ਵਿਕਰਮਜੀਤ ਸਿੰਘ: ਪੰਜਾਬ ਤੋਂ ਸਿਖਲਾਈ ਲੈ ਕੇ ਨੀਦਰਲੈਂਡਸ ਵੱਲੋਂ ਭਾਰਤੀ ਟੀਮ ਖਿਲਾਫ਼ ਖੇਡਣ ਵਾਲੇ ਕ੍ਰਿਕਟਰ ਨੂੰ ਜਾਣੋ

ਭਾਰਤ ਨੇ ਵਿਸ਼ਵ ਕੱਪ ਦੇ ਆਪਣੇ ਦੂਜੇ ਮੈਚ ਵਿੱਚ ਨੀਦਰਲੈਂਡ ਨੂੰ 56 ਦੌੜਾਂ ਨਾਲ ਹਰਾਇਆ। ਵਿਸ਼ਵ ਕੱਪ ਵਿੱਚ ਪਾਕਿਸਤਾਨ ਨੂੰ ਹਰਾਉਣ ਵਾਲੀ ਭਾਰਤੀ ਟੀਮ ਦੀ ਇਹ ਲਗਾਤਾਰ ਦੂਜੀ ਜਿੱਤ ਹੈ।

ਟੀਮ ਇੰਡੀਆ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਨੀਦਰਲੈਂਡ ਦੇ ਸਾਹਮਣੇ 180 ਦੌੜਾਂ ਦਾ ਟੀਚਾ ਰੱਖਿਆ ਸੀ।

ਜਵਾਬ 'ਚ ਨੀਦਰਲੈਂਡ ਦੀ ਟੀਮ 20 ਓਵਰਾਂ 'ਚ 9 ਵਿਕਟਾਂ 'ਤੇ 123 ਦੌੜਾਂ ਹੀ ਬਣਾ ਸਕੀ।

ਇਸ ਜਿੱਤ ਨਾਲ ਭਾਰਤੀ ਟੀਮ ਗਰੁੱਪ 2 ਦੀ ਅੰਕ ਸੂਚੀ ਵਿੱਚ ਪਹਿਲੇ ਨੰਬਰ 'ਤੇ ਆ ਗਈ ਹੈ। ਭਾਰਤ ਦਾ ਅਗਲਾ ਮੈਚ ਐਤਵਾਰ ਨੂੰ ਦੱਖਣੀ ਅਫਰੀਕਾ ਨਾਲ ਹੈ।

ਬੱਲੇਬਾਜ਼ਾਂ ਦੇ ਧਮਾਕੇ ਤੋਂ ਬਾਅਦ ਭਾਰਤੀ ਗੇਂਦਬਾਜ਼ ਸਿਡਨੀ ਦੇ ਮੈਦਾਨ 'ਚ ਚਮਕੇ ਅਤੇ ਨੀਦਰਲੈਂਡ ਦੀ ਟੀਮ ਨੂੰ ਲਗਾਤਾਰ ਝਟਕੇ ਦਿੱਤੇ।

ਨੀਦਰਲੈਂਡ ਲਈ ਟਿਮ ਪ੍ਰਿੰਗਲ ਨੇ ਸਭ ਤੋਂ ਵੱਧ 20 ਦੌੜਾਂ ਬਣਾਈਆਂ। ਇਸ ਨਾਲ ਮੈਚ 'ਚ ਭਾਰਤੀ ਗੇਂਦਬਾਜ਼ਾਂ ਦੇ ਦਬਦਬੇ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ।

ਭਾਰਤ ਲਈ ਭੁਵਨੇਸ਼ਵਰ ਕੁਮਾਰ, ਅਰਸ਼ਦੀਪ ਸਿੰਘ, ਆਰ ਅਸ਼ਵਿਨ ਅਤੇ ਅਕਸ਼ਰ ਪਟੇਲ ਨੇ ਦੋ-ਦੋ ਵਿਕਟਾਂ ਲਈਆਂ।

ਇਸ ਰਿਪੋਰਟ ਵਿਚ ਅਸੀਂ ਨੀਦਰਲੈਂਡਸ ਦੀ ਟੀਮ ਵੱਲੋਂ ਖੇਡੇ ਭਾਰਤੀ ਮੂਲਦੇ ਖਿਡਾਰੀ ਇੱਕ ਖਿਡਾਰੀ ਦੀ ਚਰਚਾ ਕਰਾਂਗੇ, ਜਿਨ੍ਹਾਂ ਦਾ ਨਾਮ ਹੈ ਵਿਕਰਮਜੀਤ ਸਿੰਘ।

ਭਾਰਤੀ ਪੰਜਾਬ ਦੇ ਜਲੰਧਰ ਨਾਲ ਸਬੰਧਤ 19 ਸਾਲਾ ਵਿਕਰਮਜੀਤ ਸਿੰਘ ਖੱਬੇ ਹੱਥ ਦੇ ਬੱਲੇਬਾਜ਼ ਹਨ ਅਤੇ ਉਨ੍ਹਾਂ ਨੇ ਹੁਣ ਤੱਕ 12 ਵਨਡੇਅ ਮੈਚ ਖੇਡੇ ਹਨ।

ਕ੍ਰਿਕਇਨਫੋ਼ ਦੀ ਵੈੱਬਸਾਈਟ ਉੱਪਰ ਦਿੱਤੀ ਜਾਣਕਾਰੀ ਮੁਤਾਬਕ, ਇਨ੍ਹਾਂ ਮੈਚਾਂ ਵਿੱਚ ਹੁਣ ਤੱਕ ਉਨ੍ਹਾਂ ਨੇ ਕੁੱਲ 367 ਰਨ ਬਣਾਏ ਹਨ। ਇਸ ਤੋਂ ਇਲਾਵਾ ਉਨ੍ਹਾਂ ਦੇ ਖਾਤੇ 7 ਟੀ20 ਮੈਚ ਵੀ ਦਰਜ ਹਨ।

ਉਨ੍ਹਾਂ ਨੇ ਵਨਡੇਅ ਮੈਚਾਂ ਵਿੱਚ ਆਪਣੇ ਕਰੀਅਰ ਦੀ ਸ਼ੁਰੂਆਤ ਨਿਊਜ਼ੀਲੈਂਡ ਦੇ ਖ਼ਿਲਾਫ਼ ਮੈਚ ਖੇਡ ਕੇ ਕੀਤੀ ਸੀ।

ਇਹ ਪਹਿਲਾ ਮੌਕਾ ਹੈ ਜਦੋਂ ਵਿਕਰਮਜੀਤ ਸਿੰਘ ਨੀਦਰਲੈਂਡਸ ਦੀ ਟੀਮ 'ਚ ਰਹਿੰਦੇ ਹੋਏ ਭਾਰਤ ਦੇ ਖ਼ਿਲਾਫ਼ ਖੇਡ ਰਹੇ ਹਨ।

ਦਿਲਚਸਪ ਹੈ ਕਿ ਵਿਕਰਮਜੀਤ ਸਿੰਘ ਨੇ ਉਸੇ ਮੁਲਕ ਭਾਰਤ ਖਿਲਾਫ਼ ਮੈਦਾਨ ਵਿੱਚ ਉਤਰੇ ਜਿੱਥੇ ਉਨ੍ਹਾਂ ਦਾ ਜਨਮ ਹੋਇਆ ਸੀ ਅਤੇ ਜਿੱਥੇ ਉਨ੍ਹਾਂ ਕ੍ਰਿਕਟ ਦੀ ਸਿਖਲਾਈ ਵੀ ਲਈ ਹੈ।

  • ਭਾਰਤ ਤੇ ਨੀਦਰਲੈਂਡਸ ਵਿਚਕਾਰ ਟੀ20 ਵਿਸ਼ਵ ਕੱਪ ਦਾ ਮੁਕਾਬਲਾ ਖ਼ਾਸ ਹੈ।
  • ਇਸ ਮੈਚ ਵਿੱਚ ਨੀਦਰਲੈਂਡ ਵੱਲੋਂ ਭਾਰਤੀ ਪੰਜਾਬ ਦੇ ਖਿਡਾਰੀ ਵਿਕਰਮਜੀਤ ਸਿੰਘ ਵੀ ਖੇਡ ਰਹੇ ਹਨ।
  • ਵਿਕਰਮਜੀਤ ਦਾ ਜਨਮ ਪੰਜਾਬ ਦੇ ਜਲੰਧਰ ਵਿੱਚ ਹੋਇਆ ਸੀ ਅਤੇ ਉਨ੍ਹਾਂ ਨੇ ਭਾਰਤ 'ਚ ਕ੍ਰਿਕਟ ਦੇ ਗੁਰ ਵੀ ਸਿੱਖੇ ਹਨ।
  • 19 ਸਾਲਾ ਵਿਕਰਮਜੀਤ ਖੱਬੇ ਹੱਥ ਦੇ ਬੱਲੇਬਾਜ਼ ਹਨ ਅਤੇ ਹੁਣ ਤੱਕ ਉਨ੍ਹਾਂ ਨੇ 12 ਇੱਕ ਦਿਨਾ ਤੇ 7 ਟੀ20 ਮੁਕਾਬਲੇ ਖੇਡੇ ਹਨ।

ਜਲੰਧਰ ਦਾ ਚੀਮਾ ਖੁਰਦ ਹੈ ਵਿਕਰਮਜੀਤ ਸਿੰਘ ਦਾ ਪਿੰਡ

ਬੀਬੀਸੀ ਸਹਿਯੋਗੀ ਪ੍ਰਦੀਪ ਪੰਡਿਤ ਵਿਕਰਮਜੀਤ ਸਿੰਘ ਦੇ ਪਿੰਡ ਚੀਮਾ ਖੁਰਦ ਪਹੁੰਚੇ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਗੱਲਬਾਤ ਕੀਤੀ।

ਵਿਕਰਮਜੀਤ ਸਿੰਘ ਦਾ ਜਨਮ ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਚੀਮਾ ਖੁਰਦ ਪਿੰਡ ਵਿੱਚ ਹੋਇਆ ਹੈ।

ਸਾਲ 1980ਵਿਆਂ ਵਿੱਚ ਪੰਜਾਬ ਤੋਂ ਵਿਕਰਮਜੀਤ ਦੇ ਦਾਦਾ ਖੁਸ਼ੀ ਚੀਮਾ ਨੀਦਰਲੈਂਡਸ ਚਲੇ ਗਏ ਸਨ।

ਉਸ ਵੇਲੇ ਵਿਕਰਮਜੀਤ ਦੇ ਪਿਤਾ ਹਰਪ੍ਰੀਤ ਸਿੰਘ ਸਿਰਫ਼ 5 ਸਾਲ ਦੇ ਸਨ।

ਵਿਦੇਸ਼ ਜਾਣ ਤੋਂ ਬਾਅਦ ਵੀ ਵਿਕਰਮਜੀਤ ਦੇ ਪਰਿਵਾਰ ਦਾ ਪੰਜਾਬ ਨਾਲ ਨਾਤਾ ਜੁੜਿਆ ਰਿਹਾ।

ਵਿਕਰਮਜੀਤ ਦਾ ਜਨਮ 2003 ਵਿੱਚ ਪੰਜਾਬ 'ਚ ਹੀ ਜਲੰਧਰ ਦੇ ਪਿੰਡ ਚੀਮਾ ਖੁਰਦ ਵਿਖੇ ਹੋਇਆ ਸੀ।

ਵਿਕਰਮਜੀਤ ਨੇ ਮੁੱਢਲੀ ਸਿੱਖਿਆ ਜਲੰਧਰ ਦੇ ਇਕ ਪ੍ਰਾਈਵੇਟ ਸਕੂਲ ਤੋਂ ਪ੍ਰਾਪਤ ਕੀਤੀ ।

2008 ਵਿੱਚ ਵਿਕਰਮਜੀਤ ਸਿੰਘ ਪੰਜ ਸਾਲ ਦੀ ਉਮਰ ਵਿੱਚ ਨੀਦਰਲੈਂਡਸ ਚਲਾ ਗਿਆ।

ਵਿਕਰਮਜੀਤ ਦੇ ਪਿਤਾ ਵੀ ਕ੍ਰਿਕਟ ਪ੍ਰੇਮੀ ਹਨ ਅਤੇ ਉਨ੍ਹਾਂ ਨੇ ਪੁੱਤਰ ਨੂੰ ਖੇਡ ਪ੍ਰਤੀ ਉਤਸ਼ਾਹਿਤ ਕੀਤਾ।

ਕ੍ਰਿਕਟ ਕਰੀਅਰ ਦੀ ਸ਼ੁਰੂਆਤ

ਵਿਕਰਮਜੀਤ ਸਿੰਘ ਨੇ 11 ਸਾਲ ਦੀ ਉਮਰ ਵਿੱਚ ਅੰਡਰ-12 ਕ੍ਰਿਕਟ ਟੂਰਨਾਮੈਂਟ ਖੇਡਣਾ ਸ਼ੁਰੂ ਕੀਤਾ ਸੀ।

ਵਿਕਰਮਜੀਤ ਦੇ ਦਾਦਾ ਖੁਸ਼ੀ ਚੀਮਾ ਦੱਸਦੇ ਹਨ, ''2016 ਤੋਂ 2018 ਤੱਕ ਵਿਕਰਮਜੀਤ ਨੇ ਚੰਡੀਗੜ੍ਹ ਦੀ ਗੁਰੂ ਸਾਗਰ ਕ੍ਰਿਕਟ ਅਕੈਡਮੀ ਵਿਖੇ ਕ੍ਰਿਕੇਟ ਸਿੱਖੀ ਅਤੇ ਬਾਅਦ ਵਿੱਚ ਜਲੰਧਰ ਦੇ ਨੇੜੇ ਬਾਜਰੇ ਪਿੰਡ ਵਿਖੇ ਇੱਕ ਕ੍ਰਿਕੇਟ ਅਕੈਡਮੀ ਵਿੱਚ ਟ੍ਰੇਨਿੰਗ ਲਈ।''

ਖੁਸ਼ੀ ਚੀਮਾ ਅੱਗੇ ਕਹਿੰਦੇ ਹਨ ਕਿ ਮੈਂ ਤਾਂ ਚਾਹਾਂਗਾ ਕਿ ਭਾਰਤ ਜਿੱਤੇ ਪਰ ਵਿਕਰਮਜੀਤ ਦੀ ਤਾਂਘ ਤਾਂ ਨੀਦਰਲੈਂਡਸ ਨੂੰ ਜਿਤਾਉਣ ਦੀ ਹੈ।

ਵਿਕਰਮਜੀਤ ਸਿੰਘ ਦੇ ਦਾਦੇ ਦੇ ਵੱਡੇ ਭਰਾ ਲਾਲ ਸਿੰਘ ਕਹਿੰਦੇ ਹਨ ਕਿ ਉਸਨੂੰ ਕ੍ਰਿਕਟ ਦਾ ਸ਼ੁਰੂ ਤੋਂ ਹੀ ਸ਼ੌਕ ਸੀ ਅਤੇ ਭਾਰਤ ਜਦੋਂ ਵੀ ਆਉਣ ਉਸਨੇ ਪ੍ਰੈਕਟਿਸ ਵਿੱਚ ਸਮਾਂ ਬਿਤਾਉਣਾ ਹੁੰਦਾ ਸੀ।

ਲਾਲ ਸਿੰਘ ਕਹਿੰਦੇ ਹਨ, ''ਪਿਛਲੇ ਸਾਲ ਹੀ ਨੀਦਰਲੈਂਡਸ ਵਿੱਚ ਵਿਕਰਮਜੀਤ ਸਿੰਘ ਦੀ ਐਂਟਰੀ ਹੋਈ ਹੈ। ਮੈਨੂੰ ਖੁਸ਼ੀ ਹੈ ਕਿ ਇੱਕ ਸਿੱਖ ਨੌਜਵਾਨ ਭਾਰਤ ਤੋਂ ਜਾ ਕੇ ਨੀਦਰਲੈਂਡਸ ਵੱਲੋਂ ਖੇਡ ਰਿਹਾ ਹੈ। ਇਸ ਨਾਲ ਦੋਵਾਂ ਮੁਲਕਾਂ ਦਾ ਨਾਂ ਉੱਚਾ ਹੁੰਦਾ ਹੈ।''

ਵਿਕਰਮਜੀਤ ਸਿੰਘ ਦੇ ਚਚੇਰੇ ਭਰਾ ਇੰਦਰਵੀਰ ਸਿੰਘ ਕਹਿੰਦੇ ਹਨ, ''ਜਦੋਂ ਕੌਮੀ ਟੀਮ ਵਿੱਚ ਚੋਣ ਹੋਈ ਤਾਂ ਵਿਕਰਮਜੀਤ ਇਹ ਖ਼ਬਰ ਸੁਣਾਉਂਦੇ ਹੋਏ ਭਾਵੁਕ ਹੋ ਗਿਆ ਸੀ। ਵਿਕਰਮਜੀਤ ਭਾਰਤ ਨਾਲ ਮੈਚ ਨੂੰ ਲੈ ਕੇ ਵੀ ਥੋੜਾ ਨਰਵਸ ਸੀ।''

ਵਿਕਰਮਜੀਤ ਸਿੰਘ ਦਾ ਇੱਕ ਛੋਟਾ ਭਰਾ ਵੀ ਹੈ ਜਿਸਦਾ ਜਨਮ ਨੀਦਰਲੈਂਡਸ ਵਿੱਚ ਹੀ ਹੋਇਆ ਸੀ। ਸਾਰਾ ਪਰਿਵਾਰ ਨੀਦਰਲੈਂਡਸ ਵਿੱਚ ਹੀ ਰਹਿੰਦਾ ਹੈ ਅਤੇ ਪਰਿਵਾਰ ਦਾ ਟਰਾਂਸਪੋਰਟ ਨਾਲ ਸਬੰਧਤ ਕੰਮਕਾਰ ਹੈ।

ਇਹ ਵੀ ਪੜ੍ਹੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)