ਸਿੱਧੂ ਮੂਸੇਵਾਲਾ ਕੇਸ: ਸ਼ੱਕੀ ਗੈਂਗਸਟਰ ਰੂਪਾ ਤੇ ਕੁੱਸਾ ਦੇ ਮੁਕਾਬਲੇ ਨਾਲ ਜੁੜੇ 9 ਸਵਾਲਾਂ ਦੇ ਜਵਾਬ
ਪੰਜਾਬ ਦੇ ਅੰਮ੍ਰਿਤਸਰ ਦੇ ਅਟਾਰੀ ਨਜ਼ਦੀਕ ਭਕਨਾ ਕਲਾਂ ਪਿੰਡ ਵਿੱਚ ਬੁੱਧਵਾਰ (20 ਜੁਲਾਈ) ਨੂੰ ਪੰਜਾਬ ਪੁਲਿਸ ਵੱਲੋਂ 4 ਘੰਟਿਆਂ ਦੇ ਮੁਕਾਬਲੇ ਤੋਂ ਬਾਅਦ ਦੋ ਸ਼ੱਕੀ ਗੈਂਗਸਟਰਾਂ ਨੂੰ ਮਾਰਨ ਦਾ ਦਾਅਵਾ ਕੀਤਾ ਗਿਆ।
ਪੰਜਾਬ ਪੁਲੀਸ ਦੇ ਏਡੀਜੀਪੀ ਅਤੇ ਐਂਟੀ ਗੈਂਗਸਟਰ ਟਾਸਕ ਫੋਰਸ ਦੇ ਮੁਖੀ ਪ੍ਰਮੋਦ ਬਾਨ ਨੇ ਪੁਲਿਸ ਮੁਕਾਬਲੇ ਦੌਰਾਨ ਦੋ ਸ਼ੱਕੀ ਗੈਂਗਸਟਰਾਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਸੀ।
ਮੁਕਾਬਲੇ ਤੋਂ ਬਾਅਦ ਏਡੀਜੀਪੀ ਬਾਨ ਨੇ ਅੰਮ੍ਰਿਤਸਰ ਵਿੱਚ ਪ੍ਰੈਸ ਕਾਨਫਰੰਸ ਕਰਕੇ ਪੁਲਿਸ ਮੁਕਾਬਲੇ ਦੀ ਪੂਰੀ ਜਾਣਕਾਰੀ ਸਾਂਝੀ ਕੀਤੀ।
ਬਾਨ ਮੁਤਾਬਕ, ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਜਿਹੜੇ ਗੈਂਗਸਟਰ ਸਨ, ਜਿਨ੍ਹਾਂ ਨੇ ਮਦਦ ਕੀਤੀ ਸੀ, ਰੇਕੀ ਕੀਤੀ, ਜਿਹੜੇ ਮਾਸਟਰਮਾਈਂਡ ਸੀ, ਉਹ ਸਾਰੇ ਪਹਿਲਾਂ ਹੀ ਗ੍ਰਿਫ਼ਤਾਰ ਹੋ ਚੁੱਕੇ ਹਨ।
ਉਨ੍ਹਾਂ ਕਿਹਾ, ਉਸੇ ਮਾਮਲੇ ਵਿਚ ਚ ਜਿਹੜਾ ਕੋਰੋਲਾ ਮੈਡਿਊਲ ਸੀ, ਉਸ 'ਚ ਪੰਜਾਬ ਪੁਲਿਸ ਨੇ ਸ਼ੁਰੂਆਤ 'ਚ ਜਿਹੜੇ ਦੋ ਗੈਂਗਸਟਰਾਂ ਦੀ ਪਛਾਣ ਕੀਤੀ ਸੀ, ਇੱਕ ਮਨੂੰ ਕੁੱਸਾ ਤੇ ਦੂਜਾ ਜਗਰੂਪ ਰੂਪਾ ਸਨ।
ਕੋਰੋਲਾ ਮਡਿਊਲ ਦਾ ਇੱਥੇ ਅਰਥ ਹੈ ਕਿ ਸਿੱਧੂ ਮੂਸੇਵਾਲਾ ਉੱਤੇ 29 ਮਈ 2022 ਨੂੰ ਹਮਲਾ ਕਰਨ ਵੇਲੇ ਜੋ ਸ਼ੂਟਰ ਕੋਰੋਲਾ ਗੱਡੀ ਵਿਚ ਸਵਾਰ ਸਨ।
ਸਿੱਧੂ ਮੂਸੇਵਾਲਾ ਪੰਜਾਬੀ ਦੇ ਕੌਮਾਂਤਰੀ ਪੱਧਰ ਦੇ ਪੌਪ ਸਟਾਰ ਸਨ, ਜਿਨ੍ਹਾਂ ਨੂੰ ਗੈਂਗਸਟਰਾਂ ਨੇ ਗੋਲੀਆਂ ਮਾਰ ਕੇ ਹਲਾਕ ਕਰ ਦਿੱਤਾ ਸੀ।
ਜਗਰੂਪ ਰੂਪਾ ਅਤੇ ਮਨਪ੍ਰੀਤ ਉਰਫ਼ ਮਨੂੰ ਕੁੱਸਾ ਦੇ ਪੁਲਿਸ ਮੁਕਾਬਲੇ ਨਾ ਜੁੜੇ 9 ਅਹਿਮ ਸਵਾਲਾਂ ਦੇ ਜਵਾਬ ਲੱਭਣ ਦੀ ਇਸ ਰਿਪੋਰਟ ਵਿਚ ਕੋਸ਼ਿਸ਼ ਕੀਤੀ ਗਈ ਹੈ।
ਇਹ ਰਿਪੋਰਟ ਬੀਬੀਸੀ ਪੱਤਰਕਾਰ ਰਵਿੰਦਰ ਸਿੰਘ ਰੌਬਿਨ ਵਲੋਂ ਇਕੱਠੀ ਕੀਤੀ ਜਾਣਕਾਰੀ ਅਤੇ ਪੰਜਾਬ ਪੁਲਿਸ ਦੇ ਅਧਿਕਾਰੀਆਂ ਵਲੋਂ ਦਿੱਤੇ ਸਵਾਲਾਂ ਦੇ ਜਵਾਬ ਦੇ ਅਧਾਰ ਉੱਤੇ ਲਿਖੀ ਗਈ ਹੈ।
1. ਮਕਾਨ ਮਾਲਕ ਕੌਣ ਹੈ ਅਤੇ ਉਸਨੇ ਸਭ ਤੋਂ ਪਹਿਲਾਂ ਕੀ ਦੇਖਿਆ
ਬੀਬੀਸੀ ਪੰਜਾਬੀ ਦੇ ਸਹਿਯੋਗੀ ਰਵਿੰਦਰ ਸਿੰਘ ਰੌਬਿਨ ਮੁਤਾਬਕ ਜਿਸ ਮਕਾਨ ਵਿਚ ਮੁਕਾਬਲਾ ਹੋਇਆ, ਉਹ ਰਿਹਾਇਸ਼ੀ ਮਕਾਨ ਨਹੀਂ ਹੈ। ਬਲਕਿ ਖੇਤਾਂ ਵਿੱਚ ਟਿਊਬਵੈੱਲ ਅਤੇ ਹੋਰ ਖੇਤੀ ਸਾਜੋ ਸਮਾਨ ਲਈ ਬਣਾਈ ਗਈ ਢਾਣੀ ਹੈ।
ਇਹ ਢਾਣੀ ਬਿੱਲਾ ਦੋਧੀ ਨਾ ਦੇ ਵਿਅਕਤੀ ਦੀ ਹੈ, ਜੋ ਅਜੇ ਤੱਕ ਮੀਡੀਆ ਸਾਹਮਣੇ ਨਹੀਂ ਆਇਆ ਹੈ। ਪੁਲਿਸ ਨੇ ਵੀ ਉਸ ਦਾ ਜ਼ਿਕਰ ਨਹੀਂ ਕੀਤਾ ਹੈ।
ਬਿੱਲਾ ਦੋਧੀ ਦਾ ਘਰ ਇਸ ਢਾਣੀ ਤੋਂ ਕਰੀਬ ਇੱਕ ਕਿਲੋਮੀਟਰ ਦੂਰੀ ਉੱਤੇ ਹੈ। ਇਸ ਨੇ ਕਥਿਤ ਗੈਂਗਸਟਰਾਂ ਨੂੰ ਦੇਖਿਆ ਸੀ ਜਾਂ ਨਹੀਂ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ।
ਏਡੀਜੀਪੀ ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐਫ) ਪ੍ਰਮੋਦ ਬਾਨ ਦਾ ਕਹਿਣਾ ਹੈ ਕਿ ਇਸ ਸਬੰਧੀ ਹਾਲੇ ਪੁਲਿਸ ਜਾਂਚ ਕਰ ਰਹੀ ਹੈ ਅਤੇ ਮਾਮਲਾ ਜਾਂਚ ਅਧੀਨ ਹੈ।
ਉਹਨਾਂ ਦਾ ਕਹਿਣਾ ਸੀ ਕਿ ਜਾਂਚ ਵਿੱਚ ਇਹ ਵੀ ਦੇਖਿਆ ਜਾਵੇਗਾ ਕਿ ਘਰ ਦੇ ਮਾਲਕ ਨੂੰ ਪਤਾ ਵੀ ਸੀ ਜਾਂ ਨਹੀ ਅਤੇ ਇਹ ਘਰ ਕਦੋਂ ਬਣਿਆ ਸੀ।
2. ਘਰ ਵਿੱਚ ਆਖਰੀ ਵਾਰ ਕੌਣ ਗਿਆ ਸੀ
ਪੁਲਿਸ ਨੇ ਇਸ ਘਰ ਬਾਰੇ ਅਜੇ ਤੱਕ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ। ਇਸ ਨੂੰ ਮੁਕਾਬਲੇ ਤੋਂ ਬਾਅਦ ਹੀ ਸੀਲ ਕੀਤਾ ਗਿਆ ਹੈ।
ਇੱਥੇ ਤੱਕ ਕਿਸੇ ਨੂੰ ਜਾਣ ਦੀ ਇਜ਼ਾਜਤ ਨਹੀਂ ਹੈ। ਇਸ ਦੇ ਆਲੇ-ਦੁਆਲੇ ਕਰੀਬ 500 ਮੀਟਰ ਤੋਂ ਵੱਧ ਦੂਰੀ ਤੱਕ ਕੋਈ ਘਰ ਨਹੀਂ ਹੈ। ਇੱਥੇ ਉਦੋਂ ਹੀ ਕੋਈ ਜਾਂਦਾ ਸੀ ਜਦੋਂ ਕੋਈ ਖੇਤਾਂ ਵਿਚ ਕੰਮ ਕਾਰ ਹੋਵੇ।
ਬੁੱਧਵਾਰ ਨੂੰ ਇੱਕ ਚਸ਼ਮਦੀਦ ਬਲਵੰਤ ਸਿੰਘ ਨੇ ਦੱਸਿਆ ਸੀ ਕਿ ਇਹ ਇਲਾਕਾ ਪਿੰਡ ਭਕਨਾ ਕਲਾਂ, ਚੀਚਾ, ਹੁਸ਼ਿਆਰਨਗਰ ਦੇ ਦਰਮਿਆਨ ਹੈ।
''ਸਵੇਰੇ ਕੁਝ ਬਦਮਾਸ਼ ਖੇਤ ਰਾਹੀਂ ਉੱਥੇ ਮੌਜੂਦ ਬੰਬੀ (ਟਿਊਬਵੈੱਲ ਲ਼ਈ ਬਣਿਆ ਕਮਰਾ) ਵਿੱਚ ਲੁਕ ਗਏ। ਪੁਲਿਸ ਨੇ ਉਨ੍ਹਾਂ ਦਾ ਪਿੱਛਾ ਕੀਤਾ ਗਿਆ ਅਤੇ ਉੱਥੇ ਮੇਰਾ ਬੇਟਾ ਵੀ ਮੌਜੂਦ ਸੀ।''
"ਪੁਲਿਸ ਨੇ ਮੇਰੇ ਬੇਟੇ ਨੂੰ ਆਪਣੀ ਹਿਫ਼ਾਜ਼ਤ ਵਿੱਚ ਲੈ ਲਿਆ ਹੈ ਅਤੇ ਉਹ ਸੁਰੱਖਿਅਤ ਹੈ। ਪੰਜਾਬ ਪੁਲਿਸ ਦੇ ਵੀ ਕੁਝ ਕਰਮੀ ਜ਼ਖ਼ਮੀ ਹੋਏ ਹਨ।"
ਪ੍ਰਮੋਦ ਬਾਨ ਨੂੰ ਜਦੋਂ ਘਰ ਬਾਰੇ ਕਈ ਸਵਾਲ ਕੀਤੇ ਗਏ ਤਾਂ ਉਨ੍ਹਾਂ ਸਿਰਫ਼ ਇੰਨਾ ਕਿਹਾ ਕਿ ਇਹ ਸਾਰਾ ਜਾਂਚ ਦਾ ਵਿਸ਼ਾ ਹੈ।
ਇਹ ਵੀ ਪੜ੍ਹੋ:
- ਸਿੱਧੂ ਮੂਸੇਵਾਲਾ ਕੇਸ ਹੁਣ ਤੱਕ: 6 ਵਿੱਚੋਂ 2 ਸ਼ੂਟਰ ਮਾਰੇ ਗਏ, 3 ਗ੍ਰਿਫਤਾਰ, ਇੱਕ ਹਾਲੇ ਵੀ ਫਰਾਰ
- ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਲੋੜੀਂਦੇ ਦੋ ਗੈਂਗਸਟਰਾਂ ਦੇ ਅੰਮ੍ਰਿਤਸਰ ਪੁਲਿਸ ਮੁਕਾਬਲੇ ਵਿੱਚ ਮਰਨ ਦੀ ਪੂਰੀ ਕਹਾਣੀ
- ਪੁਲਿਸ ਮੁਕਾਬਲੇ 'ਚ ਮਾਰੇ ਗਏ ਮੰਨੂ ਕੁੱਸਾ ਦੇ ਪਿੰਡ ਵਿੱਚ ਕੀ ਹੈ ਮਾਹੌਲ ਤੇ ਪਿੰਡ ਵਾਲਿਆਂ ਨੇ ਉਸ ਬਾਰੇ ਕੀ ਦੱਸਿਆ
- ਪੁਲਿਸ ਮੁਕਾਬਲੇ 'ਚ ਮਾਰੇ ਗਏ ਮੰਨੂ ਕੁੱਸਾ ਦੇ ਪਿੰਡ ਵਿੱਚ ਕੀ ਹੈ ਮਾਹੌਲ ਤੇ ਪਿੰਡ ਵਾਲਿਆਂ ਨੇ ਉਸ ਬਾਰੇ ਕੀ ਦੱਸਿਆ
3. ਪੁਲਿਸ ਕਦੋਂ ਘਰ ਦੇ ਅੰਦਰ ਦਾਖਲ ਹੋਈ ਸੀ
ਪ੍ਰਮੋਦ ਬਾਨ ਦਾ ਕਹਿਣਾ ਹੈ ਕਿ ਮਾਨਸਾ ਪੁਲਿਸ ਕਥਿਤ ਗੈਂਗਸਟਰਾਂ ਦਾ ਪਿੱਛਾ ਕਰ ਰਹੀ ਸੀ। ਮਾਨਸਾ ਪੁਲਿਸ ਨੇ ਇਸ ਵਿੱਚ ਅੰਮ੍ਰਿਤਸਰ ਪੁਲਿਸ ਦੀ ਮਦਦ ਲ਼ਈ ਸੀ।
ਪੁਲਿਸ ਟੀਮਾਂ ਇਹਨਾਂ ਦੀ ਪਿੱਛਾ ਕਰ ਰਹੀਆਂ ਸਨ। ਇਹ ਦੋਵੇਂ ਸ਼ੂਟਰ ਭੱਜ ਕੇ ਘਰ ਵਿੱਚ ਚਲੇ ਗਏ ਸਨ।
ਜਿਸ ਤੋਂ ਬਾਅਦ ਪੁਲਿਸ ਨੇ ਉਹਨਾਂ ਨੂੰ ਆਤਮ ਸਮਰਪਣ ਕਰਨ ਲਈ ਵਾਰ-ਵਾਰ ਕਿਹਾ ਪਰ ਉਹ ਲਗਾਤਾਰ ਪੁਲਿਸ ਉੱਤੇ ਗੋਲ਼ੀਬਾਰੀ ਕਰਨ ਲੱਗੇ ਜਿਸ ਕਾਰਨ ਪੁਲਿਸ ਨੂੰ ਵੀ ਗੋਲ਼ੀ ਚਲਾਉਣੀ ਪਈ।
ਬੀਬੀਸੀ ਸਹਿਯੋਗੀ ਰਵਿੰਦਰ ਰੌਬਿਨ ਆਪਣੇ ਸੂਤਰਾਂ ਦੇ ਹਵਾਲੇ ਨਾਲ ਦੱਸਦੇ ਹਨ ਕਿ ਕਰੀਬ 3.20 ਵਜੇ ਤੱਕ ਫਾਇਰਿੰਗ ਹੁੰਦੀ ਰਹੀ ।
ਪੁਲਿਸ ਕਰੀਬ 4 ਵਜੇ ਘਰ ਦੇ ਅੰਦਰ ਗਈ ਅਤੇ ਫੇਰ ਪੁਲਿਸ ਮੁਕਾਬਲਾ ਖ਼ਤਮ ਹੋਣ ਦਾ ਐਲਾਨ ਕੀਤਾ ਗਿਆ।
4.ਪੁਲਿਸ ਨੂੰ ਪਹਿਲਾਂ ਤੋਂ ਜਾਣਕਾਰੀ ਸੀ ਤਾਂ ਉਨ੍ਹਾਂ ਨੂੰ ਪਹਿਲਾਂ ਕਿਉਂ ਨਹੀਂ ਰੋਕਿਆ ਗਿਆ
ਪ੍ਰਮੋਦ ਬਾਨ ਦੇ ਕਹਿਣਾ ਹੈ ਕਿ ਸਿੱਧੂ ਮੂਸੇਵਾਲੇ ਦੇ ਕਤਲ ਤੋਂ ਬਾਅਦ ਹੀ ਪੁਲਿਸ ਇਹਨਾਂ ਦੇ ਪਿੱਛੇ ਲੱਗੀ ਹੋਈ ਸੀ।
ਪੁਲਿਸ ਉਹਨਾਂ ਨੂੰ ਪੰਜਾਬ, ਹਰਿਆਣਾ ਅਤੇ ਰਾਜਸਥਾਨ ਦੇ ਵੱਖ-ਵੱਖ ਇਲਾਕਿਆਂ ਵਿੱਚ ਲੱਭ ਰਹੀ ਸੀ ਅਤੇ ਉਹਨਾਂ ਨੂੰ ਲੱਭਦੀ ਏਥੇ ਪਹੁੰਚੀ ਸੀ।
ਪੁਲਿਸ ਉਨ੍ਹਾਂ ਨੂੰ ਫੜ੍ਹਨ ਦੀ ਹੀ ਕੋਸ਼ਿਸ਼ ਕਰ ਰਹੀ ਸੀ ਪਰ ਉਹ ਭੱਜ ਕੇ ਮੱਕੀ ਦੇ ਖੇਤਾਂ ਵਿਚੋਂ ਹੁੰਦੇ ਹੋਏ ਘਰ ਵਿਚ ਜਾ ਲੁਕੇ।

ਤਸਵੀਰ ਸਰੋਤ, Ravinder Singh Robin
5.ਉਸ ਥਾਂ ਨੂੰ ਜਾਂਦੀਆਂ ਲਿੰਕ ਰੋਡ ਕਦੋਂ ਬੰਦ ਕੀਤੀਆਂ ਗਈਆਂ
ਰਵਿੰਦਰ ਸਿੰਘ ਰੌਬਿਨ ਦੱਸਦੇ ਹਨ ਕਿ ਮੁਕਾਬਲੇ ਵਾਲੀ ਥਾਂ ਦੇ ਨੇੜੇ ਇੱਕ ਹੀ ਲਿੰਕ ਰੋਡ ਆਉਂਦੀ ਸੀ। ਜਿੱਥੇ ਗੈਂਗਸਟਰ ਜਾਕੇ ਲੁਕੇ ਉਹ ਥਾਂ ਲਿੰਕ ਰੋਡ ਤੋਂ ਕਰੀਬ 400 ਮੀਟਰ ਦੂਰੀ ਉੱਤੇ ਹੈ।
ਲਿੰਕ ਰੋਡ ਨੂੰ ਮੁਕਾਬਲੇ ਵਾਲੀ ਥਾਂ ਤੱਕ ਕਰੀਬ 100 ਮੀਟਰ ਟਾਇਲਾਂ ਵਾਲੀ ਗਲ਼ੀ ਹੈ, ਜਦਕਿ ਉਸ ਤੋਂ ਅੱਗੇ ਖੇਤਾਂ ਨੂੰ ਜਾਣ ਵਾਲਾ ਕੱਚਾ ਰਾਹ ਹੈ।
ਪੁਲਿਸ ਨੂੰ ਜਦੋਂ ਗੈਂਗਸਟਰ ਘੇਰੇ ਜਾਣ ਦੀ ਜਾਣਕਾਰੀ ਮਿਲੀ ਤਾਂ ਸਥਾਨਕ ਪੁਲਿਸ ਨੇ ਕਰੀਬ 11 ਵਜੇ ਨਾਕਾਬੰਦੀ ਕੀਤੀ ਅਤੇ ਲਿੰਕ ਰੋਡ ਸੀਲ ਕਰ ਦਿੱਤੀ।
6. ਪੁਲਿਸ ਨੇ ਉਨ੍ਹਾਂ ਨੂੰ ਜਿਂਉਂਦਿਆਂ ਫੜ੍ਹਨ ਦੀ ਕੋਸ਼ਿਸ਼ ਕਿਉਂ ਨਹੀਂ ਕੀਤੀ?
ਡੀਜੀਪੀ ਗੌਰਵ ਯਾਦਵ ਨੇ ਕਿਹਾ, "ਇਹ ਲਾਈਵ ਐਨਕਾਊਂਟਰ ਸੀ। ਸਾਡੀ ਟੀਮ ਉਪਰ ਫਾਇਰ ਹੋਇਆ ਸੀ। ਪੁਲਿਸ ਵੱਲੋਂ ਆਤਮ ਰੱਖਿਆ 'ਚ ਗੋਲੀ ਚਲਾਈ ਗਈ ਸੀ। ਹਮੇਸ਼ਾ ਹਲਾਤ ਮੁਤਾਬਕ ਕਾਰਵਾਈ ਹੁੰਦੀ ਹੈ ਅਤੇ ਅਸੀਂ ਕਾਨੂੰਨ ਅਨੁਸਾਰ ਕਾਰਵਾਈ ਕਰਦੇ ਹਾਂ।"
ਮੁਖਵਿੰਦਰ ਸਿੰਘ ਭੁੱਲਰ, ਡੀਸੀਪੀ ਡਿਟੈਕਟਿਵ, ਅੰਮ੍ਰਿਤਸਰ, ਦਾ ਕਹਿਣਾ ਸੀ ਕਿ ਪੁਲਿਸ ਦੀ ਕੋਸ਼ਿਸ਼ ਸੀ ਕਿ ਉਹਨਾਂ ਨੂੰ ਜਿੰਦਾ ਫੜਿਆ ਜਾਵੇ।ਇਸ ਲਈ ਉਹਨਾਂ ਨੂੰ ਵਾਰ-ਵਾਰ ਕਿਹਾ ਵੀ ਗਿਆ ਪਰ ਉਹਨਾਂ ਨੇ ਫਾਇਰ ਬੰਦ ਨਹੀਂ ਕੀਤੇ।

ਤਸਵੀਰ ਸਰੋਤ, Ravinder Singh Robin/BBC
7.ਕਥਿਤ ਸ਼ੂਟਰਾਂ ਕੋਲੋਂ ਕਿੰਨੇ ਹਥਿਆਰ ਬਰਾਮਦ ਹੋਇਆ, ਏਕੇ-47 ਤੋਂ ਇਲਾਵਾ?
ਡੀਜੀਪੀ ਗੌਰਵ ਯਾਦਵ ਦਾ ਕਹਿਣਾ ਸੀ ਕਿ, "ਜਾਂਚ ਬਾਰੇ ਮੈਂ ਕੁਝ ਜ਼ਿਆਦਾ ਨਹੀਂ ਦੱਸ ਸਕਦਾ ਪਰ ਪੁਲਿਸ ਨੂੰ ਇੱਕ ਪਿਸਟਲ, ਇੱਕ ਏਕੇ-47 ਰਾਇਫਲ ਅਤੇ ਕੁਝ ਅਸਲਾਂ ਗੈਂਗਸਟਰਾਂ ਤੋਂ ਬਰਾਮਦ ਹੋਇਆ ਹੈ। ਪਰ ਫਿਲਹਾਲ ਜਾਂਚ ਚੱਲ ਰਹੀ ਹੈ।"
ਬੁੱਧਵਾਰ ਸ਼ਾਮ ਨੂੰ ਪ੍ਰਮੋਦ ਬਾਨ ਨੇ ਪ੍ਰੈਸ ਕਾਨਫਰੰਸ ਦੌਰਾਨ ਵੀ ਇੱਕ ਏਕੇ ਸੰਤਾਲੀ ਅਤੇ ਇੱਕ ਪਿਸਟਲ ਮਿਲਣ ਦੀ ਗੱਲ ਕਹੀ ਸੀ।
ਬਾਨ ਮੁਤਾਬਕ ਇੱਕ ਬੈਗ ਵੀ ਮਿਲਿਆ ਹੈ, ਉਸ ਵਿਚਲੀ ਸਮੱਗਰੀ ਜਾਂ ਸਮਾਨ ਬਾਰੇ ਫੋਰੈਂਸਿਕ ਜਾਂਚ ਹੋਣ ਤੋਂ ਬਾਅਦ ਹੀ ਕੁਝ ਕਿਹਾ ਜਾ ਸਕਦਾ ਹੈ।

ਪੁਲਿਸ ਮੁਬਕਾਲੇ ਨਾਲ ਸਬੰਧਤ ਅਹਿਮ ਤੱਥ
- ਅੰਮ੍ਰਿਤਸਰ ਦੇ ਅਟਾਰੀ ਨੇੜਲੇ ਪਿੰਡ ਭਕਨਾ ਕਲਾਂ ਵਿਚ ਸ਼ੱਕੀ ਗੈਂਗਸਟਰਾਂ ਅਤੇ ਪੁਲਿਸ ਵਿਚਾਲੇ ਗੋਲੀਬਾਰੀ ਕਰੀਬ 11 ਵਜੇ ਤੋਂ ਸ਼ਾਮੀ 3.20 ਵਜੇ ਤੱਕ ਹੋਈ।
- ਬੀਬੀਸੀ ਪੰਜਾਬੀ ਦੀ ਟੀਮ ਨੇ ਘਟਨਾ ਸਥਾਨ ਤੋਂ ਕਈ ਵੀਡੀਓਜ਼ ਭੇਜੇ ਸਨ, ਜਿਨ੍ਹਾਂ ਵਿੱਚ ਪੁਲਿਸ ਦਾ ਭਾਰੀ ਜਮਾਵੜਾ ਨਜ਼ਰ ਆ ਰਿਹਾ ਸੀ।
- ਵੱਡੀ ਗਿਣਤੀ ਵਿੱਚ ਲੋਕ ਸੜਕਾਂ ਉੱਤੇ ਦੂਰ-ਦੂਰ ਖੜ੍ਹੇ ਦਿਖਾਈ ਦੇ ਰਹੇ ਸਨ ਅਤੇ ਲਗਾਤਾਰ ਕਈ ਘੰਟੇ ਗੋਲ਼ੀਬਾਰੀ ਦੀਆਂ ਅਵਾਜ਼ਾਂ ਆ ਰਹੀਆਂ ਸਨ।
- ਜਿਸ ਥਾਂ ਉੱਤੇ ਪੁਲਿਸ ਮੁਕਾਬਲਾ ਚੱਲ ਹੋਇਆ, ਉਹ ਪਿੰਡ ਭਕਨਾ ਕਲ਼ਾਂ ਦੇ ਬਾਹਰਵਾਰ ਖੇਤਾਂ ਵਿੱਚ ਬਣੀਆਂ ਢਾਣੀਆਂ ਹਨ।
- ਪੁਲਿਸ ਮੁਤਾਬਕ, ਬਦਮਾਸ਼ਾਂ ਦੀ ਗਿਣਤੀ 2 ਸੀ ਅਤੇ ਦੋਵਾਂ ਨੂੰ ਮਾਰ ਦਿੱਤਾ ਗਿਆ ਹੈ। 3 ਪੁਲਿਸ ਵਾਲੇ ਵੀ ਜ਼ਖਮੀ ਹੋਏ ਹਨ।
- ਪੁਲਿਸ ਨੇ ਸੀਨੀਅਰ ਅਫ਼ਸਰ ਆਪ ਘਟਨਾ ਵਾਲੀ ਥਾਂ ਉੱਤੇ ਪਹੁੰਚੇ ਹੋਏ ਹਨ, ਮੁਕਾਬਲਾ ਖਤਮ ਹੋਣ ਤੱਕ ਡੀਜੀਪੀ ਵੀ ਅੰਮ੍ਰਿਤਸਰ ਪੁੱਜ ਗਏ।
- ਘਟਨਾ ਵਾਲੀ ਥਾਂ ਤੋਂ ਐਂਬੂਲੈਂਸ ਵੀ ਜਾਂਦੀ ਦਿਖਾਈ ਦਿੱਤੀ, ਜਿਸ ਤੋਂ ਕੁਝ ਲੋਕਾਂ ਦੇ ਜਖ਼ਮੀ ਹੋਣ ਦੀ ਖ਼ਬਰ ਦੀ ਪੁਸ਼ਟੀ ਹੋਈ।
- ਪੁਲਿਸ ਨੇ ਮੱਕੀ ਦੇ ਖੇਤ ਵਿੱਚ ਲੁਕੇ ਬਦਮਾਸ਼ਾਂ ਨੂੰ ਬਾਹਰ ਕੱਢਣ ਲਈ ਬਖ਼ਤਰਬੰਦ ਗੱਡੀਆਂ ਵੀ ਮੰਗਵਾ ਲਈਆਂ ਸਨ।
- ਪੁਲਿਸ ਮੁਕਾਬਲੇ ਵਿੱਚ ਇੱਕ ਪੱਤਰਕਾਰ ਜ਼ਖ਼ਮੀ ਵੀ ਹੋਇਆ ਹੈ, ਜਿਸ ਨੂੰ ਇਲਾਜ ਲਈ ਹਸਪਤਾਲ ਭੇਜਿਆ ਗਿਆ ਹੈ।

8. ਪੋਸਟ ਮਾਰਟਮ ਦੀ ਰਿਪੋਰਟ ਕੀ ਕਹਿੰਦੀ
ਅਗਲਾ ਸਵਾਲ ਇਹ ਹੈ ਕਿ ਪੋਸਟ ਮਾਰਟਮ ਰਿਪੋਰਟ ਵਿੱਚ ਕੀ ਸਾਹਮਣੇ ਆਇਆ, ਜਿਵੇਂ ਕਿ ਕਿੰਨੀਆਂ ਗੋਲੀਆਂ ਵੱਜੀਆਂ, ਕਿੰਨੀ ਦੇਰ ਬਾਅਦ ਮੌਤ ਹੋਈ, ਕਿੰਨੀ ਦੂਰੀ ਤੋਂ ਗੋਲੀਆਂ ਵੱਜੀਆਂ ।
21 ਜੁਲਾਈ ਨੂੰ ਸ਼ਾਮ ਸੱਤ ਵਜੇ ਤੱਕ ਮਾਰੇ ਗਏ ਦੋਵਾਂ ਗੈਂਗਸਟਰਾਂ ਦਾ ਪੋਸਟ ਮਾਰਟਮ ਨਹੀਂ ਹੋਇਆ ਸੀ।
ਬੀਬੀਸੀ ਸਹਿਯੋਗੀ ਰਵਿੰਦਰ ਸਿੰਘ ਰੌਬਿਨ ਮੁਤਾਬਕ ਸਵੇਰੇ ਪੁਲਿਸ ਵਲੋਂ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਤੋਂ ਲਾਸ਼ਾਂ ਦੀ ਸ਼ਨਾਖ਼ਤ ਕਰਵਾਈ ਗਈ ਕਿ ਕੀ ਇਹ ਉਹੀ ਵਿਅਕਤੀ ਹਨ, ਜੋ ਸਿੱਧੂ ਮੂਸੇਵਾਲਾ ਦੇ ਕਤਲ ਕਾਂਡ ਵਿਚ ਸ਼ਾਮਲ ਸਨ।
ਪੁਲਿਸ ਪ੍ਰੋਟੋਕਾਲ ਮੁਤਾਬਕ ਪੀੜਤ ਜਾਂ ਸ਼ਿਕਾਇਤ ਕਰਤਾ ਤੋਂ ਲਾਸ਼ਾਂ ਦੀ ਸ਼ਨਾਖਤ ਕਰਵਾਈ ਜਾਂਦੀ ਹੈ।

ਤਸਵੀਰ ਸਰੋਤ, BBC
ਇਸ ਤੋਂ ਬਾਅਦ ਦੋਵਾਂ ਲਾਸ਼ਾਂ ਦੀ ਸਕੈਨਿੰਗ ਕਰਵਾਈ ਗਈ ਤਾਂ ਕਿ ਇਹ ਪਤਾ ਲੱਗ ਸਕੇ ਕਿ ਉਨ੍ਹਾਂ ਨੂੰ ਕਿੰਨੀਆਂ ਗੋਲੀਆਂ ਵੱਜੀਆਂ ਹਨ।
ਪਰ ਸਕੈਨਿੰਗ ਰਿਪੋਰਟ ਵਿਚ ਕੀ ਆਇਆ ਇਸ ਬਾਰੇ ਵੀ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ।
ਇੱਕ ਡਾਕਟਰ ਨੇ ਬੀਬੀਸੀ ਸਹਿਯੋਗੀ ਨੂੰ ਦੱਸਿਆ ਕਿ ਜੇਕਰ ਕੋਈ ਐਮਰਜੈਂਸੀ ਨਾ ਹੋਵੇ ਤਾਂ ਕੋਈ ਵੀ ਪੋਸਟ ਮਾਰਟਮ ਸੂਰਜ ਡੁੱਬਣ ਤੋਂ ਬਾਅਦ ਨਹੀਂ ਹੁੰਦਾ।
ਇਸ ਲਈ ਖ਼ਬਰ ਲਿਖੇ ਜਾਣ ਤੱਕ ਇਹ ਨਹੀਂ ਹੋਇਆ ਸੀ।
9. ਐਨਕਾਊਂਟਰ ਕਿੰਨੇ ਘੰਟੇ ਚੱਲਿਆ
ਪੰਜਾਬ ਪੁਲਿਸ ਦੇ ਏਡੀਜੀਪੀ ਪ੍ਰਮੋਦ ਬਾਨ ਨੇ ਦਾਅਵਾ ਕੀਤਾ ਸੀ ਕਿ ਪੁਲਿਸ ਮੁਕਾਬਲਾ 4 ਘੰਟੇ ਦੇ ਕਰੀਬ ਚੱਲਿਆ ਹੈ।
ਬੁੱਧਵਾਰ ਨੂੰ ਜਦੋਂ ਪੁਲਿਸ ਕਾਰਵਾਈ ਚੱਲ ਰਹੀ ਸੀ ਤਾਂ ਕੁਝ ਚਸ਼ਮਦੀਦਾਂ ਨੇ ਦੱਸਿਆ ਸੀ ਕਿ ਉਹ ਸਵੇਰੇ 10.30- 11 ਵਜੇ ਦੇ ਕਰੀਬ ਗੋਲ਼ੀਆਂ ਚੱਲਣ ਦੀਆਂ ਅਵਾਜਾਂ ਸੁਣ ਰਹੇ ਸਨ
ਇਹ ਸਾਢੇ 3 ਵਜੇ ਕੀ ਕਰੀਬ ਸੁਣਦੀਆਂ ਰਹੀਆਂ। ਪਰ ਪੁਲਿਸ ਨੇ ਅਧਿਕਾਰਤ ਤੌਰ ਉੱਤੇ 4 ਘੰਟੇ ਪੁਲਿਸ ਮੁਕਾਬਲੇ ਦਾ ਸਮਾਂ ਦੱਸਿਆ ਹੈ।
ਇਹ ਵੀ ਪੜ੍ਹੋ:
ਪੰਜਾਬ ਪੁਲਿਸ ਦੀ ਪ੍ਰੈਸ ਕਾਨਫਰੰਸ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post

















