ਊਧਮ ਸਿੰਘ : ਜਲ੍ਹਿਆਂਵਾਲਾ ਬਾਗ ਦੇ ਕਤਲੇਆਮ ਦਾ 21 ਸਾਲ ਬਾਅਦ ਬਦਲਾ ਲੈਣ ਵੇਲੇ ਦੀ ਪਲ਼-ਪਲ਼ ਦੀ ਕਹਾਣੀ

ਤਸਵੀਰ ਸਰੋਤ, WWW.SHAHEEDKOSH.DELHI.GOV.IN
- ਲੇਖਕ, ਰੇਹਾਨ ਫਜ਼ਲ
- ਰੋਲ, ਬੀਬੀਸੀ ਪੱਤਰਕਾਰ
ਮਾਰੀਓ ਪੁਜ਼ੋ ਵੱਲੋਂ ਲਿਖੇ ਅੰਗਰੇਜ਼ੀ ਨਾਵਲ 'ਦ ਗੌਡ ਫ਼ਾਦਰ' 'ਚ ਇੱਕ ਸੰਵਾਦ ਹੈ, " ਰੈਵੇਂਜ ਇਜ਼ ਅ ਡਿਸ਼ ਦੈਟ ਟੇਸਟਸ ਬੈਸਟ ਵੈੱਨ ਇਟ ਇਜ਼ ਕੋਲਡ।"
ਮਤਲਬ ਕਿ 'ਬਦਲਾ ਇੱਕ ਅਜਿਹਾ ਪਕਵਾਨ ਹੈ, ਜਿਸ ਦਾ ਸੁਆਦ ਉਦੋਂ ਵਧੇਰੇ ਆਉਂਦਾ ਹੈ, ਜਦੋਂ ਉਹ ਠੰਡਾ ਖਾਧਾ ਜਾਂਦਾ ਹੈ'।
ਇਹ ਕਥਨ ਊਧਮ ਸਿੰਘ ਦੀ ਜ਼ਿੰਦਗੀ 'ਤੇ ਪੂਰੀ ਤਰ੍ਹਾਂ ਨਾਲ ਢੁੱਕਦਾ ਹੈ, ਜਿੰਨ੍ਹਾਂ ਨੇ 1919 ਦੇ ਜਲ੍ਹਿਆਂਵਾਲਾ ਬਾਗ਼ ਸਾਕੇ ਦਾ ਬਦਲਾ ਲਣ ਲਈ ਪੂਰੇ 21 ਸਾਲਾਂ ਦਾ ਇੰਤਜ਼ਾਰ ਕੀਤਾ ਸੀ।
ਉਦੋਂ ਤੱਕ ਜਲ੍ਹਿਆਂਵਾਲਾ ਬਾਗ਼ 'ਚ ਗੋਲੀ ਚਲਾਉਣ ਵਾਲੇ ਬ੍ਰਿਗੇਡੀਅਰ ਰੇਜੀਨਾਲਡ ਓਡਵਾਇਰ ਦੀ ਮੌਤ ਹੋ ਚੁੱਕੀ ਸੀ।
ਪਰ ਉਸ ਸਮੇਂ ਪੰਜਾਬ ਦੇ ਲੈਫਟੀਨੈਂਟ ਗਵਰਨਰ ਰਹੇ ਮਾਈਕਲ ਓਡਵਾਈਰ, ਊਧਮ ਸਿੰਘ ਦੀਆਂ ਗੋਲੀਆਂ ਦਾ ਸ਼ਿਕਾਰ ਹੋਏ ਸਨ।
ਇਹ ਉਹੀ ਮਾਈਕਲ ਓਡਵਾਈਰ ਸਨ, ਜਿੰਨ੍ਹਾਂ ਨੇ ਹਰ ਕਦਮ 'ਤੇ ਇਸ ਕਤਲੇਆਮ ਨੂੰ ਜਾਇਜ਼ ਕਰਾਰ ਦਿੱਤਾ ਸੀ।
(ਊਧਮ ਸਿੰਘ ਦੇ ਜਨਮ ਦਿਹਾੜੇ (26 ਦਸੰਬਰ) ਮੌਕੇ ਪੜ੍ਹੋ ਕਿਵੇਂ ਊਧਮ ਸਿੰਘ ਦੀ ਜ਼ਿੰਦਗੀ ਉੱਤੇ ਜਲ੍ਹਿਆਂਵਾਲਾ ਬਾਗ ਦੀ ਘਟਨਾ ਨੇ ਅਸਰ ਕੀਤਾ ਸੀ। ਇਹ ਰਿਪੋਰਟ ਪਹਿਲੀ ਵਾਰ 2022 ਵਿੱਚ ਪ੍ਰਕਾਸ਼ਿਤ ਹੋਈ ਸੀ)

ਤਸਵੀਰ ਸਰੋਤ, PARTITION MUSEUM
ਜਲ੍ਹਿਆਂਵਾਲਾ ਬਾਗ਼ ਕਤਲੇਆਮ ਵੇਲੇ ਊਧਮ ਸਿੰਘ ਕਿੱਥੇ ਸਨ ?
ਆਮ ਧਾਰਨਾ ਹੈ ਕਿ ਜਿਸ ਸਮੇਂ ਜਲ੍ਹਿਆਂਵਾਲਾ ਬਾਗ਼ 'ਚ ਦਰਦਨਾਕ ਕਤਲੇਆਮ ਨੂੰ ਅੰਜਾਮ ਦਿੱਤਾ ਜਾ ਰਿਹਾ ਸੀ, ਉਸ ਸਮੇਂ ਊਧਮ ਸਿੰਘ ਉੱਥੇ ਹੀ ਮੌਜੂਦ ਸਨ।
ਇਹ ਵੀ ਮੰਨਿਆ ਜਾਂਦਾ ਹੈ ਕਿ ਉਨ੍ਹਾਂ ਨੇ ਉੱਥੋਂ ਦੀ ਮਿੱਟੀ ਚੁੱਕ ਕੇ ਸਹੁੰ ਖਾਧੀ ਸੀ ਕਿ ਉਹ ਇੱਕ ਦਿਨ ਇਸ ਵਧੀਕੀ ਦਾ ਬਦਲਾ ਜ਼ਰੂਰ ਲੈਣਗੇ।
ਪਰ ਊਧਮ ਸਿੰਘ ਬਾਰੇ ਪ੍ਰਸਿੱਧ ਕਿਤਾਬ 'ਦ ਪੇਸ਼ੈਂਟ ਅਸੈਸਿਨ' ਦੀ ਲੇਖਿਕਾ ਅਤੇ ਬੀਬੀਸੀ ਰੇਡੀਓ ਦੀ ਮਸ਼ਹੂਰ ਪੇਸ਼ਕਾਰਾ ਅਨੀਤਾ ਆਨੰਦ, ਇਸ ਨਾਲ ਸਹਿਮਤ ਨਹੀਂ ਹਨ।
ਅਨਿਤਾ ਆਨੰਦ ਦਾ ਕਹਿਣਾ ਹੈ, " ਸਿਰਫ ਊਧਮ ਸਿੰਘ ਨੂੰ ਹੀ ਪਤਾ ਸੀ ਕਿ ਉਹ ਉਸ ਦਿਨ ਕਿੱਥੇ ਸਨ। ਮੈਂ ਇਹ ਜਾਣਨ ਦਾ ਬਹੁਤ ਯਤਨ ਕੀਤਾ ਕਿ ਉਸ ਦਿਨ ਊਧਮ ਸਿੰਘ ਕਿੱਥੇ ਸਨ, ਪਰ ਮੈਨੂੰ ਵਧੇਰੇ ਸਫ਼ਲਤਾ ਨਾ ਮਿਲੀ।"
ਉਨ੍ਹਾਂ ਅਨੁਸਾਰ, "ਬ੍ਰਿਟਿਸ਼ ਲੋਕਾਂ ਨੇ ਆਪਣੇ ਵੱਲੋਂ ਬਹੁਤ ਕੋਸ਼ਿਸ਼ ਕੀਤੀ ਕਿ ਊਧਮ ਸਿੰਘ ਦਾ ਨਾਂ ਕਦੇ ਵੀ ਜਲ੍ਹਿਆਂਵਾਲਾ ਬਾਗ਼ ਸਾਕੇ ਨਾਲ ਨਾ ਜੋੜਿਆ ਜਾ ਸਕੇ, ਪਰ ਦੀ ਇਹ ਮੁਹਿੰਮ ਸਫਲ ਨਾ ਹੋਈ।"
"ਨਿੱਜੀ ਤੌਰ 'ਤੇ ਮੇਰਾ ਮੰਨਣਾ ਹੈ ਕਿ ਊਧਮ ਸਿੰਘ ਉਸ ਸਮੇਂ ਪੰਜਾਬ 'ਚ ਸਨ ਪਰ ਗੋਲੀਬਾਰੀ ਮੌਕੇ ਬਾਗ਼ 'ਚ ਮੌਜੂਦ ਨਹੀਂ ਸਨ।"

ਤਸਵੀਰ ਸਰੋਤ, PARTITION MUSEUM
ਭਾਰਤੀਆਂ ਬਾਰੇ ਓਡਵਾਇਰ ਦੀ ਰਾਇ
ਹੁਣ ਇਹ ਵੀ ਜਾਣ ਲਵੋ ਕਿ ਜਲ੍ਹਿਆਂਵਾਲਾ ਬਾਗ਼ ਦੇ ਮੁੱਖ ਸੂਤਰਧਾਰ ਮਾਈਕਲ ਓਡਵਾਇਰ ਕੌਣ ਸੀ ਅਤੇ ਉਹ ਸੇਵਾਮੁਕਤ ਹੋਣ ਅਤੇ ਭਾਰਤ ਤੋਂ ਵਾਪਸ ਪਰਤਨ ਤੋਂ ਬਾਅਦ ਲੰਡਨ 'ਚ ਕੀ ਕਰ ਰਹੇ ਸਨ ?
ਅਨਿਤਾ ਆਨੰਦ ਦੱਸਦੀ ਹਨ, " ਭਾਰਤ 'ਚ ਸਰ ਮਾਈਕਲ ਦਾ ਸਮਾਂ 1919 'ਚ ਹੀ ਖ਼ਤਮ ਹੋ ਗਿਆ ਸੀ, ਪਰ ਉਸ ਤੋਂ ਬਾਅਦ ਵੀ ਉਨ੍ਹਾਂ ਨੂੰ ਉਨ੍ਹਾਂ ਦੇ ਕਾਰਜਕਾਲ ਦੌਰਾਨ ਵਾਪਰੀਆਂ ਘਟਨਾਵਾਂ ਦੇ ਜ਼ਰੀਏ ਹੀ ਜਾਣਿਆ ਜਾਂਦਾ ਰਿਹਾ ਹੈ। ਉਨ੍ਹਾਂ ਨੇ ਹਰ ਮੰਚ 'ਤੇ ਪੰਜਾਬ 'ਚ ਚੁੱਕੇ ਗਏ ਕਦਮਾਂ ਨੂੰ ਸਹੀ ਠਹਿਰਾਇਆ ਸੀ।"
ਅਨੀਤਾ ਅਨੁਸਾਰ, "ਉਹ ਸੱਜੇ ਪੱਖੀਆਂ ਦੇ ਬਹੁਤ ਵੱਡੇ 'ਪੋਸਟਰ ਬੁਆਏ' ਬਣ ਗਏ ਸਨ। ਉਨ੍ਹਾਂ ਨੂੰ ਰਾਸ਼ਟਰਵਾਦੀਆਂ ਨਾਲ ਸਖ਼ਤ ਨਫ਼ਰਤ ਸੀ।"
"ਬਹੁਤ ਸਾਰੇ ਅੰਗਰੇਜ਼ ਅਜਿਹੇ ਵੀ ਸਨ, ਜਿੰਨ੍ਹਾਂ ਨੇ ਭਾਰਤ 'ਚ ਕੰਮ ਕਰਦਿਆਂ ਭਾਰਤੀ ਲੋਕਾਂ ਅਤੇ ਇੱਥੋਂ ਦੇ ਸੱਭਿਆਚਾਰ ਨੂੰ ਪਿਆਰ ਕੀਤਾ, ਪਰ ਮਾਈਕਲ ਓਡਵਾਇਰ ਉਨ੍ਹਾਂ ਲੋਕਾਂ 'ਚੋਂ ਨਹੀਂ ਸਨ। ਉਨ੍ਹਾਂ ਨੇ ਕਦੇ ਵੀ ਭਾਰਤੀਆਂ 'ਤੇ ਭਰੋਸਾ ਨਹੀਂ ਕੀਤਾ।"
ਅਨਿਤਾ ਆਨੰਦ ਦਾ ਕਹਿਣਾ ਹੈ, "ਮਾਈਕਲ ਦਾ ਮੰਨਣਾ ਸੀ ਕਿ ਭਾਰਤੀ ਲੋਕਾਂ 'ਚ ਨਸਲੀ ਕਮੀ ਹੈ ਕਿ ਉਹ ਆਪਣੇ ਆਪ 'ਤੇ ਰਾਜ ਨਹੀਂ ਕਰ ਸਕਦੇ ਹਨ।"
"ਉਨ੍ਹਾਂ ਦਾ ਇਹ ਵੀ ਮੰਨਣਾ ਸੀ ਕਿ ਅੰਗਰੇਜ਼ਾਂ ਨੂੰ ਹਰ ਕੀਮਤ 'ਤੇ ਭਾਰਤ 'ਚ ਰਹਿਣਾ ਚਾਹੀਦਾ ਹੈ ਅਤੇ ਜੇਕਰ ਭਾਰਤ ਉਨ੍ਹਾਂ ਦੇ ਹੱਥੋਂ ਨਿਕਲ ਗਿਆ ਤਾਂ ਪੂਰਾ ਬ੍ਰਿਟਿਸ਼ ਸਾਮਰਾਜ ਤਾਸ਼ ਦੇ ਪੱਤਿਆਂ ਦੀ ਤਰ੍ਹਾਂ ਢਹਿ ਜਾਵੇਗਾ।"

ਤਸਵੀਰ ਸਰੋਤ, THE PATIENT ASSASSIN/ANITA ANAND
1933 'ਚ ਲੰਡਨ ਪਹੁੰਚੇ ਊਧਮ ਸਿੰਘ
ਸਾਲ 1933 'ਚ ਊਧਮ ਸਿੰਘ ਫਰਜ਼ੀ ਪਾਸਪੋਰਟ ਜ਼ਰੀਏ ਬਰਤਾਨੀਆ 'ਚ ਦਾਖ਼ਲ ਹੋਏ ਸਨ। 1937 'ਚ ਉਨ੍ਹਾਂ ਨੂੰ ਲੰਡਨ ਦੇ ਸ਼ੈਫ਼ਰਡ ਬੁਸ਼ ਗੁਰਦੁਆਰਾ ਸਾਹਿਬ ਵਿਖੇ ਵੇਖਿਆ ਗਿਆ ਸੀ।
ਉਨ੍ਹਾਂ ਨੇ ਵਧੀਆ ਸੂਟ-ਬੂਟ ਪਾ ਰੱਖੇ ਸਨ। ਉਸ ਸਮੇਂ ਤੱਕ ਉਹ ਆਪਣੀ ਦਾੜੀ ਮੁੰਨਵਾ/ਕਟਵਾ ਚੁੱਕੇ ਸਨ ਅਤੇ ਉਹ ਉੱਥੇ ਮੌਜੂਦ ਲੋਕਾਂ ਨਾਲ ਅੰਗਰੇਜ਼ੀ 'ਚ ਗੱਲਬਾਤ ਕਰ ਰਹੇ ਸਨ।
ਉਸ ਸਮੇਂ ਸ਼ਿਵ ਸਿੰਘ ਜੌਹਲ ਨਾਮ ਦਾ ਵਿਅਕਤੀ ਉਨ੍ਹਾਂ ਤੋਂ ਬਹੁਤ ਪ੍ਰਭਾਵਿਤ ਹੋਇਆ ਸੀ।
ਊਧਮ ਸਿੰਘ ਨੇ ਉਨ੍ਹਾਂ ਨਾਲ ਆਪਣਾ ਇੱਕ ਰਾਜ਼ ਸਾਂਝਾ ਕੀਤਾ ਸੀ ਕਿ ਉਹ ਇੱਥੇ ਇੱਕ ਵਿਸ਼ੇਸ਼ ਮਿਸ਼ਨ ਨੂੰ ਪੂਰਾ ਕਰਨ ਲਈ ਆਏ ਹਨ।
ਊਧਮ ਸਿੰਘ ਅਕਸਰ ਹੀ ਸ਼ਿਵ ਸਿੰਘ ਦੇ ਕਾਨਵੈਂਟ ਗਾਰਡਨ ਸਥਿਤ 'ਪੰਜਾਬ ਰੈਸਟੋਰੈਂਟ' 'ਚ ਜਾਇਆ ਕਰਦੇ ਸਨ।
ਅਲਫਰੇਡ ਡਰਾਪਰ ਆਪਣੀ ਕਿਤਾਬ 'ਅੰਮ੍ਰਿਤਸਰ- ਦ ਮੈਸੇਕਰ ਦੈਟ ਐਂਡਿਡ ਦ ਰਾਜ' 'ਚ ਲਿਖਦੇ ਹਨ, "12 ਮਾਰਚ, 1940 ਨੂੰ ਊਧਮ ਸਿੰਘ ਨੇ ਆਪਣੇ ਕਈ ਦੋਸਤਾਂ ਨੂੰ ਪੰਜਾਬੀ ਖਾਣੇ 'ਤੇ ਸੱਦਾ ਦਿੱਤਾ ਸੀ। ਰੋਟੀ ਖਾਣ ਤੋਂ ਬਾਅਦ ਉਨ੍ਹਾਂ ਨੇ ਸਾਰਿਆਂ ਨੂੰ ਲੱਡੂ ਖਿਲਾਏ।"
"ਫਿਰ ਜਦੋਂ ਜਾਣ ਦਾ ਸਮਾਂ ਆਇਆ ਤਾਂ ਉਨ੍ਹਾਂ ਨੇ ਐਲਾਨ ਕੀਤਾ ਕਿ ਅਗਲੇ ਦਿਨ ਲੰਡਨ 'ਚ ਇੱਕ ਚਮਤਕਾਰ ਹੋਣ ਜਾ ਰਿਹਾ ਹੈ, ਜਿਸ ਨਾਲ ਬ੍ਰਿਟਿਸ਼ ਸਾਮਰਾਜ ਦੀਆਂ ਜੜ੍ਹਾਂ ਹਿੱਲ ਜਾਣਗੀਆਂ।"

ਤਸਵੀਰ ਸਰੋਤ, THE PATIENT ASSASSIN/ANITA ANAND
ਕੈਕਸਟਨ ਹਾਲ 'ਚ 'ਮੁਹੰਮਦ ਸਿੰਘ ਆਜ਼ਾਦ'
13 ਮਾਰਚ, 1940 ਨੂੰ ਜਦੋਂ ਲੰਡਨ ਜਾਗਿਆ ਤਾਂ ਚਾਰੇ ਪਾਸੇ ਬਰਫ਼ ਦੀ ਚਾਦਰ ਫੈਲੀ ਹੋਈ ਸੀ। ਊਧਮ ਸਿੰਘ ਨੇ ਆਪਣੀ ਅਲਮਾਰੀ 'ਚੋਂ ਇੱਕ ਸੂਰਮਈ/ਸਲੇਟੀ ਰੰਗ ਦਾ ਸੂਟ ਕੱਢਿਆ।
ਉਨ੍ਹਾਂ ਨੇ ਆਪਣਾ ਪਛਾਣ ਪੱਤਰ ਆਪਣੇ ਕੋਟ ਦੀ ਉਪਰਲੀ ਜੇਬ 'ਚ ਰੱਖਿਆ, ਜਿਸ 'ਤੇ ਲਿਖਿਆ ਸੀ- ਮੁਹੰਮਦ ਸਿੰਘ ਆਜ਼ਾਦ, 8 ਮਾਰਨਿੰਗਟਨ ਟੈਰੇਸ, ਰੀਜੈਂਟ ਪਾਰਕ, ਲੰਡਨ।
ਊਧਮ ਸਿੰਘ ਨੇ 8 ਗੋਲੀਆਂ ਕੱਢ ਕੇ ਆਪਣੇ ਟਰਾਊਜ਼ਰ ਦੀ ਖੱਬੀ ਜੇਬ 'ਚ ਰੱਖੀਆਂ ਅਤੇ ਫਿਰ ਆਪਣੇ ਕੋਟ 'ਚ ਸਮਿਥ ਐਂਡ ਵੈਸਨ ਮਾਰਕ 2 ਦੀ ਪਿਸਤੌਲ ਰੱਖੀ।
ਉਨ੍ਹਾਂ ਨੂੰ ਇਸ ਦਿਨ ਦਾ ਪਿਛਲੇ 21 ਦਿਨਾਂ ਤੋਂ ਬੇਸਬਰੀ ਨਾਲ ਇੰਤਜ਼ਾਰ ਸੀ।
ਜਦੋਂ ਉਹ ਕੇਂਦਰੀ ਲੰਡਨ ਦੇ ਕੈਕਸਟਨ ਹਾਲ 'ਚ ਪਹੁੰਚੇ ਤਾਂ ਕਿਸੇ ਨੇ ਉਨ੍ਹਾਂ ਦੀ ਤਲਾਸ਼ੀ ਲੈਣਾ ਤਾਂ ਦੂਰ, ਇਹ ਵੀ ਵੇਖਣਾ ਜਰੂਰੀ ਨਾ ਸਮਝਿਆ ਕਿ ਉਨ੍ਹਾਂ ਕੋਲ ਇਸ ਸਮਾਗਮ ਦੀ ਟਿਕਟ ਵੀ ਹੈ ਜਾਂ ਫਿਰ ਨਹੀਂ।
ਅਨੀਤਾ ਆਨੰਦ ਦੱਸਦੀ ਹਨ, " ਊਧਮ ਨੇ ਆਪਣੀ ਟੋਪੀ ਹੇਠਾਂ ਕੀਤੀ ਹੋਈ ਸੀ। ਉਨ੍ਹਾਂ ਦੇ ਇੱਕ ਹੱਥ 'ਚ ਸਲੀਕੇ ਨਾਲ ਤੈਅ ਕੀਤਾ ਹੋਇਆ ਓਵਰਕੋਟ ਸੀ।"
" ਹੈਰਾਨੀ ਦੀ ਗੱਲ ਇਹ ਹੈ ਕਿ ਉਸ ਹਾਲ 'ਚ ਸੁਰੱਖਿਆ ਨਾ ਦੇ ਬਰਾਬਰ ਸੀ। ਉਸ ਸਮੇਂ ਸੈਕਟਰੀ ਆਫ਼ ਸਟੇਟ ਆਫ਼ ਇੰਡੀਆ ਵੀ ਉੱਥੇ ਮੌਜੂਦ ਸਨ। ਉਸ ਹਾਲ 'ਚ ਦਾਖਲ ਹੋਣ ਵਾਲੇ ਲੋਕਾਂ 'ਚ ਊਧਮ ਸਿੰਘ ਵੀ ਇੱਕ ਸਨ।"

ਇਹ ਵੀ ਪੜ੍ਹੋ:

ਮਾਈਕਲ ਓਡਵਾਇਰ ਦੇ ਦਿਲ 'ਤੇ ਸਾਧੀ ਗੋਲੀ
ਜਦੋਂ 2 ਵਜੇ ਕੈਕਸਟਨ ਹਾਲ ਦੇ ਦਰਵਾਜ਼ੇ ਖੁੱਲੇ ਤਾਂ ਕੁਝ ਹੀ ਮਿੰਟਾਂ 'ਚ ਉੱਥੇ ਪਈਆਂ 130 ਕੁਰਸੀਆਂ ਭਰ ਗਈਆਂ ਸਨ। ਮਾਈਕਲ ਓਡਵਾਇਰ ਦੀ ਸੀਟ ਹਾਲ ਦੇ ਬਿਲਕੁਲ ਸੱਜੇ ਪਾਸੇ ਸੀ।
ਊਧਮ ਸਿੰਘ ਪਿੱਛੇ ਜਾਣ ਦੀ ਬਜਾਏ ਸੱਜੇ ਪਾਸੇ 'ਆਇਲ' 'ਚ ਚਲੇ ਗਏ ਸਨ। ਹੌਲੀ-ਹੌਲੀ ਚੱਲਦੇ ਹੋਏ ਉਹ ਚੌਥੀ ਕਤਾਰ 'ਚ ਪਹੁੰਚ ਗਏ ਸਨ।
ਮਾਈਕਲ ਓਡਵਾਇਰ ਉਨ੍ਹਾਂ ਤੋਂ ਕੁਝ ਫੁੱਟ ਦੀ ਦੂਰੀ 'ਤੇ ਹੀ ਬੈਠੇ ਹੋਏ ਸਨ ਅਤੇ ਉਨ੍ਹਾਂ ਦੀ ਪਿੱਠ ਊਧਮ ਸਿੰਘ ਵੱਲ ਸੀ।
ਅਨੀਤਾ ਆਨੰਦ ਦਾ ਕਹਿਣਾ ਹੈ, "ਲੋਕਾਂ ਨੇ ਵੇਖਿਆ ਕਿ ਊਧਮ ਸਿੰਘ ਹੱਸ ਰਹੇ ਸਨ। ਉਹ ਇੱਕ-ਇੱਕ ਇੰਚ ਅੱਗੇ ਵੱਧ ਰਹੇ ਸਨ। ਜਿਵੇਂ ਹੀ ਭਾਸ਼ਣ ਖ਼ਤਮ ਹੋਇਆ ਤਾਂ ਲੋਕ ਆਪੋ ਆਪਣਾ ਸਮਾਨ ਚੁੱਕਣ ਲੱਗੇ।"
"ਊਧਮ ਸਿੰਘ ਆਪਣਾ ਹੱਥ ਅੱਗੇ ਵਧਾਉਂਦਿਆਂ ਓਡਵਾਇਰ ਵੱਲ ਵਧੇ । ਮਾਈਕਲ ਨੂੰ ਲੱਗਿਆ ਕਿ ਉਹ ਉਸ ਨਾਲ ਹੱਥ ਮਿਲਾਉਣ ਲਈ ਆ ਰਿਹਾ ਹੈ।"
"ਪਰ ਫਿਰ ਅਚਾਨਕ ਉਨ੍ਹਾਂ ਨੇ ਊਧਮ ਸਿੰਘ ਦੇ ਹੱਥ 'ਚ ਪਿਸਤੌਲ ਵੇਖੀ। ਉਦੋਂ ਤੱਕ ਊਧਮ ਸਿੰਘ ਮਾਈਕਲ ਦੇ ਬਿਲਕੁਲ ਨਜ਼ਦੀਕ ਆ ਚੁੱਕੇ ਸਨ।"
"ਉਸ ਸਮੇਂ ਤੱਕ ਊਧਮ ਸਿੰਘ ਦੀ ਪਿਸਤੌਲ ਲਗਭਗ ਮਾਈਕਲ ਦੇ ਕੋਟ ਨੂੰ ਛੂਹ ਰਹੀ ਸੀ। ਊਧਮ ਸਿੰਘ ਨੇ ਬਿਨ੍ਹਾਂ ਸਮਾਂ ਗਵਾਏ ਗੋਲੀ ਚਲਾ ਦਿੱਤੀ। ਗੋਲੀ ਮਾਈਕਲ ਦੀ ਪਸਲੀ ਨੂੰ ਤੋੜ ਕੇ ਉਸ ਦੇ ਦਿਲ ਦੇ ਸੱਜੇ ਪਾਸੇ ਤੋਂ ਬਾਹਰ ਨਿਕਲ ਗਈ।"

ਤਸਵੀਰ ਸਰੋਤ, THE PATIENT ASSASSIN/ANITA ANAND
ਭਾਰਤ ਦੇ ਸੈਕਟਰੀ ਆਫ਼ ਸਟੇਟ ਨੂੰ ਵੀ ਮਾਰੀ ਗੋਲੀ
ਇਸ ਤੋਂ ਬਾਅਦ ਉਨ੍ਹਾਂ ਨੇ ਮੰਚ 'ਤੇ ਖੜ੍ਹੇ ਲਾਰਡ ਜ਼ੈਟਲੈਂਡ, ਜੋ ਕਿ ਭਾਰਤ ਦੇ ਸੈਕਟਰੀ ਆਫ਼ ਸਟੇਟ ਸਨ, ਦੀ ਛਾਤੀ 'ਤੇ ਨਿਸ਼ਾਨਾ ਲਾਇਆ।
ਉਨ੍ਹਾਂ ਦੇ ਸਰੀਰ ਦੇ ਖੱਬੇ ਪਾਸੇ ਦੋ ਗੋਲੀਆਂ ਲੱਗੀਆਂ ਅਤੇ ਉਹ ਆਪਣੀ ਕੁਰਸੀ 'ਤੇ ਹੀ ਡਿੱਗ ਗਏ।
ਇਸ ਤੋਂ ਬਾਅਦ ਊਧਮ ਸਿੰਘ ਨੇ ਆਪਣਾ ਧਿਆਨ ਬੰਬਈ ਦੇ ਸਾਬਕਾ ਗਵਰਨਰ ਲਾਰਡ ਲੈਮਿੰਗਟਨ ਅਤੇ ਪੰਜਾਬ ਦੇ ਸਾਬਕਾ ਲੈਫਟੀਨੈਂਟ ਗਵਰਨਰ ਸਰ ਸੂਈ ਡੇਨ ਵੱਲ ਕੇਂਦਰਿਤ ਕੀਤਾ।
ਉਸ ਦਿਨ ਊਧਮ ਸਿੰਘ ਦੀ ਹਰ ਗੋਲੀ ਨਿਸ਼ਾਨੇ 'ਤੇ ਲੱਗੀ। ਵੈਸੇ ਤਾਂ ਉਸ ਦਿਨ ਚਾਰ ਲੋਕਾਂ ਦੀ ਮੌਤ ਹੋਣੀ ਚਾਹੀਦੀ ਸੀ ਪਰ ਮੌਤ ਸਿਰਫ ਇੱਕ ਵਿਅਕਤੀ ਦੀ ਹੋਈ।
ਅਜੇ ਓਡਵਾਇਰ ਪੂਰੀ ਤਰ੍ਹਾਂ ਨਾਲ ਬੇਹੋਸ਼ ਵੀ ਨਹੀਂ ਹੋਏ ਸਨ ਕਿ ਊਧਮ ਸਿੰਘ ਨੇ ਦੂਜੀ ਗੋਲੀ ਵੀ ਚਲਾ ਦਿੱਤੀ।
ਦੂਜੀ ਗੋਲੀ ਪਹਿਲੀ ਗੋਲੀ ਨਾਲੋਂ ਥੋੜੀ ਹੇਠਾਂ ਪਿੱਠ 'ਚ ਵੱਜੀ। ਸਰ ਮਾਈਕਲ ਓਡਵਾਇਰ ਲਗਭਗ ਹੌਲੀ-ਹੌਲੀ ਹੇਠਾਂ ਜ਼ਮੀਨ 'ਤੇ ਡਿੱਗੇ ਅਤੇ ਉੱਪਰ ਛੱਤ ਵੱਲ ਵੇਖਣ ਲੱਗੇ।

ਤਸਵੀਰ ਸਰੋਤ, THE PATIENT ASSASSIN/ANITA ANAND
ਊਧਮ ਸਿੰਘ ਨੂੰ ਇੱਕ ਔਰਤ ਨੇ ਫੜ੍ਹਵਾਇਆ
ਜਦੋਂ ਊਧਮ ਸਿੰਘ ਨੇ ਗੋਲੀ ਚਲਾਉਣੀ ਬੰਦ ਕੀਤੀ ਤਾਂ ਉਨ੍ਹਾਂ ਦੀ ਪਿਸਤੌਲ ਦੀ ਨਾਲ ਗਰਮ ਹੋ ਚੁੱਕੀ ਸੀ। ਉਹ 'ਰਾਹ ਛੱਡੋ, ਰਾਹ ਛੱਡੋ' ਕਹਿੰਦੇ ਹੋਏ ਹਾਲ ਦੇ ਬਾਹਰੀ ਦਰਵਾਜ਼ੇ ਵੱਲ ਭੱਜੇ।
ਊਧਮ ਸਿੰਘ 'ਤੇ ਇੱਕ ਹੋਰ ਕਿਤਾਬ 'ਊਧਮ ਸਿੰਘ ਹੀਰੋ ਇਨ ਦਾ ਕਾਜ਼ ਆਫ਼ ਇੰਡੀਅਨ ਫ੍ਰੀਡਮ' ਲਿਖਣ ਵਾਲੇ ਰਾਕੇਸ਼ ਕੁਮਾਰ ਦਾ ਕਹਿਣਾ ਹੈ, " ਓਡਵਾਇਰ ਨੂੰ ਮਾਰਨ ਤੋਂ ਬਾਅਦ ਊਧਮ ਸਿੰਘ ਹਾਲ ਦੇ ਪਿਛਲੇ ਪਾਸੇ ਵੱਲ ਭੱਜੇ ਤਾਂ ਉਸ ਸਮੇਂ ਉੱਥੇ ਬੈਠੀ ਇੱਕ ਔਰਤ ਬਰਥਾ ਹੇਰਿੰਗ ਨੇ ਉਨ੍ਹਾਂ 'ਤੇ ਛਾਲ ਮਾਰੀ।
ਰਾਕੇਸ਼ ਕੁਮਾਰ ਦੇ ਅਨੁਸਾਰ, " ਉਹ ਲੰਮੇ ਕਾਦ ਕਾਠ ਵਾਲੀ ਔਰਤ ਸੀ ਅਤੇ ਊਧਮ ਸਿੰਘ ਦੇ ਮੋਢੇ ਨੂੰ ਫੜ੍ਹਦਿਆਂ ਉਹ ਹੇਠਾਂ ਜ਼ਮੀਨ 'ਤੇ ਡਿੱਗੀ। ਊਧਮ ਸਿੰਘ ਨੇ ਆਪਣੇ ਆਪ ਨੂੰ ਛਡਾਉਣ ਦਾ ਬਹੁਤ ਯਤਨ ਕੀਤਾ, ਪਰ ਉਸੇ ਸਮੇਂ ਇੱਕ ਹੋਰ ਵਿਅਕਤੀ ਕਲਾਊਡ ਰਿਚੇਜ਼ ਨੇ ਉਨ੍ਹਾਂ ਨੂੰ ਮੁੜ ਜ਼ਮੀਨ 'ਤੇ ਸੁੱਟ ਦਿੱਤਾ।"
" ਉੱਥੇ ਮੌਜੂਦ ਦੋ ਪੁਲਿਸ ਅਧਿਕਾਰੀ ਭੱਜ ਕੇ ਆਏ ਅਤੇ ਉਨ੍ਹਾਂ ਨੇ ਊਧਮ ਸਿੰਘ ਦੀ ਹਥੇਲੀ ਨੂੰ ਆਪਣੇ ਪੈਰਾਂ ਨਾਲ ਕੁਚਲ ਦਿੱਤਾ। ਜਦੋਂ ਊਧਮ ਸਿੰਘ ਦੀ ਤਲਾਸ਼ੀ ਲਈ ਗਈ ਤਾਂ ਉਨ੍ਹਾਂ ਕੋਲੋਂ ਇੱਕ ਛੋਟੇ ਜਿਹੇ ਡੱਬੇ 'ਚ ਰੱਖੇ 17 ਕਾਰਤੂਸ, 1 ਤੇਜ਼ਧਾਰ ਚਾਕੂ ਅਤੇ ਪੈਂਟ ਦੀ ਜੇਬ 'ਚੋਂ 8 ਕਾਰਤੂਸ ਬਰਾਮਦ ਹੋਏ ਸਨ।"

ਤਸਵੀਰ ਸਰੋਤ, THE PATIENT ASSASSIN/ANITA ANAND
ਚਲਾਈਆਂ ਗਈਆਂ 6 ਗੋਲੀਆਂ 'ਚੋਂ ਸਿਰਫ ਚਾਰ ਹੀ ਬਰਾਮਦ ਹੋਈਆਂ
ਅੱਧੇ ਘੰਟੇ ਦੇ ਅੰਦਰ-ਅੰਦਰ ਤਕਰੀਬਨ 150 ਪੁਲਿਸ ਕਰਮੀਆਂ ਨੇ ਕੈਕਸਟਨ ਹਾਲ ਨੂੰ ਘੇਰ ਲਿਆ ਅਤੇ ਉੱਥੇ ਹੀ ਊਧਮ ਸਿੰਘ ਤੋਂ ਸਵਾਲ-ਜਵਾਬ ਹੋਣ ਲੱਗ ਪਏ ਸਨ।
ਉਸ ਸਮੇਂ ਉੱਥੇ ਕੀ ਕੁਝ ਵਾਪਰਿਆ ਸੀ , ਇਸ ਸਭ ਦਾ ਵੇਰਵਾ ਅੱਜ ਵੀ ਬਰਤਾਨੀਆ ਦੇ 'ਦ ਨੈਸ਼ਨਲ ਆਰਕਾਈਵਜ਼' 'ਚ ਮੌਜੂਦ ਹੈ।
ਇਸ ਦੇ ਅਨੁਸਾਰ, " ਜਦੋਂ ਸਾਰਜੈਂਟ ਜੋਨਸ ਦੇ ਬੌਸ ਡਿਟੈਕਟਿਵ ਇੰਸਪੈਕਟਰ ਡੇਟਨ ਨੇ ਕਮਰੇ 'ਚ ਦਾਖਲ ਹੁੰਦਿਆਂ ਚਾਰ ਵਰਤੇ ਗਏ ਕਾਰਤੂਸ ਦੇ ਖੋਲ ਮੇਜ਼ 'ਤੇ ਰੱਖੇ ਤਾਂ ਪਹਿਲੀ ਵਾਰ ਊਧਮ ਸਿੰਘ ਦਾ ਸੰਜਮ ਟੁੱਟਦਾ ਵਿਖਾਈ ਦਿੱਤਾ।"
ਊਧਮ ਸਿੰਘ ਨੇ ਨਾਰਾਜ਼ ਹੁੰਦਿਆ ਕਿਹਾ, " ਨਹੀਂ, ਨਹੀਂ, ਮੈਂ ਚਾਰ ਨਹੀਂ ਬਲਕਿ ਛੇ ਗੋਲੀਆਂ ਚਲਾਈਆਂ ਸਨ।"
ਡੇਟਨ ਉਨ੍ਹਾਂ ਗੋਲੀਆਂ ਦੀ ਭਾਲ 'ਚ ਵਾਪਸ ਟਿਊਡਰ ਰੂਮ 'ਚ ਗਏ।
ਊਧਮ ਸਿੰਘ ਕੋਲ ਇਹ ਜਾਣਨ ਦਾ ਕੋਈ ਰਸਤਾ ਨਹੀਂ ਸੀ ਕਿ ਇੱਕ ਗੋਲੀ ਮਾਈਕਲ ਓਡਵਾਇਰ ਦੇ ਸਰੀਰ ਅੰਦਰ ਅਜੇ ਤੱਕ ਫਸੀ ਹੋਈ ਸੀ ਅਤੇ ਦੂਜੀ ਗੋਲੀ ਸੈਕਟਰੀ ਆਫ਼ ਸਟੇਟ ਲਾਰਡ ਜ਼ੈਟਲੈਂਡ ਦੀ ਛਾਤੀ 'ਚ ਜਾ ਵੱਜੀ ਹੈ।
ਉਨ੍ਹਾਂ ਨੇ ਪੁੱਛਿਆ ਕਿ ਜ਼ੈਟਲੈਂਡ ਮਰੇ ਕਿ ਨਹੀਂ? ਮੈਂ ਦੋ ਗੋਲੀਆਂ ਤਾਂ ਉਨ੍ਹਾਂ ਦੇ ਵੀ ਮਾਰੀਆਂ ਹਨ।

ਤਸਵੀਰ ਸਰੋਤ, THE PATIENT ASSASSIN/ANITA ANAND
ਹਰ ਪਾਸੇ ਨਿੰਦਾ ਪਰ ਜਰਮਨੀ 'ਚ ਪ੍ਰਸ਼ੰਸਾ
ਇਸ ਘਟਨਾ ਤੋਂ ਤੁਰੰਤ ਬਾਅਦ ਲੰਡਨ ਅਤੇ ਲਾਹੌਰ 'ਚ ਝੰਡੇ ਅੱਧੇ ਝੁਕਾ ਦਿੱਤੇ ਗਏ ਸਨ। ਹਾਊਸ ਆਫ਼ ਕਾਮਨਜ਼ 'ਚ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਨੇ ਓਡਵਾਇਰ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ।
ਭਾਰਤ 'ਚ ਮਹਾਤਮਾ ਗਾਂਧੀ ਨੇ ਇਸ ਕਤਲ ਦੀ ਨਿੰਦਾ ਕੀਤੀ ਸੀ। ਲੰਡਨ 'ਚ ਵੀ ਭਾਰਤੀ ਮੂਲ ਦੇ 200 ਲੋਕਾਂ ਨੇ ਇੰਡੀਆ ਹਾਊਸ 'ਚ ਇੱਕਠੇ ਹੋ ਕੇ ਇਸ ਕਤਲ ਦੀ ਨਿੰਦਾ ਕੀਤੀ ਸੀ।
ਸਿਰਫ ਜਰਮਨੀ 'ਚ ਇਸ ਕਤਲ ਦਾ ਸਵਾਗਤ ਕੀਤਾ ਗਿਆ। ਉੱਥੇ ਊਧਮ ਸਿੰਘ ਨੂੰ ਸੁਤੰਤਰਤਾ ਸੈਨਾਨੀ ਦਾ ਦਰਜਾ ਦਿੱਤਾ ਗਿਆ ਸੀ।

ਤਸਵੀਰ ਸਰੋਤ, THE PATIENT ASSASSIN/ANITA ANAND
ਜੇਲ੍ਹ 'ਚ ਬੇਰਹਿਮੀ
ਊਧਮ ਸਿੰਘ ਨੂੰ ਬ੍ਰਿਕਸਟਨ ਜੇਲ੍ਹ 'ਚ ਸੈੱਲ ਨੰਬਰ 1010 'ਚ ਰੱਖਿਆ ਗਿਆ ਸੀ। ਜੇਲ੍ਹ 'ਚ ਊਧਮ ਸਿੰਘ ਨਾਲ ਬਹੁਤ ਹੀ ਬੇਰਹਿਮੀ ਵਾਲਾ ਸਲੂਕ ਕੀਤਾ ਗਿਆ। ਉਹ ਉੱਥੇ ਕਈ ਵਾਰ ਭੁੱਖ ਹੜਤਾਲ 'ਤੇ ਬੈਠੇ ਸਨ।
ਇਸ ਗੱਲ ਦਾ ਸਬੂਤ ਹੈ ਕਿ ਉਨ੍ਹਾਂ ਨੂੰ 42 ਵਾਰ ਜ਼ਬਰਦਸਤੀ ਖਾਣਾ ਖਵਾਇਆ ਗਿਆ ਸੀ।
'ਦ ਨੈਸ਼ਨਲ ਆਰਕਾਈਵ' 'ਚ ਰੱਖੇ ਗਏ ਦਸਤਾਵੇਜ਼ਾਂ ਤੋਂ ਪਤਾ ਲੱਗਦਾ ਹੈ ਕਿ ਊਧਮ ਸਿੰਘ ਨੇ ਪੈਨਸਿਲ ਅਤੇ ਕਾਗਜ਼ ਦੀ ਮੰਗ ਕੀਤੀ ਸੀ ਤਾਂ ਕਿ ਉਹ ਡਿਟੈਕਟਿਵ ਇੰਸਪੈਕਟਰ ਜੌਹਨ ਸਵੈਨ ਦੇ ਅਧਿਕਾਰੀਆਂ ਨੂੰ ਰਸਮੀ ਪੱਤਰ ਲਿਖ ਸਕਣ।
ਉਨ੍ਹਾਂ ਨੇ ਇਸ ਪੱਤਰ 'ਚ ਫਰਮਾਇਸ਼ ਕੀਤੀ ਸੀ ਕਿ " ਮੈਨੂੰ ਇੱਕ ਸਿਗਰਟ ਅਤੇ ਮੇਰੀ ਇੱਕ ਲੰਮੀ ਆਸਤੀਨ ਵਾਲੀ ਕਮੀਜ਼ ਭੇਜੀ ਜਾਵੇ ਅਤੇ ਨਾਲ ਹੀ ਭਾਰਤੀ ਸਟਾਈਲ ਦੇ ਜੁੱਤੇ ਵੀ ਮੇਰੇ ਤੱਕ ਪਹੁੰਚਾਏ ਜਾਣ।"
ਊਧਮ ਸਿੰਘ ਨੇ ਇਹ ਵੀ ਪੁੱਛਿਆ ਕਿ ਕੀ ਉਨ੍ਹਾਂ ਦੇ ਫਲੈਟ ਤੋਂ ਉਨ੍ਹਾਂ ਦੀ ਸੂਤੀ ਪੈਂਟ ਅਤੇ ਪੱਗ ਮੰਗਵਾਈ ਜਾ ਸਕਦੀ ਹੈ ਤਾਂ ਜੋ ਉਹ ਜੇਲ੍ਹ 'ਚ ਉਨ੍ਹਾਂ ਨੂੰ ਪਾ ਸਕਣ ।
ਉਨ੍ਹਾਂ ਨੇ ਲਿਖਿਆ , " ਮੈਨੂੰ ਟੋਪੀ ਸਹੀ ਨਹੀਂ ਲੱਗਦੀ ਹੈ, ਕਿਉਂਕਿ ਮੈਂ ਇੱਕ ਭਾਰਤੀ ਹਾਂ।"
ਊਧਮ ਸਿੰਘ ਦੀ ਕੋਸ਼ਿਸ਼ ਸੀ ਕਿ ਉਹ ਇੰਨ੍ਹਾਂ ਚੀਜ਼ਾਂ ਨੂੰ ਪਾ ਕੇ ਮਾਮਲੇ ਨੂੰ ਸਿਆਸੀ ਰੰਗ ਦੇ ਦੇਣ।

ਤਸਵੀਰ ਸਰੋਤ, THE PATIENT ASSASSIN/ANITA ANAND
ਮੌਤ ਤੋਂ ਡਰ ਨਹੀਂ
ਮੁਕੱਦਮੇ ਦੌਰਾਨ ਊਧਮ ਸਿੰਘ ਨੇ ਬ੍ਰਿਟਿਸ਼ ਹਕੂਮਤ ਦੀ ਸ਼ਾਖ ਨੂੰ ਢਾਹ ਲਗਾਉਣ ਦਾ ਕੋਈ ਮੌਕਾ ਵੀ ਨਾ ਛੱਡਿਆ।
ਐਲਫ੍ਰੇਡ ਡਰੈਪਰ ਆਪਣੀ ਕਿਤਾਬ ' ਅੰਮ੍ਰਿਤਸਰ- ਦ ਮੈਸੇਕਰ ਦੈਟ ਐਂਡਿਡ ਦ ਬ੍ਰਿਟਿਸ਼ ਰਾਜ' 'ਚ ਲਿਕਿਆ ਹੈ, " ਜੱਜ ਨੇ ਉਨ੍ਹਾਂ ਨੂੰ ਸਾਵਧਾਨ ਕੀਤਾ ਕਿ ਉਹ ਸਿਰਫ ਇਹ ਦੱਸਣ ਕਿਮ ਉਨ੍ਹਾਂ ਨੂੰ ਫਾਂਸੀ ਕਿਉਂ ਨਾ ਦਿੱਤੀ ਜਾਵੇ।"
ਊਧਮ ਸਿੰਘ ਨੇ ਚੀਕ ਕਿ ਕਿਹਾ, " ਮੈਨੂੰ ਮੌਤ ਦੀ ਸਜ਼ਾ ਦੀ ਕੋਈ ਪਰਵਾਹ ਨਹੀਂ ਹੈ। ਮੈਂ ਇੱਕ ਮਕਸਦ ਦੀ ਪੂਰਤੀ ਲਈ ਮਰ ਰਿਹਾ ਹਾਂ। ਮੈਂ ਅਜਿਹਾ ਇਸ ਲਈ ਕੀਤਾ, ਕਿਉਂਕਿ ਮੈਨੂੰ ਡਵਾਇਰ ਨਾਲ ਸ਼ਿਕਾਇਤ ਸੀ। ਉਹ ਹੀ ਅਸਲ ਦੋਸ਼ੀ ਸੀ। ਉਹ ਮੇਰੇ ਲੋਕਾਂ ਦੇ ਹੌਂਸਲੇ ਨੂੰ ਕੁਚਲਣਾ ਚਾਹੁੰਦਾ ਸੀ। ਇਸ ਲਈ ਮੈਂ ਉਸ ਨੂੰ ਹੀ ਕੁਚਲ ਦਿੱਤਾ।"
ਉਨ੍ਹਾਂ ਨੇ ਅੱਗੇ ਕਿਹਾ, " ਮੈਂ ਬਦਲਾ ਲੈਣ ਲਈ ਪੂਰੇ 21 ਸਾਲ ਤੱਕ ਇੰਤਜ਼ਾਰ ਕੀਤਾ ਹੈ। ਮੈਂ ਖੁਸ਼ ਹਾਂ ਕਿ ਮੈਂ ਆਪਣਾ ਕੰਮ ਪੂਰਾ ਕੀਤਾ ਹੈ। ਮੈਨੂੰ ਮੌਤ ਤੋਂ ਡਰ ਨਹੀਂ ਲੱਗਦਾ। ਮੈਂ ਆਪਣੇ ਦੇਸ਼ ਲਈ ਮਰ ਰਿਹਾ ਹਾਂ।"
31 ਜੁਲਾਈ, 1940- ਨੂੰ ਜਰਮਨੀ ਜਹਾਜ਼ਾਂ ਦੀ ਬੰਬਾਰੀ ਦੌਰਾਨ ਊਧਮ ਸਿੰਘ ਨੂੰ ਸਵੇਰ ਦੇ 9 ਵਜੇ ਪੈਂਟਨਵਿਲੇ ਜੇਲ੍ਹ 'ਚ ਫਾਂਸੀ ਦੇ ਦਿੱਤੀ ਗਈ।
ਜਦੋਂ ਉਨ੍ਹਾਂ ਦੇ ਤਾਬੂਤ 'ਤੇ ਮਿੱਟੀ ਪਾਈ ਗਈ ਤਾਂ ਅੰਗਰੇਜ਼ਾਂ ਨੂੰ ਲੱਗਿਆ ਕਿ ਉਨ੍ਹਾਂ ਨੇ ਊਧਮ ਸਿੰਘ ਦੀ ਕਹਾਣੀ ਨੂੰ ਹਮੇਸ਼ਾਂ ਲਈ ਦਫ਼ਨਾ ਦਿੱਤਾ ਹੈ, ਪਰ ਅਜਿਹਾ ਨਾ ਹੋਇਆ।

ਤਸਵੀਰ ਸਰੋਤ, THE PATIENT ASSASSIN/ANITA ANAND
ਭਾਰਤ ਵਾਪਸੀ
19 ਜੁਲਾਈ, 1974 ਨੂੰ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਕਬਰ 'ਚੋਂ ਬਾਹਰ ਕੱਢ ਕੇ ਏਅਰ ਇੰਡੀਆ ਦੇ ਇੱਕ ਚਾਰਟਡ ਜਹਾਜ਼ ਰਾਹੀਂ ਭਾਰਤ ਲਿਆਂਦਾ ਗਿਆ ਸੀ।
ਅਨੀਤਾ ਆਨੰਦ ਦਾ ਕਹਿਣਾ ਹੈ, "ਜਦੋਂ ਊਧਮ ਸਿੰਘ ਦੀ ਮ੍ਰਿਤਕ ਦੇਹ ਲੈ ਕੇ ਆ ਰਹੇ ਜਹਾਜ਼ ਨੇ ਭਾਰਤੀ ਜ਼ਮੀਨ ਨੂੰ ਛੂਹਿਆ ਤਾਂ ਉੱਥੇ ਮੌਜੁਦ ਲੋਕਾਂ ਦੀ ਆਵਾਜ਼ ਜਹਾਜ਼ ਦੇ ਇੰਜਣ ਦੀ ਆਵਾਜ਼ ਨਾਲੋਂ ਕਿਤੇ ਵੱਧ ਸੀ।
"ਦਿੱਲੀ ਹਵਾਈ ਅੱਡੇ 'ਤੇ ਗਿਆਨੀ ਜ਼ੈਲ ਸਿੰਘ ਅਤੇ ਸ਼ੰਕਰ ਦਿਆਲ ਸ਼ਰਮਾ ਨੇ ਉਨ੍ਹਾਂ ਦਾ ਸਵਾਗਤ ਕੀਤਾ, ਜੋ ਕਿ ਬਾਅਦ 'ਚ ਭਾਰਤ ਦੇ ਰਾਸ਼ਟਰਪਤੀ ਬਣੇ।"

ਤਸਵੀਰ ਸਰੋਤ, LG.DELHI.GOV.IN
"ਹਵਾਈ ਅੱਡੇ 'ਤੇ ਭਾਰਤ ਦੇ ਵਿਦੇਸ਼ ਮੰਤਰੀ ਸਵਰਨ ਸਿੰਘ ਵੀ ਮੌਜੂਦ ਸਨ। ਊਧਮ ਸਿੰਘ ਦੀ ਮ੍ਰਿਤਕ ਦੇਹ ਨੂੰ ਕਪੂਰਥਲਾ ਹਾਊਸ ਲਿਜਾਇਆ ਗਿਆ, ਜਿੱਥੇ ਇੰਦਰਾ ਗਾਂਧੀ ਉਨ੍ਹਾਂ ਦੇ ਸਵਾਗਤ ਲਈ ਮੌਜੂਦ ਸੀ।
ਭਾਰਤ ਦੇ ਜਿਸ-ਜਿਸ ਹਿੱਸੇ 'ਚ ਉਨ੍ਹਾਂ ਦੀ ਅੰਤਿਮ ਯਾਤਰਾ ਨਿਕਲੀ, ਉੱਥੇ ਹਜ਼ਾਰਾਂ ਦੀ ਗਿਣਤੀ 'ਚ ਲੋਕਾਂ ਨੇ ਉਨ੍ਹਾਂ ਦਾ ਸਵਾਗਤ ਕੀਤਾ।"
ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਗਿਆਨੀ ਜ਼ੈਲ ਸਿੰਘ ਨੇ ਉਨ੍ਹਾਂ ਦੀ ਚਿਖਾ ਨੂੰ ਅਗਨੀ ਭੇਟ ਕੀਤੀ ਸੀ।
2 ਅਗਸਤ, 1974 ਨੂੰ ਉਨ੍ਹਾਂ ਦੀਆਂ ਅਸਥੀਆਂ ਇਕੱਠੀਆਂ ਕੀਤੀਆਂ ਗਈਆਂ ਸਨ ਅਤੇ ਉਨ੍ਹਾਂ ਨੂੰ 7 ਕਲਸ਼ਾਂ 'ਚ ਰੱਖਿਆ ਗਿਆ ਸੀ।
ਇੰਨ੍ਹਾਂ 'ਚੋਂ ਇੱਕ ਹਰਿਦੁਆਰ, ਦੂਜੇ ਨੂੰ ਗੁਰਦੁਆਰਾ ਕੀਰਤਪੁਰ ਸਾਹਿਬ ਅਤੇ ਤੀਜੇ ਨੂੰ ਰੋਜ਼ਾ ਸ਼ਰੀਫ਼ ਭੇਜਿਆ ਗਿਆ ਸੀ। ਆਖਰੀ ਕਲਸ਼ ਨੂੰ 1919 'ਚ ਹੋਏ ਕਤਲੇਆਮ ਵਾਲੀ ਥਾਂ ਜਲ੍ਹਿਆਂਵਾਲੇ ਬਾਗ਼ ਵਿਖੇ ਲਿਜਾਇਆ ਗਿਆ ਸੀ।
ਸਾਲ 2018 'ਚ ਜਲ੍ਹਿਆਂਵਾਲਾ ਬਾਗ਼ ਦੇ ਬਾਹਰ ਊਧਮ ਸਿੰਘ ਦਾ ਬੁੱਤ ਸਥਾਪਤ ਕੀਤਾ ਗਿਆ। ਇਸ 'ਚ ਉਨ੍ਹਾਂ ਨੂੰ ਖੂਨ ਨਾਲ ਲੱਥਪੱਥ ਮਿੱਟੀ ਨੂੰ ਆਪਣੀ ਮੁੱਠੀ 'ਚ ਫੜਿਆ ਵਿਖਾਇਆ ਗਿਆ ਹੈ।












