ਲੁਧਿਆਣਾ ਵਿੱਚ 8 ਸਾਲਾ ਬੱਚੇ ਦੇ ਕਤਲ ਦੀ ਗੁੱਥੀ ਨੂੰ ਸੁਲਝਾਉਣ ਦਾ ਪੁਲਿਸ ਦਾ ਦਾਅਵਾ, ਕੀ ਹੈ ਮਾਮਲਾ

ਲੁਧਿਆਣਾ ਵਿਖੇ 18 ਅਗਸਤ ਨੂੰ ਭੇਤਭਰੇ ਹਾਲਾਤਾਂ ਵਿੱਚ ਗੁੰਮ ਹੋਏ 8 ਸਾਲ ਦੇ ਬੱਚੇ ਸਹਿਜਪ੍ਰੀਤ ਸਿੰਘ ਦੀ ਮੌਤ ਹੋ ਗਈ ਹੈ।

ਬੱਚੇ ਦੀ ਲਾਸ਼ ਲੁਧਿਆਣਾ ਨੇੜੇ ਨਹਿਰ ਚੋਂ ਮਿਲੀ ਹੈ ਜਿਸ ਤੋਂ ਬਾਅਦ ਪਰਿਵਾਰ ਵਾਲੇ ਸਦਮੇ ਵਿੱਚ ਹਨ।

ਗੁੰਮ ਹੋਣ ਤੋਂ ਅਗਲੇ ਦਿਨ ਪਰਿਵਾਰ ਵਲੋਂ ਮਾਡਲ ਟਾਊਨ ਪੁਲਿਸ ਸਟੇਸ਼ਨ ਵਿਖੇ ਸ਼ਿਕਾਇਤ ਦਰਜ ਕਰਵਾਈ ਗਈ ਸੀ। ਸੋਸ਼ਲ ਮੀਡੀਆ ਉੱਪਰ ਵੀ ਬੱਚੇ ਦੀ ਭਾਲ ਸਬੰਧੀ ਪੋਸਟਰ ਜਾਰੀ ਕੀਤੇ ਗਏ ਸਨ।

ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਹਨ ਜਿਸ ਵਿੱਚ ਸਹਿਜਪ੍ਰੀਤ ਆਪਣੇ ਤਾਏ ਨਾਲ ਹੀ ਆਖ਼ਰੀ ਵਾਰ ਨਜ਼ਰ ਆਇਆ ਹੈ।

ਪੁਲਿਸ ਕਮਿਸ਼ਨਰ ਡਾ਼ ਕੌਸਤੁਭ ਸ਼ਰਮਾ ਨੇ ਬੀਬੀਸੀ ਸਹਿਯੋਗੀ ਗੁਰਮਿੰਦਰ ਸਿੰਘ ਨੂੰ ਦੱਸਿਆ ਕਿ ਮੁਲਜ਼ਮ ਨੇ ਆਪਣਾ ਜੁਰਮ ਕਬੂਲ ਕਰ ਲਿਆ ਹੈ।

ਇਸ ਮੌਤ ਦੇ ਇਲਜ਼ਾਮ ਬੱਚੇ ਦੇ ਤਾਏ ਉੱਪਰ ਲੱਗ ਰਹੇ ਹਨ ਜਿਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

'ਮੈਂ ਆਪਣੇ ਪਤੀ ਨੂੰ ਮੈਂ ਆਪਣੇ ਹੱਥੀਂ ਸਜ਼ਾ ਦੇਵਾਂਗੀ'

ਬੱਚੇ ਦੀ ਤਾਈ ਵੱਲੋਂ ਆਖਿਆ ਗਿਆ ਕਿ ਸਹਿਜਪ੍ਰੀਤ ਦੇ ਕਾਤਲਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ। ਉਨ੍ਹਾਂ ਨੇ ਆਖਿਆ ਕਿ ਇਲਜ਼ਾਮ ਉਨ੍ਹਾਂ ਦੇ ਪਤੀ ਉੱਪਰ ਹਨ।

"ਜੇਕਰ ਮੇਰੇ ਪਤੀ ਨੇ ਸਹਿਜ ਨੂੰ ਮਾਰਿਆ ਹੈ ਤਾਂ ਆਪਣੇ ਹੱਥੀਂ ਉਸ ਨੂੰ ਸਜ਼ਾ ਦੇਵਾਂਗੀ। ਸਾਡਾ ਸਹਿਜਪ੍ਰੀਤ ਦੇ ਪਰਿਵਾਰ ਨਾਲ ਕੋਈ ਝਗੜਾ ਨਹੀਂ ਸੀ। ਮੇਰੇ ਪਤੀ ਨੇ ਇਸ ਬਾਰੇ ਕੁਝ ਨਹੀਂ ਦੱਸਿਆ। ਅਸੀਂ ਫੋਨ ਕਰਕੇ ਉਸ ਨੂੰ ਦੱਸਿਆ ਕਿ ਸਹਿਜਪ੍ਰੀਤ ਗੁੰਮ ਹੋ ਗਿਆ ਹੈ ਤੇ ਪੁਲਿਸ ਭਾਲ ਕਰ ਰਹੀ ਹੈ।''

ਬੱਚੇ ਦੀ ਮੌਤ ਤੋਂ ਬਾਅਦ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਆਏ ਗੁਆਂਢ ਦੇ ਲੋਕਾਂ ਦਾ ਕਹਿਣਾ ਹੈ ਕਿ 8 ਸਾਲ ਦਾ ਸਹਿਜਪ੍ਰੀਤ ਗਲੀ-ਗੁਆਂਢ ਦਾ ਪਿਆਰ ਲੈਣ ਵਾਲਾ ਬੱਚਾ ਸੀ।

ਉਨ੍ਹਾਂ ਨੇ ਦੱਸਿਆ ਕਿ ਉਹ ਆਪਣੀਆਂ ਦੋ ਵੱਡੀਆਂ ਭੈਣਾਂ ਦਾ ਭਰਾ ਸੀ ਅਤੇ ਕਾਫ਼ੀ ਸਮੇਂ ਬਾਅਦ ਪੈਦਾ ਹੋਇਆ ਸੀ।

ਇੱਕ ਰਿਸ਼ਤੇਦਾਰ ਕਾਲਾ ਸਿੰਘ ਨੇ ਦੱਸਿਆ ਕਿ ਸਹਿਜ ਸਾਡੇ ਤਾਂ ਹੱਥਾਂ ਵਿੱਚ ਪਲਿਆ ਸੀ ਅਤੇ ਬਹੁਤ ਸੋਹਣਾ ਤਬਲਾ ਵਜਾਉਂਦਾ ਸੀ। ਉਸ ਨੂੰ ਸਾਰਾ ਮੁਹੱਲਾ ਪਿਆਰ ਕਰਦਾ ਸੀ।

ਪੁਲਿਸ ਨੂੰ ਪਹਿਲੇ ਦਿਨ ਤੋਂ ਹੀ ਤਾਏ ਉੱਤੇ ਸ਼ੱਕ ਸੀ

ਪੁਲਿਸ ਕਮਿਸ਼ਨਰ ਡਾ਼ ਕੌਸਤੁਭ ਸ਼ਰਮਾ ਨੇ ਬੀਬੀਸੀ ਸਹਿਯੋਗੀ ਗੁਰਮਿੰਦਰ ਸਿੰਘ ਨੂੰ ਦੱਸਿਆ ਕਿ ਮੁਲਜ਼ਮ ਨੇ ਆਪਣਾ ਜੁਰਮ ਕਬੂਲ ਕਰ ਲਿਆ ਹੈ।

ਉਨ੍ਹਾਂ ਨੇ ਦੱਸਿਆ, ''ਮੁਲਜ਼ਮ ਪੰਜ ਸਾਲਾਂ ਤੋਂ ਕੋਈ ਕੰਮ ਨਹੀਂ ਕਰਦਾ ਸੀ ਅਤੇ ਉਸਦੇ ਦਿਮਾਗ ਦਾ ਕੋਈ ਅਪਰੇਸ਼ਨ ਵਗੈਰਾ ਹੋਇਆ ਸੀ।''

''ਉਹ ਖ਼ੁਦ ਕੋਈ ਕੰਮ ਨਹੀਂ ਕਰਦਾ ਸੀ ਅਤੇ ਆਪਣੀ ਮਾਂ ਦੀ ਸੰਭਾਲ ਹੀ ਕਰਦਾ ਸੀ। ਜਿਸ ਕਾਰਨ ਉਸ ਦੀ ਪਤਨੀ ਉਸ ਨੂੰ ਤੰਜ ਕਰਦੀ ਸੀ ਤੇ ਉਹ ਖਿੱਝ ਗਿਆ।''

''ਮੁਲਜ਼ਮ ਪਹਿਲਾਂ ਵੀ ਬੱਚੇ ਨੂੰ ਆਪਣੇ ਨਾਲ ਲਿਜਾਂਦਾ ਰਹਿੰਦਾ ਸੀ।''

''ਮੁਲਜ਼ਮ ਵਾਰ-ਵਾਰ ਆਪਣੇ ਬਿਆਨ ਬਦਲ ਰਿਹਾ ਸੀ। ਪਹਿਲਾਂ ਤੋਂ ਹੀ ਉਸ ਉੱਪਰ 346 ਧਾਰਾ ਤਹਿਤ ਕੇਸ ਚੱਲ ਰਿਹਾ ਸੀ ਜੋ ਕਿ ਲਾਸ਼ ਮਿਲਣ ਤੋਂ ਬਾਅਦ 302 ਵਿੱਚ ਬਦਲ ਗਿਆ ਸੀ।''

ਇਸ ਤੋਂ ਇਲਵਾ ਸੀਪੀ ਦੇ ਦੱਸਣ ਮੁਤਾਬਕ ਕੁਝ ਸਮੇਂ ਤੋਂ ਘਰ ਵਿੱਚ ਜਾਇਦਾਦ ਦਾ ਵੀ ਝਗੜਾ ਚੱਲ ਰਿਹਾ ਸੀ।

ਇਹ ਵੀ ਪੜ੍ਹੋ-

ਪੁਲਿਸ ਅਨੁਸਾਰ ਕਿਵੇਂ ਵਾਪਰਿਆ ਸਾਰਾ ਘਟਨਾਕ੍ਰਮ

ਲੁਧਿਆਣਾ ਦੇ ਸਹਾਇਕ ਕਮਿਸ਼ਨਰ ਹਰੀਸ਼ ਬਹਿਲ ਨੇ ਪ੍ਰੈੱਸ ਕਾਨਫਰੰਸ ਵਿੱਚ ਦੱਸਿਆ, ''19 ਅਗਸਤ ਨੂੰ ਮਾਡਲ ਟਾਊਨ ਥਾਣੇ ਵਿੱਚ ਹਰਸਿਮਰਤ ਕੌਰ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦਾ ਅੱਠ ਸਾਲ ਦਾ ਬੱਚਾ ਸਹਿਜਪ੍ਰੀਤ ਸਿੰਘ ਸਪੁੱਤਰ ਜਗਜੀਤ ਸਿੰਘ 17 ਅਗਸਤ ਰਾਤ ਦਾ ਲਾਪਤਾ ਹੈ।''

''ਉਨ੍ਹਾਂ ਦੇ ਹੀ ਦੱਸਣ ਮੁਤਾਬਕ ਬੱਚਾ ਗਲੀ ਵਿੱਚ ਹੀ ਸਾਈਕਲ ਚਲਾ ਰਿਹਾ ਸੀ ਅਤੇ ਉਸ ਤੋਂ ਬਾਅਦ ਮਿਲ ਨਹੀਂ ਰਿਹਾ ਹੈ। ਜਾਣਕਾਰੀ ਮਿਲਣ ਤੋਂ ਬਾਅਦ ਹੀ ਅਸੀਂ ਜਾਂਚ ਸ਼ੁਰੂ ਕਰ ਦਿੱਤੀ ਸੀ।''

''ਜਾਂਚ ਦੌਰਾਨ ਸਾਨੂੰ ਪਤਾ ਚੱਲਿਆ ਕਿ ਬੱਚਾ ਆਪਣੇ ਹੀ ਤਾਏ ਜਿਸ ਦਾ ਨਾਮ ਸਵਰਨਜੀਤ ਸਿੰਘ ਹੈ, ਉਸਦੇ ਨਾਲ ਹੀ ਰਾਤ ਨੂੰ ਗਿਆ ਸੀ।''

''ਜਦੋਂ ਸਵਰਨਜੀਤ ਸਿੰਘ ਨੂੰ ਅਸੀਂ ਪੁੱਛਗਿੱਛ ਲਈ ਲਿਆਂਦਾ ਤਾਂ ਪਤਾ ਚੱਲਿਆ ਕਿ ਪਿੰਡ ਦੇ ਕੋਲ ਹੀ ਗੁਰਦੁਆਰਾ ਰਾਮਗੜ੍ਹੀਆ ਹੈ। ਉੱਥੇ ਤੱਕ ਬੱਚਾ ਆਪਣੇ ਸਾਈਕਲ ਉੱਤੇ ਉਸ ਦੇ ਨਾਲ ਹੀ ਆਇਆ, ਉੱਥੇ ਉਸ ਨੇ ਸਾਈਕਲ ਰਖਵਾ ਦਿੱਤਾ।'

''ਸਵਰਨਜੀਤ ਸਿੰਘ ਨੇ ਬੱਚੇ ਨੂੰ ਕਿਹਾ ਕਿ ਆਪਾਂ ਦਰਬਾਰ ਸਾਹਿਬ ਮੱਥਾ ਟੇਕਣ ਜਾਂਦੇ ਹਾਂ। ਫਿਰ ਲਾਡੋਵਾਲ ਤੋਂ ਵਾਪਸ ਆ ਗਿਆ ਕਿਉਂਕਿ ਬੱਚਾ ਕਹਿ ਰਿਹਾ ਸੀ ਕਿ ਹਨੇਰਾ ਬਹੁਤ ਹੋ ਗਿਆ ਹੈ ਅਤੇ ਮੈਨੂੰ ਨੀਂਦ ਆ ਰਹੀ ਹੈ।''

ਹਰੀਸ਼ ਬਹਿਲ ਨੇ ਅੱਗੇ ਦੱਸਿਆ, 'ਫਿਰ ਤਾਏ ਨੇ ਬੱਚੇ ਨੂੰ ਕਿਹਾ ਕਿ ਮੈਂ ਤੈਨੂੰ ਜਲੰਧਰ ਬਾਈਪਾਸ ਤੋਂ ਫ਼ਲ ਲੈ ਦਿੰਦਾ ਹਾਂ। ਜਲੰਧਰ ਬਾਈਪਾਸ ਤੋਂ ਇਹ ਕਟਾਣਾ ਸਾਹਿਬ ਚਲੇ ਗਏ। ਉੱਥੋਂ ਇਹ ਸਵੇਰੇ ਨਿਕਲੇ ਅਤੇ ਦੋਰਾਹਾ ਨਹਿਰ ਦੇ ਨੇੜੇ ਹੀ ਗੁਰਦੁਆਰਾ ਅਜਨੌਦ ਸਿੰਘ ਆ ਗਏ। ਉੱਥੇ ਇਹ ਦਸ ਕੁ ਮਿੰਟ ਰੁਕੇ ਹਨ।''

ਫਿਰ ਇਹ ਨਹਿਰੋ-ਨਹਿਰ ਨਿਕਲੇ ਹਨ। ਜਾਂਚ ਦੌਰਾਨ ਪਤਾ ਚੱਲਿਆ ਕਿ ਇਹ ਖ਼ੁਦ ਸਵੇਰੇ ਅੱਠ-ਨੌਂ ਵਜੇ ਇਕੱਲਾ ਘਰ ਵਾਪਸ ਆ ਗਿਆ ਸੀ। ਉੱਥੋਂ ਸਾਨੂੰ ਸ਼ੱਕ ਪਿਆ ਕਿ ਇਸੇ ਨੇ ਬੱਚੇ ਨੂੰ ਉੱਥੇ ਹੀ ਨਹਿਰ ਵਿੱਚ ਸੁੱਟ ਕੇ ਮਾਰ ਦਿੱਤਾ ਹੈ।''

ਉਹੀ ਗੱਲ ਹੋਈ। ਅਸੀਂ ਤਾਏ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ। ਬੱਚੇ ਦੀ ਲਾਸ਼ ਵੀ ਹਰਨਾਮਪੁਰਾ ਪਿੰਡ ਵਿੱਚ ਨਹਿਰ ਦੇ ਕੋਲੋਂ ਬਰਾਮਦ ਕਰ ਲਈ ਹੈ।''

ਇਹ ਵੀ ਪੜ੍ਹੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)