You’re viewing a text-only version of this website that uses less data. View the main version of the website including all images and videos.
ਅਡਾਨੀ ਵੱਲੋਂ 60ਵੇਂ ਜਨਮ ਦਿਨ ਟਤੇ 60,000 ਕੋਰੜ ਦਾ ਦਾਨ, ਇਨ੍ਹਾਂ ਖੇਤਰਾਂ ਵਿੱਚ ਲੱਗੇਗਾ ਪੈਸਾ - ਪ੍ਰੈੱਸ ਰਿਵੀਊ
ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਗੌਤਮ ਅਡਾਨੀ ਅਤੇ ਉਨ੍ਹਾਂ ਦੇ ਪਰਿਵਾਰ ਨੇ 60,000 ਕਰੋੜ ਰੁਪਏ ਵੱਖ-ਵੱਖ ਸਮਾਜਿਕ ਕਰਜਾਂ ਲਈ ਦਾਨ ਵਜੋਂ ਦੇਣ ਦਾ ਫ਼ੈਸਲਾ ਲਿਆ ਹੈ।
ਬਿਜ਼ਨਿਸ ਸਟੈਂਡਰਡ ਦੀ ਖ਼ਬਰ ਮੁਤਾਬਕ ਪਰਿਵਾਰ ਵੱਲੋਂ ਇਹ ਫ਼ੈਸਲਾ ਉਨ੍ਹਾਂ ਦੇ ਸੱਠਵੇਂ ਜਨਮ ਦਿਨ ਦੇ ਪ੍ਰਸੰਗ ਵਿੱਚ ਲਿਆ ਗਿਆ ਅਤੇ ਇਹ ਪੈਸਾ ਅਡਾਨੀ ਫਾਊਂਡੇਸ਼ਨ ਵੱਲੋਂ ਵੰਡਿਆ ਜਾਵੇਗਾ।
ਅਡਾਨੀ ਨੇ ਬਲੂਮਬਰਗ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਕਿਹਾ ਕਿ ਇਹ ਪੈਸਾ ਮੁੱਖ ਰੂਪ ਵਿੱਚ ਸਿਹਤ ਸਹੂਲਤਾਂ, ਸਿੱਖਿਆ ਅਤੇ ਕੌਸ਼ਲ ਵਿਕਾਸ ਦੇ ਖੇਤਰਾਂ ਵਿੱਚ ਖਰਚ ਕੀਤਾ ਜਾਵੇਗਾ।
ਉਨ੍ਹਾਂ ਮੁਤਾਬਕ ਇਹ ਭਾਰਤ ਦੇ ਕਾਰਪੋਰੇਟ ਇਤਿਹਾਸ ਵਿੱਚ ਕਿਸੇ ਫਾਊਂਡੇਸ਼ਨ ਨੂੰ ਭੇਜਿਆ ਜਾਣ ਵਾਲਾ ਸਭ ਤੋਂ ਵੱਡਾ ਪੈਸਾ ਹੈ। ਉਨ੍ਹਾਂ ਨੇ ਇਸ ਕਦਮ ਨੂੰ ਆਪਣੇ ਪਿਤਾ ਦੀ ਜਨਮ ਸ਼ਤਾਬਦੀ ਨਾਲ ਵੀ ਜੋੜਿਆ।
ਉਨ੍ਹਾਂ ਨੇ ਕਿਹਾ ਕਿ ਫੰਡ ਦੀ ਵਰਤੋਂ ਬਾਰੇ ਨੀਤੀ ਘੜਨ ਲਈ ਮਾਹਰਾਂ ਦੀ ਇੱਕ ਕਮੇਟੀ ਬਣਾਈ ਜਾਵੇਗੀ, ਜਿਸ ਵਿੱਚ ਅਡਾਨੀ ਪਰਿਵਾਰ ਦੇ ਮੈਂਬਰ ਵੀ ਸ਼ਾਮਲ ਹੋਣਗੇ।
ਮੀਡੀਆ ਖ਼ਬਰਾਂ ਅਨੁਸਾਰ ਗੌਤਮ ਅਡਾਨੀ ਨੇ 1978 ਵਿੱਚ ਆਪਣੀ ਕਾਲਜ ਦੀ ਪੜ੍ਹਾਈ ਅਧੂਰੀ ਛੱਡ ਦਿੱਤੀ ਅਤੇ ਮੁੰਬਈ ਦੇ ਹੀਰਾ ਬਾਜ਼ਾਰ ਵਿੱਚ ਹੱਥ ਅਜ਼ਮਾਇਆ।
1988 ਵਿੱਚ ਅਡਾਨੀ ਐਂਟਰਪ੍ਰਾਈਜ਼ਿਜ਼ ਲਿਮਟਿਡ ਬਣੀ, ਜਿਸ ਨੇ ਧਾਤੂ, ਖੇਤੀਬਾੜੀ ਉਤਪਾਦਾਂ ਅਤੇ ਕੱਪੜੇ ਵਰਗੇ ਉਤਪਾਦਾਂ ਦਾ ਵਪਾਰ ਸ਼ੁਰੂ ਕੀਤਾ।
ਅੱਜ ਘਰੇਲੂ ਰਾਸ਼ਨ ਤੋਂ ਲੈ ਕੇ ਕੋਲੇ ਦੀਆਂ ਖਾਨਾਂ, ਰੇਲਵੇ ਸਟੇਸ਼ਨ, ਹਵਾਈ ਅੱਡੇ, ਬੰਦਰਗਾਹ ਤੋਂ ਲੈ ਕੇ ਬਿਜਲੀ ਉਤਪਾਦਨ ਤੱਕ ਅਜਿਹੇ ਦਰਜਨਾਂ ਕਾਰੋਬਾਰ ਹਨ, ਜਿੱਥੇ ਗੌਤਮ ਅਡਾਨੀ ਦੇ ਗਰੁੱਪ ਦੀ ਮੌਜੂਦਗੀ ਹੈ।
ਅਡਾਨੀ ਦੀ ਸਫ਼ਲਤਾ ਦੀ ਕਹਾਣੀ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ।
ਇਹ ਵੀ ਪੜ੍ਹੋ:
ਪੰਜਾਬ ਸਰਕਾਰ ਵੱਲੋਂ ਤਰੱਕੀ ਦਿੱਤੇ IPS ਅਫ਼ਸਰਾਂ ਵਿੱਚ ਕੇਜਰੀਵਾਲ ਦਾ ਬੈਚਮੇਟ ਵੀ
ਪੰਜਾਬ ਸਰਕਾਰ ਵੱਲੋਂ 4 ਆਈਪੀਐੱਸ ਅਫ਼ਸਰਾਂ ਨੂੰ ਤਰੱਕੀ ਦੇ ਕੇ ਡੀਜੀਪੀ ਦਾ ਰੈਂਕ ਦਿੱਤਾ ਗਿਆ ਹੈ।
ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਇਸ ਤੋਂ ਬਾਅਦ ਪੰਜਾਬ ਕੋਲ ਹੁਣ ਅੱਠ ਡੀਜੀਪੀ ਰੈਂਕ ਦੇ ਅਫ਼ਸਰ ਹਨ।
ਨਵੇਂ ਤੱਰਕੀ ਦਿੱਤੇ ਗਏ ਅਫ਼ਸਰਾਂ ਵਿੱਚ ਸ਼ਾਮਲ ਹਨ- ਸ਼ਰਦ ਸੱਤਿਆ ਚੌਹਾਨ, ਹਰਪ੍ਰੀਤ ਸਿੰਘ ਸਿੱਧੂ, ਗੌਰਵ ਯਾਦਵ ਅਤੇ ਕੁਲਦੀਪ ਸਿੰਘ।
ਇਨ੍ਹਾਂ ਵਿੱਚੋਂ ਚੌਹਾਨ ਸੁਰੱਖਿਆ ਵਿੰਗ ਸੰਭਾਲਦੇ ਹਨ, ਸਿੱਧੂ ਜੇਲ੍ਹ ਵਿਭਾਗ, ਯਾਦਵ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵਿਸ਼ੇਸ਼ ਪ੍ਰਿੰਸੀਪਲ ਸਕੱਤਰ ਵਜੋਂ ਤਾਇਨਾਤ ਹਨ। ਜਦਕਿ ਕੁਲਦੀਪ ਸਿੰਘ ਇੰਟਰਨਲ ਵਿਜੀਲੈਂਸ ਸੈੱਲ ਦੇ ਇੰਚਾਰਜ ਹਨ।
ਗੌਰਵ ਯਾਦਵ ਪੰਜਾਬ ਦੇ ਸਾਬਕਾ ਡੀਜੀਪੀ ਪੀਸੀ ਡੋਗਰਾ ਦੇ ਜਵਾਈ ਅਤੇ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਬੈਚਮੇਟ ਹਨ ਜਦੋਂ ਉਹ ਆਈਏਐਸ/ਆਈਪੀਐੱਸ/ਆਈਆਰਐੱਸ ਦੀ ਸਿਖਲਾਈ ਲੈ ਰਹੇ ਸਨ।
ਸੰਗਰੂਰ: ਚੋਣ ਲਈ ਸਮਾਂ ਵਧਾਉਣ ਦੀ ਮੰਗ ਤੋਂ ਚੋਣ ਕਮਿਸ਼ਨ 'ਔਖਾ'
ਪੰਜਾਬ ਦੇ ਮੁੱਖ ਸਕੱਤਰ ਵੱਲੋਂ ਸੰਗਰੂਰ ਜ਼ਿਮਨੀ ਚੋਣ ਲਈ ਸਮਾਂ ਵਧਾਉਣ ਦੀ ਮੰਗ ਨੂੰ ਲੈ ਕੇ ਚੋਣ ਕਮਿਸ਼ਨ ਨੇ ਆਪਣੀ ਨਾ ਖੁਸ਼ੀ ਜ਼ਾਹਰ ਕੀਤੀ ਹੈ।
ਟਾਈਮਜ਼ ਆਫ਼ ਇੰਡੀਆ ਦੀ ਖ਼ਬਰ ਮੁਤਾਬਕ ਪਹਿਲਾਂ ਇਹ ਮੰਗ ਪਹਿਲਾਂ ਸੰਗਰੂਰ ਦੇ ਰਿਟਰਨਿੰਗ ਅਫ਼ਸਰ ਦੇ ਪੱਧਰ ਤੋਂ ਉੱਠੀ। ਚੋਣ ਕਮਿਸ਼ਨ ਨੇ ਕਿਹਾ ਹੈ ਕਿ ਸੰਬੰਧਿਤ ਅਧਿਕਾਰੀਆਂ ਖਿਲਾਫ਼ ਬਣਦੀ ਅਨੁਸ਼ਾਸਨੀ ਕਾਰਵਾਈ ਸ਼ੁੱਕਰਵਾਰ ਨੂੰ ਉਨ੍ਹਾਂ ਦਾ ਸਪਸ਼ਟੀਰਨ ਮਿਲਣ ਤੋਂ ਬਾਅਦ ਕੀਤੀ ਜਾਵੇਗੀ।
ਮੁੱਖ ਸਕੱਤਰ ਵੱਲੋਂ ਇਹ ਮੰਗ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਇਸ ਸੰਬੰਧ ਵਿੱਚ ਟਵੀਟ ਕੀਤੇ ਜਾਣ ਤੋਂ ਬਾਅਦ ਚੋਣ ਕਮਿਸ਼ਨ ਨੂੰ ਭੇਜੀ ਗਈ ਸੀ।
ਮੁੱਖ ਮੰਤਰੀ ਵੱਲੋਂ ਆਪਣੇ ਟਵੀਟ ਵਿੱਚ ਕਿਹਾ ਸੀ ਕਿ ਵੋਟਰ ਪਹਿਲਾਂ ਤੋਂ ਹੀ ਝੋਨੇ ਦੀ ਲਵਾਈ ਵਿੱਚ ਰੁਝੇ ਹੋਏ ਹਨ। ਉਹ ਲੋਕ ਵੋਟ ਪਾ ਸਕਣ ਇਸ ਲਈ ਵੋਟਾਂ ਦਾ ਸਮਾਂ ਸ਼ਾਮ ਛੇ ਵਜੇ ਤੋਂ ਵਧਾ ਕੇ ਸੱਤ ਵਜੇ ਤੱਕ ਕਰ ਦਿੱਤਾ ਜਾਵੇ ਤਾਂ ਜੋ ਉਹ ਵੀ ਡਾ਼ ਅੰਬੇਦਕਰ ਦੇ ਬਣਾਏ ਸੰਵਿਧਾਨ ਮੁਤਾਬਕ ਆਪਣੇ ਵੋਟ ਦੇ ਹੱਕ ਦੀ ਵਰਤੋਂ ਕਰ ਸਕਣ।
ਸਮਾਂ ਵਧਾਉਣ ਦੀ ਮੰਗ ਉਦੋਂ ਉੱਠੀ ਜਦੋਂ ਸ਼ਾਮ ਸੱਤ ਵਜੇ ਤੱਕ ਮਹਿਜ਼ 37% ਵੋਟਿੰਗ ਹੀ ਰਿਕਾਰਡ ਕੀਤੀ ਗਈ। ਪੰਜਾਬ ਵਿੱਚ ਸੱਤਾ ਵਿੱਚ ਆਉਣ ਤੋਂ ਬਾਅਦ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਲਈ ਪਹਿਲੀਆਂ ਜ਼ਿਮਨੀ ਚੋਣਾਂ ਹਨ।
ਜਦੋਂ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਸਾਲ 2019 ਵਿੱਚ ਸੰਗਰੂਰ ਤੋਂ ਲੋਕ ਸਭਾ ਚੋਣਾਂ ਜਿੱਤੇ ਸਨ ਤਾਂ ਇੱਥੇ 72.4% ਵੋਟਿੰਗ ਦਰਜ ਕੀਤੀ ਗਈ ਸੀ।
ਇਹ ਵੀ ਪੜ੍ਹੋ: