ਪੰਜਾਬ ਆਪਰੇਸ਼ਨ ਬਲੂ ਸਟਾਰ: ਅੰਮ੍ਰਿਤਸਰ ਵਿਚ ਭਾਰੀ ਪੁਲਿਸ ਤੈਨਾਤੀ ਉੱਤੇ ਸਿੱਖ ਜਥੇਬੰਦੀਆਂ ਦੇ ਸਵਾਲ

6 ਜੂਨ ਨੂੰ ਆਪਰੇਸ਼ਨ ਬਲੂ ਸਟਾਰ ਦੀ ਬਰਸੀ ਤੋਂ ਪਹਿਲਾਂ, ਸਿੱਖ ਜਥੇਬੰਦੀਆਂ ਅੰਮ੍ਰਿਤਸਰ ਵਿੱਚ ਕੀਤੇ ਗਏ ਸਖ਼ਤ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਸਵਾਲ ਚੁੱਕ ਰਹੀਆਂ ਹਨ।

ਇੰਡੀਅਨ ਐਕਸਪ੍ਰੈੱਸ ਦੀ ਖ਼ਬਰ ਮੁਤਾਬਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸਜੀਪੀਸੀ) ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਇੱਕ ਪ੍ਰੈਸ ਨੋਟ ਵਿੱਚ "ਜੂਨ 1984 ਦੇ ਘੱਲੂਘਾਰੇ ਹਫ਼ਤੇ ਦੀ ਯਾਦ ਵਿੱਚ ਅੰਮ੍ਰਿਤਸਰ ਸ਼ਹਿਰ ਨੂੰ ਪੁਲਿਸ ਛਾਉਣੀ ਵਿੱਚ ਤਬਦੀਲ ਕਰਨ ਲਈ ਸਰਕਾਰ ਦੀ ਨਿਖੇਧੀ ਕੀਤੀ ਹੈ।"

ਹਰਜਿੰਦਰ ਸਿੰਘ ਨੇ ਕਿਹਾ, "ਅਜਿਹਾ ਕਰਕੇ ਸਰਕਾਰ ਡਰ ਦਾ ਮਾਹੌਲ ਪੈਦਾ ਕਰ ਰਹੀ ਹੈ ਜਦਕਿ ਇਹ ਦਿਨ ਸਿੱਖ ਕੌਮ ਲਈ ਬਹੁਤ ਹੀ ਗੰਭੀਰ ਅਤੇ ਦੁਖਦਾਈ ਹੈ। ਹਰ ਸਾਲ ਘੱਲੂਘਾਰਾ ਦਿਵਸ 'ਤੇ ਕੌਮ ਆਪਣੇ ਸ਼ਹੀਦਾਂ ਨੂੰ ਯਾਦ ਕਰਨ ਲਈ ਇਕੱਠ ਕਰਦੀ ਹੈ ਅਤੇ ਇਸ ਲਈ ਸਰਕਾਰ ਨੂੰ ਇਸ ਮੌਕੇ ਨੂੰ ਡਰਾਉਣੇ ਮੌਕੇ ਵਜੋਂ ਪੇਸ਼ ਨਹੀਂ ਕਰਨਾ ਚਾਹੀਦਾ ਹੈ।"

ਦਲ ਖਾਲਸਾ ਦੇ ਕਾਰਕੁਨ ਵੀ 'ਬੰਦ' ਲਈ ਸਮਰਥਨ ਮੰਗਦੇ ਹੋਏ ਪ੍ਰਚਾਰ ਕਰ ਰਹੇ ਹਨ।

ਉਹ 5 ਜੂਨ ਦੀ ਸ਼ਾਮ ਨੂੰ ਅਜ਼ਾਦੀ ਮਾਰਚ ਅਤੇ 6 ਜੂਨ ਨੂੰ ਬੰਦ ਦੇ ਆਪਣੇ ਯੋਜਨਾਬੱਧ ਪ੍ਰੋਗਰਾਮ ਦਾ ਪ੍ਰਚਾਰ ਕਰਨ ਲਈ ਜਨਤਕ ਥਾਵਾਂ 'ਤੇ ਪੈਂਫਲੇਟ ਵੰਡ ਰਹੇ ਸਨ ਅਤੇ ਬੈਨਰ ਦਿਖਾ ਰਹੇ ਸਨ।

ਦਲ ਖਾਲਸਾ ਦੇ ਆਗੂ ਕੰਵਰਪਾਲ ਸਿੰਘ ਕਿਹਾ ਹੈ, "ਘੱਲੂਘਾਰਾ ਹਫ਼ਤੇ ਦੌਰਾਨ ਅਮਨ-ਕਾਨੂੰਨ ਕਾਇਮ ਰੱਖਣ ਦੇ ਨਾਂ 'ਤੇ ਪੁਲਿਸ ਨਾਕਿਆਂ 'ਤੇ ਸਿੱਖ ਨੌਜਵਾਨਾਂ ਨੂੰ ਨਿਸ਼ਾਨਾ ਬਣਾ ਕੇ ਦਹਿਸ਼ਤ ਪੈਦਾ ਕਰ ਰਹੀ ਹੈ। ਸਰਕਾਰ ਅਤੇ ਪੁਲਿਸ ਨੂੰ ਅਜਿਹੀਆਂ ਦਹਿਸ਼ਤੀ ਚਾਲਾਂ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।"

ਕੰਵਰ ਨੇ ਦਾਅਵਾ ਕੀਤਾ ਕਿ ਬਰਸੀ ਤੋਂ ਪਹਿਲਾਂ ਭਾਰਤ ਸਰਕਾਰ ਦੀ ਸ਼ਿਕਾਇਤ 'ਤੇ ਉਸ ਦਾ ਟਵਿੱਟਰ ਅਕਾਊਂਟ ਰੋਕ ਦਿੱਤਾ ਗਿਆ ਸੀ ਅਤੇ ਇਸ ਨੂੰ ਪ੍ਰਗਟਾਵੇ ਦੀ ਆਜ਼ਾਦੀ ਅਤੇ ਸੁਤੰਤਰ ਵਿਚਾਰ ਰੱਖਣ ਦੇ ਅਧਿਕਾਰ 'ਤੇ ਹਮਲਾ ਕਰਾਰ ਦਿੱਤਾ ਸੀ।

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਨੀਵਾਰ ਨੂੰ 6 ਜੂਨ ਨੂੰ ਆਪਰੇਸ਼ਨ ਬਲੂ ਸਟਾਰ ਦੀ ਬਰਸੀ ਤੋਂ ਪਹਿਲਾਂ ਸੂਬੇ ਵਿੱਚ ਅਮਨ-ਕਾਨੂੰਨ ਦੀ ਸਥਿਤੀ ਦਾ ਜਾਇਜ਼ਾ ਲਿਆ ਅਤੇ ਕਿਹਾ ਕਿ ਸ਼ਾਂਤੀ ਬਣਾਈ ਰੱਖਣ ਲਈ ਪੁਲਿਸ ਨੂੰ ਹਾਈ ਅਲਰਟ 'ਤੇ ਰੱਖਿਆ ਗਿਆ ਹੈ।

ਇਹ ਵੀ ਪੜ੍ਹੋ-

ਗੁਰਦੁਆਰਿਆਂ 'ਚ ਸਿਰੋਪਾਓ ਦੇਣ ਲਈ ਸ਼੍ਰੋਮਣੀ ਕਮੇਟੀ ਤੈਅ ਕਰੇਗੀ ਨਵੇਂ ਨਿਯਮ

ਟਾਈਮਜ਼ ਆਫ ਇੰਡੀਆ ਦੀ ਖ਼ਬਰ ਮੁਤਾਬਕ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸਜੀਪੀਸੀ) ਸਿਰੋਪਾਓ ਭੇਂਟ ਕਰਨ ਲਈ ਦਿਸ਼ਾ-ਨਿਰਦੇਸ਼ ਜਾਰੀ ਕਰੇਗੀ।

ਇਸ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਦੇ ਵਿੱਦਿਅਕ ਅਦਾਰਿਆਂ ਦੇ ਅੰਮ੍ਰਿਤਧਾਰੀ ਵਿਦਿਆਰਥੀਆਂ ਲਈ ਸਾਲਾਨਾ ਵਜ਼ੀਫੇ ਜਾਰੀ ਰੱਖਣ ਦਾ ਫੈਸਲਾ ਕੀਤਾ ਹੈ।

ਇਹ ਫ਼ੈਸਲਾ ਸ਼੍ਰੋਮਣੀ ਕਮੇਟੀ ਦੀ ਕਾਰਜਕਾਰਨੀ ਕਮੇਟੀ (ਈਸੀ) ਦੇ ਮੈਂਬਰਾਂ ਦੀ ਮੀਟਿੰਗ ਦੌਰਾਨ ਲਿਆ ਗਿਆ।

ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਭਵਿੱਖ ਵਿੱਚ ਗੁਰਦੁਆਰਿਆਂ ਦੇ ਪ੍ਰਕਾਸ਼ ਅਸਥਾਨ ਦੇ ਅੰਦਰ ਸਿਰੋਪਾਓ ਦੇਣ ਲਈ ਨਿਯਮ ਬਣਾਏ ਜਾਣਗੇ, ਵੀਆਈਪੀ ਪਤਵੰਤਿਆਂ ਜਿਵੇਂ ਕਿ ਸਰਕਾਰੀ ਅਧਿਕਾਰੀ ਜਾਂ ਗੁਰੂ ਘਰ ਪਹੁੰਚਣ ਵਾਲੀਆਂ ਪ੍ਰਮੁੱਖ ਸ਼ਖ਼ਸੀਅਤਾਂ ਦਾ ਸਬੰਧਿਤ ਸੂਚਨਾ ਕੇਂਦਰਾਂ ਵਿੱਚ ਸਨਮਾਨ ਕੀਤਾ ਜਾਵੇਗਾ।"

ਉਨ੍ਹਾਂ ਨੇ ਅੱਗੇ ਕਿਹਾ ਕਿ ਸਿਰੋਪਾਓ ਦੀ ਭੇਂਟ ਕਰਨ ਜਿਆਦਾਤਰ ਤੋਂ ਪਰਹੇਜ਼ ਹੀ ਕੀਤਾ ਜਾਵੇਗਾ।

ਇਹ ਦੱਸਦੇ ਹੋਏ ਕਿ ਚੋਣ ਕਮਿਸ਼ਨ ਨੇ ਸ਼੍ਰੋਮਣੀ ਕਮੇਟੀ ਦੁਆਰਾ ਪ੍ਰਬੰਧਿਤ ਵਿੱਦਿਅਕ ਸੰਸਥਾਵਾਂ ਦੇ ਅੰਮ੍ਰਿਤਧਾਰੀ ਵਿਦਿਆਰਥੀਆਂ ਨੂੰ ਸਾਲਾਨਾ ਵਜ਼ੀਫੇ ਜਾਰੀ ਰੱਖਣ ਦਾ ਫ਼ੈਸਲਾ ਲਿਆ ਹੈ, ਧਾਮੀ ਨੇ ਕਿਹਾ ਕਿ ਚੋਣ ਕਮਿਸ਼ਨ ਨੇ ਛੱਤੀਸਗੜ੍ਹ, ਆਂਧਰਾ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਸੂਬਿਆਂ ਵਿੱਚ ਸਿਕਲੀਗਰ ਸਿੱਖ ਬੱਚਿਆਂ ਦੀ ਸਿੱਖਿਆ ਫੀਸ ਦੇਣ ਦੀ ਵੀ ਪ੍ਰਵਾਨਗੀ ਦੇ ਦਿੱਤੀ ਹੈ।

ਉਨ੍ਹਾਂ ਨੇ ਅੱਗੇ ਕਿਹਾ, "ਪਿਛਲੇ ਸਾਲ, ਅਸੀਂ ਅੰਮ੍ਰਿਤਧਾਰੀ ਸਿੱਖ ਵਿਦਿਆਰਥੀਆਂ ਨੂੰ ਵਜ਼ੀਫੇ ਵਜੋਂ ਲਗਭਗ 63 ਲੱਖ ਰੁਪਏ ਦਿੱਤੇ ਸਨ।" "

ਐਸਜੀਪੀਸੀ ਛੇਵੀਂ ਤੋਂ ਦਸਵੀਂ ਜਮਾਤ ਦੇ ਵਿਦਿਆਰਥੀਆਂ ਨੂੰ 3,500 ਰੁਪਏ, ਗਿਆਰ੍ਹਵੀਂ ਤੋਂ ਬਾਰ੍ਹਵੀਂ ਜਮਾਤ ਲਈ 5,000 ਰੁਪਏ, ਗ੍ਰੈਜੂਏਸ਼ਨ ਪੱਧਰ ਲਈ 8,000 ਰੁਪਏ ਅਤੇ ਪੋਸਟ-ਗ੍ਰੈਜੂਏਸ਼ਨ ਪੱਧਰ ਦੇ ਵਿਦਿਆਰਥੀਆਂ ਨੂੰ 10,000 ਰੁਪਏ ਦੇ ਵਜ਼ੀਫੇ ਦਿੰਦੀ ਹੈ।"

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)