You’re viewing a text-only version of this website that uses less data. View the main version of the website including all images and videos.
ਬਿੱਗ ਬੌਸ ਦੀ ਸਾਜਿਦ ਖ਼ਾਨ ਨੂੰ ਸ਼ਾਮਲ ਕਰਨ ਕਰਕੇ ਆਲੋਚਨਾ ਕਿਉਂ ਹੋ ਰਹੀ ਹੈ
- ਲੇਖਕ, ਗੀਤਾ ਪਾਂਡੇ
- ਰੋਲ, ਬੀਬੀਸੀ ਪੱਤਰਕਾਰ
ਸ਼ਨਿੱਚਰਵਾਰ ਨੂੰ ਬਿੱਗ ਬੌਸ ਦਾ ਐਪੀਸੋਡ ਪ੍ਰਸਾਰਿਤ ਹੋਣ ਤੋਂ ਬਾਅਦ ਚਰਚਿਤ ਟੀਵੀ ਸ਼ੋਅ ਵਿਵਾਦਾਂ ਵਿੱਚ ਘਿਰ ਗਿਆ ਹੈ।
ਬਿੱਗ ਬੌਸ ਦਾ ਸੋਲਵਾਂ ਸੰਸਕਰਣ ਪ੍ਰਸਾਰਿਤ ਕੀਤਾ ਜਾ ਰਿਹਾ ਹੈ, ਜਿਸ ਦੀ ਮੇਜ਼ਬਾਨੀ ਬਾਲੀਵੁੱਡ ਅਦਾਕਾਰ ਸਲਮਾਨ ਖ਼ਾਨ ਕਰ ਰਹੇ ਹਨ।
ਰੀਐਲੀਟੀ ਟੀਵੀ ਸ਼ੋਅ ਦੀ ਆਲੋਚਨਾ ਫਿਲਮ ਨਿਰਦੇਸ਼ਕ ਸਾਜਿਦ ਅਲੀ ਖ਼ਾਨ ਨੂੰ ਘਰ ਦੇ ਮੈਂਬਰ ਵਜੋਂ ਸ਼ਾਮਲ ਕਰਨ ਤੋਂ ਹੋ ਰਹੀ ਹੈ।
ਚਾਰ ਸਾਲ ਪਹਿਲਾਂ ਸਾਜਿਦ ਖ਼ਾਨ ਉੱਪਰ ਚਾਰ ਮਹਿਲਾ ਸਹਿਕਰਮੀਆਂ ਅਤੇ ਇੱਕ ਪੱਤਰਕਾਰ ਨੇ ਜਿਣਸੀ ਬਦਇਖ਼ਲਾਕੀ ਦੇ ਇਲਜ਼ਾਮ ਲਗਾਏ ਸਨ।
ਸਾਜਿਦ ਨੇ ਆਪਣੇ ਖ਼ਿਲਾਫ਼ ਲਗਾਏ ਗਏ ਇਲਜ਼ਾਮਾਂ ਨੂੰ ਰੱਦ ਕੀਤਾ ਸੀ ਅਤੇ ਉਨ੍ਹਾਂ ਖਿਲਾਫ਼ ਕੋਈ ਪੁਲਿਸ ਕੇਸ ਵੀ ਦਰਜ ਨਹੀਂ ਕੀਤਾ ਗਿਆ ਸੀ।
ਹਾਲਾਂਕਿ ਜਦੋਂ ਤੋਂ ਸ਼ੋਅ ਦੇ ਘਰ ਦੇ ਮੈਂਬਰਾਂ ਦੇ ਨਾਮ ਜਨਤਕ ਕੀਤੇ ਗਏ ਹਨ ਤਾਂ ਬਹੁਤ ਸਾਰੇ ਲੋਕ ਜਿਨ੍ਹਾਂ ਵਿੱਚੋਂ ਜ਼ਿਆਦਾਤਰ ਔਰਤਾਂ ਹਨ, ਇਸ ਦਾ ਵਿਰੋਧ ਕਰ ਰਹੇ ਹਨ।
ਗਾਇਕਾ ਸੋਨਾ ਮੋਹਾਪਾਤਰਾ ਨੇ ਜਿਣਸੀ ਸ਼ੋਸ਼ਣ ਦੇ ਇਲਜ਼ਾਮਾਂ ਦਾ ਸਾਹਮਣਾ ਕਰ ਰਹੇ ਮਰਦਾਂ ਨੂੰ ਸ਼ਾਮਲ ਕਰਨ ਨੂੰ ਟੀਵੀ ਚੈਨਲਾਂ ਦਾ ਭ੍ਰਿਸ਼ਟਾਚਾਰ ਦੱਸਦਿਆਂ ਆਲੋਚਨਾ ਕੀਤੀ ਹੈ।
ਪੱਤਰਕਾਰ ਬਰਖਾ ਦੱਤ ਨੇ ਕਿਹਾ ਕਿ ਸਾਜਿਦ ਖ਼ਾਨ ਨੂੰ ਸ਼ਾਮਲ ਕਰਕੇ ਬਹੁਤ ਸਾਰੀਆਂ ਔਰਤਾਂ ਦੀਆਂ ਭਾਵਨਾਵਾਂ ਅਤੇ ਭਾਰਤ ਦੀ ਮੀਟੂ ਲਹਿਰ ਦੀ ਹਤੱਕ ਕੀਤੀ ਗਈ ਹੈ। ਉਨ੍ਹਾਂ ਨੇ ਹੈਰਾਨੀ ਜਤਾਈ ਕਿ ਇਸ ਵਿਸ਼ੇ 'ਤੇ ਪ੍ਰਬੰਧਕ ਮੌਨ ਕਿਉਂ ਹਨ।
ਸ਼ਨਿੱਚਰਵਾਰ ਤੋਂ ਬਾਅਦ ਕਲਰਜ਼ ਟੀਵੀ ਚੈਨਲ ਵੱਲੋਂ ਅਤੇ ਸ਼ੋਅ ਦੇ ਅਧਿਕਾਰਿਤ ਟਵਿੱਟਰ ਅਕਾਊਂਟ ਤੋਂ ਸੈਂਕੜੇ ਪ੍ਰਮੋਸ਼ਨਲ ਟਵੀਟ ਕੀਤੇ ਗਏ ਹਨ। ਹਾਲਾਂਕਿ ਵਰਤਮਾਨ ਆਲੋਚਨਾ ਦੇ ਜਵਾਬ ਵਿੱਚ ਚੈਨਲ ਵਲੋਂ ਕੁਝ ਨਹੀਂ ਕਿਹਾ ਗਿਆ ਹੈ।
ਵਿਰੋਧ ਇਸ ਲਈ ਵੀ ਅਹਿਮ ਹੈ ਕਿਉਂਕਿ ਬਿੱਗ ਬੌਸ ਭਾਰਤ ਦੇ ਸਭ ਤੋਂ ਮਸ਼ਹੂਰ ਟੀਵੀ ਪ੍ਰੋਗਰਾਮਾਂ ਵਿੱਚੋਂ ਇੱਕ ਹੈ ਅਤੇ ਇਸ ਦਾ ਬਹੁਤ ਵਿਸ਼ਾਲ ਦਰਸ਼ਕ ਵਰਗ ਹੈ।
- ਟੀਵੀ ਦਾ ਸਭ ਤੋਂ ਵਿਵਾਦਿਤ ਰਿਐਲਿਟੀ ਸ਼ੋਅ 'ਬਿੱਗ ਬੌਸ' ਸ਼ੁਰੂ ਹੋ ਗਿਆ ਹੈ।
- ਫਿਲਮ ਨਿਰਦੇਸ਼ਕ ਅਤੇ ਟੀਵੀ ਮੇਜ਼ਬਾਨ ਸਾਜਿਦ ਖਾਨ ਵੀ ਸ਼ੋਅ ਵਿੱਚ ਨਜ਼ਰ ਆ ਰਹੇ ਹਨ।
- 2018 'ਚ ਸਾਜਿਦ ਖਾਨ 'ਤੇ #Metoo ਤਹਿਤ ਕਈ ਅਭਿਨੇਤਰੀਆਂ ਅਤੇ ਮਾਡਲਾਂ ਨੇ ਉਨ੍ਹਾਂ 'ਤੇ ਇਲਜ਼ਾਮ ਲਗਾਏ ਸਨ।
- ਸਾਜਿਦ ਖਾਨ ਦਾ ਨਾਂ ਪਿਛਲੇ ਤਿੰਨ ਸਾਲਾਂ ਤੋਂ ਕਿਸੇ ਵੀ ਪ੍ਰੋਜੈਕਟ ਨਾਲ ਨਹੀਂ ਜੁੜਿਆ ਹੈ।
- ਲੋਕ ਕਹਿ ਰਹੇ ਹਨ ਕਿ ਸ਼ੋਅ ਦੇ ਨਿਰਮਾਤਾ #Metoo ਵਰਗੇ ਗੰਭੀਰ ਦੋਸ਼ਾਂ ਨੂੰ ਕਿਵੇਂ ਨਜ਼ਰਅੰਦਾਜ਼ ਕਰ ਸਕਦੇ ਹਨ।
ਇਸ ਸ਼ੋਅ ਨੂੰ ਦਰਸ਼ਕਾਂ ਵੱਲੋਂ ਕਰੋੜਾਂ ਘੰਟੇ ਦੇਖਿਆ ਜਾਂਦਾ ਹੈ।
ਸਾਲ 2020 ਵਿੱਚ ਵੂਟ ਐਪ ਉੱਪਰ ਉਪਲਭਦ ਹੋਣ ਤੋਂ ਬਾਅਦ ਇਸ ਦੇ ਦਰਸ਼ਕਾਂ ਦਾ ਘੇਰਾ ਹੋਰ ਵੀ ਵਿਸ਼ਾਲ ਹੋਇਆ ਹੈ।
ਸਾਜਿਦ ਖ਼ਾਨ ਨੂੰ ਸ਼ੋਅ ਵਿੱਚ ਬਾਹਰ ਕਰਨ ਦੀ ਮੰਗ ਜ਼ੋਰ ਫੜਦੀ ਜਾ ਰਹੀ ਹੈ। ਇਸ ਸੰਬੰਧ ਵਿੱਚ ਇੱਕ ਆਨਲਾਈਨ ਪਟੀਸ਼ਨ ਉੱਪਰ 5000 ਤੋਂ ਜ਼ਿਆਦਾ ਦਸਤਖ਼ਤ ਕੀਤੇ ਜਾ ਚੁੱਕੇ ਹਨ।
ਪਟੀਸ਼ਨ ਵਿੱਚ ਕਿਹਾ ਗਿਆ ਹੈ, ''ਇਹ ਨਿਰਾਸ਼ਾਜਨਕ ਹੈ ਅਤੇ ਇਹ ਨਿਆਂ ਲਈ ਲੜ ਰਹੀਆਂ ਪੀੜਤਾਂ ਲਈ ਅਪਮਾਨਜਨਕ ਅਤੇ ਉਨ੍ਹਾਂ ਦਾ ਹੌਂਸਲਾ ਤੋੜਨ ਵਾਲਾ ਹੈ।''
ਵਕੀਲ ਸੁਕਰਿਤੀ ਚੌਹਾਨ, ਇਸ ਪਟੀਸ਼ਨ ਦੇ ਸਹਿ-ਲੇਖਕ ਹਨ। ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ ਕਿ ਨਿਰਦੇਸ਼ਕ ਖਿਲਾਫ਼ ਲੱਗੇ ਇਲਜ਼ਾਮ "ਕਾਫ਼ੀ ਪਰੇਸ਼ਾਨ ਕਰਨ ਵਾਲੇ ਵਿਸਤਰਿਤ ਅਤੇ ਡਰਾਉਣੇ" ਸਨ। ਉਨ੍ਹਾਂ ਨੂੰ ਪ੍ਰਾਈਮ ਟਾਈਮ ਉੱਪਰ ਥਾਂ ਦੇਣਾ "ਸਹੀ ਨਹੀਂ" ਹੈ।
"ਬਾਲੀਵੁੱਡ ਵਿੱਚ ਤਾਕਤ ਮਰਦਾਂ ਦੇ ਹੱਥ ਵਿੱਚ ਹੈ ਪਰ ਜੋ ਔਰਤਾਂ ਉੱਥੇ ਤੁਹਾਡੇ ਅਤੇ ਮੇਰੇ ਵਾਂਗ ਹੀ ਆਪਣਾ ਕਰੀਅਰ ਬਣਾਉਣ ਜਾਂਦੀਆਂ ਹਨ।"
ਉਨ੍ਹਾਂ ਦਾ ਕਹਿਣਾ ਹੈ ਕਿ ਸਲਮਾਨ ਖ਼ਾਨ ਦੇ ਨਾਲ ਜਦੋਂ ਉਹ ਸਕਰੀਨ ਉੱਪਰ ਆਉਣਗੇ ਤਾਂ ਇਸ ਨਾਲ ਉਨ੍ਹਾਂ ਨੂੰ ਜਨਤਾ ਦੀਆਂ ਨਜ਼ਰਾਂ ਵਿੱਚ ਘੱਟਾ ਪਾਉਣ ਦਾ ਮੌਕਾ ਮਿਲੇਗਾ।
ਇਹ ਵੀ ਪੜ੍ਹੋ-
"ਇਸ ਲਈ ਅਸੀਂ ਕਲਰਜ਼ ਟੀਵੀ ਨੂੰ ਕਹਿ ਰਹੇ ਹਾਂ ਕਿ ਉਨ੍ਹਾਂ ਨੂੰ ਪਲੇਟਫਾਰਮ ਨਾ ਦੇਣ। ਅਸੀਂ ਉਨ੍ਹਾਂ ਨੂੰ ਕਹਿ ਰਹੇ ਹਾਂ ਕਿ ਇੱਕ ਅਜਿਹਾ ਵਿਅਕਤੀ ਜਿਸ ਉੱਪਰ ਗੰਭੀਰ ਇਲਜ਼ਾਮ ਹਨ, ਉਸ ਨੂੰ ਨਾ ਵਡਿਆਉਣ।"
ਭਾਰਤ ਵਿੱਚ ਪਿੱਤਰਸੱਤਾ ਦੀਆਂ ਜੜ੍ਹਾਂ ਬਹੁਤ ਡੂੰਘੀਆਂ ਹਨ। ਚੌਹਾਨ ਕਹਿੰਦੇ ਹਨ ਕਿ ਇਸੀਂ ਔਰਤਾਂ ਨੂੰ ਆਪਣਾ ਮੁਕਾਮ ਬਣਾਉਣ ਲਈ ਪਹਿਲਾਂ ਹੀ ਬਹੁਤ ਸੰਘਰਸ਼ ਕਰਨਾ ਪੈਂਦਾ ਹੈ। ਇਸ ਨਾਲ ਇਲਜ਼ਾਮ ਲਗਾਉਣ ਵਾਲੀਆਂ ਨੂੰ ਸੁਨੇਹਾ ਜਾਂਦਾ ਹੈ ਕਿ ਉਨ੍ਹਾਂ ਦੀ ਬਿਲਕੁਲ ਹੀ ਅਣਦੇਖੀ ਕੀਤੀ ਗਈ ਹੈ।
ਇੱਕ ਉਦਯੋਗ ਜੋ ਕਿ ਸ਼ੋਸ਼ਣ ਲਈ ਬਦਨਾਮ ਹੈ ਇੱਕ ਵਧੀਆ ਸਟੈਂਡ ਲੈ ਸਕਦੀ ਸੀ ਅਤੇ ਅਸੀਂ ਇੱਕ ਦੇਸ਼ ਵਜੋਂ ਵਧੀਆ ਸਟੈਂਡ ਲੈ ਸਕਦੇ ਸੀ।
ਕਲਰਜ਼ ਅਤੇ ਵੂਟ ਐਪ ਦੇ ਮਾਲਕ ਵਾਇਆਕੌਮ18 ਨੇ ਅਜੇ ਤੱਕ ਇਸ ਆਲੋਚਨਾ ਬਾਰੇ ਕੋਈ ਜਨਤਕ ਬਿਆਨ ਨਹੀਂ ਦਿੱਤਾ ਹੈ। ਬੀਬੀਸੀ ਨੇ ਉਨ੍ਹਾਂ ਤੋਂ ਇਸ ਬਾਰੇ ਆਪਣਾ ਪੱਖ ਰੱਖਣ ਲਈ ਈਮੇਲ ਕੀਤੀ ਹੈ।
ਸਾਜਿਦ ਖ਼ਾਨ ਖਿਲਾਫ਼ ਇਲਜ਼ਾਮ
ਸਾਜਿਦ ਖ਼ਾਨ ਖਿਲਾਫ਼ ਇਲਜ਼ਾਮ ਸਾਲ 2018 ਵਿੱਚ ਸਾਮਹਮਣੇ ਆਏ ਸਨ। ਮੀਟੂ ਮੁਹਿੰਮ ਸ਼ੁਰੂ ਹੋਣ ਤੋਂ ਬਾਅਦ। ਅਮਰੀਕਾ ਵਿੱਚ ਸ਼ੁਰੂ ਹੋਈ ਲਹਿਰ ਪੂਰੀ ਦੁਨੀਆਂ ਵਿੱਚ ਹੀ ਔਰਤਾਂ ਵੱਲੋਂ ਆਪਣੇ ਖਿਲਾਫ਼ ਹੋਏ ਸ਼ੋਸ਼ਣ ਦੇ ਮਾਮਲਿਆਂ ਨੂੰ ਉਭਾਰਨ ਵਿੱਚ ਮਦਦਗਾਰ ਸਾਬਤ ਹੋਈ।
ਭਾਰਤ ਵਿੱਚ ਵੀ ਇਸ ਲਹਿਰ ਦੌਰਾਨ ਕਈ ਫਿਲਮਸਾਜ਼ਾਂ, ਪੱਤਰਕਾਰਾਂ, ਅਦਾਕਾਰਾਂ, ਲੇਖਕਾਂ ਦੇ ਨਾਮ ਚਰਚਾ ਵਿੱਚ ਆਏ ਸਨ।
ਸਾਜਿਦ ਖਾਨ ਨੇ ਆਪਣੇ ਫਿਲਮੀ ਸਫ਼ਰ ਦੌਰਾਨ ਕਈ ਉੱਘੇ ਅਦਾਕਾਰਾਂ ਨੂੰ ਨਿਰਦੇਸ਼ਿਤ ਕੀਤਾ ਹੈ। ਉਨ੍ਹਾਂ ਉੱਪਰ ਵੀ ਸੰਘਰਸ਼ ਕਰ ਰਹੀਆਂ ਅਦਾਕਾਰਾਵਾਂ ਅਤੇ ਇੱਕ ਪੱਤਰਕਾਰ ਨੇ ਜਿਣਸੀ ਸੋਸ਼ਣ ਦੇ ਇਲਜ਼ਾਮ ਲਗਾਏ ਸਨ।
ਹਾਲਾਂਕਿ ਉਨ੍ਹਾਂ ਨੇ ਇਲਜ਼ਾਮਾਂ ਤੋਂ ਇਨਕਾਰ ਕੀਤਾ ਸੀ ਪਰ ਫਿਰ ਵੀ ਭਾਰਤੀ ਫਿਲਮ ਅਤੇ ਟੀਵੀ ਨਿਰਦੇਸ਼ਕਾਂ ਦੀ ਐਸੋਸੀਏਸ਼ਨ ਵੱਲੋਂ ਉਨ੍ਹਾਂ ਨੂੰ ਇੱਕ ਸਾਲ ਲਈ ਮੁਅਤਲ ਕਰ ਦਿੱਤਾ ਗਿਆ ਸੀ।
ਸਾਲ 2018 ਵਿੱਚ ਜਦੋਂ ਉਨ੍ਹਾਂ ਨੂੰ ਹਾਊਸਫੁਲ ਫਿਲਮ ਦੇ ਚੌਥੇ ਸੰਸਕਰਣ ਦੇ ਨਿਰਦੇਸ਼ਕ ਦੇ ਕੰਮ ਤੋਂ ਵੀ ਲਾਂਭੇ ਕਰ ਦਿੱਤਾ ਗਿਆ ਤਾਂ ਉਨ੍ਹਾਂ ਨੇ ਇਸ ਬਾਰੇ ਟਵੀਟ ਕੀਤਾ।
ਉਨ੍ਹਾਂ ਨੇ ਲਿਖਿਆ, "ਇਲਜ਼ਾਮਾਂ ਦੇ ਚਲਦਿਆਂ ਅਤੇ ਮੇਰੇ ਪਰਿਵਾਰ ਅਤੇ ਹਾਊਸਫੁਲ-4 ਦੇ ਨਿਰਮਾਤਾ ਅਤੇ ਅਦਾਕਾਰਾਂ ਉੱਪਰ ਪਾਏ ਗਏ ਦਬਾਅ ਦੇ ਚਲਦਿਆਂ ਫਿਲਮ ਦੇ ਨਿਰਦੇਸ਼ਕ ਦੀ ਪੋਸਟ ਤੋਂ ਲਾਂਭੇ ਹੋ ਜਾਣਾ ਮੇਰੀ ਨੈਤਿਕ ਜ਼ਿੰਮੇਵਾਰੀ ਹੈ। ਉਦੋਂ ਤੱਕ ਜਦੋਂ ਤੱਕ ਕਿ ਮੈਂ ਸੱਚ ਨੂੰ ਸਾਬਤ ਨਹੀਂ ਕਰ ਦਿੰਦਾ।...ਮੈਂ ਮੀਡੀਆ ਵਿੱਚ ਆਪਣੇ ਦੋਸਤਾਂ ਨੂੰ ਅਪੀਲ ਕਰਦਾ ਹਾਂ ਕਿ ਕਿਰਪਾ ਕਰਕੇ ਜਦੋਂ ਤੱਕ ਸੱਚ ਸਾਹਮਣੇ ਨਹੀਂ ਆ ਜਾਂਦਾ, ਫੈਸਲੇ ਨਾ ਸੁਣਾਉਣ।"
ਸਾਜਿਦ ਖਾਨ ਜਦੋਂ ਕਾਲਜ ਵਿੱਚ ਪੜ੍ਹਦੇ ਸਨ ਤਾਂ ਉਹ ਪਾਰਟੀਆਂ ਅਤੇ ਸਮਾਗਮਾਂ ਵਿੱਚ ਡੀਜੇ ਵਜੋਂ ਕੰਮ ਕਰਦੇ ਸਨ। ਸਾਜਿਦ ਖਾਨ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਇੱਕ ਟੀਵੀ ਹੋਸਟ ਵਜੋਂ ਕੀਤੀ ਸੀ।
ਸਾਜਿਦ ਨੇ ਇੰਡਸਟਰੀ ਵਿੱਚ ਜਿੰਨਾ ਨਾਮ ਕਮਾਇਆ, ਓਨਾ ਹੀ ਉਹ ਬਦਨਾਮ ਹੁੰਦਾ ਗਿਆ। ਕਦੇ ਉਹ ਆਪਣੇ ਬਿਆਨਾਂ ਨੂੰ ਲੈ ਕੇ ਚਰਚਾ 'ਚ ਰਿਹਾ ਤਾਂ ਕਦੇ ਦੂਜੇ ਨਿਰਦੇਸ਼ਕਾਂ ਦੀਆਂ ਫਿਲਮਾਂ 'ਤੇ ਟਿੱਪਣੀਆਂ ਕਰਕੇ ਉਨ੍ਹਾਂ ਨੂੰ ਗੁੱਸਾ ਵੀ ਦਿੱਤਾ।
#Metoo ਅੰਦੋਲਨ ਤੋਂ ਬਾਅਦ ਸਾਜਿਦ ਖਾਨ ਦੇ ਕਰੀਅਰ ਨੂੰ ਵੱਡਾ ਝਟਕਾ ਲੱਗਾ। ਅਭਿਨੇਤਰੀ ਸਲੋਨੀ ਚੋਪੜਾ, ਪ੍ਰਿਅੰਕਾ ਬੋਸ, ਅਹਾਨਾ ਕੁਮਰਾ, ਮੰਦਨਾ ਕਰੀਮੀ ਵਰਗੀਆਂ ਕਈ ਅਭਿਨੇਤਰੀਆਂ ਅਤੇ ਮਾਡਲਾਂ ਨੇ ਸਾਜਿਦ 'ਤੇ ਜਿਨਸੀ ਸ਼ੋਸ਼ਣ ਦੇ ਦੋਸ਼ ਲਗਾਏ ਸਨ।
ਇਲਜ਼ਾਮ ਮੰਨੇ ਪਰ ਨਿਘਾਰ ਦਾ ਕਾਰਨ ਘਮੰਡ ਨੂੰ ਦੱਸਿਆ
ਸ਼ਨਿੱਚਰਵਾਰ ਦੇ ਪ੍ਰੀਮੀਅਰ ਵਿੱਚ ਉਨ੍ਹਾਂ ਨੇ ਆਪਣੇ ਖਿਲਾਫ਼ ਲੱਗੇ ਇਲਜ਼ਾਮਾਂ ਨੂੰ ਮੰਨਿਆ। ਉਨ੍ਹਾਂ ਨੇ ਕਿਹਾ ਕਿ ਬਹੁਤਾ ਕੰਮ ਨਾ ਮਿਲਣ ਕਾਰਨ ਪਿਛਲੇ ਚਾਰ ਸਾਲਾਂ ਤੋਂ ਉਹ ਘਰ ਬੈਠੇ ਹੋਏ ਸਨ।
ਹਾਲਾਂਕਿ ਉਨ੍ਹਾਂ ਨੇ ਆਪਣੇ ਨਿਘਾਰ ਲਈ ਆਪਣੇ ਘਮੰਡ ਨੂੰ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਨੇ ਕਿਹਾ ਕਿ ਕਈ ਸਾਰੀਆਂ ਹਿੱਟ ਫਿਲਮਾਂ ਤੋਂ ਬਾਅਦ ਉਹ ਆਪਣੇ-ਆਪ ਨੂੰ ਅਜਿੱਤ ਸਮਝਣ ਲੱਗ ਪਏ ਸਨ।
ਕਿਹਾ ਜਾਂਦਾ ਹੈ ਕਿ ਅਸਫ਼ਲਤਾ ਲੋਕਾਂ ਨੂੰ ਬਰਬਾਦ ਕਰ ਦਿੰਦੀ ਹੈ ਪਰ ਮੇਰੇ ਮਾਮਲੇ ਵਿੱਚ ਸਫ਼ਲਤਾ ਨੇ ਮੈਨੂੰ ਬਰਬਾਦ ਕਰ ਦਿੱਤਾ।
ਉਨ੍ਹਾਂ ਨੇ ਕਿਹਾ ਕਿ ਸਿਖਰ ਤੋਂ ਡਿੱਗਣਾ ਰੱਬ ਦਾ ਉਨ੍ਹਾਂ ਨੂੰ ਦੱਸਣ ਦਾ ਤਰੀਕਾ ਸੀ ਕਿ ਉਨ੍ਹਾਂ ਨੂੰ ਬਿਹਤਰ ਇਨਸਾਨ ਬਣਨਾ ਚਾਹੀਦਾ ਹੈ।
ਹਾਲਾਂਕਿ ਮੁੱਖਧਾਰਾ ਵਿੱਚ ਆਉਣ ਦੀ ਯੋਜਨਾ ਉਨ੍ਹਾਂ ਦੀ ਕਲਪਨਾ ਮੁਤਾਬਕ ਜਾਂਦੀ ਪ੍ਰਤੀਤ ਨਹੀਂ ਹੋ ਰਹੀ ਹੈ। ਉਨ੍ਹਾਂ ਦੇ ਖਿਲਾਫ਼ ਹੋ ਰਿਹਾ ਵਿਵਾਦ ਇਸ ਦਾ ਸੰਕੇਤ ਹੈ ਕਿ ਆਲੋਚਕ ਉਨ੍ਹਾਂ ਨੂੰ ਦੂਜਾ ਮੌਕਾ ਦੇਣ ਲਈ ਤਿਆਰ ਨਹੀਂ ਹੈ।
ਮਸ਼ਹੂਰ ਸੀਨੀਅਰ ਪੱਤਰਕਾਰ ਅਜੈ ਬ੍ਰਹਮਾਤਮਾਜ ਦਾ ਕਹਿਣਾ ਹੈ ਕਿ ਸਾਜਿਦ ਨਾ ਤਾਂ ਫਰੰਟ ਲਾਈਨ ਐਕਟਰ ਸੀ ਅਤੇ ਨਾ ਹੀ ਨਿਰਦੇਸ਼ਕ।
ਉਨ੍ਹਾਂ ਨੇ ਕਿਹਾ, "ਉਹ ਆਪਣੀਆਂ ਕਾਮੇਡੀ ਫਿਲਮਾਂ ਕਰਦੇ ਰਹੇ ਅਤੇ ਉਨ੍ਹਾਂ ਨੂੰ ਇਸ 'ਚ ਕੁਝ ਸਫਲਤਾ ਮਿਲੀ। ਜਦੋਂ ਉਹ ਟੀਵੀ 'ਤੇ ਆਉਂਦੇ ਸੀ ਤਾਂ ਇੱਕ ਹੋਸਟ ਦੇ ਤੌਰ 'ਤੇ, ਉਸਨੇ ਆਪਣੀ ਹਾਜਰਜਵਾਬੀ ਕਾਰਨ ਬਹੁਤ ਵਧੀਆ ਕੰਮ ਕੀਤਾ।"
#Metoo ਦੇ ਦੋਸ਼ਾਂ 'ਤੇ ਉਨ੍ਹਾਂ ਕਿਹਾ, "ਉਹ #Metoo ਦੇ ਦੋਸ਼ਾਂ ਤੋਂ ਵੀ ਬਾਹਰ ਨਹੀਂ ਆ ਸਕੇ ਹਨ। ਭਾਵੇਂ #Metoo ਅੰਦੋਲਨ ਨੂੰ ਦਬਾ ਦਿੱਤਾ ਗਿਆ ਸੀ, ਜਿਨ੍ਹਾਂ 'ਤੇ ਇਹ ਦੋਸ਼ ਲੱਗੇ ਸਨ, ਉਹ ਬਚ ਨਹੀਂ ਸਕੇ। ਮੈਨੂੰ ਨਹੀਂ ਲੱਗਦਾ ਕਿ ਸਾਜਿਦ ਖਾਨ ਦਾ ਇੰਨਾ ਵੱਡਾ ਕਰੀਅਰ ਰਿਹਾ ਹੈ।"
"ਬਿੱਗ ਬੌਸ ਅਜਿਹੇ ਅਦਾਕਾਰਾਂ ਨੂੰ ਫੜਦਾ ਹੈ ਜੋ ਥੋੜ੍ਹੇ ਬਹੁਤ ਵਿਵਾਦਿਤ ਹੁੰਦੇ ਹਨ। ਬਿੱਗ ਬੌਸ ਦਾ ਆਪਣਾ ਇੱਕ ਸ਼ੋਅ ਹੈ ਅਤੇ ਉਹ ਇਸ ਦੇ ਆਧਾਰ 'ਤੇ ਚੱਲ ਰਹੇ ਹਨ। ਪਰ ਕਈ ਵਾਰ ਇਹ ਵੀ ਦੇਖਿਆ ਗਿਆ ਕਿ ਬਹੁਤ ਸਾਰੇ ਵਿਰੋਧ ਕਾਰਨ ਮੁਕਾਬਲੇਬਾਜ਼ਾਂ ਨੂੰ ਵੀ ਹਟਾ ਦਿੱਤਾ ਗਿਆ ਹੈ। ਹੁਣ ਸਾਜਿਦ ਖਾਨ ਦਾ ਵੀ ਵਿਰੋਧ ਹੋ ਰਿਹਾ ਹੈ।"
ਇਹ ਵੀ ਪੜ੍ਹੋ-