ਭਗਵੰਤ ਮਾਨ: ‘ਪਰਾਲੀ ਲਈ ਪੰਜਾਬ ਦੇ ਕਿਸਾਨਾਂ ਨੂੰ ਗਾਲ਼ਾਂ ਨਾ ਕੱਢੋ’, ਸੰਗਰੂਰ ’ਚ ਸਭ ਤੋਂ ਵੱਧ ਪਰਾਲੀ ਕਿਉਂ ਸਾੜੀ ਜਾ ਰਹੀ

ਪਰਾਲ਼ੀ ਨੂੰ ਲੱਗੀ ਅੱਗ

ਤਸਵੀਰ ਸਰੋਤ, Getty Images

ਪੰਜਾਬ ਵਿੱਚ ਝੋਨੇ ਦੀ ਪਰਾਲ਼ੀ ਨੂੰ ਅੱਗ ਲਗਾਉਣ ਦੇ ਮਾਮਲੇ ਲਗਾਤਾਰ ਵਧ ਰਹੇ ਹਨ ਤੇ ਪਿਛਲੇ ਚਾਰ-ਪੰਜ ਦਿਨਾਂ ਵਿੱਚ ਸਭ ਤੋਂ ਵੱਧ ਕੇਸ ਸੰਗਰੂਰ ਜ਼ਿਲ੍ਹੇ ਵਿੱਚ ਆ ਰਹੇ ਹਨ।

ਇਹ ਹਾਲ ਉਦੋਂ ਹੈ ਜਦੋਂ ਪਿਛਲੇ ਦਿਨੀਂ ਹੀ ਸੂਬੇ ਦੇ ਮੁੱਖ ਮੰਤਰੀ ਵੱਲੋਂ ਸੰਗਰੂਰ ਜ਼ਿਲ੍ਹੇ ਵਿੱਚ ਪਰਾਲ਼ੀ ਤੋਂ ਬਾਇਓਗੈਸ ਬਣਾਉਣ ਵਾਲੇ ਭਾਰਤ ਦੇ ਸਭ ਤੋਂ ਵੱਡੇ ਪਲਾਂਟ ਦਾ ਉਦਘਾਟਨ ਕੀਤਾ ਗਿਆ ਹੈ।

ਪਰ ਇਸ ਪਲਾਂਟ ਦੇ ਲੱਗਣ ਤੋਂ ਬਾਅਦ ਵੀ ਇਸ ਜ਼ਿਲ੍ਹੇ ਵਿੱਚ ਪਰਾਲੀ ਨੂੰ ਅੱਗ ਲਗਾਉਣ ਦੇ ਮਾਮਲੇ ਪਿਛਲੇ ਕੁਝ ਦਿਨਾਂ ਵਿੱਚ ਬਹੁਤ ਵਧੇ ਹਨ।

ਪੰਜਾਬ ਦੇ ਕਿਸਾਨਾਂ ਨੂੰ ਗਾਲ਼ਾਂ ਨਾ ਕੱਢੋ - ਭਗਵੰਤ ਮਾਨ

ਪਰਾਲੀ ਦੇ ਮੁੱਦੇ ਉੱਤੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ, "ਪਰਾਲੀ ਦੇ ਮੁੱਦੇ ਉੱਤੇ ਪ੍ਰਦੂਸ਼ਣ ਦੀ ਸਿਆਸਤ ਹੋ ਰਹੀ ਹੈ। ਕੇਂਦਰ ਸਰਕਾਰ ਕਿਸਾਨਾਂ ਦੀ ਮਦਦ ਨਹੀਂ ਕਰ ਰਹੀ ਹੈ, ਸਗੋਂ ਪੰਜਾਬ ਦੇ ਕਿਸਾਨਾਂ ਨੂੰ ਬਦਨਾਮ ਕਰ ਰਹੀ ਹੈ।"

"ਹਰਿਆਣਾ, ਯੂਪੀ ਤੇ ਹੋਰ ਸੂਬਿਆਂ ਦੇ ਸ਼ਹਿਰਾ ਪ੍ਰਦੂਸ਼ਣ ਵਿੱਚ ਅੱਗੇ ਹਨ ਪਰ ਪੰਜਾਬ ਨੂੰ ਬਦਨਾਮ ਕੀਤਾ ਜਾ ਰਿਹਾ ਹੈ।"

"ਪੰਜਾਬ ਦੇ ਕਿਸਾਨਾਂ ਨੂੰ ਪਰਾਲੀ ਲਈ ਦੋਸ਼ੀ ਕਰਾਰ ਦਿੱਤਾ ਜਾ ਰਿਹਾ ਹੈ। ਅਸੀਂ ਤਾਂ ਪਹਿਲਾਂ ਹੀ ਇਸ ਸਮੱਸਿਆ ਦਾ ਹੱਲ ਦੱਸਿਆ ਸੀ ਕਿ 1500 ਰੁਪਏ ਕੇਂਦਰ ਸਰਕਾਰ ਦੇਵੇ, 500 ਰੁਪਏ ਪੰਜਾਬ ਤੇ 500 ਰੁਪਏ ਦਿੱਲੀ ਸਰਕਾਰ ਦੇਵੇ ਤੇ 2500 ਰੁਪਏ ਪ੍ਰਤੀ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਦਾ ਮੁਆਵਜ਼ਾ ਦਿੱਤਾ ਜਾਵੇ, ਪਰ ਅਜਿਹਾ ਨਹੀਂ ਹੋਇਆ।"

ਵੀਡੀਓ ਕੈਪਸ਼ਨ, ਪਰਾਲੀ ਦਾ ਧੂਆ: ਪੰਜਾਬ ਦੇ ਕਿਸਾਨਾਂ ਨੂੰ ਗਾਲ਼ਾਂ ਨਾ ਕੱਢੋ-ਭਗਵੰਤ ਮਾਨ

ਪੰਜਾਬ ਵਿੱਚ ਪਰਾਲ਼ੀ ਸਾੜਨ ਦੇ ਮੁੱਦੇ ਨੂੰ ਲੈ ਕੇ ਬੀਬੀਸੀ ਸਹਿਯੋਗੀ ਕੁਲਵੀਰ ਸਿੰਘ, ਨਵਕਿਰਨ ਸਿੰਘ ਅਤੇ ਸੁਰਿੰਦਰ ਮਾਨ ਦੀ ਰਿਪੋਰਟ ਪੜ੍ਹੋ:

ਸੰਗਰੂਰ ਵਿੱਚ ਕਿੰਨੇ ਕੇਸ

ਪਿਛਲੇ ਸਾਲ 30 ਅਕਤੂਬਰ, 2021 ਤੱਕ ਸੰਗਰੂਰ ਵਿੱਚ ਪਰਾਲ਼ੀ ਨੂੰ ਅੱਗ ਲਗਾਉਣ ਦੇ 349 ਤੋਂ ਜ਼ਿਆਦਾ ਮਾਮਲੇ ਸਾਹਮਣੇ ਆਏ ਸਨ ਪਰ ਪੂਰੇ ਸੀਜ਼ਨ ਦੌਰਾਨ ਅੱਗ ਲਗਾਉਣ ਦੇ 8,000 ਤੋਂ ਜ਼ਿਆਦਾ ਮਾਮਲੇ ਦਰਜ ਹੋਏ ਸਨ।

ਜਦਕਿ ਇਸ ਵਾਰ 31 ਅਕਤੂਬਰ 2022 ਤੱਕ ਹੀ ਪਰਾਲ਼ੀ ਨੂੰ ਅੱਗ ਲਗਾਉਣ ਦੇ ਕੁੱਲ 1699 ਮਾਮਲੇ ਸਾਹਮਣੇ ਆ ਚੁੱਕੇ ਹਨ।

ਇਸ ਦੇ ਕਾਰਨ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਪੰਜਾਬ ਦੇ ਵੱਖ-ਵੱਖ ਬਲਾਕਾਂ ਸਮੇਤ ਸੰਗਰੂਰ ਦੇ ਮੁੱਖ ਖੇਤੀਬਾੜੀ ਅਫ਼ਸਰ ਹਰਬੰਸ ਸਿੰਘ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ।

ਵੀਡੀਓ ਕੈਪਸ਼ਨ, ਸੰਗਰੂਰ ਦਾ ਭੁਟਾਲ ਕਲਾਂ ਪਿੰਡ ਵਿੱਚ ਕਿਉਂ ਲਗਾ ਰਹੇ ਹਨ ਪਰਾਲੀ ਨੂੰ ਅੱਗ

ਪਲਾਂਟ ਦੀ ਕਿੰਨੀ ਸਮਰੱਥਾ

ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੰਗਰੂਰ ਦੇ ਭੁਟਾਲ ਕਲਾਂ ਪਿੰਡ ਵਿੱਚ ਲੱਗੇ ਇਸ ਪਲਾਂਟ ਦਾ ਉਦਘਾਟਨ ਲੰਘੀ 18 ਅਕਤੂਬਰ ਨੂੰ ਕੀਤਾ ਗਿਆ ਸੀ।

'ਵਰਬਾਇਓ ਇੰਡੀਆ ਪ੍ਰਾਈਵੇਟ ਲਿਮਟਿਡ' ਨਾਮ ਦੇ ਇਸ ਪਲਾਂਟ ਨੂੰ ਭਾਰਤ ਦਾ ਸਭ ਤੋਂ ਵੱਡਾ ਪਰਾਲ਼ੀ ਅਧਾਰਿਤ ਬਾਇਓ-ਕੰਪਰੈਸਡ ਗੈਸ ਪਲਾਂਟ ਕਿਹਾ ਜਾ ਰਿਹਾ ਹੈ।

ਮੁੱਖ ਮੰਤਰੀ ਨੇ ਦਾਅਵਾ ਕੀਤਾ ਹੈ ਕਿ ਇਹ ਬਾਇਓਗੈਸ ਪਲਾਂਟ ਲਹਿਰਾਗਾਗਾ ਹਲਕੇ ਦੀ 45,000 ਏਕੜ ਜ਼ਮੀਨ ਤੋਂ ਪਰਾਲ਼ੀ ਇਕੱਠੀ ਕਰੇਗਾ।

ਪਲਾਂਟ ਦੇ ਮੁਖੀ ਪੰਕਜ ਜੈਨ

ਤਸਵੀਰ ਸਰੋਤ, Kulveer singh/bbc

ਤਸਵੀਰ ਕੈਪਸ਼ਨ, ਪਲਾਂਟ ਦੇ ਮੁਖੀ ਪੰਕਜ ਜੈਨ

ਇਹ ਕਿਹਾ ਜਾ ਰਿਹਾ ਸੀ ਕਿ ਇਹ ਜਰਮਨੀ ਦੀ ਨਿੱਜੀ ਕੰਪਨੀ ਵੱਲੋਂ ਬਣਾਇਆ ਏਸ਼ੀਆ ਦਾ ਸਭ ਤੋਂ ਵੱਡਾ ਬਾਇਓਗੈਸ ਪਲਾਂਟ ਹੈ ਤੇ ਇਸ ਦੇ ਨਾਲ ਪਰਾਲ਼ੀ ਨੂੰ ਅੱਗ ਲੱਗਣ ਦੇ ਮਾਮਲਿਆਂ ਵਿੱਚ ਕਾਫ਼ੀ ਕਮੀ ਆਵੇਗੀ।

ਪਲਾਂਟ ਦੇ ਮੁਖੀ ਪੰਕਜ ਜੈਨ ਨੇ ਨੇ ਬੀਬੀਸੀ ਸਹਿਯੋਗੀ ਕੁਲਵੀਰ ਸਿੰਘ ਨਾਲ ਗੱਲਬਾਤ ਕਰਦੇ ਦੱਸਿਆ ਕਿ ਹੁਣ ਤੱਕ ਉਹ ਆਪਣੀਆਂ ਮਸ਼ੀਨਾਂ ਰਾਹੀਂ 5000 ਏਕੜ ਜ਼ਮੀਨ ਤੋਂ 11000 ਟਨ ਦੇ ਕਰੀਬ ਪਰਾਲ਼ੀ ਇਕੱਠੀ ਕਰ ਚੁੱਕੇ ਹਾਂ।

ਉਨ੍ਹਾਂ ਦੱਸਿਆ ਕਿ ਇਸ ਬਾਇਓ ਗੈਸ ਪਲਾਂਟ ਦੀ ਕੁੱਲ ਸਮਰੱਥਾ 33 ਟਨ ਹੈ ਅਤੇ ਇਹ ਇਸ ਸਮੇਂ 7 ਟਨ ਬਾਇਓਗੈਸ ਦਾ ਉਤਪਾਦਨ ਕਰ ਰਿਹਾ ਹੈ।

ਬੀਬੀਸੀ
  • ਪੰਜਾਬ ਵਿੱਚ ਝੋਨੇ ਦੀ ਪਰਾਲ਼ੀ ਨੂੰ ਅੱਗ ਲਗਾਉਣ ਦੇ ਮਾਮਲੇ ਲਗਾਤਾਰ ਵਧ ਰਹੇ ਹਨ।
  • ਪਿਛਲੇ ਸਾਲ 30 ਅਕਤੂਬਰ, 2021 ਤੱਕ ਸੰਗਰੂਰ 'ਚ ਪਰਾਲ਼ੀ ਨੂੰ ਅੱਗ ਲਗਾਉਣ ਦੇ 349 ਤੋਂ ਜ਼ਿਆਦਾ ਮਾਮਲੇ ਸਾਹਮਣੇ ਆਏ ਸਨ।
  • ਇਸ ਸਾਲ 31 ਅਕਤੂਬਰ ਤੱਕ ਹੀ ਪਰਾਲ਼ੀ ਨੂੰ ਅੱਗ ਲਗਾਉਣ ਦੇ ਕੁੱਲ 1699 ਮਾਮਲੇ ਸਾਹਮਣੇ ਆ ਚੁੱਕੇ ਹਨ।
  • ਮੁੱਖ ਮੰਤਰੀ ਭਗਵੰਤ ਮਾਨ ਨੇ ਸੰਗਰੂਰ ਦੇ ਭੁਟਾਲ ਕਲਾਂ 'ਚ ਪਰਾਲ਼ੀ ਤੋਂ ਬਾਇਓਗੈਸ ਬਣਾਉਣ ਵਾਲੇ ਪਲਾਂਟ ਉਦਘਾਟਨ ਕੀਤਾ ਹੈ।
  • ਇਸ ਪਲਾਂਟ ਨੂੰ ਭਾਰਤ ਦਾ ਸਭ ਤੋਂ ਵੱਡਾ ਪਰਾਲ਼ੀ ਅਧਾਰਿਤ ਬਾਇਓ-ਕੰਪਰੈਸਡ ਗੈਸ ਪਲਾਂਟ ਕਿਹਾ ਜਾ ਰਿਹਾ ਹੈ।
  • ਪਰ ਇਸ ਦੇ ਬਾਵਜੂਦ ਵੀ ਇਸ ਜ਼ਿਲ੍ਹੇ ਵਿੱਚ ਪਰਾਲੀ ਸਾੜਨ ਦੇ ਸਬ ਤੋਂ ਵੱਧ ਮਾਮਲੇ ਸਾਹਮਣੇ ਆ ਰਹੇ ਹਨ।
  • ਇਸੇ ਪਲਾਂਟ ਦੇ ਨੇੜਲੇ ਪਿੰਡ ਦੇ ਕਿਸਾਨ ਅਜੇ ਵੀ ਪਰਾਲ਼ੀ ਨੂੰ ਅੱਗ ਲਗਾ ਰਹੇ ਹਨ।
  • ਇਸੇ ਕਾਰਨ ਖੇਤੀਬਾੜੀ ਮੰਤਰੀ ਨੇ ਪੰਜਾਬ ਦੇ ਵੱਖ-ਵੱਖ ਬਲਾਕਾਂ ਸਮੇਤ ਸੰਗਰੂਰ ਦੇ ਮੁੱਖ ਖੇਤੀਬਾੜੀ ਅਫ਼ਸਰ ਹਰਬੰਸ ਸਿੰਘ ਨੂੰ ਸਸਪੈਂਡ ਕਰ ਹੈ।
  • ਹਾਲਾਂਕਿ ਕੁਝ ਕਿਸਾਨ ਪਰਾਲ਼ੀ ਨੂੰ ਅੱਗ ਲਗਾਉਣ ਦੀ ਬਜਾਏ ਇਸ ਨੂੰ ਖਾਦ ਵਜੋਂ ਵੀ ਵਰਤ ਰਹੇ ਹਨ।
ਬੀਬੀਸੀ

ਪਲਾਂਟ ਨੇੜਲੇ ਪਿੰਡ 'ਚ ਹੀ ਪਰਾਲ਼ੀ ਕਿਉਂ ਸਾੜ ਰਹੇ ਕਿਸਾਨ

ਪਰ ਇਸੇ ਪਲਾਂਟ ਦੇ ਨੇੜਲੇ ਪਿੰਡ ਭੁਟਾਲ ਕਲਾਂ ਦੇ ਕਿਸਾਨ ਅਜੇ ਵੀ ਪਰਾਲ਼ੀ ਨੂੰ ਅੱਗ ਲਗਾ ਰਹੇ ਹਨ।

ਜਦ ਉਨ੍ਹਾਂ ਤੋਂ ਅੱਗ ਲਗਾਉਣ ਦਾ ਕਾਰਨ ਪੁੱਛਿਆ ਗਿਆ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਬਾਇਓਗੈਸ ਪਲਾਂਟ ਵੱਲੋਂ ਉਨ੍ਹਾਂ ਦੀ ਪਰਾਲ਼ੀ ਨਹੀਂ ਚੁੱਕੀ ਜਾ ਰਹੀ।

ਬੀਬੀਸੀ ਸਹਿਯੋਗੀਕੁਲਵੀਰ ਸਿੰਘ ਦੁਆਰਾ ਦਿੱਤੀ ਜਾਣਕਾਰੀ ਮੁਤਾਬਕ, ਕਿਸਾਨ ਕਹਿ ਰਹੇ ਹਨ ਕਿ ਬਾਇਓ ਗੈਸ ਪਲਾਂਟ ਵੱਲੋਂ ਉਨ੍ਹਾਂ ਨੂੰ ਕਈ-ਕਈ ਦਿਨਾਂ ਦਾ ਸਮਾਂ ਦਿੱਤਾ ਜਾ ਰਿਹਾ ਹੈ ਪਰ ਉਨ੍ਹਾਂ ਨੇ ਆਪਣੇ ਖੇਤਾਂ ’ਚ ਕਣਕ ਦੀ ਬਿਜਾਈ ਵੀ ਕਰਨੀ ਹੈ ਤੇ ਇਸ ਸਮੇਂ ਉਨ੍ਹਾਂ ਕੋਲ ਸਮੇਂ ਦੀ ਬਹੁਤ ਘਾਟ ਹੈ।

ਦੂਜੇ ਪਾਸੇ ਕਿਸਾਨ ਇਹ ਵੀ ਇਲਜ਼ਾਮ ਲਗਾ ਰਹੇ ਹਨ ਕਿ ਅਜਿਹੇ ਵੱਡੇ ਕਿਸਾਨਾਂ ਦੀ ਪਰਾਲ਼ੀ ਚੁੱਕੀ ਜਾ ਰਹੀ ਹੈ ਜਿਨ੍ਹਾਂ ਕੋਲ ਆਪਣੇ ਸੰਦ ਵੀ ਹਨ ਪਰ ਪਰਾਲ਼ੀ ਨੂੰ ਜ਼ਮੀਨ ਵਿੱਚ ਨਿਪਟਾਰਾ ਕਰਨ ਦੇ ਲਈ ਸਭ ਤੋਂ ਵੱਡੀ ਸਮੱਸਿਆ ਛੋਟੇ ਕਿਸਾਨ ਨੂੰ ਆਉਂਦੀ ਹੈ।

ਇਸ ਦਾ ਛੋਟੇ ਕਿਸਾਨ ਨੂੰ ਕੋਈ ਲਾਭ ਨਹੀਂ ਹੋ ਰਿਹਾ ਜਿਸ ਕਾਰਨ ਮਜਬੂਰੀ ਵੱਸ ਉਨ੍ਹਾਂ ਨੂੰ ਪਰਾਲ਼ੀ ਨੂੰ ਅੱਗ ਲਾਉਣੀ ਪੈ ਰਹੀ ਹੈ।

ਗੋਵਿੰਦ ਸਿੰਘ ਪੰਧੇਰ

ਤਸਵੀਰ ਸਰੋਤ, kulveer singh/bbc

ਤਸਵੀਰ ਕੈਪਸ਼ਨ, ਪਰਾਲ਼ੀ ਨੂੰ ਅੱਗ ਲਗਾਉਣ ਵਾਲੇ ਕਿਸਾਨ ਗੋਵਿੰਦ ਸਿੰਘ ਪੰਧੇਰ ਦਾ ਕਹਿਣਾ ਹੈ ਕਿ ਕਿਸਾਨ ਪਰਾਲ਼ੀ ਨੂੰ ਮਜ਼ਬੂਰੀ ਵਿੱਚ ਅੱਗ ਲਗਾ ਰਹੇ ਹਨ

ਕਿਸਾਨਾਂ 'ਤੇ ਕੀ ਕਾਰਵਾਈ ਹੋਈ

ਪਰਾਲ਼ੀ ਦਾ ਮੁੱਦਾ ਪੰਜਾਬ ਵਿੱਚ ਪਿਛਲੇ ਕਾਫ਼ੀ ਸਮੇਂ ਤੋਂ ਸਰਕਾਰ ਲਈ ਇੱਕ ਵੱਡੀ ਸਮੱਸਿਆ ਬਣਿਆ ਹੋਇਆ ਹੈ।

ਪਿਛਲੇ ਸਮੇਂ 21 ਦਿਨ ਤੱਕ ਚੱਲੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਕਿਸਾਨ ਮੋਰਚੇ ਵਿੱਚ ਵੀ ਪਰਾਲ਼ੀ ਦੇ ਨਿਪਟਾਰੇ ਨੂੰ ਲੈ ਕੇ ਕਿਸਾਨਾਂ ਦੀ ਸਰਕਾਰ ਅੱਗੇ ਇਕ ਵੱਡੀ ਮੰਗ ਸੀ।

ਇਸ ਬਾਰੇ ਸਰਕਾਰ ਵੱਲੋਂ ਲਿਖਤੀ ਭਰੋਸਾ ਦਿੱਤਾ ਗਿਆ ਕਿ ਪਰਾਲ਼ੀ ਨੂੰ ਅੱਗ ਲਗਾਉਣ ਦੇ ਮਾਮਲੇ ਵਿੱਚ ਕਿਸੇ ਵੀ ਕਿਸਾਨ ਦੇ ਉੱਪਰ ਸਰਕਾਰ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾਵੇਗੀ।

ਪਰਾਲੀ ਦੇ ਮਾਮਲੇ

ਕਿਸਾਨ ਆਪਣੇ ਪੱਧਰ 'ਤੇ ਕੀ ਉਪਰਾਲੇ ਕਰ ਰਹੇ

ਪਿਛਲੇ ਕੁਝ ਸਾਲਾਂ ਤੋਂ ਕਈ ਅਗਾਂਹਵਧੂ ਕਿਸਾਨ ਝੋਨੇ ਦੀ ਪਰਾਲ਼ੀ ਨੂੰ ਅੱਗ ਲਾਉਣ ਦੀ ਬਜਾਏ ਆਪਣੇ ਪੱਧਰ 'ਤੇ ਹੀ ਨਿਪਟਾਰਾ ਕਰਨ ਵਿੱਚ ਲੱਗੇ ਹੋਏ ਹਨ।

ਕੁਝ ਕਿਸਾਨ ਪਰਾਲ਼ੀ ਦੀਆਂ ਗੰਢਾ ਬਣਵਾ ਕੇ ਫੈਕਟਰੀਆਂ ਵਿੱਚ ਵੇਚ ਰਹੇ ਹਨ ਤਾਂ ਕੁਝ ਕਿਸਾਨ ਪਸ਼ੂਆਂ ਲਈ ਰੀਪਰ ਨਾਲ ਪਰਾਲ਼ੀ ਦੀ ਤੂੜੀ ਬਣਵਾਉਂਦੇ ਹਨ।

ਕਿਸਾਨ ਮਲਕੀਤ ਸਿੰਘ

ਤਸਵੀਰ ਸਰੋਤ, NAvkiransingh/BBc

ਤਸਵੀਰ ਕੈਪਸ਼ਨ, ਕਿਸਾਨ ਯੂਨੀਅਨ ਦੇ ਜਿਲ੍ਹਾ ਪੱਧਰੀ ਆਗੂ ਮਲਕੀਤ ਸਿੰਘ ਪਿਛਲੇ 5 ਸਾਲ ਤੋਂ ਪਰਾਲ਼ੀ ਨੂੰ ਨਹੀਂ ਸਾੜ ਰਹੇ

ਕਈ ਕਿਸਾਨ ਵੱਖੋ-ਵੱਖ ਢੰਗਾਂ ਨਾਲ ਪਰਾਲ਼ੀ ਨੂੰ ਖੇਤ ਵਿੱਚ ਹੀ ਨਸ਼ਟ ਕਰਕੇ ਅਗਲੀ ਫਸਲ ਲਈ ਖਾਦ ਵਜੋਂ ਵਰਤੋਂ ਕਰਦੇ ਹਨ।

ਇਨ੍ਹਾਂ ਕਿਸਾਨਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਕਰਨ ਨਾਲ ਖੇਤ ਵਿੱਚ ਜ਼ਮੀਨ ਪੋਲੀ ਰਹਿੰਦੀ ਹੈ ਤੇ ਗੰਡੋਏ ਅਸਾਨੀ ਨਾਲ ਵੱਧਦੇ ਫੁੱਲਦੇ ਹਨ।

ਇਸ ਤਰ੍ਹਾਂ ਪਰਾਲ਼ੀ ਖੇਤ ਵਿੱਚ ਨਸ਼ਟ ਕਰਨ ਨਾਲ ਨਾਈਟ੍ਰੋਜਨ, ਯੂਰੀਆ, ਸਲਫ਼ਰ ਆਦਿ ਦੀ ਘਾਟ ਪੂਰੀ ਹੁੰਦੀ ਹੈ ਤੇ ਵਾਤਾਵਰਨ ਪ੍ਰਦੂਸ਼ਨ ਤੋਂ ਵੀ ਨਿਜਾਤ ਮਿਲਦੀ ਹੈ।

ਬੀਬੀਸੀ ਸਹਿਯੋਗੀਨਵਕਿਰਨ ਸਿੰਘ ਨੇ ਬਰਨਾਲਾ ਜਿਲ੍ਹੇ ਦੇ ਉਨ੍ਹਾਂ ਪੰਜ ਕਿਸਾਨਾਂ ਨਾਲ ਗੱਲਬਾਤ ਕੀਤੀ ਜੋ ਪਰਾਲ਼ੀ ਨੂੰ ਅੱਗ ਲਾਉਣ ਦੀ ਬਜਾਏ ਆਪਣੇ ਖੇਤੀ ਸੰਦਾਂ ਨਾਲ ਖੇਤ ਵਿੱਚ ਹੀ ਮਿਲਾਉਂਦੇ ਹਨ ਤੇ ਪਰਾਲ਼ੀ ਦਾ ਖਾਦ ਵਜੋਂ ਉਪਯੋਗ ਕਰਦੇ ਹਨ।

ਇਨ੍ਹਾਂ ਕਿਸਾਨਾਂ ਅਨੁਸਾਰ ਉਨ੍ਹਾਂ ਦਾ ਤਜ਼ਰਬਾ ਬਹੁਤ ਸਫ਼ਲ ਰਿਹਾ ਹੈ। ਉਨ੍ਹਾਂ ਨੂੰ ਇਸ ਦੀ ਲਾਗਤ ਵੀ ਘੱਟ ਪਈ ਹੈ ਤੇ ਖੇਤ ਦੀ ਉਪਜਾਊ ਸ਼ਕਤੀ ਵਿੱਚ ਅਥਾਹ ਵਾਧਾ ਹੋਇਆ ਹੈ।

ਪਰਾਲ਼ੀ ਨੂੰ ਖੇਤ ਵਿੱਚ ਦੱਬਣ ਨਾਲ ਕਈ ਕਿਸਾਨ ਚੂਹੇ ਅਤੇ ਸੁੰਡੀ ਪੈਣ ਦਾ ਖਦਸ਼ਾ ਜਾਹਿਰ ਕਰਦੇ ਹਨ ਪਰ ਇਨ੍ਹਾਂ ਕਿਸਾਨਾਂ ਨੇ ਦੱਸਿਆ ਕਿ ਉਹ ਖੇਤ ਵਿੱਚ ਕੁਝ ਦਵਾਈਆਂ ਮਿਲਾਉਂਦੇ ਹਨ, ਜਿਸ ਨਾਲ ਚੂਹੇ ਤੇ ਸੁੰਡੀ ਤੋਂ ਵੀ ਨਿਜਾਤ ਮਿਲ ਜਾਂਦੀ ਹੈ।

ਕਿਸਾਨ ਕਰਮਜੀਤ ਸਿੰਘ

ਤਸਵੀਰ ਸਰੋਤ, NAvkiran singh/bbc

ਤਸਵੀਰ ਕੈਪਸ਼ਨ, ਕਰਮਜੀਤ ਸਿੰਘ ਸੇਖੋਂ ਨੇ 1 ਸਾਲ ਪਹਿਲਾਂ ਪਰਾਲ਼ੀ ਨੂੰ ਖਾਦ ਵਜੋਂ ਵਰਤਣਾ ਇਸਤੇਮਾਲ ਕੀਤਾ ਹੈ

ਇਹ ਵੀ ਤੱਥ ਹੈ ਕਿ ਪਰਾਲ਼ੀ ਨੂੰ ਖੇਤ ਵਿੱਚ ਮਿਲਾਉਣ ਲਈ ਜ਼ਿਆਦਾ ਹਾਰਸ ਪਾਵਰ ਵਾਲੇ ਵੱਡੇ ਟਰੈਕਟਰ ਤੇ ਮਹਿੰਗੇ ਖੇਤੀ ਸੰਦਾਂ (ਰੋਟਾਵੇਟਰ, ਸੁਪਰਸੀਡਰ, ਹੈਪੀਸੀਡਰ, ਮਲਚਰ ਆਦਿ) ਦੀ ਲੋੜ ਪੈਂਦੀ ਹੈ।

ਸੋ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਕਿਸਾਨਾਂ ਨੂੰ ਪਿੰਡਾਂ ਦੀਆਂ ਸਹਿਕਾਰੀ ਸਭਾਵਾਂ ਰਾਹੀਂ ਇਹ ਸਭ ਮੁਹੱਈਆ ਕਰਨਾ ਯਕੀਨੀ ਬਣਾਵੇ।

ਘੱਟ ਲਾਗਤ ਵਿੱਚ ਚੰਗਾ ਮੁਨਾਫਾ, ਪਰ ਸਰਕਾਰ ਦਾ ਕੋਈ ਸਹਿਯੋਗ ਨਹੀਂ

ਪੱਟੀ ਸੇਖਵਾਂ ਦੇ ਸਵਨੀਕ ਇਕਬਾਲ ਸਿੰਘ ਪਿਛਲੇ 2 ਸਾਲਾਂ ਤੋਂ ਪਰਾਲ਼ੀ ਨੂੰ ਅੱਗ ਲਗਾਉਣ ਦੀ ਬਜਾਏ, ਖਾਦ ਵਜੋਂ ਇਸ ਦਾ ਇਸਤੇਮਾਲ ਕਰ ਰਹੇ ਹਨ ਤੇ ਫਸਲ ਵੀ ਚੰਗੀ ਹੋ ਰਹੀ ਹੈ।

ਉਨ੍ਹਾਂ ਵਾਂਗ ਹੀ ਕਰਮਜੀਤ ਸਿੰਘ ਸੇਖੋਂ ਨੇ 1 ਸਾਲ ਪਹਿਲਾਂ ਅਤੇ ਬਚਿੱਤਰ ਸਿੰਘ ਨੇ ਇਹ ਤਕਨੀਕ 3 ਸਾਲ ਪਹਿਲਾਂ ਅਪਣਾਈ ਸੀ। ਉਨ੍ਹਾਂ ਨੇ ਦੋ ਏਕੜ ਫਸਲ ਤਾਂ ਸਿਰਫ ਮਲਚਰ ਫੇਰ ਕੇ ਬੀਜੀ ਹੈ ਤੇ ਬਾਕੀ ਖੇਤ ਸੁਪਰਸੀਡਰ ਨਾਲ ਬੀਜਿਆ ਹੈ।

ਮਲਚਰ ਕੁਝ ਸੰਸਥਾਵਾਂ ਤੋਂ ਕਿਰਾਏ 'ਤੇ 150 ਰੁਪਏ ਘੰਟੇ ਦੇ ਹਿਸਾਬ ਨਾਲ ਮਿਲ ਜਾਂਦਾ ਹੈ ਤੇ ਮਲਚਰ ਨਾਲ ਟਰੈਕਟਰ ਲਗਭਗ 4 ਲੀਟਰ ਤੇਲ ਨਾਲ ਇੱਕ ਏਕੜ ਦੀ ਬੀਜਾਈ ਕਰ ਦਿੰਦਾ ਹੈ।

ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪੱਧਰੀ ਆਗੂ ਮਲਕੀਤ ਸਿੰਘ ਪਿਛਲੇ 5 ਸਾਲ ਤੋਂ ਪਰਾਲ਼ੀ ਨੂੰ ਨਹੀਂ ਸਾੜ ਰਹੇ। ਉਨ੍ਹਾਂ ਦੇ ਇਸ ਉਪਰਾਲੇ ਨੂੰ ਦੇਖ ਕੇ ਜ਼ਿਲ੍ਹੇ ਦੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਤੇ ਖੇਤੀਬਾੜੀ ਅਫਸਰਾਂ ਵੱਲੋਂ ਉਨ੍ਹਾਂ ਦੇ ਖੇਤ ਦਾ ਦੌਰਾ ਕਰਕੇ ਹੱਲਾਸ਼ੇਰੀ ਦਿੱਤੀ ਗਈ ਹੈ।

ਛੀਨੀਵਾਲ ਕਲਾਂ ਦਾ ਕਿਸਾਨ ਹਿਰਦੇਪਾਲ ਸਿੰਘ 2017 ਤੋਂ ਝੋਨੇ ਦੀ ਪਰਾਲ਼ੀ ਨੂੰ ਅੱਗ ਲਗਾਏ ਬਗੈਰ ਖੇਤੀ ਕਰ ਰਹੇ ਹਨ ਪਰ ਉਨ੍ਹਾਂ ਨੂੰ ਸਰਕਾਰ ਤੋਂ ਨਾਰਾਜ਼ਗੀ ਹੈ ਕਿ ਪੰਜਾਬ ਸਰਕਾਰ ਉਨ੍ਹਾਂ ਨੂੰ ਕੋਈ ਵਿਸ਼ੇਸ਼ ਸਹਿਯੋਗ ਜਾਂ ਅਗਵਾਈ ਨਹੀਂ ਦੇ ਰਹੀ ਹੈ।

ਬੀਬੀਸੀ

ਇਹ ਵੀ ਪੜ੍ਹੋ-

ਬੀਬੀਸੀ

ਪਰਾਲ਼ੀ ਨੂੰ ਅੱਗ ਨਾ ਲਗਾਉਣ ਵਾਲਿਆਂ ਨੂੰ ਪੰਚਾਇਤ ਕਰੇਗੀ ਸਨਮਾਨਿਤ

ਇੱਕ ਪਾਸੇ ਜਿੱਥੇ ਪੰਜਾਬ ਸਰਕਾਰ ਅਤੇ ਸਮਾਜ ਸੇਵੀ ਲੋਕ ਪੰਜਾਬ ਦੇ ਵਾਤਾਵਰਣ ਨੂੰ ਸ਼ੁੱਧ ਕਰਨ ਲਈ ਪਰਾਲ਼ੀ ਨੂੰ ਅੱਗ ਲਗਾਉਣ ਸੰਬੰਧੀ ਜਾਗਰੂਕਤਾ ਮੁਹਿੰਮ ਚਲਾ ਰਹੇ ਹਨ।

ਇਸ ਦੌਰਾਨ ਜ਼ਿਲ੍ਹਾ ਮੋਗਾ ਅਧੀਨ ਪੈਂਦੇ ਪਿੰਡ ਸਲ੍ਹੀਣਾ ਦੀ ਪੰਚਾਇਤ ਨੇ ਵੀ ਇਸ ਸਬੰਧੀ ਇੱਕ ਮਤਾ ਪਾਸ ਕੀਤਾ ਹੈ।

ਬੀਬੀਸੀ ਸਹਿਯੋਗੀ ਸੁਰਿੰਦਰ ਮਾਨ ਦੁਆਰਾ ਦਿੱਤੀ ਜਾਣਕਾਰੀ ਮੁਤਾਬਕ, ਇਸ ਪਿੰਡ ਦੀ ਪੰਚਾਇਤ ਨੇ ਮਤਾ ਪਾਸ ਕਰਕੇ ਕਿਹਾ ਹੈ ਕਿ ਪਿੰਡ ਦਾ ਕੋਈ ਵੀ ਵਿਅਕਤੀ ਪਰਾਲ਼ੀ ਨੂੰ ਅੱਗ ਨਹੀਂ ਲਾਵੇਗਾ।

ਪਿੰਡ ਦੀ ਮਹਿਲਾ ਸਰਪੰਚ ਮਨਿੰਦਰ ਕੌਰ ਬੀਬੀਸੀ ਪੰਜਾਬੀ ਦੇ ਸਹਿਯੋਗੀ ਸੁਰਿੰਦਰ ਮਾਨ ਨੂੰ ਨੇ ਦੱਸਿਆ ਕਿ ਜਿਹੜੇ ਪੰਜ ਏਕੜ ਤੋਂ ਘੱਟ ਵਾਲੇ ਕਿਸਾਨ ਆਪਣੀ ਪਰਾਲ਼ੀ ਨੂੰ ਪਿੰਡ ਵਿੱਚ ਅੱਗ ਨਹੀਂ ਲਗਾਉਣਗੇ, ਉਨ੍ਹਾਂ ਨੂੰ 1100 ਰੁਪਏ ਅਤੇ ਸਨਮਾਨ ਪੱਤਰ ਦੇ ਕੇ ਸਨਮਾਨਤ ਕੀਤਾ ਜਾਵੇਗਾ।

ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਖੇਤੀਬਾੜੀ ਵਿਭਾਗ ਨੇ ਪਿੰਡ ਦੀ ਪੰਚਾਇਤ ਦੀ ਇਸ ਕਦਮ ਦੇ ਲਈ ਸ਼ਲਾਘਾ ਕੀਤੀ ਹੈ।

ਮਹਿਲਾ ਸਰਪੰਚ ਮਨਿੰਦਰ ਕੌਰ

ਤਸਵੀਰ ਸਰੋਤ, Surinder maan/bbc

ਤਸਵੀਰ ਕੈਪਸ਼ਨ, ਪਿੰਡ ਸਲ੍ਹੀਣਾ ਦੇ ਮਹਿਲਾ ਸਰਪੰਚ ਮਨਿੰਦਰ ਕੌਰ ਦੇ ਇਸ ਕਦਮ ਦੀ ਹਰ ਕੋਈ ਸ਼ਲਾਘਾ ਕਰ ਰਿਹਾ ਹੈ

ਮੁਅੱਤਲ ਕੀਤੇ ਅਫ਼ਸਰ ਦਾ ਕੀ ਕਹਿਣਾ ਹੈ

ਸੰਗਰੂਰ ਜਿਲ੍ਹੇ ਦੇ ਹਾਲ ਹੀ ਵਿੱਚ ਮੁਅੱਤਲ ਕੀਤੇ ਮੁੱਖ ਖੇਤੀਬਾੜੀ ਅਫ਼ਸਰ ਡਾ. ਹਰਬੰਸ ਸਿੰਘ ਨੇ ਕਿਹਾ ਕਿ ਸਰਕਾਰ ਵੱਲੋਂ ਪਰਾਲ਼ੀ ਦਾ ਨਿਪਟਾਰਾ ਕਰਨ ਲਈ ਵਰਤੀ ਜਾਣ ਵਾਲੀ ਮਸ਼ੀਨਰੀ ਲਈ ਇੱਕੀ ਹਜ਼ਾਰ ਕਰੋੜ ਰੁਪਈਆ ਦਿੱਤਾ ਗਿਆ ਹੈ।

ਇਸ ਦੇ ਲਈ 2600 ਕਿਸਾਨਾਂ ਨੇ ਮਸ਼ੀਨਾਂ ਲਈ ਅਰਜ਼ੀਆਂ ਦਿੱਤੀਆਂ ਹਨ ਤੇ 1400 ਦੇ ਕਰੀਬ ਕਿਸਾਨਾਂ ਨੂੰ ਮਸ਼ੀਨਾਂ ਦਿੱਤੀਆਂ ਜਾ ਚੁੱਕੀਆਂ ਹਨ।

ਉਨ੍ਹਾਂ ਕਿਹਾ ਕਿ ਸਾਡਾ ਕੰਮ ਕਿਸਾਨਾਂ ਨੂੰ ਜਾਗਰੂਕ ਕਰਨਾ ਹੈ, ਫਸਲਾਂ ਬਾਰੇ ਜਾਣਕਾਰੀ ਦੇਣਾ ਹੈ, ਪਰਾਲ਼ੀ ਨੂੰ ਅੱਗ ਨਾ ਲਗਾਉਣ ਸਬੰਧੀ ਵਿਗਿਆਪਨ ਦੇਣਾ ਅਤੇ ਪਿੰਡ-ਪਿੰਡ ਜਾ ਕੇ ਕਿਸਾਨਾਂ ਲਈ ਜਾਗਰੂਕ ਕੈਂਪ ਲਗਾਉਣਾ ਹੈ।

ਸੰਗਰੂਰ ਦੇ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਫਿਲਹਾਲ ਸੰਗਰੂਰ ਪ੍ਰਸ਼ਾਸਨ ਵੱਲੋਂ ਕਿਸੇ ਵੀ ਕਿਸਾਨ ਉੱਤੇ ਪਰਾਲ਼ੀ ਨੂੰ ਅੱਗ ਲਾਉਣ ਨੂੰ ਲੈ ਕੇ ਕੋਈ ਵੀ ਮਾਮਲਾ ਦਰਜ ਨਹੀਂ ਕੀਤਾ ਗਿਆ ਹੈ।

ਉਨ੍ਹਾਂ ਵੱਲੋਂ ਵੱਖ-ਵੱਖ ਟੀਮਾਂ ਬਣਾ ਕੇ ਕਿਸਾਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਵੀ ਮੰਨਿਆ ਕਿ ਅੱਜ ਤੱਕ ਪਰਾਲ਼ੀ ਨੂੰ ਅੱਗ ਲਗਾਉਣ ਦੇ ਮਾਮਲਿਆਂ ਵਿੱਚ ਵਾਧਾ ਹੋਇਆ ਹੈ ਪਰ ਉਨ੍ਹਾਂ ਵੱਲੋਂ ਕਿਸਾਨਾਂ ਨੂੰ ਹਰ ਤਰ੍ਹਾਂ ਦੇ ਸਾਧਨ ਮੁਹੱਈਆ ਕਰਵਾਏ ਜਾ ਰਹੇ ਹਨ।

ਪੰਜਾਬ ਸਰਕਾਰ ਨੇ ਫੈਸਲਾ ਲਿਆ ਹੈ ਕਿ ਜੇਕਰ ਕਿਸੇ ਪਿੰਡ ਵਿੱਚ ਪਰਾਲੀ ਨੂੰ ਅੱਗ ਲਗਾਈ ਜਾਂਦੀ ਹੈ ਤਾਂ ਉਸ ਲਈ ਨੰਬਰਦਾਰ ਦੀ ਜ਼ਿੰਮੇਵਾਰੀ ਤੈਅ ਹੋਵੇਗੀ।

ਪੰਜਾਬ ਦੇ ਮੁੱਖ ਸਕੱਤਰ ਵਿਜੈ ਕੁਮਾਰ ਜੰਜੂਆ ਨੇ ਪਰਾਲੀ ਨੂੰ ਅੱਗ ਲਾਉਣ ਦੀਆਂ ਘਟਨਾਵਾਂ ਰੋਕਣ ਲਈ ਬਕਾਇਦਾ ਨੰਬਰਦਾਰਾਂ ਦੀ ਜ਼ਿੰਮੇਵਾਰੀ ਤੈਅ ਕਰਨ ਦੀ ਹਦਾਇਤ ਜਾਰੀ ਕੀਤੀ ਹੈ।

ਸਰਕਾਰ ਦਾ ਕਹਿਣਾ ਹੈ ਕਿ ਨੰਬਰਦਾਰ ਆਪਣੇ ਪਿੰਡਾਂ ਵਿੱਚ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਲਈ ਜਾਗਰੂਕ ਕਰਨ ਤੇ ਜਿਨ੍ਹਾਂ ਪਿੰਡਾਂ ਵਿੱਚ ਅੱਗ ਲਾਉਣ ਦੇ ਮਾਮਲੇ ਸਾਹਮਣੇ ਆਉਂਦੇ ਹਨ ਉੱਥੋਂ ਦੇ ਨੰਬਰਦਾਰਾਂ ਦੀ ਜਵਾਬਦੇਹੀ ਤੈਅ ਕੀਤੀ ਜਾਵੇ।

ਬੀਬੀਸੀ ਸਹਿਯੋਗੀ ਨਵਕਿਰਨ ਸਿੰਘ ਅਨੁਸਾਰ ਪੰਜਾਬ ਨੰਬਰਦਾਰਾਂ ਐਸੋਸੀਏਸ਼ਨ ਦੇ ਕੌਮੀ ਜਨਰਲ ਸਕੱਤਰ ਆਲਮਜੀਤ ਸਿੰਘ ਚਕੋਹੀ ਨੇ ਕਿਹਾ, “ਸਾਡੀ ਐਸੋਸੀਏਸ਼ਨ ਸਰਕਾਰ ਦੇ ਇਸ ਫੈਸਲੇ ਦਾ ਸਖਤ ਵਿਰੋਧ ਕਰਦੀ ਹੈ ਕਿਉਂਕਿ ਸਰਕਾਰ ਆਪਣੇ ਇਸ ਫੈਸਲੇ ਰਾਹੀਂ ਨੰਬਰਦਾਰਾਂ ਨੂੰ ਆਮ ਕਿਸਾਨਾਂ ਨਾਲ ਲੜਾਉਣਾ ਚਾਹੁੰਦੀ ਹੈ।”

ਉਨ੍ਹਾਂ ਕਿਹਾ ਕਿ ਸਰਕਾਰ ਇਸ ਤਰ੍ਹਾਂ ਦੇ ਫੈਸਲੇ ਕਰਨ ਤੋਂ ਪਹਿਲਾਂ ਕਿਸਾਨਾਂ ਨੂੰ ਪਹਿਲਾਂ ਖੇਤੀ ਸੰਦ ਮੁਹੱਈਆ ਕਰਵਾਏ।

ਬੀਬੀਸੀ

ਇਹ ਵੀ ਪੜ੍ਹੋ-

ਬੀਬੀਸੀ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)