮੀਫਾਈਨਲ 'ਚ ਕੌਣ ਪਹੁੰਚੇਗਾ, ਇਸ ਦਾ ਫੈਸਲਾ ਨੈੱਟ ਰਨ ਰੇਟ ਦੇ ਆਧਾਰ 'ਤੇ ਹੋਵੇਗਾ।
ਹਾਲਾਂਕਿ ਅਜਿਹੀ ਸਥਿਤੀ 'ਚ ਭਾਰਤ ਲਈ ਸੈਮੀਫਾਈਨਲ ਦਾ ਰਸਤਾ ਮੁਸ਼ਕਿਲ ਹੋਵੇਗਾ ਕਿਉਂਕਿ ਪਾਕਿਸਤਾਨ ਦੀ ਨੈੱਟ ਰਨ ਰੇਟ ਅਜੇ ਵੀ ਭਾਰਤ ਤੋਂ ਬਿਹਤਰ ਹੈ।
ਦੂਜੇ ਪਾਸੇ ਜੇਕਰ ਭਾਰਤੀ ਟੀਮ ਜਿੱਤ ਜਾਂਦੀ ਹੈ ਅਤੇ ਇੰਗਲੈਂਡ ਦੀ ਟੀਮ ਪਾਕਿਸਤਾਨ ਤੋਂ ਹਾਰ ਜਾਂਦੀ ਹੈ ਤਾਂ ਭਾਰਤੀ ਟੀਮ ਕੋਲ ਗਰੁੱਪ-2 ਦੀ ਨੰਬਰ ਇੱਕ ਟੀਮ ਬਣਨ ਦਾ ਮੌਕਾ ਹੋ ਸਕਦਾ ਹੈ।

ਇਹ ਵੀ ਪੜ੍ਹੋ-












