ਹਜ਼ਾਰਾਂ ਲੋਕ ਭਾਰਤ ਦੀ ਨਾਗਰਿਕਤਾ ਕਿਉਂ ਛੱਡ ਰਹੇ ਤੇ ਗਿਣਤੀ ਹੋਰ ਵਧਣ ਦਾ ਖ਼ਦਸ਼ਾ ਕਿਉਂ

ਤਸਵੀਰ ਸਰੋਤ, Getty Images
- ਲੇਖਕ, ਸ਼ੁਭਮ ਕਿਸ਼ੋਰ
- ਰੋਲ, ਬੀਬੀਸੀ ਪੱਤਰਕਾਰ
ਭਾਰਤ ਦੇ ਗ੍ਰਹਿ ਮੰਤਰਾਲੇ ਦੇ ਮੁਤਾਬਕ 2021 ਵਿੱਚ 163,370 ਲੋਕਾਂ ਨੇ ਦੇਸ਼ ਦੀ ਨਾਗਰਿਕਤਾ ਛੱਡ ਦਿੱਤੀ ਸੀ। ਸੰਸਦ ਵਿੱਚ ਪੇਸ਼ ਦਸਤਾਵੇਜ਼ ਅਨੁਸਾਰ ਇਨ੍ਹਾਂ ਲੋਕਾਂ ਨੇ "ਨਿੱਜੀ ਕਾਰਨਾਂ" ਕਰਕੇ ਆਪਣੀ ਨਾਗਰਿਕਤਾ ਛੱਡਣ ਦਾ ਫੈਸਲਾ ਕੀਤਾ ਸੀ।
ਇਹਨਾਂ ਵਿੱਚੋਂ ਸਭ ਤੋਂ ਵੱਧ 78,284 ਲੋਕਾਂ ਨੇ ਅਮਰੀਕਾ ਦੀ ਨਾਗਰਿਕਤਾ ਲਈ ਹੈ। ਇਸ ਤੋਂ ਇਲਾਵਾ 23,533 ਲੋਕਾਂ ਨੇ ਆਸਟ੍ਰੇਲੀਆ ਅਤੇ 21,597 ਨੇ ਕੈਨੇਡੀਅਨ ਨਾਗਰਿਕਤਾ ਲਈ ਭਾਰਤ ਦੀ ਨਾਗਰਿਕਤਾ ਛੱਡੀ ਸੀ।
ਉਧਰ ਚੀਨ ਵਿੱਚ ਰਹਿ ਰਹੇ 300 ਲੋਕਾਂ ਨੇ ਉਥੋਂ ਦੀ ਨਾਗਰਿਕਤਾ ਲਈ ਹੈ ਅਤੇ 41 ਲੋਕਾਂ ਨੇ ਪਾਕਿਸਤਾਨ ਦੀ ਨਾਗਰਿਕਤਾ ਲਈ ਹੈ।
ਸਾਲ 2020 ਵਿੱਚ ਭਾਰਤ ਦੀ ਨਾਗਰਿਕਤਾ ਛੱਡਣ ਵਾਲੇ ਲੋਕਾਂ ਦੀ ਗਿਣਤੀ 85,256 ਸੀ। ਇਸ ਦੇ ਨਾਲ ਹੀ ਸਾਲ 2019 ਵਿੱਚ 144,017 ਲੋਕਾਂ ਨੇ ਨਾਗਰਿਕਤਾ ਛੱਡੀ ਸੀ।
ਅੱਠ ਲੱਖ ਤੋਂ ਵੱਧ ਲੋਕਾਂ ਨੇ 2015 ਤੋਂ 2020 ਵਿਚਕਾਰ ਭਾਰਤ ਦੀ ਨਾਗਰਿਕਤਾ ਛੱਡ ਦਿੱਤੀ ਸੀ। ਇਹਨਾਂ ਅੰਕੜਿਆਂ ਵਿੱਚ ਸਾਲ 2020 ਵਿੱਚ ਕਮੀ ਦੇਖੀ ਗਈ ਸੀ ਪਰ ਇਸਦਾ ਕਾਰਨ ਕੋਰੋਨਾ ਮਹਾਂਮਾਰੀ ਨੂੰ ਮੰਨਿਆ ਜਾ ਰਿਹਾ ਹੈ।
ਵਿਦੇਸ਼ੀ ਮਾਮਲਿਆਂ ਦੇ ਮਾਹਰ ਹਰਸ਼ ਪੰਤ ਨੇ ਬੀਬੀਸੀ ਨੂੰ ਦੱਸਿਆ, "ਇਸ ਵਾਧੇ ਦਾ ਕਾਰਨ ਇਹ ਹੋ ਸਕਦਾ ਹੈ ਕਿ ਪਿਛਲੇ ਸਾਲ ਕੁਝ ਲੋਕ ਜੋ ਕੋਰੋਨਾ ਕਾਰਨ ਕੰਮ ਬੰਦ ਹੋਣ ਕਰਕੇ ਨਾਗਰਿਕਤਾ ਨਹੀਂ ਲੈ ਸਕੇ ਸਨ, ਉਹਨਾਂ ਨੂੰ ਵੀ ਇਸ ਸਾਲ ਨਾਗਰਿਕਤਾ ਮਿਲ ਗਈ ਹੈ।"
ਬੀਬੀਸੀ ਨੇ ਉਨ੍ਹਾਂ ਲੋਕਾਂ ਨਾਲ ਗੱਲ ਕੀਤੀ ਜਿਨ੍ਹਾਂ ਨੇ ਦੇਸ਼ ਤੋਂ ਬਾਹਰ ਰਹਿਣ ਲਈ ਨਾਗਰਿਕਤਾ ਛੱਡ ਦਿੱਤੀ ਸੀ। ਇਸ ਦੇ ਨਾਲ ਹੀ ਉਹਨਾਂ ਲੋਕਾਂ ਨੂੰ ਵੀ ਪੁੱਛਿਆ ਗਿਆ ਜੋ ਦੇਸ਼ ਛੱਡਣਾ ਚਾਹੁੰਦੇ ਹਨ ਅਤੇ ਕੁਝ ਮਾਹਿਰਾਂ ਨਾਲ ਵੀ ਗੱਲਬਾਤ ਕੀਤੀ ਗਈ।
ਵਿਦੇਸ਼ਾਂ ਵਿੱਚ ਰਹਿਣ ਦੇ ਕਈ ਫਾਇਦੇ
ਅਮਰੀਕਾ ਦੀ ਰਹਿਣ ਵਾਲੀ ਭਾਵਨਾ (ਨਾਮ ਬਦਲਿਆ ਹੋਇਆ) ਦਾ ਕਹਿਣਾ ਹੈ ਕਿ ਜੇਕਰ ਭਾਰਤ ਨੇ ਆਪਣੀ ਨਾਗਰਿਕਤਾ ਛੱਡਣ ਜਾਂ ਬ੍ਰੇਨ ਡਰੇਨ ਦੀ ਦਰ ਨੂੰ ਕਾਬੂ ਕਰਨਾ ਹੈ ਤਾਂ ਉਸ ਨੂੰ ਕਈ ਕਦਮ ਚੁੱਕਣੇ ਪੈਣਗੇ।
ਇਸ ਲਈ ਨਵੇਂ ਮੌਕਿਆਂ ਤੋਂ ਲੈ ਕੇ ਦੋਹਰੀ ਨਾਗਰਿਕਤਾ ਤੱਕ ਚੰਗੀਆਂ ਸਹੂਲਤਾਂ ਉਪਰ ਵਿਚਾਰ ਕਰਨਾ ਜ਼ਰੂਰੀ ਹੈ।
ਭਾਵਨਾ ਸਾਲ 2003 ਵਿੱਚ ਨੌਕਰੀ ਦੇ ਸਬੰਧ ਵਿੱਚ ਅਮਰੀਕਾ ਗਈ ਸੀ ਪਰ ਉਸ ਨੂੰ ਉੱਥੇ ਹੀ ਰਹਿਣਾ ਪਸੰਦ ਆਇਆ ਅਤੇ ਉੱਥੇ ਹੀ ਰਹਿਣ ਦਾ ਫੈਸਲਾ ਕੀਤਾ।
ਉਨ੍ਹਾਂ ਦੀ ਬੇਟੀ ਦਾ ਜਨਮ ਅਮਰੀਕਾ ਹੋਇਆ ਵਿੱਚ ਹੋਇਆ ਸੀ। ਫਿਰ ਉਹਨਾਂ ਨੇ ਗ੍ਰੀਨ ਕਾਰਡ ਅਪਲਾਈ ਕੀਤਾ ਅਤੇ ਕੁਝ ਸਾਲ ਪਹਿਲਾਂ ਉਸ ਨੂੰ ਨਾਗਰਿਕਤਾ ਮਿਲ ਗਈ।

ਤਸਵੀਰ ਸਰੋਤ, STEFANI REYNOLDS/AFP VIA GETTY IMAGES
ਉਨ੍ਹਾਂ ਕਿਹਾ, "ਇੱਥੇ ਜੀਵਨ ਬਹੁਤ ਆਸਾਨ ਹੈ। ਜੀਵਨ ਪੱਧਰ ਬਹੁਤ ਵਧੀਆ ਹੈ। ਬੱਚਿਆਂ ਦੀ ਆਪਣੀ ਪੜ੍ਹਾਈ ਚੰਗੀ ਹੋ ਜਾਂਦੀ ਹੈ। ਉਨ੍ਹਾਂ ਨੂੰ ਭਾਰਤ ਨਾਲੋਂ ਵੀ ਵਧੀਆ ਮੌਕੇ ਮਿਲਣਗੇ।"
"ਅਮਰੀਕਾ ਵਿੱਚ ਕੰਮ ਦਾ ਮਾਹੌਲ ਬਹੁਤ ਵਧੀਆ ਹੈ। ਤੁਸੀਂ ਜਿੰਨਾ ਕੰਮ ਕਰਦੇ ਹੋ ਉਸ ਹਿਸਾਬ ਨਾਲ ਚੰਗੀ ਤਨਖ਼ਾਹ ਮਿਲਦੀ ਹੈ।"
ਇਹ ਵੀ ਪੜ੍ਹੋ:
ਕੰਮ ਦੀਆਂ ਥਾਵਾਂ ਦਾ ਮਹੌਲ
ਕੈਨੇਡਾ ਦੇ ਰਹਿਣ ਵਾਲੇ ਅਭਿਨਵ ਆਨੰਦ (25) ਵੀ ਅਜਿਹਾ ਹੀ ਸੋਚਦੇ ਹਨ। ਆਨੰਦ ਨੇ ਕੈਨੇਡਾ ਵਿੱਚ ਹੀ ਪੜ੍ਹਾਈ ਕੀਤੀ ਹੈ ਅਤੇ ਪਿਛਲੇ ਇੱਕ ਸਾਲ ਤੋਂ ਉਥੇ ਹੀ ਕੰਮ ਕਰ ਰਹੇ ਹਨ। ਉਹ ਅਜੇ ਵੀ ਭਾਰਤੀ ਪਾਸਪੋਰਟ ਦੀ ਵਰਤੋਂ ਕਰਦੇ ਹਨ ਪਰ ਭਾਰਤ ਦੀ ਨਾਗਰਿਕਤਾ ਛੱਡਣ ਲਈ ਤਿਆਰ ਹਨ।
ਉਹਨਾਂ ਦਾ ਕਹਿਣਾ ਹੈ ਕਿ ਇਥੇ ਕੰਮ ਦਾ ਚੰਗਾ ਮਾਹੌਲ ਹੋਣਾ ਵੀ ਇੱਕ ਕਾਰਨ ਹੈ ਜਿਸ ਕਰਕੇ ਉਹ ਭਾਰਤ ਵਾਪਸ ਨਹੀਂ ਜਾਣਾ ਚਾਹੁੰਦਾ।
"ਇੱਥੇ ਕੰਮ ਦੇ ਘੰਟੇ ਨਿਸ਼ਚਿਤ ਹਨ। ਕੰਮ ਵਾਲੀ ਥਾਂ 'ਤੇ ਨਿਯਮਾਂ ਦੀ ਪਾਲਣਾ ਕੀਤਾ ਜਾਂਦੀ ਹੈ। ਤੁਸੀਂ ਜਿੰਨਾ ਕੰਮ ਕਰਦੇ ਹੋ ਉਸ ਹਿਸਾਬ ਨਾਲ ਤਨਖਾਹ ਮਿਲਦੀ ਹੈ।"

"ਭਾਰਤ ਵਿੱਚ ਨਿਯਮਾਂ ਦੀ ਪਾਲਣਾ ਐਨੀ ਨਹੀਂ ਕੀਤੀ ਜਾਂਦੀ ਹੈ ਇਸ ਲਈ ਮੈਂ ਕੰਮ ਵਾਸਤੇ ਭਾਰਤ ਜਾਣਾ ਨਹੀਂ ਚਾਹੁੰਦਾ। ਜੇਕਰ ਮੈਂ ਕਿਸੇ ਹੋਰ ਦੇਸ਼ ਵਿੱਚ ਰਹਿ ਕੇ ਕੰਮ ਕਰਨਾ ਚਾਹੁੰਦਾ ਹਾਂ ਤਾਂ ਉੱਥੇ ਦੀ ਨਾਗਰਿਕਤਾ ਲੈਣ ਵਿੱਚ ਕੀ ਹਰਜ਼ ਹੈ।"
ਹਰਸ਼ ਪੰਤ ਦਾ ਕਹਿਣਾ ਹੈ ਕਿ ਵੱਡੀ ਗਿਣਤੀ ਵਿੱਚ ਲੋਕ ਬਿਹਤਰ ਕੰਮ, ਪੈਸਾ ਅਤੇ ਚੰਗੀ ਜ਼ਿੰਦਗੀ ਦੀ ਭਾਲ ਵਿੱਚ ਦੇਸ਼ ਛੱਡਦੇ ਹਨ।
ਪੰਤ ਮੁਤਾਬਕ, "ਵੱਡੇ ਦੇਸਾਂ ਵਿੱਚ ਵਧੀਆ ਸਹੂਲਤਾਂ ਮਿਲਦੀਆਂ ਹਨ ਪਰ ਕਈ ਲੋਕ ਛੋਟੇ ਮੁਲਕਾਂ ਵਿੱਚ ਵੀ ਜਾਂਦੇ ਹਨ। ਕਈ ਛੋਟੇ ਦੇਸ਼ ਕਾਰੋਬਾਰ ਲਈ ਚੰਗੀਆਂ ਸਹੂਲਤਾਂ ਦਿੰਦੇ ਹਨ। ਕੁਝ ਲੋਕਾਂ ਦੇ ਪਰਿਵਾਰ ਵੀ ਅਜਿਹੇ ਮੁਲਕਾਂ ਵਿੱਚ ਸੈਟਲ ਹੁੰਦੇ ਹਨ ਇਸ ਲਈ ਉਹ ਉਨ੍ਹਾਂ ਦੇ ਨਾਲ ਉੱਥੇ ਕੰਮ ਕਰਨ ਲਈ ਜਾਂਦੇ ਹਨ।"
ਦੇਸ਼ ਨਾਲ ਜਜ਼ਬਾਤੀ ਲਗਾਅ ਪਰ ਘੱਟ ਫਾਇਦੇ
ਹਰਿੰਦਰ ਮਿਸ਼ਰਾ ਸੀਨੀਅਰ ਪੱਤਰਕਾਰ ਹਨ। ਉਹ ਪਿਛਲੇ 22 ਸਾਲਾਂ ਤੋਂ ਇਜ਼ਰਾਈਲ ਵਿੱਚ ਰਹਿ ਰਹੇ ਹਨ। ਉਹਨਾਂ ਦਾ ਕਹਿਣਾ ਹੈ ਕਿ ਉਹ ਭਾਰਤ ਨਾਲ ਇੰਨਾ ਜਜ਼ਬਾਤੀ ਤੌਰ 'ਤੇ ਜੁੜੇ ਹੋਏ ਹਨ ਕਿ ਉਹ ਇੱਥੋਂ ਦੀ ਨਾਗਰਿਕਤਾ ਨਹੀਂ ਛੱਡ ਸਕਦੇ।
ਉਹਨਾਂ ਦੀ ਪਤਨੀ ਇਜ਼ਰਾਈਲ ਦੇ ਵਸਨੀਕ ਹਨ। ਉਹਨਾਂ ਦੇ ਬੱਚੇ ਉੱਥੇ ਪੈਦਾ ਹੋਏ ਹਨ ਅਤੇ ਉੱਥੇ ਦੀ ਨਾਗਰਿਕਤਾ ਰੱਖਦੇ ਹਨ।
ਮਿਸ਼ਰਾ ਦਾ ਕਹਿਣਾ ਹੈ ਕਿ ਭਾਰਤੀ ਪਾਸਪੋਰਟ ਕਾਰਨ ਉਹਨਾਂ ਨੂੰ ਕਾਫੀ ਸਮੱਸਿਆਵਾਂ ਆ ਰਹੀਆਂ ਹਨ। ਉਨ੍ਹਾਂ ਨੂੰ ਕਈ ਦੇਸ਼ਾਂ ਵਿੱਚ ਜਾਣ ਲਈ ਵੀਜ਼ਾ ਲੈਣਾ ਪੈਂਦਾ ਹੈ।

ਤਸਵੀਰ ਸਰੋਤ, Getty Images
"ਮੈਨੂੰ ਲੰਡਨ ਜਾਣ ਲਈ ਵੀਜ਼ਾ ਚਾਹੀਦਾ ਹੈ ਪਰ ਜੇਕਰ ਤੁਹਾਡੇ ਕੋਲ ਇਜ਼ਰਾਈਲ ਦਾ ਪਾਸਪੋਰਟ ਹੈ ਤਾਂ ਤੁਸੀਂ ਬਿਨਾਂ ਵੀਜ਼ੇ ਦੇ ਉੱਥੇ ਜਾ ਸਕਦੇ ਹੋ। ਇਸ ਲਈ ਵੀਜ਼ਾ ਅਪਲਾਈ ਕਰਨ ਲਈ ਇੱਥੇ ਕੋਈ ਦਫ਼ਤਰ ਨਹੀਂ ਹੈ।"
"ਵੀਜ਼ਾ ਸਟੈਂਪ ਲੈਣ ਲਈ ਇਸਤਾਂਬੁਲ ਜਾਣਾ ਪੈਂਦਾ ਹੈ। ਉੱਥੇ ਜਾਣ ਦਾ ਖਰਚਾ ਵੀ ਬਹੁਤ ਜ਼ਿਆਦਾ ਹੋਵੇਗਾ। ਇਸ ਲਈ ਇਹ ਚੀਜ਼ਾਂ ਪਰੇਸ਼ਾਨ ਕਰਦੀਆਂ ਹਨ।"
ਉਹ ਕਹਿੰਦੇ ਹਨ, "ਮੈਂ ਭਾਰਤ ਨਾਲ ਇੰਨਾ ਜੁੜਿਆ ਹੋਇਆ ਹਾਂ ਕਿ ਮੈਂ ਉੱਥੇ ਦੀ ਨਾਗਰਿਕਤਾ ਨਹੀਂ ਛੱਡਣਾ ਚਾਹੁੰਦਾ। ਪਰ ਇਸ ਤੋਂ ਇਲਾਵਾ ਇਸ ਦਾ ਮੈਨੂੰ ਕੋਈ ਲਾਭ ਨਹੀਂ ਮਿਲਦਾ।"
ਭਾਰਤੀ ਪਾਸਪੋਰਟ ਉਪਰ ਤੁਸੀਂ ਇਸ ਸਮੇਂ ਬਿਨਾਂ ਵੀਜੇ ਦੇ 60 ਦੇਸ਼ਾਂ ਵਿੱਚ ਜਾ ਸਕਦੇ ਹੋ। ਇਹ ਕਈ ਹੋਰ ਦੇਸ਼ਾਂ ਦੇ ਮੁਕਾਬਲੇ ਕਾਫੀ ਘੱਟ ਹੈ। ਪਾਸਪੋਰਟ ਰੈਂਕਿੰਗ 'ਚ ਭਾਰਤ ਇਸ ਸਮੇਂ 199 ਦੀ ਸੂਚੀ 'ਚ 87ਵੇਂ ਨੰਬਰ 'ਤੇ ਹੈ।
ਦੋਹਰੀ ਨਾਗਰਿਕਤਾ ਦੀ ਜ਼ਰੂਰਤ?
ਹਰਿੰਦਰ ਮਿਸ਼ਰਾ ਕਹਿਦੇ ਹਨ ਕਿ ਜੇਕਰ ਭਾਰਤ ਦੋਹਰੀ ਨਾਗਰਿਕਤਾ ਦੀ ਸਹੂਲਤ ਲਿਆਉਂਦਾ ਹੈ ਤਾਂ ਨਾਗਰਿਕਤਾ ਛੱਡਣ ਵਾਲਿਆਂ ਦੀ ਗਿਣਤੀ ਵਿੱਚ ਕਮੀ ਆਵੇਗੀ।
ਅਭਿਨਵ ਆਨੰਦ ਦਾ ਇਹ ਵੀ ਕਹਿਣਾ ਹੈ ਕਿ ਉਹ ਕਿਸੇ ਹੋਰ ਦੇਸ਼ ਦੀ ਨਾਗਰਿਕਤਾ ਲੈਣ ਦੀ ਕੋਸ਼ਿਸ਼ ਕਰ ਰਿਹੇ ਹਨ । "ਅਸੀਂ ਮਜਬੂਰੀ 'ਚ ਇਹ ਕਦਮ ਚੁੱਕੇ ਰਹੇ ਹਾਂ।"

ਤਸਵੀਰ ਸਰੋਤ, Getty Images
ਉਹ ਕਹਿੰਦੇ ਹਨ, "ਮੇਰੇ ਕੋਲ ਹਮੇਸ਼ਾ ਉਸ ਦੇਸ਼ ਦੀ ਨਾਗਰਿਕਤਾ ਹੋਣੀ ਚਾਹੀਦੀ ਹੈ ਜਿੱਥੇ ਮੈਂ ਪੈਦਾ ਹੋਇਆ ਸੀ। ਪਰ ਭਾਰਤ ਦੋਹਰੀ ਨਾਗਰਿਕਤਾ ਦੀ ਇਜਾਜ਼ਤ ਨਹੀਂ ਦਿੰਦਾ। ਇਸ ਲਈ ਮੇਰੇ ਕੋਲ ਨਾਗਰਿਕਤਾ ਛੱਡਣ ਤੋਂ ਇਲਾਵਾ ਕੋਈ ਹੱਲ ਨਹੀਂ ਹੈ। ਬਹੁਤ ਸਾਰੇ ਲੋਕ ਹਨ ਜੋ ਆਪਣੀ ਨਾਗਰਿਕਤਾ ਛੱਡ ਦੇਣਗੇ। ਕਿਉਂਕਿ ਉਨ੍ਹਾਂ ਨੂੰ ਭਾਰਤ ਵਿੱਚ ਦੋਹਰੀ ਨਾਗਰਿਕਤਾ ਨਹੀਂ ਮਿਲ ਸਕਦੀ ਹੈ।"
ਭਾਵਨਾ ਹੁਣ ਆਪਣੀ ਨਾਗਰਿਕਤਾ ਛੱਡ ਚੁੱਕੇ ਹਨ। ਉਹਨਾਂ ਕੋਲ ਓਸੀਆਈ ਕਾਰਡ ਹੈ ਪਰ ਉਹ ਕਹਿੰਦੇ ਹਨ ਕਿ ਜੇਕਰ ਉਹਨਾਂ ਕੋਲ ਦੋਹਰੀ ਨਾਗਰਿਕਤਾ ਹੁੰਦੀ ਤਾਂ ਵਧੀਆ ਹੋਣਾ ਸੀ।
ਓਸੀਆਈ ਕਾਰਡ ਕੀ ਹੈ?
ਭਾਰਤ ਵਿੱਚ ਦੋਹਰੀ ਨਾਗਰਿਕਤਾ ਦੀ ਕੋਈ ਵਿਵਸਥਾ ਨਹੀਂ ਹੈ। ਇਸ ਦਾ ਮਤਲਬ ਹੈ ਕਿ ਜੇਕਰ ਤੁਸੀਂ ਕਿਸੇ ਹੋਰ ਦੇਸ਼ ਦੀ ਨਾਗਰਿਕਤਾ ਚਾਹੁੰਦੇ ਹੋ ਤਾਂ ਤੁਹਾਨੂੰ ਭਾਰਤ ਦੀ ਨਾਗਰਿਕਤਾ ਛੱਡਣੀ ਪਵੇਗੀ।
ਓਸੀਆਈ ਕਾਰਡ ਭਾਰਤੀ ਲੋਕਾਂ ਲਈ ਇੱਕ ਵਿਸ਼ੇਸ਼ ਕਿਸਮ ਦੀ ਸਹੂਲਤ ਦਾ ਨਾਮ ਹੈ । ਜੋ ਵਿਦੇਸ਼ ਵਿੱਚ ਵਸ ਗਏ ਹਨ ਅਤੇ ਉਥੋਂ ਦੀ ਨਾਗਰਿਕਤਾ ਲੈ ਚੁੱਕੇ ਹਨ ਉਹਨਾਂ ਨੂੰ ਓਸੀਆਈ ਕਾਰਡ ਜਾਰੀ ਹੁੰਦਾ ਹੈ। ਓਸੀਆਈ ਦਾ ਅਰਥ ਹੈ - ਓਵਰਸੀਜ਼ ਸਿਟੀਜ਼ਨ ਆਫ਼ ਇੰਡੀਆ।
ਦੁਨੀਆ ਵਿੱਚ ਬਹੁਤ ਸਾਰੇ ਦੇਸ਼ਾਂ 'ਚ ਦੋਹਰੀ ਨਾਗਰਿਕਤਾ ਦੀ ਸਹੂਲਤ ਹੈ ਪਰ ਭਾਰਤੀ ਨਾਗਰਿਕਤਾ ਕਾਨੂੰਨ ਦੇ ਅਨੁਸਾਰ ਅਜਿਹਾ ਨਹੀਂ ਹੈ। ਜੇਕਰ ਕੋਈ ਵਿਅਕਤੀ ਕਿਸੇ ਹੋਰ ਦੇਸ਼ ਦੀ ਨਾਗਰਿਕਤਾ ਲੈਂਦਾ ਹੈ ਤਾਂ ਉਸ ਨੂੰ ਆਪਣੀ ਭਾਰਤੀ ਨਾਗਰਿਕਤਾ ਛੱਡਣੀ ਪੈਂਦੀ ਹੈ। ਅਜਿਹੇ ਲੋਕਾਂ ਦੀ ਗਿਣਤੀ ਲੱਖਾਂ 'ਚ ਹੈ ਜਿਨ੍ਹਾਂ ਨੇ ਅਮਰੀਕਾ, ਬ੍ਰਿਟੇਨ ਜਾਂ ਕੈਨੇਡਾ ਵਰਗੇ ਦੇਸ਼ਾਂ ਦੀ ਨਾਗਰਿਕਤਾ ਲੈ ਲਈ ਹੈ ਪਰ ਉਨ੍ਹਾਂ ਦਾ ਭਾਰਤ ਨਾਲ ਸਬੰਧ ਕਾਇਮ ਹੈ।

ਤਸਵੀਰ ਸਰੋਤ, PTI
ਭਾਰਤ ਦੀ ਨਾਗਰਿਕਤਾ ਛੱਡਣ ਤੋਂ ਬਾਅਦ ਇਨ੍ਹਾਂ ਲੋਕਾਂ ਨੂੰ ਦੇਸ਼ ਵਿੱਚ ਆਉਣ ਲਈ ਵੀਜ਼ਾ ਲੈਣਾ ਪੈਂਦਾ ਸੀ। ਅਜਿਹੇ ਲੋਕਾਂ ਦੀ ਸਹੂਲਤ ਲਈ ਸਾਲ 2003 ਵਿੱਚ ਭਾਰਤ ਸਰਕਾਰ ਨੇ ਪੀਆਈਓ ਕਾਰਡ ਦੀ ਵਿਵਸਥਾ ਕੀਤੀ ਸੀ।
ਪੀਆਈਓ ਦਾ ਅਰਥ ਹੈ- ਭਾਰਤੀ ਮੂਲ ਦਾ ਵਿਅਕਤੀ। ਇਹ ਕਾਰਡ ਪਾਸਪੋਰਟ ਵਾਂਗ ਦਸ ਸਾਲਾਂ ਲਈ ਜਾਰੀ ਕੀਤਾ ਜਾਂਦਾ ਸੀ।
ਸਾਲ 2006 ਵਿੱਚ ਪਰਵਾਸੀ ਭਾਰਤੀ ਦਿਵਸ ਦੇ ਮੌਕੇ ਭਾਰਤ ਸਰਕਾਰ ਨੇ ਹੈਦਰਾਬਾਦ ਵਿੱਚ ਓਸੀਆਈ ਕਾਰਡ ਦੇਣ ਦਾ ਐਲਾਨ ਕੀਤਾ ਹੈ।
ਲੰਬੇ ਸਮੇਂ ਤੋਂ ਪੀਆਈਓ ਅਤੇ ਓਸੀਆਈ ਕਾਰਡ ਦੋਵੇਂ ਪ੍ਰਚਲਨ ਵਿੱਚ ਸਨ ਪਰ 2015 ਵਿੱਚ ਪੀਆਈਓ ਦੀ ਵਿਵਸਥਾ ਨੂੰ ਖਤਮ ਕਰ ਦਿੱਤਾ। ਪਰ ਸਰਕਾਰ ਨੇ ਓਸੀਆਈ ਕਾਰਡ ਨੂੰ ਜਾਰੀ ਰੱਖਣ ਦਾ ਐਲਾਨ ਕੀਤਾ ਸੀ।
ਓਸੀਆਈ ਭਾਰਤ ਵਿੱਚ ਜੀਵਨ ਭਰ ਰਹਿਣ, ਕੰਮ ਕਰਨ ਅਤੇ ਹਰ ਤਰ੍ਹਾਂ ਦੇ ਆਰਥਿਕ ਲੈਣ-ਦੇਣ ਕਰਨ ਦੇ ਇੱਕ ਤਰੀਕੇ ਦੀ ਇਜਾਜ਼ਤ ਦਿੰਦਾ ਹੈ। ਓਸੀਆਈ ਕਾਰਡ ਧਾਰਕ ਜਦੋਂ ਚਾਹੇ ਵੀਜੇ ਤੋਂ ਬਿਨਾਂ ਭਾਰਤ ਆ ਸਕਦਾ ਹੈ। ਓਸੀਆਈ ਕਾਰਡ ਜ਼ਿੰਦਗੀ ਭਰ ਪ੍ਰਮਾਣਿਤ ਹੁੰਦਾ ਹੈ।
ਭਾਰਤੀ ਗ੍ਰਹਿ ਮੰਤਰਾਲੇ ਦੀ ਵੈੱਬਸਾਈਟ ਮੁਤਾਬਤ ਓਸੀਆਈ ਕਾਰਡ ਧਾਰਕਾਂ ਨੂੰ ਭਾਰਤੀ ਨਾਗਰਿਕਾਂ ਵਾਂਗ ਸਾਰੇ ਅਧਿਕਾਰ ਹਨ ਪਰ ਉਹ ਚਾਰ ਚੀਜ਼ਾਂ ਨਹੀਂ ਕਰ ਸਕਦੇ-
- ਚੋਣ ਨਹੀਂ ਲੜ ਸਕਦੇ
- ਵੋਟ ਨਹੀਂ ਪੇ ਸਕਦੇ
- ਸਰਕਾਰੀ ਨੌਕਰੀ ਜਾਂ ਸੰਵਿਧਾਨਿਕ ਅਹੁਦੇ ਉਪਰ ਨਹੀਂ ਹੋ ਸਕਦੇ
- ਖੇਤੀ ਵਾਲੀ ਜ਼ਮੀਨ ਨਹੀਂ ਖਰੀਦ ਸਕਦੇ
ਕੀ ਆਉਣ ਵਾਲੇ ਸਾਲਾਂ ਵਿੱਚ ਗਿਣਤੀ ਵਧੇਗੀ?
ਮੌਜੂਦਾ ਆਰਥਿਕ ਸਥਿਤੀ ਨੂੰ ਦੇਖਦੇ ਹੋਏ ਪੰਤ ਦਾ ਕਹਿਣਾ ਹੈ ਕਿ ਆਉਣ ਵਾਲੇ ਕੁਝ ਸਾਲਾਂ 'ਚ ਇਸ ਦੀ ਗਿਣਤੀ ਘੱਟ ਸਕਦੀ ਹੈ।

ਤਸਵੀਰ ਸਰੋਤ, Getty Images
ਉਹ ਕਹਿੰਦੇ ਹਨ, "ਭਾਰਤ ਦੀ ਆਰਥਿਕ ਹਾਲਤ ਦੂਜੇ ਦੇਸ਼ਾਂ ਦੇ ਮੁਕਾਬਲੇ ਚੰਗੀ ਹੈ। ਹੁਣ ਇੱਥੇ ਹੋਰ ਮੌਕੇ ਆਉਣਗੇ। ਇਸ ਲਈ ਲੋਕ ਭਾਰਤ ਵਿੱਚ ਰਹਿਣਾ ਪਸੰਦ ਕਰਨਗੇ। ਪਰ ਜਿਨ੍ਹਾਂ ਲੋਕਾਂ ਨੇ ਅਮਰੀਕਾ ਵਿੱਚ ਗ੍ਰੀਨ ਕਾਰਡ ਲਈ ਅਪਲਾਈ ਕੀਤਾ ਹੈ ਉਹ ਨਾਗਰਿਕਤਾ ਲੈਣ ਤੋਂ ਪਿੱਛੇ ਨਹੀਂ ਰਹਿਣਗੇ।"
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post












