You’re viewing a text-only version of this website that uses less data. View the main version of the website including all images and videos.
ਸਿੱਧੂ ਮੂਸੇਵਾਲਾ ਦੇ ਮੈਨੇਜਰ ਸ਼ਗਨਪ੍ਰੀਤ ਦੀ ਮਿੱਡੂਖੇੜਾ ਕਤਲ ਵਿਚ ਕਥਿਤ ਭੂਮਿਕਾ ਬਾਰੇ ਕੀ ਕਹਿੰਦੀ ਹੈ ਪੁਲਿਸ ਦੀ ਚਾਰਜਸ਼ੀਟ
- ਲੇਖਕ, ਅਰਵਿੰਦ ਛਾਬੜਾ
- ਰੋਲ, ਬੀਬੀਸੀ ਪੱਤਰਕਾਰ
ਪਿਛਲੇ ਸਾਲ ਮੁਹਾਲੀ ਦੇ ਸੈਕਟਰ 71 ਵਿਚ ਗੋਲ਼ੀਆਂ ਮਾਰਕੇ ਕਤਲ ਕੀਤੇ ਗਏ ਵਿਕਰਮਜੀਤ ਸਿੰਘ ਮਿੱਡੂਖੇੜਾ ਕਤਲ ਕੇਸ ਵਿਚ ਪੰਜਾਬ ਪੁਲਿਸ ਨੇ ਅਦਾਲਤ ਵਿਚ ਚਲਾਨ ਪੇਸ਼ ਕਰ ਦਿੱਤਾ ਹੈ।
ਮਿੱਡੂਖੇੜਾ ਸ਼੍ਰੋਮਣੀ ਅਕਾਲੀ ਦੇ ਯੂਥ ਵਿੰਗ ਦਾ ਆਗੂ ਸੀ ਅਤੇ ਉਸ ਨੇ ਪਾਰਟੀ ਦੇ ਵਿਦਿਆਰਥੀ ਵਿੰਗ ਸਟੂਡੈਂਟਸ ਆਰਗੇਨਾਈਜ਼ੇਸ਼ਨ ਆਫ਼ ਇੰਡੀਆ ('ਐੱਸਓਈ') ਤੋਂ ਆਪਣੀਆਂ ਸਿਆਸੀ ਸਰਗਰਮੀਆਂ ਸ਼ੁਰੂ ਕੀਤੀਆਂ ਸਨ।
ਮਿੱਡੂਖੇੜਾ ਕਤਲ ਕੇਸ ਵਿਚ ਹੁਣ ਸਾਲ ਬਾਅਦ ਮੁਹਾਲੀ ਪੁਲਿਸ ਨੇ ਕਥਿਤ ਗੈਂਗਸਟਰ ਭੂਪੀ ਰਾਣਾ ਸਣੇ ਪੰਜ ਹੋਰਾਂ ਖ਼ਿਲਾਫ਼ ਚਲਾਨ ਪੇਸ਼ ਕਰ ਦਿੱਤਾ ਹੈ।
ਪੁਲਿਸ ਨੇ ਕਿਹਾ ਹੈ ਕਿ ਉਨ੍ਹਾਂ ਨੇ ਅਜੇ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਨਾ ਹੈ, ਜਿਨ੍ਹਾਂ ਵਿੱਚ ਸ਼ਗਨਪ੍ਰੀਤ ਸਿੰਘ ਦਾ ਨਾਂ ਵੀ ਸ਼ਾਮਲ ਹੈ।
ਸ਼ਗਨਪ੍ਰੀਤ ਸਿੰਘ, 29 ਮਈ ਨੂੰ ਕਤਲ ਕੀਤੇ ਗਏ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਉਰਫ਼ ਸਿੱਧੂ ਮੂਸੇਵਾਲਾ ਦਾ ਮੈਨੇਜਰ ਸੀ ਅਤੇ ਪੰਜਾਬ ਦੇ ਫ਼ਤਿਹਗੜ੍ਹ ਸਾਹਿਬ ਜ਼ਿਲ੍ਹੇ ਦਾ ਵਸਨੀਕ ਹੈ।
ਸ਼ਗਨਪ੍ਰੀਤ ਸਿੰਘ ਕਈ ਮਹੀਨਿਆਂ ਤੋਂ ਆਸਟ੍ਰੇਲੀਆ ਗਿਆ ਹੋਇਆ ਹੈ ਅਤੇ ਉਹ ਅਜੇ ਤੱਕ ਵਾਪਸ ਆਇਆ ਹੈ।
ਮਿੱਡੂਖੇੜਾ ਕਤਲ ਕੇਸ : ਕਿਸ ਉੱਤੇ ਕਿਹੜੇ ਇਲਜ਼ਾਮ
ਪੁਲਿਸ ਨੇ ਮੁਲਜ਼ਮਾਂ 'ਤੇ ਭਾਰਤੀ ਦੰਡਾਵਲੀ ਦੀ ਧਾਰਾ 302 (ਕਤਲ), 120-ਬੀ (ਅਪਰਾਧਿਕ ਸਾਜ਼ਿਸ਼) ਅਤੇ 34 (ਸਾਂਝੇ ਇਰਾਦੇ ਨੂੰ ਅੱਗੇ ਵਧਾਉਣ ਲਈ ਕੀਤੇ ਕੰਮ) ਅਤੇ ਅਸਲਾ ਐਕਟ ਦੇ ਤਹਿਤ ਦੋਸ਼ ਲਗਾਏ ਹਨ।
ਮੁਹਾਲੀ ਦੀ ਅਦਾਲਤ ਵਿਚ ਦਾਇਰ ਚਲਾਨ ਵਿੱਚ ਕਿਹਾ ਗਿਆ ਹੈ ਕਿ ਪੁਲਿਸ ਨੇ ਚਾਰ ਮੁਲਜ਼ਮਾਂ ਦਾ ਚਲਾਨ ਨਹੀਂ ਕੀਤਾ ਹੈ। ਇਨ੍ਹਾਂ ਚਾਰਾਂ ਦੀ ਗ੍ਰਿਫ਼ਤਾਰੀ ਹੋਣੀ ਬਾਕੀ ਹੈ।
ਜਿਨ੍ਹਾਂ ਸ਼ੱਕੀ ਮੁਲਜ਼ਮਾਂ ਦਾ ਚਲਾਨ ਪੇਸ਼ ਨਹੀਂ ਕੀਤਾ ਗਿਆ ਹੈ, ਉਨ੍ਹਾਂ ਵਿਚ ਲੱਕੀ ਪਟਿਆਲ, ਸ਼ਗਨਪ੍ਰੀਤ ਸਿੰਘ, ਰਵਿੰਦਰ ਚੌਹਾਨ ਅਤੇ ਧਰਮਿੰਦਰ ਗਗਨੀ ਦਾ ਨਾਂ ਸ਼ਾਮਲ ਹੈ।
ਚਾਰਜਸ਼ੀਟ ਵਿੱਚ ਨਾਮਜ਼ਦ ਕੀਤੇ ਗਏ ਮੁਲਜ਼ਮਾਂ ਵਿੱਚ ਹਰਿਆਣਾ ਦੇ ਝੱਜਰ ਜ਼ਿਲ੍ਹੇ ਦੇ ਕਥਿਤ ਸ਼ੂਟਰ ਸੱਜਣ ਉਰਫ਼ ਭੋਲੂ, ਦਿੱਲੀ ਦੇ ਅਨਿਲ ਲੱਠ ਦੇ ਹਨ।
ਇਨ੍ਹਾਂ ਦੇ ਨਾਲ ਕੁਰੂਕਸ਼ੇਤਰ ਜ਼ਿਲ੍ਹੇ ਦੇ ਅਜੈ ਉਰਫ਼ ਸੰਨੀ ਸਮੇਤ ਕਥਿਤ ਗੈਂਗਸਟਰ ਅਨਿਲ ਡਾਗਰ, ਮੁਹਾਲੀ ਦੇ ਭੂਪੀ ਰਾਣਾ ਅਤੇ ਗੁੜਗਾਉਂ ਜ਼ਿਲ੍ਹੇ ਦੇ ਕੌਸ਼ਲ ਦੇ ਨਾਂ ਵੀ ਸ਼ਾਮਲ ਹਨ।
ਪੁਲਿਸ ਸੂਤਰਾਂ ਦਾ ਕਹਿਣਾ ਹੈ ਕਿ ਦਵਿੰਦਰ ਬੰਬੀਹਾ ਗੈਂਗ ਚਲਾਉਣ ਵਾਲਾ ਪਟਿਆਲ ਹਾਲ ਹੀ ਵਿੱਚ ਅਰਮੇਨੀਆ ਦੀ ਜੇਲ੍ਹ ਵਿੱਚ ਬੰਦ ਸੀ।
ਮੂਸੇਵਾਲਾ ਦਾ ਮੈਨੇਜਰ ਸ਼ਗਨ ਪ੍ਰੀਤ ਸਿੰਘ ਪਿਛਲੇ ਕੁਝ ਮਹੀਨਿਆਂ ਤੋਂ ਦੇਸ਼ ਤੋਂ ਬਾਹਰ ਦੱਸਿਆ ਜਾ ਰਿਹਾ ਹੈ। ਪੁਲਿਸ ਨੇ ਉਸ ਦੇ ਖ਼ਿਲਾਫ਼ ਲੁੱਕ ਆਊਟ ਕਾਰਨਰ ਨੋਟਿਸ (LOC) ਵੀ ਜਾਰੀ ਕੀਤਾ ਸੀ।
ਵਿੱਕੀ ਮਿੱਡੂਖੇੜਾ ਦਾ ਮੁਹਾਲੀ ਦੇ ਸੈਕਟਰ 71 ਦੀ ਇੱਕ ਮਾਰਕੀਟ ਵਿੱਚ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।
ਵਾਰਦਾਤ ਦੌਰਾਨ ਵਿੱਕੀ ਮਿੱਡੂਖੇੜਾ ਇੱਕ ਪ੍ਰਾਪਰਟੀ ਡੀਲਰ ਦੇ ਦਫ਼ਤਰ ਤੋਂ ਬਾਹਰ ਆਕੇ ਆਪਣੀ ਗੱਡੀ ਵਿਚ ਬੈਠਣ ਜਾ ਰਹੇ ਸਨ।
ਪੁਲਿਸ ਨੇ ਸ਼ਗਨਪ੍ਰੀਤ ਸਿੰਘ ਖ਼ਿਲਾਫ਼ ਕੀ ਕਿਹਾ ਹੈ
ਚਲਾਨ ਵਿਚ ਪੁਲਿਸ ਦਾ ਦਾਅਵਾ ਹੈ ਕਿ ਤਫ਼ਤੀਸ਼ ਵਿੱਚ ਸਾਹਮਣੇ ਆਇਆ ਹੈ ਕਿ ਮੁਲਜ਼ਮਾਂ ਅਤੇ ਸ਼ਗਨਪ੍ਰੀਤ ਦੀ ਮੁਹਾਲੀ ਦੇ ਇੱਕ ਗੁਰਦੁਆਰੇ ਵਿਚ ਮੀਟਿੰਗ ਹੋਈ ਸੀ।
ਪੁਲਿਸ ਦੇ ਦਾਅਵੇ ਮੁਤਾਬਕ ਅਨਿਲ ਲੱਠ, ਸੱਜਣ ਉਰਫ਼ ਭੋਲੂ ਅਤੇ ਅਜੇ ਉਰਫ਼ ਸੰਨੀ ਨੇ ਸੋਮਬੀਰ, ਜੋ ਕਿ ਲੱਕੀ ਪਟਿਆਲ ਦਾ ਕਥਿਤ ਸਾਥੀ ਹੈ, ਇਸ ਬੈਠਕ ਵਿਚ ਸ਼ਾਮਲ ਸਨ।
ਸ਼ਗਨਪ੍ਰੀਤ ਉੱਤੇ ਪੁਲਿਸ ਨੇ ਇਲਜ਼ਾਮ ਲਾਇਆ ਹੈ ਕਿ ਉਸਨੇ ਕਥਿਤ ਤੌਰ 'ਤੇ ਇਨ੍ਹਾਂ ਮੁਲਜ਼ਮਾਂ ਨੂੰ ਵਿੱਕੀ ਮਿੱਡੂਖੇੜਾ ਨੂੰ ਮਾਰਨ ਦਾ ਕੰਮ ਸੌਂਪਿਆ ਸੀ।
ਸ਼ਗਨਪ੍ਰੀਤ ਨੇ ਕਥਿਤ ਤੌਰ 'ਤੇ "ਕੰਟਰੈਕਟ ਕਿੱਲਰਾਂ" ਨੂੰ ਦੱਸਿਆ ਕਿ ਵਿੱਕੀ ਮਿੱਡੂਖੇੜਾ ਸਵੇਰੇ ਇੱਕ ਜਿੰਮ ਜਾਂਦਾ ਹੈ।
ਵੀਡੀਓ: ਸਿੱਧੂ ਮੂਸੇਵਾਲਾ ਦਾ ਪਿਛੋਕੜ ਜਾਣੋ ਜਦੋਂ ਉਸ ਨੂੰ ਆਪਣੇ ਬਾਰੇ ਦੱਸਣਾ ਪੈਂਦਾ ਸੀ
ਉਸ ਨੇ ਕਥਿਤ ਤੌਰ 'ਤੇ ਖਰੜ ਦੇ ਜਲਵਾਯੂ ਵਿਹਾਰ ਵਿਖੇ ਉਨ੍ਹਾਂ ਦੇ ਠਹਿਰਣ ਅਤੇ ਖਾਣੇ ਦਾ ਪ੍ਰਬੰਧ ਵੀ ਕੀਤਾ ਸੀ।
ਸ਼ਗਨਪ੍ਰੀਤ ਨੇ ਸਿਗਨਲ ਐਪ ਰਾਹੀਂ ਲੱਕੀ ਪਟਿਆਲ ਨਾਲ ਗੱਲ ਵੀ ਕੀਤੀ। ਚਲਾਨ ਮੁਤਾਬਕ ਪਟਿਆਲ ਨੇ ਫ਼ੋਨ 'ਤੇ ਸ਼ਗਨਪ੍ਰੀਤ ਨੂੰ ਕਿਹਾ ਕਿ ਵਿੱਕੀ ਸਾਡਾ ਐਂਟੀ ਹੈ ਤੇ ਸਵੇਰੇ ਉਸ ਦਾ ਕੰਮ ਕਰ ਦੇਵੋ।
ਸ਼ਗਨਪ੍ਰੀਤ ਨੇ ਮੁਲਜ਼ਮਾਂ ਨੂੰ ਵਿੱਕੀ ਮਿੱਡੂਖੇੜਾ ਦੀ ਫ਼ੋਟੋ ਮੋਬਾਈਲ 'ਤੇ ਦਿਖਾਈ ਸੀ।
ਮਿੱਡੂਖੇੜਾ ਨੂੰ ਕਤਲ ਕਰਨ ਦੀ ਵਾਰਦਾਤ ਦਾ ਵੇਰਵਾ
ਅਗਲੀ ਸਵੇਰ ਕਰੀਬ 5 ਵਜੇ ਸ਼ਗਨਪ੍ਰੀਤ ਕਥਿਤ ਤੌਰ 'ਤੇ ਉਨ੍ਹਾਂ ਨੂੰ ਜਲਵਾਯੂ ਵਿਹਾਰ ਤੋਂ ਚੁੱਕ ਕੇ ਸੰਨੀ ਐਨਕਲੇਵ ਬਾਜ਼ਾਰ 'ਚ ਚਲਾ ਗਿਆ।
ਇੱਥੇ ਉਨ੍ਹਾਂ ਨੇ ਕਥਿਤ ਤੌਰ ਤੇ ਆਈ 20 ਕਾਰ ਦੀਆਂ ਨੰਬਰ ਪਲੇਟਾਂ ਨੂੰ ਫੈਬਰੀਕੇਟਿਡ ਪਲੇਟਾਂ ਨਾਲ ਬਦਲ ਦਿੱਤਾ।
ਬਾਅਦ ਵਿੱਚ, ਉਨ੍ਹਾਂ ਨੇ ਵਿੱਕੀ ਮਿੱਡੂਖੇੜਾ ਦਾ ਪਿੱਛਾ ਕੀਤਾ ਅਤੇ ਉਸ ਨੂੰ ਪ੍ਰਾਪਰਟੀ ਡੀਲਰ ਦੇ ਦਫ਼ਤਰ ਵਿੱਚ ਬੈਠਾ ਦੇਖਿਆ ਜਦੋਂ ਕਿ ਉਸ ਦੀ ਕਾਰ ਬਾਹਰ ਖੜੀ ਸੀ।
ਇਹ ਵੀ ਪੜ੍ਹੋ:
ਇਸ ਤੋਂ ਬਾਅਦ ਸ਼ਗਨਪ੍ਰੀਤ ਸਿੰਘ ਨੇ ਆਪਣੇ ਮੋਬਾਈਲ ਤੋਂ ਮਿਊਜ਼ਿਕ ਕੰਪਨੀ ਨਾਲ ਸੰਬੰਧ ਕਰਨ ਵਾਲੇ ਇੱਕ ਵਿਅਕਤੀ ਨੂੰ ਆਪਣੇ ਮੋਬਾਈਲ 'ਤੇ ਫ਼ੋਨ ਕੀਤਾ।
ਉਸ ਨੂੰ ਇੱਕ ਆਈਟੀ ਕੰਪਨੀ ਵਿੱਚ ਕੰਮ ਕਰਦੇ ਆਪਣੇ "ਵਿਸ਼ੇਸ਼ ਮਹਿਮਾਨ" ਦੇ ਠਹਿਰਨ ਦਾ ਪ੍ਰਬੰਧ ਕਰਨ ਲਈ ਕਿਹਾ।
ਪੁਲਿਸ ਦੇ ਦਾਅਵੇ ਮੁਤਾਬਕ ਜਾਂਚ ਵਿਚ ਅੱਗੇ ਸਾਹਮਣੇ ਆਇਆ ਕਿ 6 ਅਗਸਤ 2021 ਦੀ ਸ਼ਾਮ ਨੂੰ ਸ਼ਗਨਪ੍ਰੀਤ ਸਿੰਘ ਆਪਣੇ ਦੋਸਤਾਂ ਨੂੰ ਜਲਵਾਯੂ ਵਿਹਾਰ ਵਿਖੇ ਇਸ ਵਿਅਕਤੀ ਦੇ ਘਰ ਲੈ ਕੇ ਗਿਆ।
ਅਗਲੇ ਦਿਨ, 7 ਅਗਸਤ 2021 ਨੂੰ ਸਵੇਰੇ 5-6 ਵਜੇ ਸ਼ਗਨਪ੍ਰੀਤ ਸਿੰਘ ਸਵਿਫ਼ਟ ਕਾਰ ਵਿਚ, ਉਨ੍ਹਾਂ ਨੂੰ ਗੱਡੀ ਵਿਚ ਬਿਠਾ ਕੇ ਸੰਨੀ ਇਨਕਲੇਵ ਦੀ ਮਾਰਕੀਟ ਗਿਆ।
ਇੱਥੇ ਉਨ੍ਹਾਂ ਨੂੰ ਸੋਮਵੀਰ ਇੱਕ ਆਈ 20 ਕਾਰ ਸਮੇਤ ਮਿਲਿਆ ਤੇ ਕਥਿਤ ਮੁਲਜ਼ਮਾਂ ਨੂੰ ਵਿੱਕੀ ਮਿੱਡੂਖੇੜਾ ਦੇ ਘਰ ਦੇ ਨੇੜੇ ਲੈ ਕੇ ਗਿਆ, ਜਿੱਥੇ ਉਸ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ।
ਸ਼ਗਨਪ੍ਰੀਤ ਦਾ ਦਾਅਵਾ
ਪਿਛਲੇ ਦਿਨੀਂ ਸ਼ਗਨਪ੍ਰੀਤ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ 'ਚ ਅਗਾਊਂ ਜ਼ਮਾਨਤ ਲਈ ਪਟੀਸ਼ਨ ਦਾਇਰ ਕੀਤੀ ਸੀ।
ਇਸ ਵਿੱਚ ਉਨ੍ਹਾਂ ਦੇ ਵਕੀਲ ਵਿਨੋਦ ਘਈ ਨੇ ਇਸ ਗੱਲ ਤੋਂ ਇਨਕਾਰ ਕੀਤਾ ਸੀ ਕਿ ਸ਼ਗਨਪ੍ਰੀਤ ਦਾ ਕਿਸੇ ਗੈਂਗ ਨਾਲ ਕੋਈ ਸਬੰਧ ਹੈ ਅਤੇ ਉਨ੍ਹਾਂ ਦਾ ਵਿੱਕੀ ਮਿੱਡੂਖੇੜਾ ਨੂੰ ਮਾਰਨ ਦਾ ਕੋਈ ਕਾਰਨ ਹੀ ਨਹੀਂ ਸੀ।
ਉਨ੍ਹਾਂ ਨੇ ਇਹ ਵੀ ਦਾਅਵਾ ਕੀਤਾ ਕਿ ਉਹ ਆਪਣੇ ਦੋਸਤਾਂ ਨੂੰ ਮਿਲਣ ਲਈ ਹੀ ਆਸਟ੍ਰੇਲੀਆ ਗਿਆ ਸੀ ਅਤੇ ਕਦੇ ਵੀ ਭਾਰਤ ਤੋਂ ਫ਼ਰਾਰ ਨਹੀਂ ਹੋਇਆ ਸੀ। ਹਾਈ ਕੋਰਟ ਨੇ ਜ਼ਮਾਨਤ ਦੀ ਅਰਜ਼ੀ ਰੱਦ ਕਰ ਦਿੱਤੀ ਸੀ।
ਮੁਲਜ਼ਮਾਂ ਦੀ ਮਿਊਜ਼ਿਕ ਮਹਿਫ਼ਲ
ਚਲਾਨ ਮੁਤਾਬਕ ਕਤਲ ਦੀ ਵਾਰਦਾਤ ਤੋਂ ਕੁਝ ਘੰਟੇ ਪਹਿਲਾਂ ਤਿੰਨ ਵਿਅਕਤੀ ਸਿਗਰਟ ਪੀ ਰਹੇ ਸੀ।
ਉੱਥੇ ਹੀ ਰਹਿਣ ਵਾਲੇ ਤੇ ਸੰਗੀਤ ਨਾਲ ਸੰਬੰਧ ਰੱਖਣ ਵਾਲੇ ਇੱਕ ਵਿਅਕਤੀ ਨੇ ਉਨ੍ਹਾਂ ਨੂੰ ਪੁੱਛਿਆ ਕਿ ਕੀ ਉਹ ਸੰਗੀਤ ਨਾਲ ਸੰਬੰਧ ਰੱਖਦੇ ਹਨ।
ਉਸ ਗਲ ਦਾ ਉਨ੍ਹਾਂ ਨੇ ਕੋਈ ਜਵਾਬ ਨਹੀਂ ਦਿੱਤਾ ਪਰ ਕੁਝ ਦੇਰ ਬਾਅਦ ਜਦੋਂ ਉਹ ਆਪਣੇ ਸਟੂਡੀਓ ਆ ਗਿਆ ਤਾਂ ਉਨ੍ਹਾਂ ਵਿਚੋਂ ਦੋ ਬੰਦੇ ਵੀ ਉੱਥੇ ਪਹੁੰਚ ਗਏ।
ਉਨ੍ਹਾਂ ਨੇ ਕਿਹਾ ਕਿ ਕੁਝ ਸੁਣਾਓ ਤੇ ਫੇਰ ਉਨ੍ਹਾਂ ਨੇ ਕਰੀਬ 15 ਮਿੰਟ ਸੰਗੀਤ ਸੁਣਿਆ।
ਵਿੱਕੀ ਮਿੱਡੂਖੇੜਾ ਕੌਣ ਸੀ?
ਵਿੱਕੀ ਮਿੱਡੂਖੇੜਾ ਨੇ ਚੰਡੀਗੜ੍ਹ ਦੀ ਪੰਜਾਬ ਯੂਨੀਵਰਸਿਟੀ ਦੇ ਕੈਂਪਸ ਵਿੱਚ ਸਾਲ 2009 ਵਿੱਚ ਐਕਟਿਵ ਰਹਿਣਾ ਸ਼ੁਰੂ ਕੀਤਾ ਸੀ।
ਸਾਲ 2014 ਵਿੱਚ ਸਟੂਡੈਂਟਸ ਆਰਗਨਾਇਜੇਸ਼ਨ ਆਫ਼ ਇੰਡੀਆ (ਐੱਸਓਆਈ) ਵਿੱਚ ਸ਼ਾਮਿਲ ਹੋਣ ਤੋਂ ਪਹਿਲਾਂ ਮਿੱਡੂਖੇੜਾ ਸਟੂਡੈਂਟਸ ਆਰਗਨਾਇਜੇਸ਼ਨ ਆਫ਼ ਪੰਜਾਬ ਯੂਨੀਵਰਸਿਟੀ (ਸੋਪੂ) ਵਿੱਚ ਸਰਗਰਮ ਸੀ।
ਉਸ ਨੇ ਪਹਿਲਾਂ ਐੱਮਏ ਪਬਲਿਕ ਐਡਮਿਨਸਟੇਰਸ਼ਨ ਅਤੇ ਫਿਰ ਐੱਮਏ ਡਿਫੈਂਸ ਕੀਤੀ। ਇਸ ਤੋਂ ਬਾਅਦ ਉਸ ਨੇ ਫ਼ਰੈਂਚ ਭਾਸ਼ਾ ਦੇ ਕੋਰਸ ਵਿੱਚ ਦਾਖ਼ਲਾ ਲਿਆ ਸੀ।
ਸਾਲ 2010-12 ਵਿੱਚ ਉਹ ਸੋਪੂ ਪਾਰਟੀ ਦਾ ਪ੍ਰਧਾਨ ਰਿਹਾ ਸੀ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਉਸ ਨੂੰ ਅਕਾਲੀ ਦਲ ਦੇ ਵਿਦਿਆਰਥੀ ਵਿੰਗ ਐੱਸਓਆਈ ਦਾ ਚੰਡੀਗੜ੍ਹ ਜ਼ੋਨ ਇੰਚਾਰਜ ਥਾਪਿਆ ਗਿਆ ਸੀ।