ਮਨਾਫ਼ : ਪੀਰੀਅਡਜ਼ ਦੀ ਗੱਲ ਕਰਨ ਉੱਤੇ ਟਰੋਲ ਹੋਈ ਪੱਤਰਕਾਰ ਨੇ ਦਿੱਤਾ ਇਹ ਜਵਾਬ - ਸੋਸ਼ਲ

    • ਲੇਖਕ, ਅਰਸ਼ਦੀਪ ਕੌਰ
    • ਰੋਲ, ਬੀਬੀਸੀ ਪੱਤਰਕਾਰ

ਸੋਸ਼ਲ ਮੀਡੀਆ ਉੱਪਰ ਪੱਤਰਕਾਰ ਇਸਮਤ ਆਰਾ ਨੂੰ ਉਨ੍ਹਾਂ ਦੇ ਟਵੀਟ ਤੋਂ ਬਾਅਦ ਟਰੋਲ ਕੀਤਾ ਜਾ ਰਿਹਾ ਹੈ।

ਇਸਮਤ ਆਰਾ ਇੱਕ ਮੰਨੀ-ਪਰਮੰਨੀ ਪੱਤਰਕਾਰ ਹੈ ਤੇ ਟਾਈਮ, ਦਿ ਵਾਇਰ, ਕੁਇੰਟ ਤੇ ਹੋਰ ਅਦਾਰਿਆਂ ਲਈ ਰਿਪੋਰਟ ਕਰ ਚੁੱਕੀ ਹੈ।

ਐਤਵਾਰ ਨੂੰ ਇਸਮਤ ਦੇ ਕੀਤੇ ਟਵੀਟ ਤੋਂ ਬਾਅਦ ਸੋਸ਼ਲ ਮੀਡੀਆ ਉੱਪਰ ਕੁਝ ਲੋਕ ਉਨ੍ਹਾਂ ਦਾ ਸਾਥ ਵੀ ਦੇ ਰਹੇ ਹਨ। ਐਤਵਾਰ ਨੂੰ ਹੀ ਇਸਮਤ ਨੂੰ 'ਦਿ ਹਿਊਮਨ ਰਾਈਟਸ ਇਨ ਰਿਲੀਜੀਅਸ ਫਰੀਡਮ ਜਰਨਲਿਜ਼ਮ' ਐਵਾਰਡ ਮਿਲਿਆ ਹੈ।

ਦਰਅਸਲ ਇਸਮਤ ਨੇ ਟਵੀਟ ਵਿੱਚ ਲਿਖਿਆ ਸੀ," ਮੈਂ ਚਾਹ ਦੀ ਦੁਕਾਨ 'ਤੇ ਰੁਕੀ ਅਤੇ ਮੈਨੂੰ ਪਤਾ ਲੱਗਾ ਕਿ ਮੈਨੂੰ ਪੀਰੀਅਡਜ਼ ਆਏ ਹਨ। ਮੈਂ ਦੁਕਾਨਦਾਰ ਤੋਂ ਪੈਡਜ਼ ਬਾਰੇ ਪੁੱਛਿਆ। ਉਨ੍ਹਾਂ ਨੇ ਆਪਣੀ ਬਾਈਕ ਚੁੱਕੀ ਅਤੇ ਮੈਨੂੰ ਉਨ੍ਹਾਂ ਆਖਿਆ ਕਿ ਥੋੜ੍ਹਾ ਸਮਾਂ ਇੰਤਜ਼ਾਰ ਕਰੋ। ਨਾਲ ਦੀ ਦੁਕਾਨ ਤੋਂ ਉਹ ਮੇਰੇ ਵਾਸਤੇ ਪੈਡ ਲਿਆਏ। ਮਨਾਫ਼ ਨੇ ਆਖਿਆ ਕਿ ਤੁਸੀਂ ਮੇਰੇ ਭੈਣ ਵਰਗੇ ਹੋ। ਮੈਂ ਮਨਾਫ਼ ਵਰਗੇ ਆਦਮੀਆਂ ਦੀ ਧੰਨਵਾਦੀ ਹਾਂ।"

ਇਸਮਤ ਦੇ ਇਹ ਲਿਖਣ ਤੋਂ ਬਾਅਦ ਕੁਝ ਲੋਕਾਂ ਨੇ ਉਨ੍ਹਾਂ ਦਾ ਮਜ਼ਾਕ ਉਡਾਉਣਾ ਸ਼ੁਰੂ ਕਰ ਦਿੱਤਾ।

'ਚਾਹ ਦੀ ਦੁਕਾਨ ਤੋਂ ਪੈਡਜ਼ ਕੌਣ ਪੁੱਛਦਾ ਹੈ'

ਇਸਮਤ ਦੇ ਇਸ ਟਵੀਟ ਤੋਂ ਬਾਅਦ ਲੋਕਾਂ ਨੇ ਉਨ੍ਹਾਂ ਨੂੰ ਸਵਾਲ ਪੁੱਛਣੇ ਸ਼ੁਰੂ ਕੀਤੇ। ਕਈਆਂ ਨੇ ਉਨ੍ਹਾਂ ਦਾ ਮਜ਼ਾਕ ਉਡਾਇਆ ਅਤੇ ਕਈਆਂ ਨੇ ਆਖਿਆ ਕਿ ਚਾਹ ਦੀ ਦੁਕਾਨ 'ਤੇ ਅਜਿਹਾ ਕੌਣ ਕਰਦਾ ਹੈ।

ਕਈਆਂ ਨੇ ਇਸ ਨੂੰ ਧਰਮ ਦੇ ਨਾਲ ਵੀ ਜੋੜਿਆ। ਇਹ ਵੀ ਆਖਿਆ ਕਿ ਇਸਮਤ ਵਿੱਚ ਸ਼ਰਮ ਨਾਮ ਦੀ ਕੋਈ ਚੀਜ਼ ਨਹੀਂ ਹੈ।

ਕਈ ਲੋਕਾਂ ਨੇ ਇਸ ਨੂੰ ਇੰਟਰਨੈੱਟ 'ਤੇ ਧਿਆਨ ਖਿੱਚਣ ਲਈ ਇੱਕ ਮਨਘੜਤ ਕਹਾਣੀ ਦੱਸਿਆ।

ਕਈ ਲੋਕਾਂ ਨੇ ਟਰੋਲ ਕਰਨ ਲਈ ਚਾਹ ਦੀ ਸਟਾਲ ਉਪਰ ਜਾਣ ਦੀਆਂ ਮਿਲਦੀਆਂ ਜੁਲਦੀਆਂ ਕਹਾਣੀਆਂ ਵੀ ਲਿਖੀਆਂ।

ਇਸਮਤ ਨੇ ਇੱਕ ਯੂਜ਼ਰ ਨੂੰ ਜਵਾਬ ਦਿੰਦੇ ਹੋਏ ਆਖਿਆ ਉਨ੍ਹਾਂ ਨੇ ਚਾਹ ਦੀ ਦੁਕਾਨ 'ਚ ਸਿਰਫ਼ ਪੈਡਜ਼ ਬਾਰੇ ਪੁੱਛਿਆ ਸੀ, ਨਾ ਕਿ ਮੁਨਾਫ਼ ਨੂੰ ਲੈ ਕੇ ਆਉਣ ਲਈ ਕਿਹਾ ਸੀ।

ਇਸ ਸਾਰੇ ਘਟਨਾਕ੍ਰਮ ਤੋਂ ਬਾਅਦ ਟਵਿੱਟਰ ਉੱਪਰ ਮੁਨਾਫ ਟਰੈਂਡ ਹੋਇਆ।

ਇੱਕ ਯੂਜ਼ਰ ਨੇ ਇਸਮਤ ਦੀ ਹਮਾਇਤ ਕਰਦੇ ਹੋਏ ਲਿਖਿਆ, “ਦਿਲਾਂ ਵਿੱਚ ਐਨੀ ਨਫ਼ਰਤ ਹੈ ਕਿ ਮਨਾਫ ਟਰੈਂਡ ਹੋ ਰਿਹਾ ਹੈ। ਅਜਨਬੀ ਇਨਸਾਨ ਵੱਲੋਂ ਕੀਤਾ ਹੋਇਆ ਚੰਗਾ ਕੰਮ ਹਜ਼ਾਰਾਂ ਲੋਕਾਂ ਨੂੰ ਬੁਰਾ ਲੱਗਿਆ ਅਤੇ ਉਨ੍ਹਾਂ ਨੇ ਇਸ ਨੂੰ ਧਰਮ ਨਾਲ ਜੋੜ ਦਿੱਤਾ।”

ਬਹੁਤ ਸਾਰੇ ਲੋਕਾਂ ਨੇ ਇਸਮਤ ਦੀ ਹਮਾਇਤ ਵੀ ਕੀਤੀ।

ਟੀਮ ਸਾਥ ਜੋ ਟਵਿੱਟਰ ਉੱਪਰ ਟਰੋਲ ਨੂੰ ਰਿਪੋਰਟ ਕਰਦੀ ਹੈ, ਨੇ ਲਿਖਿਆ ਹੈ ਕਿ ਇਸ ਟਵੀਟ ਉੱਪਰ ਜਵਾਬ ਸੱਜੇ ਪੱਖੀ ਲੋਕਾਂ ਦੇ ਦਿਮਾਗ਼ ਬਾਰੇ ਦੱਸਦੇ ਹਨ।

ਇਹ ਵੀ ਲਿਖਿਆ ਗਿਆ ਕਿ ਇਕ ਔਰਤ ਨੂੰ ਮਾਹਵਾਰੀ ਕਰਕੇ ਟਰੋਲ ਕੀਤਾ ਜਾ ਰਿਹਾ ਹੈ। ਕੋਈ ਇਸ ਪੱਧਰ 'ਤੇ ਥੱਲੇ ਕਿਵੇਂ ਡਿੱਗ ਸਕਦਾ ਹੈ।

ਟਵਿੱਟਰ ਉੱਪਰ ਇਸ ਬਾਰੇ ਲਗਾਤਾਰ ਤਿੰਨ ਦਿਨਾਂ ਤੋਂ ਚਰਚਾ ਹੋ ਰਹੀ ਹੈ।

ਸੋਸ਼ਲ ਮੀਡੀਆ ਦੀ ਵਰਤੋਂ ਕਰਨ ਵਾਲੇ ਲੋਕਾਂ ਨੇ ਆਖਿਆ ਹੈ ਕਿ ਇਹ ਸਮਾਜ ਵਿੱਚ ਮਾਹਵਾਰੀ ਵਰਗੇ ਸੰਵੇਦਨਸ਼ੀਲ ਮੁੱਦੇ ਬਾਰੇ ਲੋਕਾਂ ਦੀ ਸੋਚ ਨੂੰ ਦੱਸਦਾ ਹੈ।

ਕੁਝ ਨੇ ਆਖਿਆ ਹੈ ਕਿ ਇਹ ਸਾਰਾ ਘਟਨਾਕ੍ਰਮ ਦੱਸਦਾ ਹੈ ਕਿ ਕਿਸ ਤਰ੍ਹਾਂ ਕੁਝ ਲੋਕ ਹਰ ਗੱਲ ਨੂੰ ਧਰਮ ਨਾਲ ਜੋੜ ਦਿੰਦੇ ਹਨ।

ਇਸਮਤ ਨੇ ਟ੍ਰੋਲਿੰਗ ਤੋਂ ਬਾਅਦ ਕੀ ਕਿਹਾ

ਸੋਸ਼ਲ ਮੀਡੀਆ ਉਪਰ ਹਰ ਕੋਈ ਇਹੀ ਜਾਣਨਾ ਚਾਹੁੰਦਾ ਹੈ ਕਿ ਆਖ਼ਿਰ ਮਨਾਫ਼ ਕੌਣ ਹੈ ਤੇ ਕਿੱਥੇ ਉਨ੍ਹਾਂ ਦੀ ਦੁਕਾਨ ਹੈ। ਇਸਮਤ ਨੇ ਦੱਸਿਆ ਕਿ ਉਨ੍ਹਾਂ ਦੀ ਦੁਕਾਨ ਤਾਮਿਲਨਾਡੂ ਵਿੱਚ ਹੈ।

"ਮੈਂ ਚੇਨੱਈ ਤੋਂ ਦਿੱਲੀ ਦੀ ਉਡਾਣ ਲਈ ਹਾਈਵੇ ਉਪਰ ਸਫ਼ਰ ਕਰ ਰਹੀ ਸੀ। ਓਰੋਵਿਲ ਨਜ਼ਦੀਕ ਇੱਕ ਚਾਹ ਦੀ ਦੁਕਾਨ 'ਤੇ ਮੈਂ ਪੈਡਜ਼ ਬਾਰੇ ਪੁੱਛਿਆ। ਉਸ ਦੁਕਾਨ ਉੱਪਰ ਕਈ ਛੋਟੀਆਂ ਛੋਟੀਆਂ ਚੀਜ਼ਾਂ ਮੌਜੂਦ ਸਨ ਅਤੇ ਇਸ ਲਈ ਮੈਨੂੰ ਲੱਗਿਆ ਕਿ ਸ਼ਾਇਦ ਮੈਨੂੰ ਮੇਰੀ ਲੋੜ ਦੀ ਚੀਜ਼ ਦੀ ਮਿਲ ਜਾਵੇ।"

ਉਸ ਦੁਕਾਨਦਾਰ ਨੇ ਮੈਨੂੰ ਦੱਸਿਆ ਕਿ ਅਗਲੀ ਜੰਕਸ਼ਨ 'ਤੇ ਪੈਡਜ਼ ਮਿਲ ਜਾਣਗੇ। ਪਰ ਪ੍ਰੇਸ਼ਾਨੀ ਇਹ ਸੀ ਕਿ ਇੱਕ ਸਾਫ਼ ਟਾਇਲਟ ਇਸੇ ਜਗ੍ਹਾ 'ਤੇ ਸੀ।

ਇਸਮਤ ਨੇ ਦੱਸਿਆ ਕਿ ਉਹ ਉੱਥੇ ਰੁਕ ਗਏ ਅਤੇ ਕੁਝ ਸਮੇਂ ਬਾਅਦ ਉਹ ਦੁਕਾਨਦਾਰ ਉਨ੍ਹਾਂ ਵਾਸਤੇ ਸੈਨੀਟਰੀ ਪੈਡਜ਼ ਲੈ ਆਏ। ਇਸ ਮੁਤਾਬਕ ਉਨ੍ਹਾਂ ਨੇ ਉਸ ਅਜਨਬੀ ਦੁਕਾਨਦਾਰ ਦਾ ਧੰਨਵਾਦ ਕੀਤਾ ਜਿਸ ਤੋਂ ਬਾਅਦ ਉਨ੍ਹਾਂ ਨੇ ਆਖਿਆ ਕਿ ਇਸ ਮੌਕੇ ਉਨ੍ਹਾਂ ਦੀ ਭੈਣ ਵਰਗੇ ਹਨ।

ਇਸ ਮੌਕੇ ਦੱਸਿਆ ਕਿ ਇੱਕ ਅਜਨਬੀ ਵੱਲੋਂ ਕੀਤੀ ਗਈ ਸਹਾਇਤਾ ਬਾਰੇ ਉਨ੍ਹਾਂ ਨੇ ਟਵੀਟ ਕਰਨ ਦੀ ਸੋਚੀ। ਟਵੀਟ ਕਰਨ ਤੋਂ ਬਾਅਦ ਉਨ੍ਹਾਂ ਨੇ ਉਡਾਣ ਲਈ ਅਤੇ ਜਦੋਂ ਉਸ ਤੋਂ ਬਾਅਦ ਉਨ੍ਹਾਂ ਨੇ ਫੋਨ ਦੇਖਿਆ ਤਾਂ ਉਸ ਉੱਪਰ ਹਜ਼ਾਰਾਂ ਨੋਟੀਫਿਕੇਸ਼ਨ ਸਨ।

ਲੋਕਾਂ ਮਜ਼ਾਕ ਉਡਾ ਰਹੇ ਸਨ ਅਤੇ ਕੁਝ ਲੋਕ ਤਰ੍ਹਾਂ- ਤਰ੍ਹਾਂ ਦੇ ਸਵਾਲ ਚੁੱਕ ਰਹੇ ਸਨ। ਇਸਮਤ ਨੇ ਦੱਸਿਆ," ਇਸੇ ਦਿਨ ਮੈਨੂੰ ਐਵਾਰਡ ਮਿਲਣ ਦਾ ਐਲਾਨ ਵੀ ਹੋਇਆ ਸੀ ਪਰ ਇਸ ਟ੍ਰੋਲਿੰਗ ਕਰ ਮੈਂ ਉਹ ਟਵੀਟ ਦੇਖਿਆ ਹੀ ਨਹੀਂ। ਕੁਝ ਸਮੇਂ ਬਾਅਦ ਦੂਸਰੇ ਪੱਤਰਕਾਰ ਨੇ ਮੈਨੂੰ ਐਵਾਰਡ ਬਾਰੇ ਦੱਸਿਆ।"

ਧਰਮ ਤੇ ਔਰਤਾਂ ਬਾਰੇ ਮਾਨਸਿਕਤਾ ਪ੍ਰਗਟਾਵਾ

ਇਸ ਸਾਰੇ ਤਜਰਬੇ ਬਾਰੇ ਇਸਮਤ ਨੇ ਆਖਿਆ ਕਿ ਤਾਮਿਲਨਾਡੂ ਦੇ ਇੱਕ ਛੋਟੇ ਜਿਹੇ ਪਿੰਡ ਵਿਚ ਮੈਨੂੰ ਲੱਗਿਆ ਕਿ ਲੋਕਾਂ ਦੀ ਮਾਹਵਾਰੀ ਪ੍ਰਤੀ ਸੋਚ ਵਿੱਚ ਬਦਲਾਅ ਆਇਆ ਹੈ ਅਤੇ ਹੁਣ ਇਹ ਇੱਕ ਸ਼ਰਮ ਜਾਂ ਛੁਪਾਉਣ ਵਾਲੀ ਗੱਲ ਨਹੀਂ ਹੈ।

ਸੋਸ਼ਲ ਮੀਡੀਆ ਉੱਪਰ ਅਜਨਬੀ ਲੋਕਾਂ ਵੱਲੋਂ ਟਰੋਲ ਕੀਤੇ ਜਾਣ 'ਤੇ ਉਨ੍ਹਾਂ ਨੇ ਆਖਿਆ ਕਿ ਇਹ ਕੁਝ ਲੋਕਾਂ ਦੇ ਮਨ ਵਿੱਚ ਕੁਝ ਧਰਮਾਂ ਪ੍ਰਤੀ ਨਫ਼ਰਤ ਅਤੇ ਔਰਤਾਂ ਪ੍ਰਤੀ ਨਫ਼ਰਤ ਨੂੰ ਦਰਸਾਉਂਦਾ ਹੈ।

"ਕੁਝ ਲੋਕਾਂ ਦੇ ਟਵੀਟ ਨਿਰਾਸ਼ ਕਰਨ ਵਾਲੇ ਸਨ ਅਤੇ ਕੁਝ ਲੋਕਾਂ ਨੇ ਮੇਰਾ ਸਾਥ ਵੀ ਦਿੱਤਾ।ਕੁਝ ਔਰਤਾਂ ਨੇ ਵੀ ਮੈਨੂੰ ਟ੍ਰੋਲ ਕੀਤਾ ਜੋ ਕਿ ਹੈਰਾਨ ਕਰਨ ਵਾਲਾ ਸੀ।"'

ਇਹ ਪੁੱਛੇ ਜਾਣ 'ਤੇ ਕਿ ਕੀ ਉਹ ਭਵਿੱਖ ਵਿੱਚ ਵੀ ਮਾਹਾਵਾਰੀ ਵਰਗੇ ਸੰਵੇਦਨਸ਼ੀਲ ਮੁੱਦਿਆਂ ਉੱਪਰ ਲਿਖਣਗੇ ਜਾਂ ਟਵੀਟ ਕਰਨਗੇ ਤਾਂ ਉਨ੍ਹਾਂ ਨੇ ਆਖਿਆ,"ਪੱਤਰਕਾਰ ਹੋਣ ਦੇ ਨਾਤੇ ਆਪਣੀਆਂ ਖ਼ਬਰਾਂ ਵਿੱਚ ਵੀ ਅਤੇ ਟਵੀਟ ਵਿੱਚ ਨਿਜੀ ਤਜਰਬੇ ਲਿਖਦੀ ਰਹਿੰਦੀ ਹਾਂ। ਭਵਿੱਖ ਵਿੱਚ ਵੀ ਮੈਂ ਇਹ ਕਰਦੀ ਰਹਾਂਗੀ।"

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)