You’re viewing a text-only version of this website that uses less data. View the main version of the website including all images and videos.
ਅਮਰਨਾਥ ਗੁਫ਼ਾ ਦੇ ਨੇੜੇ ਬੱਦਲ ਫਟਣ ਮਗਰੋਂ ਯਾਤਰਾ 'ਤੇ ਅਸਥਾਈ ਰੋਕ, ਮ੍ਰਿਤਕਾਂ ਦੀ ਸੰਖਿਆ ਵਧ ਕੇ 16 ਹੋਈ
ਜੰਮੂ-ਕਸ਼ਮੀਰ ਦੇ ਅਮਰਨਾਥ ਗੁਫਾ ਦੇ ਨੇੜੇ ਬੱਦਲ ਫਟਣ ਨਾਲ ਹੁਣ ਤੱਕ ਘੱਟੋ-ਘੱਟ 16 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਇਸ ਦੇ ਨਾਲ ਹੀ ਖਰਾਬ ਮੌਸਮ ਕਾਰਨ ਅਮਰਨਾਥ ਯਾਤਰਾ 'ਤੇ ਅਸਥਾਈ ਰੋਕ ਲਗਾ ਦਿੱਤੀ ਗਈ ਹੈ।
ਬਾਲਟਾਲ ਅਤੇ ਪਹਿਲਗਾਮ ਦੇ ਸੰਯੁਕਤ ਪੁਲਿਸ ਕੰਟਰੋਲ ਰੂਮ ਨੇ ਬੀਬੀਸੀ ਪੱਤਰਕਾਰ ਮਾਜਿਦ ਜਹਾਂਗੀਰ ਨੂੰ ਦੱਸਿਆ ਕਿ ਰਾਹਤ ਅਤੇ ਬਚਾਅ ਕਾਰਜ ਅਜੇ ਵੀ ਜਾਰੀ ਹੈ, ਇਸ ਲਈ ਜ਼ਖਮੀ ਅਤੇ ਲਾਪਤਾ ਲੋਕਾਂ ਦੀ ਅਸਲ ਗਿਣਤੀ ਬਾਰੇ ਕੁੱਝ ਵੀ ਕਹਿਣਾ ਹਾਲੇ ਮੁਸ਼ਕਿਲ ਹੈ।
ਹਾਲਾਂਕਿ ਅਧਿਕਾਰੀਆਂ ਨੇ ਪਹਿਲਾਂ ਦੱਸਿਆ ਸੀ ਕਿ 30-40 ਲੋਕਾਂ ਦੀ ਭਾਲ ਜਾਰੀ ਹੈ।
ਉਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਐੱਨਡੀਆਰਐੱਫ ਤੋਂ ਇਲਾਵਾ ਹੋਰ ਵੀ ਕਈ ਟੀਮਾਂ ਰਾਹਤ ਕਾਰਜ ਵਿੱਚ ਲੱਗੀਆਂ ਹੋਈਆਂ ਹਨ।
ਇਸ ਤੋਂ ਪਹਿਲਾਂ ਐੱਨਡੀਆਰਐੱਫ ਦੇ ਡੀਜੀ ਅਤੁਲ ਕਾਰਵਲ ਨੇ ਜਾਣਕਾਰੀ ਦਿੱਤੀ ਕਿ ਇਸ ਹਾਦਸੇ ਵਿੱਚ 10 ਲੋਕਾਂ ਦੀ ਜਾਨ ਚਲੀ ਗਈ ਹੈ ਅਤੇ 3 ਲੋਕਾਂ ਨੂੰ ਜ਼ਿੰਦਾ ਬਚਾ ਲਿਆ ਗਿਆ ਹੈ।
ਆਲ ਇੰਡੀਆ ਰੇਡੀਓ ਨੇ ਖ਼ਬਰ ਦਿੱਤੀ ਹੈ ਕਿ ਬੱਦਲ ਫਟਣ ਤੋਂ ਬਾਅਦ ਹੜ੍ਹ ਕਾਰਨ ਪਵਿੱਤਰ ਅਮਰਨਾਥ ਗੁਫਾ ਨੇੜੇ ਫਸੇ ਲੋਕਾਂ ਨੂੰ ਪੰਜਤਰਨੀ ਭੇਜ ਦਿੱਤਾ ਗਿਆ ਹੈ।
ਉਨ੍ਹਾਂ ਦੇ ਟਵੀਟ ਦੇ ਮੁਤਾਬਕ, ''ਲੋਕਾਂ ਨੂੰ ਕੱਢਣ ਦਾ ਕੰਮ ਸ਼ਨੀਵਾਰ ਸਵੇਰੇ 3.38 ਵਜੇ ਤੱਕ ਜਾਰੀ ਰਿਹਾ। ਹੁਣ ਟ੍ਰੈਕ 'ਤੇ ਕੋਈ ਯਾਤਰੀ ਨਹੀਂ ਹੈ। ਹੁਣ ਤੱਕ 15 ਹਜ਼ਾਰ ਲੋਕਾਂ ਨੂੰ ਸੁਰੱਖਿਅਤ ਸਥਾਨਾਂ 'ਤੇ ਪਹੁੰਚਾਇਆ ਜਾ ਚੁੱਕਾ ਹੈ।''
ਆਈਟੀਬੀਪੀ ਦੇ ਪੀਆਰਓ ਵਿਵੇਕ ਪਾਂਡੇ ਨੇ ਜਾਣਕਾਰੀ ਦਿੰਦਿਆਂ ਕਿਹਾ ਫਿਲਹਾਲ ਯਾਤਰਾ ਨੂੰ ਰੋਕ ਦਿੱਤਾ ਗਿਆ ਹੈ।
ਭਾਰਤੀ ਸਮੇਂ ਮੁਤਾਬਕ ਇਹ ਹਾਦਸਾ ਸ਼ੁੱਕਰਵਾਰ ਸ਼ਾਮ 5.30 ਵਜੇ ਦੇ ਕਰੀਬ ਵਾਪਰਿਆ ਹੈ।
ਹੈਲਪਲਾਈਨ ਨੰਬਰ ਜਾਰੀ
ਜੰਮੂ-ਕਸ਼ਮੀਰ ਪੁਲਿਸ ਨੇ ਹੈਲਪਲਾਈਨ ਨੰਬਰ ਜਾਰੀ ਕੀਤੇ ਹਨ:
ਇਨ੍ਹਾਂ ਨੰਬਰਾਂ 'ਤੇ ਫ਼ਾਲੋ ਕਰਕੇ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ।
ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਟਵੀਟ ਕਰਦਿਆਂ ਲਿਖਿਆ, "ਅਮਰਨਾਥ ਗੁਫ਼ਾ ਨੇੜੇ ਬੱਦਲ ਫਟਣ ਸਬੰਧੀ ਮੈਂ ਜੰਮੂ-ਕਸ਼ਮੀਰ ਦੇ ਐੱਲਜੀ ਮਨੋਜ ਸਿਨ੍ਹਾ ਨਾਲ ਗੱਲ ਕਰ ਕੇ ਹਾਲਾਤ ਦੀ ਜਾਣਕਾਰੀ ਲਈ ਹੈ।"
"ਐੱਨਡੀਆਰਐੱਫ, ਸੀਆਰਪੀਐੱਫ, ਬੀਐੱਸਐੱਫ ਅਤੇ ਸਥਾਨਕ ਪ੍ਰਸ਼ਾਸਨ ਬਚਾਅ ਕਾਰਜ ਵਿੱਚ ਲੱਗੇ ਹੋਏ ਹਨ। ਲੋਕਾਂ ਦੀ ਜਾਨ ਬਚਾਉਣਾ ਸਾਡੀ ਪ੍ਰਾਥਮਿਕਤਾ ਹੈ। ਸਾਰੇ ਸ਼ਰਧਾਲੂਆਂ ਨੂੰ ਕੁਸ਼ਲਤਾ ਦੀ ਕਾਮਨਾ ਕਰਦਾ ਹਾਂ।"
ਅਮਰਨਾਥ ਹਾਦਸੇ ਦਾ ਵੀਡੀਓ
ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਨੇ ਜਤਾਇਆ ਸੋਗ
ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਅਮਰਨਾਥ ਗੁਫ਼ਾ ਨੇੜੇ ਬੱਦਲ ਫਟਣ ਦੀ ਘਟਨਾ 'ਤੇ ਦੁੱਖ ਜ਼ਾਹਰ ਕੀਤਾ ਹੈ।
ਉਨ੍ਹਾਂ ਨੇ ਲਿਖਿਆ ਹੈ, "ਮੈਂ ਇਹ ਜਾਣ ਕੇ ਦੁਖੀ ਹਾਂ ਕਿ ਅਮਰਨਾਥ ਅਸਥਾਨ ਦੇ ਨੇੜੇ ਬੱਦਲ ਫਟਣ ਨਾਲ ਕਈ ਲੋਕਾਂ ਦੀ ਮੌਤ ਹੋ ਗਈ ਹੈ। ਦੁਖੀ ਪਰਿਵਾਰਾਂ ਪ੍ਰਤੀ ਮੇਰੀ ਸੰਵੇਦਨਾ।"
"ਫਸੇ ਲੋਕਾਂ ਨੂੰ ਸਹਾਇਤਾ ਦੇਣ ਲਈ ਰਾਹਤ ਅਤੇ ਬਚਾਅ ਉਪਾਅ ਪੂਰੇ ਜ਼ੋਰਾਂ 'ਤੇ ਹਨ। ਮੈਂ ਪ੍ਰਾਰਥਨਾ ਕਰਦਾ ਹਾਂ ਅਤੇ ਉਮੀਦ ਕਰਦਾ ਹਾਂ ਕਿ ਯਾਤਰਾ ਛੇਤੀ ਹੀ ਮੁੜ ਸ਼ੁਰੂ ਹੋ ਜਾਵੇ।"
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰਨਾਥ ਗੁਫ਼ਾ ਦੇ ਹੇਠਾਂ ਬੱਦਲ ਫਟਣ ਦੀ ਘਟਨਾ ਕਾਰਨ ਹੋਏ ਜਾਨ-ਮਾਲ ਦੇ ਨੁਕਸਾਨ 'ਤੇ ਦੁੱਖ ਜਤਾਇਆ ਹੈ।
ਉਨ੍ਹਾਂ ਨੇ ਟਵੀਟ ਕੀਤਾ ਹੈ, "ਅਮਰਨਾਥ ਗੁਫ਼ਾ ਨੇੜੇ ਬੱਦਲ ਫਟਣ ਨਾਲ ਪਰੇਸ਼ਾਨ ਹਾਂ। ਦੁੱਖ 'ਚ ਡੁੱਬੇ ਪਰਿਵਾਰਂ ਪ੍ਰਤੀ ਮੇਰੀ ਸੰਵੇਦਨਾ ਹੈ।"
"ਜੰਮੂ-ਕਸ਼ਮੀਰ ਦੇ ਐੱਲਜੀ ਮਨੋਜ ਸਿਨ੍ਹਾ ਨਾਲ ਗੱਲ ਕਰਕੇ ਹਾਲਾਤ ਦਾ ਜਾਇਜ਼ਾ ਲਿਆ ਹੈ। ਬਚਾਅ ਅਤੇ ਰਾਹਤ ਕਾਰਜ ਜਾਰੀ ਹੈ। ਪ੍ਰਭਾਵਿਤ ਲੋਕਾਂ ਨੂੰ ਹਰ ਸੰਭਵ ਮਦਦ ਦਿੱਤੀ ਜਾ ਰਹੀ ਹੈ।"
ਅਮਰਨਾਥ ਯਾਤਰਾ 2 ਸਾਲ ਬਾਅਦ ਮੁੜ ਸ਼ੁਰੂ ਹੋਈ ਸੀ
ਦੋ ਸਾਲ ਦੇ ਵਕਫ਼ੇ ਬਾਅਦ ਇਸ ਵਾਰ ਸ਼੍ਰੀ ਅਮਰਨਾਥ ਯਾਤਰਾ 30 ਜੂਨ ਤੋਂ ਸ਼ੁਰੂ ਹੋਈ ਸੀ। ਇਹ ਯਾਤਰਾ 43 ਦਿਨਾਂ ਤੱਕ ਚੱਲੇਗੀ। ਇਸ ਯਾਤਰਾ ਵਿੱਚ ਸ਼ਾਮਿਲ ਹੋਣ ਲਈ ਭਾਰਤ ਦੇ ਕੋਨੇ-ਕੋਨੇ ਤੋਂ ਸ਼ਰਧਾਲੂ ਭਾਰਤ ਸ਼ਾਸਿਤ ਕਸ਼ਮੀਰ ਘਾਟੀ ਪਹੁੰਚਦੇ ਹਨ।
ਇਸ ਵਾਰ ਅਮਰਨਾਥ ਗੁਫ਼ਾ ਜਾਣ ਵਾਲੇ ਯਾਤਰੀ ਕਸ਼ਮੀਰ ਘਾਟੀ ਦੇ ਦੋ ਬੇਸ ਕੈਂਪਾਂ ਵਿੱਚ ਠਹਿਰਾਏ ਜਾ ਰਹੇ ਹਨ ਅਤੇ ਇਨ੍ਹਾਂ ਬੇਸ ਕੈਂਪਾਂ ਵਿੱਚੋਂ ਰੋਜ਼ਾਨਾ ਯਾਤਰੀਆਂ ਦੇ ਜੱਥੇ ਅਮਰਨਾਥ ਗੁਫ਼ਾ ਦਰਸ਼ਨ ਲਈ ਰਵਾਨਾ ਹੁੰਦੇ ਹਨ।
ਅਮਰਨਾਥ ਜਾਣ ਵਾਲੇ ਯਾਤਰੀਆਂ ਲਈ ਕਸ਼ਮੀਰ ਦੇ ਕਈ ਇਲਾਕਿਆਂ ਵਿੱਚ ਟਰਾਂਜ਼ਿਟ ਕੈਂਪ ਵੀ ਬਣਾਏ ਗਏ ਹਨ, ਜਿੱਥੇ ਦੇਰ ਰਾਤ ਪਹੁੰਚਣ ਵਾਲੇ ਯਾਤਰੀਆਂ ਨੂੰ ਰੁਕਣ ਅਤੇ ਅਗਲੇ ਦਿਨ ਸਵੇਰੇ ਉਨ੍ਹਾਂ ਨੂੰ ਬੇਸ ਕੈਂਪਾਂ ਵਿੱਚ ਜਾਣ ਦੀ ਆਗਿਆ ਹੁੰਦੀ ਹੈ।
ਅਮਰਨਾਥ ਯਾਤਰਾ ਦਾ ਮਹੱਤਵ
ਅਮਰਨਾਥ ਯਾਤਰਾ ਦਰਅਸਲ, ਹਿੰਦੂਆਂ ਲਈ ਪਵਿੱਤਰ ਅਮਰਨਾਥ ਗੁਫ਼ਾ ਤੱਕ ਦੀ ਯਾਤਰਾ ਹੈ। ਇਹ ਗੁਫ਼ਾ ਸਮੁੰਦਰ ਤਲ ਤੋਂ 3,888 ਮੀਟਰ ਯਾਨਿ 12,756 ਫੁੱਟ ਦੀ ਉੱਚਾਈ 'ਤੇ ਸਥਿਤ ਹੈ।
ਇੱਥੋਂ ਤੱਕ ਸਿਰਫ਼ ਪੈਦਲ ਜਾਂ ਖੱਚਰ ਰਾਹੀਂ ਹੀ ਪਹੁੰਚਿਆ ਜਾ ਸਕਦਾ ਹੈ। ਭਾਰਤ ਪ੍ਰਸ਼ਾਸਿਤ ਦੱਖਣੀ ਕਸ਼ਮੀਰ ਦੇ ਪਹਿਲਗਾਮ ਤੋਂ ਇਹ ਦੂਰੀ ਕਰੀਬ 46 ਕਿਲੋਮੀਟਰ ਦੀ ਹੈ, ਜਿਸ ਨੂੰ ਪੈਦਲ ਪੂਰਾ ਕਰਨਾ ਹੁੰਦਾ ਹੈ। ਇਸ ਵਿੱਚ ਕਰੀਬ 5 ਦਿਨ ਤੱਕ ਦਾ ਸਮਾਂ ਲੱਗਦਾ ਹੈ।
ਇੱਕ ਦੂਜਾ ਰਸਤਾ ਸੋਨਮਾਰਗ ਦੇ ਬਾਲਟਾਲ ਤੋਂ ਵੀ ਹੈ, ਜਿਸ ਵਿੱਚ ਅਮਰਨਾਥ ਗੁਫ਼ਾ ਦੀ ਦੂਰੀ ਮਹਿਜ਼ 16 ਕਿਲੋਮੀਟਰ ਹੈ ਪਰ ਮੁਸ਼ਕਲ ਚੜਾਈ ਹੋਣ ਕਰਕੇ ਇਹ ਰਸਤਾ ਬੇਹੱਦ ਔਖਾ ਮੰਨਿਆ ਜਾਂਦਾ ਹੈ।
ਇਹ ਗੁਫ਼ਾ ਬਰਫ਼ ਨਾਲ ਢੱਕੀ ਰਹਿੰਦੀ ਹੈ ਪਰ ਗਰਮੀਆਂ ਵਿੱਚ ਥੋੜ੍ਹੇ ਸਮੇਂ ਲਈ ਜਦੋਂ ਬਰਫ਼ ਮੌਜੂਦ ਨਹੀਂ ਹੁੰਦੀ, ਉਸ ਵੇਲੇ ਤੀਰਥ ਯਾਤਰੀ ਇੱਥੇ ਪਹੁੰਚ ਸਕਦੇ ਹਨ। ਸਾਵਣ ਦੇ ਮਹੀਨੇ ਵਿੱਚ ਇਹ ਯਾਤਰਾ ਸ਼ੁਰੂ ਹੁੰਦੀ ਹੈ। ਇਹ 45 ਦਿਨਾਂ ਤੱਕ ਤੀਰਥ ਯਾਤਰੀ ਇੱਥੇ ਆ ਸਕਦੇ ਹਨ।
ਇਸ ਯਾਤਰਾ ਲਈ ਆਉਣ ਵਾਲੇ ਲੋਕਾਂ ਦੀ ਵਧਦੀ ਗਿਣਤੀ ਨੂੰ ਦੇਖ ਕੇ ਹੀ ਸਾਲ 2000 ਵਿੱਚ ਅਮਰਨਾਥ ਸ਼੍ਰਾਈਨ ਬੋਰਡ ਦਾ ਗਠਨ ਕੀਤਾ ਗਿਆ ਜੋ ਸੂਬਾ ਸਰਕਾਰ ਨਾਲ ਮਿਲ ਕੇ ਇਸ ਯਾਤਰਾ ਦੇ ਪ੍ਰਬੰਧ ਨੂੰ ਸਫ਼ਲ ਬਣਾਉਂਦਾ ਹੈ।
ਗੁਫ਼ਾ ਦੀ ਕੀ ਹੈ ਅਹਿਮੀਅਤ
ਦੰਤਕਥਾ ਇਹ ਹੈ ਕਿ ਇਸ ਗੁਫ਼ਾ ਵਿੱਚ ਸ਼ਿਵ ਨੇ ਆਪਣੀ ਹੋਂਦ ਅਤੇ ਅਮਰਤਵ ਦੇ ਰਹੱਸ ਬਾਰੇ ਪਾਰਵਤੀ ਨੂੰ ਦੱਸਿਆ ਸੀ। ਇਸ ਗੁਫ਼ਾ ਦਾ ਜ਼ਿਕਰ ਕਸ਼ਮੀਰੀ ਇਤਿਹਾਸਕਾਰ ਕਲਹਣ ਦੇ 12ਵੀਂ ਸਦੀ ਵਿੱਚ ਰਚਿਤ ਮਹਾਂਕਾਵਿ ਰਾਜਤਰੰਗਿਣੀ ਵਿੱਚ ਵੀ ਹੈ।
ਹਾਲਾਂਕਿ, ਇਸ ਤੋਂ ਬਾਅਦ ਲੰਬੇ ਸਮੇਂ ਤੱਕ ਇਸ ਗੁਫ਼ਾ ਨਾਲ ਜੁੜੀ ਕੋਈ ਜਾਣਕਾਰੀ ਉਪਲਬਧ ਨਹੀਂ ਹੈ।
ਇਸ ਗੁਫ਼ਾ ਦੀ ਛਤ ਤੋਂ ਬੂੰਦ-ਬੂੰਦ ਪਾਣੀ ਟਪਕਦਾ ਹੈ ਜੋ ਫ੍ਰੀਜ਼ਿੰਗ ਪੁਆਇੰਟ 'ਤੇ ਜੰਮਦਿਆਂ ਹੋਇਆ ਇੱਕ ਵਿਸ਼ਾ ਕੋਨ ਦੇ ਆਕਾਰ ਦੀ ਆਕ੍ਰਿਤੀ ਬਣਾਉਂਦਾ ਹੈ, ਜਿਸ ਨੂੰ ਹਿੰਦੂ ਸ਼ਿਵਲਿੰਗ ਦਾ ਰੂਪ ਮੰਨਦੇ ਹਨ।
ਜੂਨ ਤੋਂ ਅਗਸਤ ਵਿਚਾਲੇ ਇਸ ਆਕ੍ਰਿਤੀ ਦਾ ਆਕਾਰ ਥੋੜ੍ਹਾ ਛੋਟਾ ਜੋ ਜਾਂਦਾ ਹੈ। ਸ਼ਿਵਲਿੰਗ ਦੇ ਨਾਲ ਗਣੇਸ਼ ਅਤੇ ਪਾਰਵਤੀ ਦੀ ਬਰਫ਼ ਨਾਲ ਬਣੀ ਮੂਰਤੀ ਵੀ ਨਜ਼ਰ ਆਉਂਦੀ ਹੈ।
ਇਸ ਦੇ ਦਰਸ਼ਨਾਂ ਲਈ ਹਰ ਸਾਲ ਲੱਖਾਂ ਹਿੰਦੂ ਅਮਰਨਾਥ ਯਾਤਰਾ ਲਈ ਆਪਣੀ ਰਜਿਸਟ੍ਰੇਸ਼ਨ ਕਰਵਾਉਂਦੇ ਹਨ।
ਇਹ ਵੀ ਪੜ੍ਹੋ: