ਨਸ਼ੇ ਨਾਲ ਦੋ ਸਕੇ ਭਰਾਵਾਂ ਦੀ ਮੌਤ : ਨਸ਼ੇ ਕਾਰਨ ਮਰੇ ਵੱਡੇ ਦੇ ਸਸਕਾਰ ਤੋਂ ਪਹਿਲਾਂ ਹੀ ਦੂਜੇ ਦੀ ਵੀ ਮੌਤ

ਤਸਵੀਰ ਸਰੋਤ, Sourced by Ravinder Singh Robin
ਅੰਮ੍ਰਿਤਸਰ 'ਚ ਕਥਿਤ ਤੌਰ 'ਤੇ ਨਸ਼ੇ ਕਾਰਨ ਦੋ ਸਕੇ ਭਰਾਵਾਂ ਦੀ ਮੌਤ ਹੋ ਗਈ ਹੈ। ਇਨ੍ਹਾਂ ਵਿੱਚੋਂ ਹਰਗੁਣ ਦੀ ਉਮਰ 24 ਸਾਲ ਸੀ ਤੇ ਰੋਹਨ ਦੀ 20 ਸਾਲ।
ਮਾਮਲਾ ਅੰਮ੍ਰਿਤਸਰ ਦੇ ਮਿਖਾਈਲ ਈਸਟ ਦੇ ਕਟੜਾ ਬਘੀਆਂ ਦੇ ਨੇੜੇ ਦਾ ਹੈ।
ਹਰਗੁਣ ਕਥਿਤ ਤੌਰ 'ਤੇ ਨਸ਼ੇ ਵੇਚਣ ਦਾ ਕੰਮ ਵੀ ਕਰਦਾ ਸੀ। ਪੁਲਿਸ ਨੇ ਕੁਝ ਦਿਨ ਪਹਿਲਾਂ ਹੀ ਉਸ ਨੂੰ ਗ੍ਰਿਫ਼ਤਾਰ ਕਰਕੇ ਜੇਲ ਭੇਜ ਦਿੱਤਾ ਸੀ।
ਇੱਥੇ ਬਾਅਦ ਵਿੱਚ ਉਸ ਦੀ ਸਿਹਤ ਵਿਗੜ ਗਈ ਅਤੇ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ 15 ਅਕਤਬੂਰ ਨੂੰ ਉਸ ਦੀ ਮੌਤ ਹੋ ਗਈ।
ਬੀਬੀਸੀ ਸਹਿਯੋਗੀ ਰਵਿੰਦਰ ਸਿੰਘ ਰੌਬਿਨ ਮੁਤਾਬਕ, ਪੋਸਟਮਾਰਟਮ ਰਿਪੋਰਟ ਵਿੱਚ ਇਹ ਸਾਹਮਣੇ ਆਇਆ ਕਿ ਉਸ ਦੀ ਮੌਤ ਨਸ਼ੇ ਕਾਰਨ ਹੋਈ ਹੈ।
ਇਸ ਤੋਂ ਬਾਅਦ ਛੋਟੇ ਭਰਾ ਦੀ ਸਿਹਤ ਵਿਗੜ ਗਈ। ਜਦੋਂ ਉਸ ਨੂੰ ਡਾਕਟਰ ਕੋਲ ਲਿਜਾਇਆ ਗਿਆ ਉਸ ਦੀ ਵੀ ਮੌਤ ਹੋ ਗਈ।
ਹਾਲਾਂਕਿ ਅਜੇ ਛੋਟੇ ਭਰਾ ਦੀ ਮੌਤ ਨਸ਼ੇ ਦੀ ਓਵਰਡੋਜ਼ ਕਾਰਨ ਹੀ ਹੋਈ ਹੈ ਇਸਦੀ ਪੁਸ਼ਟੀ ਨਹੀਂ ਹੋਈ ਹੈ।
ਪੁਲਿਸ ਨੇ ਕੀ ਦੱਸਿਆ ਹੈ

ਤਸਵੀਰ ਸਰੋਤ, Ravinder Singh Robin
ਸਬ-ਇੰਸਪੈਕਟਰ ਸੁਬੇਗ ਸਿੰਘ ਨੇ ਦੱਸਿਆ, "ਹਰਗੁਣ ਨਾਂ ਦਾ ਨੌਜਵਾਨ ਐਨ.ਡੀ.ਪੀ.ਐਸ. ਦੇ ਕੇਸ ਵਿੱਚ ਜੇਲ੍ਹ ਵਿੱਚ ਸੀ। ਉਸ ਦੀ ਤਬੀਅਤ ਵਿਗੜਨ 'ਤੇ ਪਹਿਲਾਂ ਜੇਲ੍ਹ ਦੇ ਡਾਕਟਰਾਂ ਨੇ ਉਸ ਦਾ ਇਲਾਜ ਕੀਤਾ।"

- ਅੰਮ੍ਰਿਤਸਰ 'ਚ ਕਥਿਤ ਤੌਰ 'ਤੇ ਨਸ਼ੇ ਕਾਰਨ ਦੋ ਸਕੇ ਭਰਾਵਾਂ ਦੀ ਮੌਤ ਹੋ ਗਈ ਹੈ। ਇਨ੍ਹਾਂ ਵਿੱਚੋਂ ਇੱਕ ਦੀ ਉਮਰ 20 ਸਾਲ ਅਤੇ ਦੂਜੇ ਦੀ 24 ਸਾਲ ਸੀ।
- ਦੋਵਾਂ ਵਿੱਚੋਂ ਇੱਕ ਭਰਾ ਨਸ਼ੇ ਕਰਨ ਦੇ ਨਾਲ ਕਥਿਤ ਤੌਰ 'ਤੇ ਵੇਚਦਾ ਵੀ ਸੀ।
- ਵੱਡੇ ਭਰਾ ਦੀ ਮੌਤ ਹਸਪਤਾਲ ਵਿੱਚ ਇਲਾਜ ਦੌਰਾਨ ਹੋਈ ਅਤੇ ਕੁਝ ਘੰਟਿਆਂ ਬਾਅਦ ਹੀ ਛੋਟੇ ਭਰਾ ਦੀ ਵੀ ਮੌਤ ਹੋ ਗਈ।
- ਪਰਿਵਾਰ ਦਾ ਕੋਈ ਜੀ ਬੋਲਣ ਨੂੰ ਤਿਆਰ ਨਹੀਂ ਪਰ ਗੁਆਂਢੀਆਂ ਦੀ ਮੰਗ ਹੈ ਕਿ ਨਸ਼ਾ ਵਿਕਣਾ ਬੰਦ ਹੋਣਾ ਚਾਹੀਦਾ ਹੈ।

"ਫਿਰ ਤਬੀਅਤ ਸੁਧਰਦੀ ਨਾ ਦੇਖਕੇ ਚੰਗੇ ਇਲਾਜ ਲਈ ਉਸ ਨੂੰ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਉਹ ਕਈ ਦਿਨ ਦਾਖਲ ਰਿਹਾ। ਇੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।"
"ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਗਈ।"
"ਉਸੇ ਦਿਨ ਉਸਦੇ ਵਾਰਸਾਂ ਤੋਂ ਪਤਾ ਲੱਗਿਆ ਸੀ ਕਿ ਉਸਦੇ ਛੋਟੇ ਭਰਾ ਦੀ ਵੀ ਉਸੇ ਦਿਨ ਮੌਤ ਹੋ ਗਈ ਸੀ।"
ਜਿੱਥੇ ਕਿ ਵੱਡੇ ਭਰਾ ਦੇ ਪੋਸਟ ਮਾਰਟਮ ਤੋਂ ਬਾਅਦ ਉਸਦੀ ਮੌਤ ਨਸ਼ੇ ਕਾਰਨ ਹੋਈ ਹੈ ਇਸ ਗੱਲ ਦੀ ਪੁਸ਼ਟੀ ਹੋ ਗਈ ਹੈ।

ਤਸਵੀਰ ਸਰੋਤ, Ravinder Singh Robin
ਛੋਟੇ ਭਰਾ ਦਾ ਅਜੇ ਪੋਸਟ ਮਾਰਟਮ ਨਹੀਂ ਹੋਇਆ ਹੈ ਅਤੇ ਸਿਰਫ਼ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਸ ਦੀ ਮੌਤ ਵੀ ਇਸੇ ਵਜ੍ਹਾ ਕਾਰਨ ਹੋਈ ਹੈ।
ਗੁਆਂਢੀ ਕੀ ਕਹਿ ਰਹੇ ਹਨ
ਹਾਲਾਂਕਿ ਪਰਿਵਾਰ ਦਾ ਕੋਈ ਵੀ ਮੈਂਬਰ ਕੁਝ ਵੀ ਬੋਲਣ ਨੂੰ ਤਿਆਰ ਨਹੀਂ ਹੈ ਪਰ ਗੁਆਂਢੀਆਂ ਦਾ ਕਹਿਣਾ ਹੈ ਕਿ ਦੋਵੇਂ ਲੜਕੇ ਨਸ਼ਾ ਕਰਦੇ ਸਨ।
ਲੋਕਾਂ ਦਾ ਕਹਿਣਾ ਹੈ ਕਿ ਪਿਛਲੇ 2 ਸਾਲਾਂ ਤੋਂ ਉਨ੍ਹਾਂ ਦੀ ਗਲੀ 'ਚ ਨਸ਼ਾ ਬਹੁਤ ਵਧ ਗਿਆ ਹੈ, ਜਿਸ ਕਾਰਨ ਦੋਵੇਂ ਭਰਾਵਾਂ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ-

ਬਜ਼ੁਰਗ ਗੁਆਂਢਣ ਗੁਰਮੀਤ ਕੌਰ ਨੇ ਕਿਹਾ, "ਸਰਕਾਰ ਨੂੰ ਨਸ਼ਾ ਬੰਦ ਕਰਨਾ ਚਾਹੀਦਾ ਹੈ। ਜਿਹੜੀਆਂ ਮਾਵਾਂ ਨਿੱਕੇ-ਨਿੱਕੇ ਬੱਚਿਆਂ ਨੂੰ ਪਾਲਦੀਆਂ ਹਨ ਉਨ੍ਹਾਂ ਦੇ ਦਿਲ ਉੱਪਰ ਕੀ ਬੀਤਦੀ ਹੋਵੇਗੀ।"
"ਜੇ ਸਰਕਾਰਾਂ ਨੇ ਕੰਮ ਹੀ ਕਰਨਾ ਹੈ ਤਾਂ ਨਸ਼ੇ ਦੇ ਖਿਲਾਫ਼ ਕਰਨ, ਕਿਸੇ ਮੁੰਡੇ ਨੂੰ ਨਸ਼ਾ ਮਿਲੇ ਹੀ ਨਾ।"
ਉਨ੍ਹਾਂ ਦੇ ਨਾਲ ਇੱਕ ਹੋਰ ਗੁਆਂਢੀ ਮਨੀਸ਼ ਮਹਾਜਨ ਨੇ ਕਿਹਾ, "ਪਹਿਲਾਂ ਦੇਖਦੇ ਸੀ ਕਿ ਪਿੰਡਾਂ ਵਿੱਚ ਨਸ਼ਾ ਹੁੰਦਾ ਸੀ ਪਰ ਅੱਜ ਸਾਡੇ ਸ਼ਹਿਰ ਦੀ ਗਲੀ-ਗਲੀ ਵਿੱਚ ਆ ਗਿਆ ਹੈ।"
"ਜਿਨ੍ਹਾਂ ਦੇ ਬੱਚੇ ਮਰ ਜਾਂਦੇ ਹਨ ਉਨ੍ਹਾਂ ਪਰਿਵਾਰਾਂ ਦਾ ਬਹੁਤ ਬੁਰਾ ਹਾਲ ਹੁੰਦਾ ਹੈ।"

ਇਹ ਵੀ ਪੜ੍ਹੋ:-













