ਮਾਂ ਦੇ ਗਰਭ ਵਿਚ ਬੱਚੇ ਦੇ ਹਾਵ-ਭਾਵ ਕਿਵੇਂ ਬਦਲਦੇ ਹਨ, ਵਿਗਿਆਨੀਆਂ ਨੇ ਪਹਿਲੀ ਵਾਰ ਲਈਆਂ ਤਸਵੀਰਾਂ

    • ਲੇਖਕ, ਅਹਿਮਨ ਖਵਾਜਾ
    • ਰੋਲ, ਬੀਬੀਸੀ ਨਿਊਜ਼

ਜੇ ਸਲਾਦ ਪੱਤਾ ਖਾਣੇ ਦੀ ਪਲੇਟ ਵਿੱਚ ਦੇਖ ਕੇ ਤੁਸੀਂ ਵੀ ਮੱਥੇ ਵੱਟ ਪਾਉਂਦੇ ਹੋ ਤਾਂ, ਤੁਸੀਂ ਇਕੱਲੇ ਨਹੀਂ ਹੋ।

ਸਾਇੰਸਦਾਨਾਂ ਨੇ ਦੇਖਿਆ ਹੈ ਕਿ ਜਦੋਂ ਕੋਈ ਗਰਭਵਤੀ ਮਾਂ ਗਾਜਰ ਖਾਂਦੀ ਹੈ ਤਾਂ ਉਸਦੀ ਕੁੱਖ ਵਿੱਚ ਪਲ ਰਹੇ ਭਰੂਣ ਮੁਸਕਰਾਉਂਦੇ ਜਾਪਦੇ ਹਨ ਜਦਕਿ ਸਲਾਦ ਪੱਤੇ ਦੇ ਸੁਆਦ ਤੋਂ ਉਹ ਮੱਥੇ ਵੱਟ ਪਾਉਂਦੇ ਹਨ।

ਬ੍ਰਿਟੇਨ ਦੀ ਦਰਹਮ ਯੂਨੀਵਰਸਿਟੀ ਦੇ ਨੀਓਨੇਟਲ ਰਿਸਰਚ ਲੈਬ ਦੇ ਸਾਇੰਸਦਾਨਾਂ ਦਾ ਕਹਿਣਾ ਹੈ ਕਿ ਪਹਿਲੀ ਵਾਰ ਭਰੂਣਾਂ ਦੇ ਸਵਾਦ ਪ੍ਰਤੀ ਪ੍ਰਤੀਕਿਰਿਆਵਾਂ ਨੂੰ ਰਿਕਾਰਡ ਕੀਤਾ ਗਿਆ ਹੈ।

ਸਾਇੰਸਦਾਨਾਂ ਨੇ ਇੰਗਲੈਂਡ ਵਿੱਚ 100 ਤੋਂ ਜ਼ਿਆਦਾ ਗਰਭਵਤੀ ਔਰਤਾਂ ਅਤੇ ਉਨ੍ਹਾਂ ਦੇ ਅਣਜੰਮੇ ਬੱਚਿਆਂ ਦਾ ਅਧਿਐਨ ਕੀਤਾ।

ਸਾਇੰਸਦਾਨਾਂ ਨੇ 35 ਔਰਤਾਂ ਨੂੰ ਗਾਜਰ ਦੇ ਪਾਊਡਰ ਵਾਲੇ ਕੈਪਸੂਲ ਦਿੱਤੇ ਅਤੇ 34 ਔਰਤਾਂ ਨੂੰ ਸਲਾਦ ਪੱਤੇ ਦੇ ਪਾਊਡਰ ਵਾਲੇ ਕੈਪਸੂਲ ਖਾਣ ਨੂੰ ਦਿੱਤੇ ਗਏ।

ਅਧਿਐਨ ਵਿੱਚ ਸ਼ਾਮਲ ਬਾਕੀ 30 ਔਰਤਾਂ ਕੰਟਰੋਲ ਗਰੁੱਪ ਦਾ ਹਿੱਸਾ ਸਨ, ਜਿਨ੍ਹਾਂ ਨੂੰ ਦੋਵਾਂ ਵਿੱਚੋਂ ਕੁਝ ਵੀ ਨਹੀਂ ਦਿੱਤਾ ਗਿਆ।

4ਡੀ ਵਿੱਚ ਸਿੱਧੀਆਂ ਤਸਵੀਰਾਂ

ਅਧਿਐਨ ਦੇ ਨਤੀਜੇ ਸਾਈਕੋਲੋਜੀਕਲ ਸਾਇੰਸ ਵਿੱਚ ਛਾਪੇ ਗਏ ਹਨ। ਅਧਿਐਨ ਲਈ ਮਾਵਾਂ ਨੂੰ ਸਕੈਨ ਤੋਂ 20 ਮਿੰਟ ਪਹਿਲਾਂ ਤੈਅ ਕੈਪਸੂਲ ਖਾਣ ਨੂੰ ਦਿੱਤੇ ਗਏ।

ਦੇਖਿਆ ਗਿਆ ਕਿ ਜਿਨ੍ਹਾਂ ਮਾਵਾਂ ਨੂੰ ਸਲਾਦ ਪੱਤੇ ਵਾਲੇ ਕੈਪਸੂਲ ਦਿੱਤੇ ਗਏ ਸਨ, ਉਨ੍ਹਾਂ ਵਿੱਚੋਂ, ਜਿਵੇਂ ਕਿ 4ਡੀ ਸਕੈਨ ਵਿੱਚ ਦੇਖਿਆ ਗਿਆ ਜ਼ਿਆਦਾਤਰ ਦੇ ਭਰੂਣ ਨੇ ਮੱਥੇ ਵੱਟ ਪਾਇਆ।

ਇਸ ਤੋਂ ਵੱਖ ਜਿਨ੍ਹਾਂ ਨੂੰ ਗਾਜਰ ਦੇ ਕੈਪਸੂਲ ਦਿੱਤੇ ਗਏ ਉਹ ਭਰੂਣ ਮੁਸਕਰਾਉਂਦੇ ਹੋਏ ਦੇਖੇ ਗਏ।

ਜਦਕਿ ਕੰਟਰੋਲ ਗਰੁੱਪ ਦੀਆਂ ਮਾਵਾਂ ਦੇ ਭਰੂਣ ਨੇ ਕੋਈ ਵੀ ਪ੍ਰਤੀਕਿਰਿਆ ਨਹੀਂ ਦਿਖਾਈ।

ਪੁਰਾਣੇ ਅਧਿਐਨ ਵੀ ਦਰਸਾਉਂਦੇ ਹਨ ਕਿ ਸਾਡੀਆਂ ਖਾਣਪਾਣ ਦੀਆਂ ਆਦਤਾਂ ਜਨਮ ਤੋਂ ਪਹਿਲਾਂ ਹੀ ਵਿਕਸਿਤ ਹੋਣ ਲੱਗ ਪੈਂਦੀਆਂ ਹਨ।

ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਗਰਭਜਲ ਦਾ ਸੁਆਦ ਮਾਂ ਦੀ ਖੁਰਾਕ ਦੇ ਨਾਲ ਬਦਲਦਾ ਰਹਿੰਦਾ ਹੈ।

  • ਅਧਿਐਨ ਦਾ ਦਾਅਵਾ ਹੈ ਕਿ ਪਹਿਲੀ ਵਾਰ ਭਰੂਣਾਂ ਦੇ ਸਵਾਦ ਪ੍ਰਤੀ ਪ੍ਰਤੀਕਿਰਿਆਵਾਂ ਨੂੰ ਰਿਕਾਰਡ ਕੀਤਾ ਗਿਆ ਹੈ।
  • ਇੰਗਲੈਂਡ ਵਿੱਚ 100 ਤੋਂ ਜ਼ਿਆਦਾ ਗਰਭਵਤੀ ਔਰਤਾਂ ਅਤੇ ਉਨ੍ਹਾਂ ਦੇ ਅਣਜੰਮੇ ਬੱਚਿਆਂ ਦਾ ਅਧਿਐਨ ਕੀਤਾ।
  • ਅਧਿਐਨ ਲਈ ਮਾਵਾਂ ਨੂੰ ਸਕੈਨ ਤੋਂ 20 ਮਿੰਟ ਪਹਿਲਾਂ ਤੈਅ ਕੈਪਸੂਲ ਖਾਣ ਨੂੰ ਦਿੱਤੇ ਗਏ।
  • ਸਲਾਦ ਪੱਤੇ ਵਾਲੇ ਕੈਪਸੂਲ ਤੋਂ ਬਾਅਦ ਕੀਤੇ ਗਏ ਸਕੈਨਾਂ ਵਿੱਚ ਦੇਖਿਆ ਗਿਆ ਕਿ ਜ਼ਿਆਦਾਤਰ ਦੇ ਭਰੂਣ ਨਾਖੁਸ਼ ਸਨ।
  • ਇਸ ਤੋਂ ਵੱਖ ਜਿਨ੍ਹਾਂ ਨੂੰ ਗਾਜਰ ਦੇ ਕੈਪਸੂਲ ਦਿੱਤੇ ਗਏ ਉਹ ਭਰੂਣ ਮੁਸਕਰਾਉਂਦੇ ਹੋਏ ਦੇਖੇ ਗਏ।
  • ਅਧਿਐਨ ਬੱਚਿਆਂ ਦੇ ਜਨਮ ਤੋਂ ਬਾਅਦ ਵੀ ਜਾਰੀ ਰੱਖਿਆ ਗਿਆ ਤੇ ਨਤੀਜੇ ਉਹੀ ਸਨ।
  • ਅਧਿਐਨ ਵੀ ਦਰਸਾਉਂਦੇ ਹਨ ਕਿ ਖਾਣਪਾਣ ਦੀਆਂ ਆਦਤਾਂ ਜਨਮ ਤੋਂ ਪਹਿਲਾਂ ਹੀ ਵਿਕਸਿਤ ਹੋਣ ਲੱਗ ਪੈਂਦੀਆਂ ਹਨ।

ਇਸ ਦਿਸ਼ਾ ਵਿੱਚ ਮੌਜੂਦਾ ਅਧਿਐਨ ਦਾ ਦਾਅਵਾ ਹੈ ਕਿ ਪਹਿਲੀ ਵਾਰ ਮਾਂ ਵੱਲੋਂ ਖਾਧੇ ਗਏ ਵੱਖੋ-ਵੱਖ ਪਦਾਰਥਾਂ ਦੇ ਸੁਆਦ ਪ੍ਰਤੀ ਉਨ੍ਹਾਂ ਦੀ ਕੁੱਖ ਵਿੱਚ ਪਲ ਰਹੇ ਭਰੂਣ ਦੀਆਂ ਪ੍ਰਤੀਕਿਰਿਆਵਾਂ ਨੂੰ ਰਿਕਾਰਡ ਕੀਤਾ ਗਿਆ ਹੈ।

ਭਰੂਣ ਨੂੰ ਮਾਂ ਵੱਲੋਂ ਖਾਧੇ ਖਾਣੇ ਦਾ ਸੁਆਦ ਕਦੋਂ ਪਤਾ ਲੱਗਣ ਲਗਦਾ ਹੈ?

ਅਧਿਐਨ ਦੇ ਸਹਿ-ਲੇਖਕ ਨਦੇਜਾ ਰੈਸੀਲੈਂਡ ਦੱਸਦੇ ਹਨ, ''ਅਸੀਂ ਪਿਛਲੀ ਖੋਜ ਤੋਂ ਜਾਣਦੇ ਹਾਂ ਕਿ ਭਰੂਣ ਨੂੰ ਮਾਂ ਦੀ ਖੁਰਾਕ ਤੋਂ ਜੋ ਪੋਸ਼ਣ ਮਿਲਦਾ ਹੈ, ਉਹ ਬਾਅਦ ਵਿੱਚ ਸਿਹਤਮੰਦ ਵਿਕਾਸ ਲਈ ਕਿੰਨਾ ਮਹੱਤਵਪੂਰਨ ਹੈ। ਪਰ ਜੋ ਸਾਨੂੰ ਨਹੀਂ ਪਤਾ ਉਹ ਇਹ ਹੈ ਕਿ ਇਹ ਅਸਲ ਵਿੱਚ ਸ਼ੁਰੂ ਕਦੋਂ ਹੁੰਦਾ ਹੈ।''

ਨਦੇਜਾ ਫੇਟਲ ਐਂਡ ਨੀਓਨੇਟਲ ਰਿਸਰਚ ਲੈਬ ਦੇ ਮੁਖੀ ਵੀ ਹਨ।

ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ ਕਿ ਅਣਜੰਮੇ ਬੱਚੇ ਖੰਡ ਪ੍ਰਤੀ ਆਪਣੀ ਪਸੰਦ ਦਾ ਪ੍ਰਗਟਾਵਾ ਗਰਭ ਦੇ 14ਵੇਂ ਹਫ਼ਤੇ ਦੋਂ ਕਰਨਾ ਸ਼ੁਰੂ ਕਰ ਦਿੰਦੇ ਹਨ।

ਸਾਡੇ ਪ੍ਰਯੋਗ ਲਈ ਅਸੀਂ ਅਣਜੰਮੇ ਬੱਚਿਆਂ ਨੂੰ 32ਵੇਂ ਅਤੇ 36 ਹਫ਼ਤੇ ਦੌਰਾਨ ਗਾਜਰ ਅਤੇ ਸਲਾਦ ਪੱਤੇ ਦੇ ਪਾਊਡਰ ਵਾਲੇ ਕੈਪਸੂਲ ਦਿੱਤੇ। ਇਹ ਉਹ ਸਮਾਂ ਹੁੰਦਾ ਹੈ ਜਦੋਂ ਬੱਚਿਆਂ ਦੇ ਹਾਵਭਾਵ ਹੋੜ ਉਘੜਨ ਲੱਗਦੇ ਹਨ।

ਅਸੀਂ ਆਪਣੀ ਖੋਜ ਜਾਰੀ ਰੱਖੀ ਅਤੇ ਇਨ੍ਹਾਂ ਬੱਚਿਆਂ ਦੇ ਜਨਮ ਤੋਂ ਬਾਅਦ ਵੀ ਅਧਿਐਨ ਕਰਨਾ ਜਾਰੀ ਰੱਖਿਆ। ਅਸੀਂ ਦੇਖਿਆ ਕਿ ਬੱਚਿਆਂ ਨੇ ਗਾਜਰ ਅਤੇ ਸਲਾਦ ਪੱਤੇ ਪ੍ਰਤੀ ਉਹੋ-ਜਿਹੀ ਹੀ ਪ੍ਰਤੀਕਿਰਿਆ ਦਿੱਤੀ, ਜਿਵੇਂ ਦੀ ਉਨ੍ਹਾਂ ਨੇ ਜਨਮ ਤੋਂ ਪਹਿਲਾਂ ਦਿੱਤੀ ਸੀ।

ਅਸੀਂ ਉਮੀਦ ਕਰਦੇ ਹਾਂ ਕਿ ਜਨਮ ਤੋਂ ਬਾਅਦ ਉਨ੍ਹਾਂ ਨੂੰ ਹਰੀਆਂ ਸਬਜ਼ੀਆਂ ਖਾਣ ਦੀ ਆਦਤ ਪੈ ਜਾਵੇ ਅਤੇ ਉਹ ਇੱਕ ਸਿਹਤਮੰਦ ਖਾਣੇ ਲਈ ਸਬਜ਼ੀਆਂ ਖਾਣੀਆਂ ਸ਼ੁਰੂ ਕਰ ਦੇਣ।

ਇਹ ਅਧਿਐਨ ਸਾਨੂੰ ਅਣਜੰਮੇਬੱਚਿਆਂ ਬਾਰੇ ਕੀ ਨਵਾਂ ਦੱਸਦਾ ਹੈ?

ਰੈਸੀਲੈਂਡਜ ਕਹਿੰਦੇ ਹਨ ਕਿ ਇਹ ਸਾਨੂੰ ਬੱਚਿਆਂ ਵਿੱਚ ਸਵਾਦ ਦੀ ਪਛਾਣ ਵਿਕਸਿਤ ਹੋਣ ਬਾਰੇ ਦੱਸਦਾ ਹੈ।

''ਇੱਕ ਵਾਰ ਜਦੋਂ ਬੱਚੇ ਨੂੰ ਮਾਂ ਤੋਂ ਉਹ ਖੁਰਾਕ ਮਿਲ ਗਈ, ਜਨਮ ਤੋਂ ਬਾਅਦ ਉਨ੍ਹਾਂ ਨੂੰ ਉਸ ਖੁਰਾਕ ਦੀ ਆਦਤ ਪੈ ਜਾਵੇਗੀ ਅਤੇ ਉਹ ਉਸ ਨੂੰ ਖਾਣਾ ਜਾਰੀ ਰੱਖਣਗੇ।''

ਕੌੜੇ ਸੁਆਦ ਦਾ ਜ਼ਹਿਰ ਨਾਲ ਰਿਸ਼ਤਾ

ਰੈਸੀਲੈਂਡਜ਼ ਬੱਚਿਆਂ ਵੱਲੋਂ ਕੌੜੇ ਸੁਆਦ ਨੂੰ ਰੱਦ ਕੀਤੇ ਜਾਣ ਦਾ ਇੱਕ ਹੋਰ ਕਾਰਨ ਦੱਸਦੇ ਹਨ।

''ਅਸੀਂ ਕੌੜੇ ਸੁਆਦ ਨੂੰ ਖਤਰੇ ਨਾਲ ਵੀ ਜੋੜਦੇ ਹਾਂ ਅਤੇ ਉਸੇ ਅਨੁਸਾਰ ਪ੍ਰਤੀਕਿਰਿਆ ਕਰਦੇ ਹਾਂ। ਪਰ ਜਿਵੇਂ ਕਿ ਸਾਰੇ ਕੌੜੇ ਸੁਆਦ ਜ਼ਹਿਰ ਨਹੀਂ ਹੁੰਦੀ ਸਾਨੂੰ ਆਪਣੇ-ਆਪ ਨੂੰ ਅਤੇ ਆਪਣੇ ਬੱਚਿਆਂ ਸਿਖਾਉਣਾ ਪੈਂਦਾ ਹੈ। ਕੁਝ ਕੌੜੇ ਲੱਗਣ ਵਾਲੇ ਖਾਣੇ ਸਿਹਤ ਵਧਾਉਣ ਵਾਲੇ ਹੁੰਦੇ ਹਨ ਅਤੇ ਬੱਚਿਆਂ (ਉਨ੍ਹਾਂ) ਲਈ ਚੰਗੇ ਹੁੰਦੇ ਹਨ।''

ਹਾਲਾਂਕਿ ਅਲਟਰਾਸਾਊਂਡ ਤਸਵੀਰਾਂ ਵਿੱਚ ਬੱਚੇ ਜਿਸ ਤਰ੍ਹਾਂ ਦੇ ਮੂੰਹ ਕੌੜੀਆਂ ਚੀਜ਼ਾਂ ਪ੍ਰਤੀ ਬਣਾ ਰਹੇ ਹਨ ਉਹ ਇਕ ਬਾਲਗ ਵਰਗੇ ਹਨ। ਪਰ ਫਿਰ ਵੀ ਕਿਹਾ ਨਹੀਂ ਜਾ ਸਕਦਾ ਕਿ ਉਹ ਵਾਕਈ ਭਾਵਨਾਵਾਂ ਜਾਂ ਪਸੰਦਗੀਆਂ ਤੇ ਗੈਰਪਸੰਦਗੀਆਂ ਮਹਿਸੂਸ ਕਰ ਸਕਦੇ ਹਨ ਜਾਂ ਨਹੀਂ।

ਰੈਸੀਲੈਂਡਜ਼ ਮੁਤਾਬਕ,''ਮੱਥੇ ਦੀਆਂ ਤਿਉੜੀਆਂ ਜਾਂ ਮੁਸਕਰਾਹਾਟਾਂ ਜੋ ਕਿ ਤਸਵੀਰਾਂ ਵਿੱਚ ਦਿਖਾਈ ਦੇ ਰਹੀਆਂ ਹਨ। ਉਹ ਕੌੜੇ ਸੁਆਦ ਪ੍ਰਤੀ ਮਹਿਜ਼ ਹਿਲਦੀਆਂ ਮਾਸਪੇਸ਼ੀਆਂ ਹੋ ਸਕਦੀਆਂ ਹਨ।''

ਹਾਲਾਂਕਿ ਉਨ੍ਹਾਂ ਨੇ ਇਹ ਵੀ ਕਿਹਾ ਕਿ ਭਰੂਣ ਮੂੰਹ ਬਣਾਉਣ ਲਈ ਜਾਣੇ ਜਾਂਦੇ ਹਨ।

ਸਾਇੰਸਦਾਨਾਂ ਨੂੰ ਕੀ ਲੱਗਦਾ ਹੈ?

ਡਾ਼ ਡੈਨੀਅਲ ਰੌਬਿਨਸਨ, ਜੋ ਕਿ ਨੌਰਥਵੈਸਟਰਨ ਯੂਨੀਵਰਸਿਟੀ ਫੀਨਬਰਗ ਸਕੂਲ ਆਫ਼ ਮੈਡੀਸਨ ਅਮਰੀਕਾ ਵਿੱਚ ਨੀਓਨੈਟੋਲੋਜੀ ਦੇ ਐਸੋਸੀਏਟ ਪ੍ਰੋਫ਼ੈਸਰ ਹਨ।

ਉਨ੍ਹਾਂ ਦੀ ਸੰਸਥਾ ਹਾਲਾਂਕਿ ਵਰਤਮਾਨ ਖੋਜ ਨਾਲ ਜੁੜੀ ਹੋਈ ਨਹੀਂ ਸੀ।

ਉਨ੍ਹਾਂ ਨੇ ਐਨਬੀਸੀ ਨੂੰ ਦੱਸਿਆ ਕਿ ਲੋਕਾਂ ਨੂੰ ਅਲਟਰਾਸਾਊਂਡ ਦੀਆਂ ਤਸਵੀਰਾਂ ਦੇਖ ਕੇ ਇਹ ਨਹੀਂ ਸਮਝਣਾ ਚਾਹੀਦਾ ਕਿ ਬੱਚੇ ਪਸੰਦਗੀ ਜਾਂ ਨਾਪਸੰਦਗੀ ਜਾਹਰ ਕਰ ਰਹੇ ਹਨ।

ਜੂਲੀ ਮੈਨੇਲਾ ਫਿਲੇਡੇਲਫ਼ੀਆ ਦੇ ਮੋਨੈਲ ਕੈਮੀਕਲ ਸੈਂਸਜ਼ ਸੈਂਟਰ ਨਾਲ ਜੁੜੇ ਹੋਏ ਹਨ। ਉਹ ਵੀ ਅਧਿਐਨ ਵਿੱਚ ਤਾਂ ਭਾਵੇਂ ਸ਼ਾਮਲ ਨਹੀਂ ਸਨ ਪਰ ਉਹ ਵੀ ਇਸ ਖੇਤਰ ਦੇ ਇੱਕ ਮਾਹਰ ਹਨ।

ਦਿ ਗਾਰਡੀਅਨ ਨੇ ਜੂਲੀ ਦੇ ਹਵਾਲੇ ਨਾਲ ਲਿਖਿਆ ਹੈ ਕਿ ਉਹ ਇਸ ਸਿਧਾਂਤ ਦੇ ਸਮਰਥਕ ਹਨ ਕਿ ਬੱਚੇ ਜਨਮ ਤੋਂ ਪਹਿਲਾਂ ਹੀ ਗਰਭਜਲ ਰਾਹੀਂ ਆਪਣੀ ਮਾਂ ਦੀਆਂ ਖਾਣ-ਪਾਣ ਦੀਆਂ ਆਦਤਾਂ ਨੂੰ ਅਪਣਾ ਲੈਂਦੇ ਹਨ।

ਅਖ਼ਬਾਰ ਨੇ ਪ੍ਰੋਫ਼ੈਸਰ ਕੈਥਰੀਨ ਫੋਰੇਸਟੈਲ ਜੋ ਕਿ ਵਰਜੀਨੀਆ ਵਿੱਚ ਕਾਲਜ ਆਫ਼ ਵਿਲੀਅਮ ਐਂਡ ਮੈਰੀ ਨਾਲ ਜੁੜੇ ਹੋਏ ਹਨ। ਉਨ੍ਹਾਂ ਨੇ ਨਵੇਂ ਅਧਿਐਨ ਦੇ ਸਿੱਟਿਆਂ ਦਾ ਸਵਾਗਤ ਕੀਤਾ ਹੈ।

ਅਸਪੱਸ਼ਟ ਖਾਣ-ਪਾਣ

ਬਿਆਜ਼ਾ ਉਸਤਨ ਨੇ ਇਸ ਖੋਜ ਦੀ ਅਗਵਾਈ ਕੀਤੀ। ਉਨ੍ਹਾਂ ਨੇ ਕਿਹਾ, ਬਹੁਤ ਸਾਰੇ ਅਧਿਐਨਾਂ ਨੇ ਦਰਸਾਇਆ ਹੈ ਕਿ ਬੱਚੇ ਕੁੱਖ ਦੇ ਅੰਦਰ ਹੀ ਸੁਆਦ ਅਤੇ ਗੰਧ ਨੂੰ ਮਹਿਸੂਸ ਕਰ ਸਕਦੇ ਹਨ।

ਪਰ ਉਹ ਸਾਰੇ ਅਧਿਐਨ ਜਨਮ ਤੋਂ ਬਾਅਦ ਦੇ ਹਨ ਅਤੇ ਜਨਮ ਤੋਂ ਪਹਿਲਾਂ ਦੀ ਪ੍ਰਤੀਕਿਰਿਆ ਦੇਖਣ ਵਾਲਾ ਪਹਿਲਾ ਸਾਡਾ ਪਹਿਲਾ ਅਧਿਐਨ ਹੈ।

ਅਸੀਂ ਸੋਚਦੇ ਹਾਂ ਕਿ ਜਨਮ ਤੋਂ ਪਹਿਲਾਂ ਵਾਰ-ਵਾਰ ਚਖਾਇਆ ਗਿਆ ਸੁਆਦ ਜਨਮ ਤੋਂ ਬਾਅਦ ਸੁਆਦ ਸੰਬੰਧੀ ਪਹਿਲਤਾਵਾਂ ਬਾਰੇ ਰੌਸ਼ਨੀ ਪਾਉਣ ਵਿੱਚ ਸਹਾਈ ਹੋਵੇਗਾ।

ਇਸ ਰਿਸਰਚ ਭਵਿੱਖ ਵਿੱਚ ਖਾਣ ਪੀਣ ਦੀਆਂ ਸਿਹਤਮੰਦ ਆਦਤਾਂ ਵਿਕਸਿਤ ਕਰਨ ਵਿੱਚ ਮਦਦਗਾਰ ਹੋ ਸਕਦੀ ਹੈ।

ਇਸ ਤਰ੍ਹਾਂ ਅਮਲੀ ਰੂਪ ਵਿੱਚ ਇਹ ਖੋਜ ਨਵੇਂ ਬਣਨ ਵਾਲੇ ਮਾਪਿਆਂ ਨੂੰ ਨੂੰ ਸਮਝਣ ਵਿੱਚ ਮਦਦ ਕਰ ਸਕਦੀ ਹੈ, ਜੋ ਚਾਹੁੰਦੇ ਹਨ ਕਿ ਉਨ੍ਹਾਂ ਦੇ ਬੱਚੇ ਉਨ੍ਹਾਂ ਵਰਗੀਆਂ ਖਾਣ-ਪਾਣ ਦੀਆਂ ਆਦਤਾਂ ਵਿਕਸਤ ਨਾ ਕਰ ਲੈਣ।

ਇਹ ਵੀ ਪੜ੍ਹੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)