You’re viewing a text-only version of this website that uses less data. View the main version of the website including all images and videos.
ਬਠਿੰਡਾ ਦੇ ਪਿੰਡ 'ਚ ਦਲਿਤ ਔਰਤ ਹੱਥੋਂ ਕਥਿਤ ਤੌਰ 'ਤੇ ਰੋਟੀ ਦਾ ਥਾਲ ਖੋਹੇ ਜਾਣ ਦਾ ਕੀ ਹੈ ਪੂਰਾ ਮਾਮਲਾ
- ਲੇਖਕ, ਸੁਰਿੰਦਰ ਮਾਨ
- ਰੋਲ, ਬੀਬੀਸੀ ਸਹਿਯੋਗੀ
"ਮੇਰੇ ਪਿੰਡ ਵਿੱਚ ਕਰਵਾਏ ਗਏ ਤੀਆਂ ਦੇ ਇੱਕ ਸਮਾਗਮ ਦੌਰਾਨ ਜਦੋਂ ਮੈਂ ਰੋਟੀ ਖਾਣ ਲਈ ਮੇਜ਼ ਤੋਂ ਥਾਲ ਚੁੱਕਿਆ ਤਾਂ ਮੇਰੇ ਪਿੰਡ ਦੀ ਹੀ ਇੱਕ ਔਰਤ ਨੇ ਮੇਰੇ ਹੱਥੋਂ ਥਾਲ ਖੋਹ ਲਿਆ। ਉਸ ਨੇ ਮੈਨੂੰ ਕਿਹਾ ਕਿ ਛੋਟੀਆਂ ਜਾਤਾਂ ਲਈ ਲੰਗਰ ਦਾ ਵੱਖਰਾ ਪ੍ਰਬੰਧ ਹੈ, ਤੂੰ ਇੱਥੋਂ ਰੋਟੀ ਨਹੀਂ ਖਾ ਸਕਦੀ।"
ਇਹ ਸ਼ਬਦ ਉਸ ਦਲਿਤ ਔਰਤ ਦੇ ਹਨ, ਜਿਸ ਨਾਲ ਇਹ ਕਥਿਤ ਘਟਨਾ ਵਾਪਰਨ ਮਗਰੋਂ ਸੋਸ਼ਲ ਮੀਡੀਆ ਉੱਪਰ ਇਸ ਦੀ ਚਰਚਾ ਹੋਣ ਲੱਗੀ ਹੈ।
ਤੀਆਂ ਦੇ ਤਿਉਹਾਰ ਦੇ ਸਬੰਧ ਵਿੱਚ ਰੱਖੇ ਗਏ ਇੱਕ ਸਮਾਗਮ ਦੌਰਾਨ ਦਲਿਤਾਂ ਲਈ ਕਥਿਤ ਤੌਰ 'ਤੇ ਲੰਗਰ ਦਾ ਵੱਖਰਾ ਪ੍ਰਬੰਧ ਕੀਤੇ ਜਾਣ ਮਗਰੋਂ ਇੱਕ ਨਵਾਂ 'ਵਿਵਾਦ' ਖੜ੍ਹਾ ਹੋ ਗਿਆ ਹੈ।
ਇਹ ਸਮਾਗਮ 7 ਅਗਸਤ ਨੂੰ ਜ਼ਿਲ੍ਹਾ ਬਠਿੰਡਾ ਅਧੀਨ ਪੈਂਦੇ ਪਿੰਡ ਮਲੂਕਾ ਵਿਖੇ ਰੱਖਿਆ ਗਿਆ ਸੀ।
ਪੂਰਾ ਮਾਮਲਾ ਕੀ ਹੈ
ਅਸਲ ਵਿੱਚ ਸਮਾਗਮ ਦੌਰਾਨ ਰੌਲਾ ਉਸ ਵੇਲੇ ਪਿਆ ਜਦੋਂ ਰੋਟੀ ਖਾਣ ਸਮੇਂ ਇੱਕ ਦਲਿਤ ਔਰਤ ਦੇ ਹੱਥੋਂ ਕਥਿਤ ਤੌਰ 'ਤੇ ਥਾਲ ਫੜ ਕੇ ਉਸ ਨੂੰ ਕਿਹਾ ਗਿਆ ਕਿ 'ਨੀਵੀਆਂ ਜਾਤਾਂ' ਲਈ ਲੰਗਰ ਦੂਜੇ ਪਾਸੇ ਹੈ।
ਦਲਿਤ ਔਰਤ ਦੀ ਸ਼ਿਕਾਇਤ ਮਗਰੋਂ ਪੁਲਿਸ ਨੇ ਇਸ ਸਬੰਧ ਵਿੱਚ ਇੱਕ ਔਰਤ ਸਣੇ 5 ਜਣਿਆਂ ਖ਼ਿਲਾਫ਼ ਐੱਸਸੀ ਐੱਸਟੀ ਐਕਟ ਅਧੀਨ ਮਾਮਲਾ ਦਰਜ ਕਰ ਲਿਆ ਹੈ।
ਪੁਲਿਸ ਨੇ ਥਾਣਾ ਦਿਆਲਪੁਰਾ ਭਾਈਕਾ ਵਿਖੇ ਪਿੰਡ ਮਲੂਕਾ ਦੇ ਵਸਨੀਕਾਂ ਰਘਬੀਰ ਸਿੰਘ, ਜਗਸੀਰ ਸਿੰਘ, ਸਵਰਨ ਸਿੰਘ, ਲੱਖਾ ਸਿੰਘ ਤੇ ਕੁਲਦੀਪ ਕੌਰ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਦਾ ਕੰਮ ਸ਼ੁਰੂ ਕਰ ਦਿੱਤਾ ਹੈ।
ਉਂਝ, ਹਾਲੇ ਤੱਕ ਇਸ ਮਾਮਲੇ ਵਿੱਚ ਪੁਲਿਸ ਵੱਲੋਂ ਕੋਈ ਵੀ ਗ੍ਰਿਫਤਾਰੀ ਨਹੀਂ ਕੀਤੀ ਗਈ ਹੈ।
ਪਿੰਡ ਦੇ ਵਸਨੀਕ ਹਰਬੰਸ ਸਿੰਘ ਨੇ ਦੱਸਿਆ ਕਿ ਇਸ ਸਮਾਗਮ ਦੌਰਾਨ ਦਲਿਤ ਵਰਗ ਅਤੇ ਉੱਚ ਜਾਤੀਆਂ ਲਈ ਵੱਖੋ ਵੱਖਰੇ ਟੈਂਟ ਲਗਾਏ ਗਏ ਸਨ।
"ਸਾਡੇ ਲਈ ਇਹ ਵੀ ਕੋਈ ਖ਼ਾਸ ਗੱਲ ਨਹੀਂ ਸੀ। ਪਰ ਸਾਡੇ ਦਿਲਾਂ ਨੂੰ ਉਸ ਵੇਲੇ ਠੇਸ ਪੁੱਜੀ ਜਦੋਂ ਸਮਾਗਮ ਦੀ ਸਟੇਜ ਤੋਂ ਮਾਈਕ ਰਾਹੀਂ ਇਹ ਕਿਹਾ ਗਿਆ ਕਿ ਜ਼ਿਮੀਂਦਾਰ ਘਰਾਂ ਦੀਆਂ ਔਰਤਾਂ ਸਟੇਜ ਦੇ ਅੱਗੇ ਆ ਜਾਣ। ਇਸ ਤੋਂ ਪਹਿਲਾਂ ਸਾਡੇ ਪਿੰਡ ਵਿੱਚ ਜਾਤ-ਪਾਤ ਦਾ ਕਦੇ ਵੀ ਕੋਈ ਮਾਮਲਾ ਨਹੀਂ ਸੀ।"
ਜਿਵੇਂ ਹੀ ਇਸ ਅਨਾਊਂਸਮੈਂਟ ਦੀ ਵੀਡੀਓ ਸੋਸ਼ਲ ਮੀਡੀਆ ਉੱਪਰ ਵਾਇਰਲ ਹੋਈ ਤਾਂ ਵੱਖ-ਵੱਖ ਜਥੇਬੰਦੀਆਂ ਨੇ ਇਸ ਵਿਰੁੱਧ ਆਵਾਜ਼ ਚੁੱਕਣੀ ਸ਼ੁਰੂ ਕਰ ਦਿੱਤੀ।
ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਉਣ ਵਾਲੀ ਔਰਤ ਨੇ ਪੁਲਿਸ ਨੂੰ ਦਿੱਤੇ ਬਿਆਨ ਵਿੱਚ ਕਿਹਾ ਹੈ ਕਿ ਸਮਾਗਮ ਦੌਰਾਨ ਕਥਿਤ ਤੌਰ 'ਤੇ ਇਹ ਵੀ ਕਿਹਾ ਗਿਆ ਕਿ ਦਲਿਤ ਕੁੜੀਆਂ ਸਟੇਜ ਤੋਂ ਉਤਰ ਜਾਣ।
ਥਾਣਾ ਦਿਆਲਪੁਰਾ ਭਾਈਕਾ ਦੇ ਐੱਸਐੱਚਓ ਹਰਨੇਕ ਸਿੰਘ ਦਾ ਕਹਿਣਾ ਹੈ ਕਿ ਜਿਵੇਂ ਹੀ ਇਸ ਘਟਨਾ ਦੀ ਸ਼ਿਕਾਇਤ ਪੁਲਿਸ ਕੋਲ ਪੁੱਜੀ ਤਾਂ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੰਜ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ।
ਇਸ ਘਟਨਾ ਦੇ ਵਾਪਰਨ ਤੋਂ ਤਿੰਨ ਦਿਨ ਬਾਅਦ 10 ਅਗਸਤ ਨੂੰ ਇਹ ਕੇਸ ਪੁਲਿਸ ਵੱਲੋਂ ਦਰਜ ਕੀਤਾ ਗਿਆ ਹੈ।
ਪਿੰਡ ਮਲੂਕਾ ਵਿੱਚ ਵੱਖ-ਵੱਖ ਲੋਕਾਂ ਨਾਲ ਗੱਲ ਕਰਨ ਤੋਂ ਬਾਅਦ ਇਹ ਗੱਲ ਵੀ ਉੱਭਰ ਕੇ ਸਾਹਮਣੇ ਆਈ ਕਿ ਪਿੰਡ ਵਿੱਚ ਵੱਖ-ਵੱਖ ਸਿਆਸੀ ਧੜਿਆਂ ਦਰਮਿਆਨ ਅਕਸਰ ਹੀ ਖਿੱਚੋਤਾਣ ਚੱਲਦੀ ਰਹਿੰਦੀ ਹੈ।
ਪਿੰਡ ਦੇ ਵਸਨੀਕ ਬੀਰਾ ਸਿੰਘ ਦਾ ਕਹਿਣਾ ਹੈ ਕਿ ਇਸ ਸਿਆਸੀ ਧੜੇਬੰਦੀ ਦਾ ਸ਼ਿਕਾਰ ਕਥਿਤ ਤੌਰ 'ਤੇ ਗ਼ਰੀਬ ਲੋਕ ਹੀ ਹੁੰਦੇ ਰਹੇ ਹਨ।
ਇਹ ਵੀ ਪੜ੍ਹੋ:
ਪੀੜਤ ਔਰਤ ਨੇ ਕੀ ਦੱਸਿਆ
ਪੀੜਤ ਦਲਿਤ ਔਰਤ ਨੇ ਬੀਬੀਸੀ ਪੰਜਾਬੀ ਨੂੰ ਦੱਸਿਆ ਕਿ ਤੀਆਂ ਦਾ ਇਹ ਸਮਾਗਮ ਰਘਬੀਰ ਸਿੰਘ ਵੱਲੋਂ ਆਪਣੀ ਮਾਤਾ ਦੀ ਯਾਦ ਵਿੱਚ ਪਿੰਡ ਵਿੱਚ ਮੇਲ-ਮਿਲਾਪ ਅਤੇ ਭਾਈਚਾਰਕ ਸਾਂਝ ਕਾਇਮ ਕਰਨ ਲਈ ਕੀਤਾ ਗਿਆ ਸੀ।
"ਹੁਣ ਇਸ ਗੱਲ ਦੀ ਸਮਝ ਨਹੀਂ ਆ ਰਹੀ ਕਿ ਆਖਰਕਾਰ ਸਮਾਗਮ ਦੌਰਾਨ ਅਜਿਹੀਆਂ ਗੱਲਾਂ ਕਿਵੇਂ ਵਾਪਰ ਗਈਆਂ।"
ਪੀੜਤ ਔਰਤ ਦੇ ਪਤੀ ਖੇਤ ਮਜ਼ਦੂਰ ਹਨ। ਜਦੋਂ ਉਨ੍ਹਾਂ ਤੋਂ ਇਸ ਘਟਨਾ ਸਬੰਧੀ ਪੁੱਛਿਆ ਗਿਆ ਤਾਂ ਉਨ੍ਹਾਂ ਸਾਫ ਸ਼ਬਦਾਂ ਵਿੱਚ ਕਿਹਾ, "ਅਸੀਂ ਮਜ਼ਦੂਰੀ ਕਰਕੇ ਆਪਣਾ ਘਰ ਚਲਾਉਂਦੇ ਹਾਂ। ਅਜਿਹੇ ਹਾਲਾਤ ਵਿੱਚ ਅਸੀਂ ਕਿਸੇ ਵੀ ਤਰ੍ਹਾਂ ਦੇ ਵਿਵਾਦ ਵਿੱਚ ਨਹੀਂ ਪੈਣਾ ਚਾਹੁੰਦੇ।"
ਦੂਜੇ ਪਾਸੇ ਇਸ ਸਮਾਗਮ ਨੂੰ ਕਰਵਾਉਣ ਵਾਲੇ ਮੁੱਖ ਪ੍ਰਬੰਧਕ ਰਘਬੀਰ ਸਿੰਘ ਦੇ ਪੁੱਤਰ ਰਾਮ ਸਿੰਘ ਦਾ ਕਹਿਣਾ ਹੈ ਕਿ ਸਮਾਗਮ ਵਿੱਚ ਦੋ ਲੰਗਰ ਨਹੀਂ ਸਨ।
"ਅਸੀਂ ਆਪਣੇ ਰਿਸ਼ਤੇਦਾਰਾਂ ਲਈ ਇੱਕ ਵੱਖਰੇ ਲੰਗਰ ਦਾ ਪ੍ਰਬੰਧ ਕੀਤਾ ਸੀ ਜਿਸ ਵਿੱਚ ਸਿਰਫ ਪਰਿਵਾਰਕ ਮੈਂਬਰ ਹੀ ਹਾਜ਼ਰ ਸਨ। ਜਦੋਂ ਕਿ ਆਮ ਸੰਗਤ ਲਈ ਦੂਜੇ ਪਾਸੇ ਖੁੱਲ੍ਹਾ ਲੰਗਰ ਬਿਨਾਂ ਕਿਸੇ ਭੇਦਭਾਵ ਦੇ ਵਰਤਾਇਆ ਗਿਆ ਸੀ।"
ਉਨ੍ਹਾਂ ਕਿਹਾ, "ਮੇਰੇ ਪਿਤਾ ਰਘਬੀਰ ਸਿੰਘ ਨੇ ਹਰ ਤਰ੍ਹਾਂ ਦੇ ਸਮਾਜ ਸੇਵੀ ਕੰਮਾਂ ਵਿੱਚ ਹਿੱਸਾ ਲਿਆ ਹੈ। ਅਸੀਂ ਬੜੇ ਚਾਵਾਂ ਨਾਲ ਇਹ ਸਮਾਗਮ ਕਰਵਾਇਆ ਸੀ। ਪਤਾ ਨਹੀਂ ਕਿਸ ਤਰ੍ਹਾਂ ਦੀ ਸਿਆਸਤ ਇਸ ਸਮਾਗਮ ਵਿੱਚ ਕੀਤੀ ਗਈ ਕਿ ਇਹ ਬਖੇੜਾ ਖੜ੍ਹਾ ਹੋ ਗਿਆ।"
ਰਾਮ ਸਿੰਘ ਨੇ ਇਸ ਗੱਲ ਦਾ ਖੁਲਾਸਾ ਕੀਤਾ ਕਿ ਪੀੜਤ ਔਰਤ ਨੇ ਇੱਕ ਹਲਫੀਆ ਬਿਆਨ ਰਾਹੀਂ ਸਾਰੀ ਸਥਿਤੀ ਸਾਫ਼ ਕਰ ਦਿੱਤੀ ਹੈ।
ਪੀੜਤ ਔਰਤ ਦਾ ਕਹਿਣਾ ਹੈ ਕਿ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਕਾਨੂੰਨ ਆਪਣੇ ਮੁਤਾਬਕ ਕਾਰਵਾਈ ਕਰ ਰਿਹਾ ਹੈ।
"ਹਾਂ, ਇੰਨਾ ਜ਼ਰੂਰ ਹੈ ਕਿ ਘਟਨਾ ਦੇ ਸਬੰਧ ਵਿੱਚ ਸਮਾਗਮ ਦੇ ਮੁੱਖ ਪ੍ਰਬੰਧਕ ਨੇ ਸਾਡੇ ਕੋਲੋਂ ਮੁਆਫ਼ੀ ਮੰਗ ਲਈ ਹੈ। ਪਿੰਡ ਵਿੱਚ ਸਾਲਾਂ ਤੋਂ ਭੈਣਾਂ-ਭਰਾਵਾਂ ਵਾਂਗ ਰਹਿੰਦੇ ਆ ਰਹੇ ਹਾਂ। ਮੈਨੂੰ ਲੱਗਦਾ ਹੈ ਕਿ ਗੱਲ ਜਲਦੀ ਹੀ ਨਿੱਬੜ ਜਾਵੇਗੀ।"
ਪਿੰਡ ਦੀਆਂ ਗਲੀਆਂ ਦੇ ਮੋੜਾਂ ਅਤੇ ਚੌਰਾਹਿਆਂ ਵਿੱਚ ਖੜ੍ਹੇ ਲੋਕ ਇਸ ਘਟਨਾ ਦੀ ਹੀ ਚਰਚਾ ਕਰਦੇ ਨਜ਼ਰ ਆਏ।
ਕੁਝ ਲੋਕ ਭਾਈਚਾਰਕ ਸਾਂਝ ਲਈ ਇਸ ਘਟਨਾ ਸਬੰਧੀ ਰਾਜ਼ੀਨਾਮਾ ਕਰਨ ਦੇ ਹੱਕ ਵਿੱਚ ਸਨ ਅਤੇ ਕਈਆਂ ਦਾ ਵਿਚਾਰ ਸੀ ਕਿ ਅੱਜ ਦੇ ਅਗਾਂਹਵਧੂ ਸਮਾਜ ਵਿੱਚ ਦਲਿਤਾਂ ਨਾਲ ਕਿਸੇ ਵੀ ਤਰ੍ਹਾਂ ਦਾ ਭੇਦਭਾਵ ਨਹੀਂ ਹੋਣਾ ਚਾਹੀਦਾ।
ਪੁਲਿਸ ਨੂੰ 16 ਅਗਸਤ ਤੱਕ ਦਾ ਅਲਟੀਮੇਟਮ
ਇਸ ਘਟਨਾ ਦੇ ਵਾਪਰਨ ਤੋਂ ਬਾਅਦ ਬਹੁਜਨ ਸਮਾਜ ਪਾਰਟੀ ਜ਼ਿਲ੍ਹਾ ਬਠਿੰਡਾ ਦੇ ਸਕੱਤਰ ਗੁਰਚਰਨ ਸਿੰਘ ਦਿਆਲਪੁਰਾ ਵੱਲੋਂ ਆਪਣੀ ਟੀਮ ਨਾਲ ਪਿੰਡ ਦਾ ਦੌਰਾ ਕਰਕੇ ਲੋਕਾਂ ਦਾ ਪੱਖ ਸੁਣਿਆ ਗਿਆ।
ਬਸਪਾ ਆਗੂ ਨੇ ਕਿਹਾ, "ਅਸੀਂ ਪੁਲਿਸ ਨੂੰ 16 ਅਗਸਤ ਤੱਕ ਦਾ ਅਲਟੀਮੇਟਮ ਦਿੱਤਾ ਹੈ। ਜੇਕਰ ਪੁਲਿਸ ਇਸ ਕੇਸ ਵਿੱਚ ਨਾਮਜ਼ਦ ਕੀਤੇ ਗਏ ਵਿਅਕਤੀਆਂ ਨੂੰ ਗ੍ਰਿਫਤਾਰ ਨਹੀਂ ਕਰਦੀ ਤਾਂ ਅਸੀਂ ਸੰਘਰਸ਼ ਦਾ ਰਾਹ ਫੜਾਂਗੇ।"
ਇਸ ਸਬੰਧ ਵਿੱਚ ਜਦੋਂ ਰਾਮਪੁਰਾ ਫੂਲ ਸਬ ਡਿਵੀਜ਼ਨ ਦੇ ਡੀਐੱਸਪੀ ਆਸਵੰਤ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਇਸ ਘਟਨਾ ਦੀ ਜਾਂਚ ਦਾ ਕੰਮ ਜਾਰੀ ਹੈ।
ਉਨ੍ਹਾਂ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਹਾਲੇ ਤੱਕ ਕਿਸੇ ਵੀ ਵਿਅਕਤੀ ਨੂੰ ਇਸ ਘਟਨਾ ਦੇ ਸਬੰਧ ਵਿੱਚ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਹੈ।
"ਪਿੰਡ ਮਲੂਕਾ ਵਿੱਚ ਤੀਆਂ ਸਬੰਧੀ ਕਰਵਾਏ ਗਏ ਸਮਾਗਮ ਸਬੰਧੀ ਕੁਝ ਵੀਡੀਓ ਫੁਟੇਜ ਪੁਲਿਸ ਦੇ ਹੱਥ ਲੱਗੀ ਹੈ। ਅਸੀਂ ਵੱਖ ਵੱਖ ਦ੍ਰਿਸ਼ਟੀਕੋਣ ਤੋਂ ਇਸ ਘਟਨਾ ਦੀ ਜਾਂਚ ਕਰ ਰਹੇ ਹਾਂ ਅਤੇ ਛੇਤੀ ਹੀ ਸਮੁੱਚੀ ਸਥਿਤੀ ਸਾਫ ਹੋਣ ਦੀ ਸੰਭਾਵਨਾ ਹੈ।"
ਪੁਲਿਸ ਅਧਿਕਾਰੀ ਨੇ ਕਿਹਾ ਕਿ ਉਹ ਇਸ ਗੱਲ ਤੋ ਜਾਣੂ ਨਹੀਂ ਹਨ ਕਿ ਦੋਵਾਂ ਧਿਰਾਂ ਦਰਮਿਆਨ ਕੋਈ ਸਮਝੌਤਾ ਹੋਇਆ ਹੈ ਜਾਂ ਨਹੀਂ।
ਇਹ ਵੀ ਪੜ੍ਹੋ: