ਕਾਂਗਰਸ ਦੇ ਚਾਰ ਸਾਬਕਾ ਕੈਬਨਿਟ ਮੰਤਰੀਆਂ ਦੇ ਭਾਜਪਾ ਵਿੱਚ ਜਾਣ ਦੇ ਕੀ ਮਾਅਨੇ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਮੌਜੂਦਗੀ ਵਿੱਚ ਅੱਜ ਚੰਡੀਗੜ੍ਹ 'ਚ ਕਾਂਗਰਸ ਦੇ ਕੁਝ ਸੀਨੀਅਰ ਆਗੂ ਸ਼ਾਮਲ ਹੋਏ ਹਨ।

ਕਾਂਗਰਸ ਤੋਂ ਰਾਜ ਕੁਮਾਰ ਵੇਰਕਾ, ਸੁੰਦਰ ਸਾਮ ਅਰੋੜਾ, ਗੁਰਪ੍ਰੀਤ ਕਾਂਗੜ ਅਤੇ ਬਲਬੀਰ ਸਿੱਧੂ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ।

ਕਾਂਗਰਸੀ ਆਗੂਆਂ ਦੇ ਭਾਜਪਾ ਵਿੱਚ ਸ਼ਾਮਲ ਹੋਣ ਬਾਰੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।

ਇਸ ਤੋਂ ਇਲਾਵਾ, ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਨੇ ਵੀ ਅਮਿਤ ਸ਼ਾਹ ਨਾਲ ਚੰਡੀਗੜ੍ਹ ਵਿੱਚ ਮੁਲਾਕਾਤ ਕੀਤੀ ਹੈ।

ਸਿੱਧੂ ਮੂਸੇਵਾਲਾ ਦੇ ਪਰਿਵਾਰ ਦੀ ਅਮਿਤ ਸ਼ਾਹ ਨਾਲ ਮੁਲਾਕਾਤ

ਸਿੱਧੂ ਮੂਸੇਵਾਲਾ ਦੇ ਮਾਤਾ ਚਰਨ ਕੌਰ ਅਤੇ ਪਿਤਾ ਬਲਕੌਰ ਸਿੰਘ ਨੇ ਟੈਕਨੀਕਲ ਏਅਰਪੋਰਟ ਚੰਡੀਗੜ੍ਹ ਪਹੁੰਚ ਕੇ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਹੈ।

ਲੰਘੀ 29 ਮਈ ਨੂੰ ਸਿੱਧੂ ਮੂਸੇਵਾਲਾ ਦਾ ਪੰਜਾਬ ਦੇ ਮਾਨਸਾ ਜ਼ਿਲ੍ਹੇ ਵਿੱਚ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।

ਉੱਘੇ ਅਰਥ ਸ਼ਾਸਤਰੀ ਸਰਦਾਰਾ ਸਿੰਘ ਜੌਹਲ ਨੇ ਸੁਝਾਅ ਦਿੱਤਾ ਹੈ ਕਿ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ ਨਿਰਵਿਰੋਧ ਦੇ ਸੰਗਰੂਰ ਲੋਕ ਸਭਾ ਸੀਟ ਤੋਂ ਚੁਣਿਆ ਜਾਣਾ ਚਾਹੀਦਾ ਹੈ।

ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਬਲਕੌਰ ਸਿੰਘ ਨੂੰ ਸੰਗਰੂਰ ਲੋਕ ਸਭਾ ਸੀਟ ਤੋਂ ਚੁਣੇ ਜਾਣ ਵਾਲੇ ਸੁਝਾਅ ਦੀ ਹਮਾਇਚ ਕੀਤੀ ਹੈ।

ਜ਼ਿਕਰਯੋਗ ਹੈ ਕਿ ਸਿੱਧੂ ਮੂਸੇਵਾਲਾ ਦੇ ਪਿਤਾ ਪਹਿਲਾਂ ਹੀ ਆਪਣੇ ਪੁੱਤਰ ਦੇ ਕਤਲ ਦੀ ਜਾਂਚ ਕਿਸੇ ਕੇਂਦਰੀ ਏਜੰਸੀ ਤੋਂ ਕਰਵਾਉਣ ਲਈ ਚਿੱਠੀ ਲਿਖ ਕੇ ਮੰਗ ਕਰ ਚੁੱਕੇ ਹਨ।

ਚਾਰ ਸਾਬਕਾ ਕੈਬਨਿਟ ਮੰਤਰੀ ਹੋਏ ਭਾਜਪਾ ਵਿੱਚ ਸ਼ਾਮਲ

ਸੂਤਰਾਂ ਮੁਤਾਬਕ, ਪੰਜਾਬ ਦੇ ਕੁਝ ਕਾਂਗਰਸ ਆਗੂ ਭਾਜਪਾ ਵਿੱਚ ਸ਼ਾਮਲ ਹੋ ਸਕਦੇ ਹਨ।

ਅਮਿਤ ਸ਼ਾਹ ਦੇ ਦੌਰੇ ਤੋਂ ਪਹਿਲਾਂ, ਕਾਂਗਰਸ ਆਗੂ ਰਾਜ ਕੁਮਾਰ ਵੇਰਕਾ, ਬਲਬੀਰ ਸਿੱਧੂ, ਗੁਰਪ੍ਰੀਤ ਸਿੰਘ ਕਾਂਗੜ ਅਤੇ ਸ਼ਾਮ ਸੁੰਦਰ ਅਰੋੜਾ ਨੇ ਸਾਬਕਾ ਕਾਂਗਰਸੀ ਆਗੂ ਅਤੇ ਹਾਲ ਹੀ 'ਚ ਭਾਜਪਾ 'ਚ ਸ਼ਾਮਲ ਹੋਏ ਸੁਨੀਲ ਜਾਖੜ ਨਾਲ ਮੁਲਾਕਾਤ ਕੀਤੀ ਸੀ।

ਕਿਸੇ ਸਮੇਂ ਦਬਦਬਾ ਰੱਖਣ ਵਾਲੇ ਕਾਂਗਰਸੀਆਂ ਦੇ ਭਾਜਪਾ ਵਿੱਚ ਜਾਣ ਦੇ ਮਾਅਨੇ

ਬੀਬੀਸੀ ਪੱਤਰਕਾਰ ਸਰਬਜੀਤ ਸਿੰਘ ਮੁਤਾਬਤ ਭਾਜਪਾ ਵਿੱਚ ਸ਼ਾਮਲ ਹੋਏ ਚਾਰੇ ਕਾਂਗਰਸੀ ਆਗੂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੌਰਾਨ ਵੱਡਾ ਦਬਦਬਾ ਰੱਖਦੇ ਸਨ।

ਕੈਪਟਨ ਅਮਰਿੰਦਰ ਸਿੰਘ ਤੋਂ ਸ਼ੁਰੂ ਹੋਇਆ ਕਾਂਗਰਸੀ ਆਗੂਆਂ ਦੇ ਭਾਜਪਾ ਵਿੱਚ ਸ਼ਾਮਲ ਹੋਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ।

ਬਲਬੀਰ ਸਿੰਘ ਸਿੱਧੂ ਕੈਪਟਨ ਸਰਕਾਰ ਵਿੱਚ ਸਿਹਤ ਮੰਤਰੀ ਸਨ, ਗੁਰਪ੍ਰੀਤ ਸਿੰਘ ਕਾਂਗੜ ਸਾਬਕਾ ਪੰਚਾਇਤ ਮੰਤਰੀ, ਇਸੇ ਤਰ੍ਹਾਂ ਸ਼ਿਆਮ ਸੁੰਦਰ ਅਰੋੜਾ ਇੰਡਸਟਰੀ ਮੰਤਰੀ ਸੀ ਅਤੇ ਰਾਜ ਕੁਮਾਰ ਵੇਰਕਾ।

ਕੇਵਲ ਸਿੰਘ ਢਿੱਲੋਂ ਨੂੰ ਵੀ ਕਾਂਗਰਸ ਵੱਲੋਂ ਇਨ੍ਹਾਂ ਵਿਧਾਨ ਸਭਾ ਚੋਣਾਂ ਵਿੱਚ ਟਿਕਟ ਨਹੀਂ ਦਿੱਤੀ ਗਈ ਸੀ। ਉਹ ਵੀ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ।

ਇਸ ਤਰ੍ਹਾਂ ਜੋ ਵੀ ਆਗੂ ਭਾਜਪਾ ਵਿੱਚ ਸ਼ਾਮਲ ਹੋਏ ਹਨ ਉਨ੍ਹਾਂ ਬਾਰੇ ਕਿਹਾ ਜਾ ਸਕਦਾ ਹੈ ਕਿ ਉਹ ਕੈਪਟਨ ਦਾ ਖੇਮਾ ਹੈ।

ਦੂਜੇ ਪਾਸੇ ਪੰਜਾਬ ਕਾਂਗਰਸ ਦੇ ਮੌਜੂਦਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਹਨ। ਉਹ ਲਗਾਤਾਰ ਪਾਰਟੀ ਨੂੰ ਮਜ਼ਬੂਤਰ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ।

ਅਜਿਹੇ ਵਿੱਚ ਇਨ੍ਹਾਂ ਵੱਡੇ ਆਗੂਆਂ ਦਾ ਭਾਜਪਾ ਵਿੱਚ ਸ਼ਾਮਲ ਹੋਣਾ ਕਾਂਗਰਸ ਲਈ ਇੱਕ ਵੱਡਾ ਝਟਕਾ ਹੈ।

ਹਾਲਾਂਕਿ ਕਾਂਗਰਸ ਇਸ ਨੂੰ ਝਟਕਾ ਨਹੀਂ ਮੰਨ ਰਹੀ ਤੇ ਕਿਹਾ ਜਾ ਰਿਹਾ ਹੈ ਕਿ ਇਹ ਲੋਕ ਡਰ ਕੇ ਭਾਜਪਾ ਵਿੱਚ ਸ਼ਾਮਲ ਹੋਏ ਹਨ।

ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਚਿੱਠੀ ਲਿਖ ਕੇ ਬਾਕਾਇਦਾ ਕਿਹਾ ਗਿਆ ਸੀ ਕਿ ਉਨ੍ਹਾਂ ਕੋਲ ਭ੍ਰਿਸ਼ਟਾਚਾਰ ਕਰਨ ਵਾਲੇ ਕਾਂਗਰਸੀਆਂ ਦੀ ਲਿਸਟ ਹੈ ਅਤੇ ਕੈਪਟਨ ਉਹ ਲਿਸਟ ਸਰਕਾਰ ਨੂੰ ਸੋਂਪਣ ਲਈ ਤਿਆਰ ਹਨ।

ਸੋ ਕਾਂਗਰਸ ਦੀ ਲੀਡਰਸ਼ਿਪ ਇਹੀ ਕਹਿ ਰਹੀ ਹੈ ਕਿ ਇਨ੍ਹਾਂ ਲੋਕਾਂ ਨੂੰ ਡਰਾ ਕੇ ਭਾਜਪਾ ਵਿੱਚ ਸ਼ਾਮਲ ਕੀਤਾ ਗਿਆ ਹੈ। ਜਦਕਿ ਦੇਖਿਆ ਜਾਵੇ ਤਾਂ ਬੀਜੇਪੀ ਪੰਜਾਬ ਵਿੱਚ ਇਨ੍ਹਾਂ ਲੀਡਰਾਂ ਨੂੰ ਆਪਣੇ ਪਰਿਵਾਰ ਵਿੱਚ ਜੋੜਨ ਵਿੱਚ ਕਾਮਯਾਬ ਹੋ ਗਈ ਹੈ।

ਇਹ ਦੇਖਣਾ ਦਿਲਚਸਪ ਹੋਵੇਗਾ ਕਿ ਪੰਜਾਬ ਕਾਂਗਰਸ ਇਸ ਵਿੱਚੋਂ ਕਿਵੇਂ ਉੱਭਰਦੀ ਹੈ। ਕੁੱਲ ਮਿਲਾ ਕੇ ਇਹ ਪਾਰਟੀ ਲਈ ਇੱਕ ਵੱਡਾ ਝਟਕਾ ਜ਼ਰੂਰ ਹੈ।

ਅਕਾਲੀ ਦਲ ਤੋਂ ਸੀਨੀਅਰ ਅਕਾਲੀ ਆਗੂ ਸਰੂਪ ਸਿੰਗਲਾ ਵੀ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ।

ਕੋਈ ਰੋਕਣ ਨਹੀਂ ਆ ਰਿਹਾ, ਛੇਤੀ ਜਾਓ- ਰਾਜਾ ਵੜਿੰਗ

ਕਾਂਗਰਸ ਦੀ ਪਿਛਲੀ ਪੰਜਾਬ ਸਰਕਾਰ ਦੇ ਚਾਰ ਕੈਬਨਿਟ ਮੰਤਰੀ ਰਾਜ ਕੁਮਾਰ ਵੇਰਕਾ, ਸੁੰਦਰ ਸਾਮ ਅਰੋੜਾ, ਗੁਰਪ੍ਰੀਤ ਕਾਂਗੜ ਅਤੇ ਬਲਬੀਰ ਸਿੱਧੂ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ।

ਕਾਂਗਰਸੀ ਆਗੂਆਂ ਦੇ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਪਿਹਲਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਪਣੀ ਪ੍ਰਤੀਕਿਰਿਆ ਵੀ ਦਿੱਤੀ ।

ਰਾਜਾ ਵੜਿੰਗ ਨੇ ਫੇਸਬੁੱਕ ਲਾਈਵ ਕਰਕੇ ਕਿਹਾ ''ਪੰਜਾਬ 'ਚ ਅੱਗ ਲੱਗੀ ਪਈ ਹੈ, ਪੰਜਾਬ ਦੇ ਹਰੇਕ ਵਿਅਕਤੀ ਦਾ ਦਿਲ ਵਲੂੰਦਰਿਆ ਪਿਆ ਹੈ ਤੇ ਇੱਕ ਖੌਫ਼ ਤੇ ਡਰ ਹਰੇਕ ਵਿਅਕਤੀ ਦੇ ਮਨ ਵਿੱਚ ਹੈ ਕਿ ਪੰਜਾਬ ਦਾ ਕੀ ਬਣੇਗਾ। ਕਿਤੇ ਸਾਨੂੰ ਕੋਈ ਮਾਰ ਤਾਂ ਨਹੀਂ ਜਾਵੇਗਾ।''

''ਅੱਜ ਕਾਂਗਰਸ ਦੇ ਕੁਝ ਸੀਨੀਅਰ ਲੀਡਰ ਸਾਹਿਬਾਨ ਜਿਨ੍ਹਾਂ ਨੇ ਤਾਕਤਾਂ ਹੰਢਾਈਆਂ, ਜਿਨ੍ਹਾਂ ਨੇ ਮੰਤਰੀ ਵਾਲੇ ਅਹੁਦੇ ਹੰਢਾਏ, ਉਹ ਅੱਜ ਭਾਜਪਾ 'ਚ ਸ਼ਾਮਲ ਹੋਣ ਜਾ ਰਹੇ ਹਨ। ਅਮਿਤ ਸ਼ਾਹ ਨੂੰ ਮਿਲਣ ਜਾ ਰਹੇ ਹਨ। ਤਾਂ ਜੋ, ਪੰਜਾਬ 'ਚ ਜੋ ਅੱਗ ਲੱਗੀ ਹੈ ਉਸ ਤੋਂ ਜਨਤਾ ਦਾ ਧਿਆਨ ਹਟਾ ਕੇ ਇਸ ਪਾਸੇ ਹੋ ਜਾਵੇ ਕਿ ਅੱਜ ਕਾਂਗਰਸ ਦੇ 3-4 ਸੀਨੀਅਰ ਆਗੂ ਸਾਹਿਬਾਨ ਭਾਜਪਾ 'ਚ ਸ਼ਾਮਲ ਹੋ ਰਹੇ ਹਨ।''

ਇਹ ਵੀ ਪੜ੍ਹੋ:-

ਵੜਿੰਗ ਨੇ ਅੱਗੇ ਕਿਹਾ, ''ਕੀ ਫ਼ਰਕ ਪੈਂਦਾ ਹੈ, ਜਿਹੜੇ ਚਲੇ ਗਏ ਉਨ੍ਹਾਂ ਤੋਂ ਕੋਈ ਸੀਨੀਅਰ ਹੈ ਹੀ ਨਹੀਂ ਸੀ ਤੇ ਇਹ ਜਨਤਾ ਨੇ ਸਾਬਿਤ ਕਰ ਦਿੱਤਾ ਕਿ ਕੋਈ ਵੱਡਾ ਲੀਡਰ ਨਹੀਂ ਹੈ। ਵੱਡਾ ਲੀਡਰ ਉਹ ਹੈ ਜੋ ਜਨਤਾ ਦੇ ਵਿੱਚ ਰਹੇ, ਲੋਕਾਂ ਨਾਲ ਪਿਆਰ ਕਰੇ, ਚਾਹੇ ਉਹ ਕਿਸੇ ਪਾਰਟੀ ਦਾ ਵੀ ਹੋਵੇ।''

ਉਨ੍ਹਾਂ ਭਾਜਪਾ 'ਚ ਸ਼ਾਮਲ ਹੋਣ ਜਾ ਰਹੇ ਆਗੂਆਂ ਨੂੰ ਕਿਹਾ, ''ਰੱਬ ਦੇ ਵਾਸਤੇ ਤੁਸੀਂ ਚਲੇ ਜਾਓ। ਜਾਣਾ ਚਾਹੁੰਦੇ ਹੋ ਚਲੇ ਜਾਓ ਪਰ ਦੋਗਲਾਪੰਤੀ ਕਰਕੇ ਨਹੀਂ।''

''ਤੁਹਾਨੂੰ ਇਸ ਕਰਕੇ ਲਿਜਾਇਆ ਜਾ ਰਿਹਾ ਹੈ ਕਿ ਧਿਆਨ ਸਿੱਧੂ ਮੂਸੇਵਾਲਾ ਤੋਂ ਹਟ ਕੇ ਤੁਹਾਡੇ 'ਤੇ ਆ ਜਾਵੇ। ਤੁਹਾਡੀ ਕੀ ਚਰਚਾ ਹੈ, ਤੁਸੀਂ ਤਾਂ ਆਪੇ ਮਰੇ-ਮੁੱਕੇ ਮੁਕਾਏ ਹੋ, ਜਿਹੜੇ 60-70 ਹਜ਼ਾਰ 'ਤੇ ਆ ਰਿਹਾ ਹੈ ਉਸ ਦੀ ਕੀ ਚਰਚਾ ਹੈ।''

''ਤੇ ਜੇ ਤੁਸੀਂ ਭਾਜਪਾ ਨਾਲ ਚਲੇ ਵੀ ਜਾਓਗੇ ਤਾਂ ਕੋਈ ਫ਼ਰਕ ਨਹੀਂ ਹੈ, ਚਲੇ ਜਾਓ। ਕੋਈ ਰੋਕਣ ਨਹੀਂ ਆ ਰਿਹਾ। ਛੇਤੀ ਜਾਓ।''

ਉਨ੍ਹਾਂ ਨੇ ਅੱਗੇ ਕਿਹਾ ਕਿ ਸੁਰੱਖਿਆ ਦਾ ਮੁੱਦਾ ਬਹੁਤ ਵੱਡਾ ਹੈ, ਇਸ ਤੋਂ ਧਿਆਨ ਨਾ ਭਟਕਾਓ ਨਹੀਂ ਤਾਂ ਪੰਜਾਬੀ ਤੁਹਾਨੂੰ ਕਦੇ ਮਾਫ਼ ਨਹੀਂ ਕਰਨਗੇ।

ਵੜਿੰਗ ਨੇ ਕਿਹਾ ਕਿ ''ਮੈਨੂੰ ਪਤਾ ਹੈ ਕਿ ਤੁਹਾਨੂੰ ਅੰਦਰੋਂ ਡਰ ਸਤਾ ਰਿਹਾ ਹੈ, ਜੋ ਤੁਸੀਂ ਕਾਰਨਾਮੇ ਕੀਤੇ ਹੈ ਕਿ ਉਸ ਦਾ ਕੱਲ੍ਹ ਸਾਨੂੰ ਨੁਕਸਾਨ ਨਾ ਹੋ ਜਾਵੇ। ਸਾਨੂੰ ਇੱਕ ਸੇਫ਼ ਗਾਰਡ ਮਿਲ ਜਾਵੇ।''

ਉਨ੍ਹਾਂ ਨੇ ਪੰਜਾਬ ਦੇ ਲੋਕਾਂ ਨੂੰ ਬੇਨਤੀ ਕੀਤੀ ਕਿ ਜੋ ਲੋਕ ਕਦੇ ਇੱਥੇ ਤੇ ਕਦੇ ਉੱਥੇ ਕਰਦੇ ਰਹਿੰਦੇ ਹਨ, ਜੋ ਸੱਤਾ-ਸਰਕਾਰ ਦੇ ਭੁੱਖੇ ਹਨ, ਅਜਿਹੇ ਲੋਕਾਂ ਨੂੰ ਬਖ਼ਸ਼ਣਾ ਨਹੀਂ।

ਕੈਪਟਨ ਆਗੂਆਂ ਨੂੰ ਡਰਾ ਰਹੇ - ਕੁਲਜੀਤ ਸਿੰਘ ਨਾਗਰਾ

ਇਸ ਦੇ ਨਾਲ ਹੀ ਕਾਂਗਰਸ ਆਗੂ ਕੁਲਜੀਤ ਸਿੰਘ ਨਾਗਰਾ ਨੇ ਵੀ ਭਾਜਪਾ 'ਚ ਸਾਹਮਲ ਹੋਣ ਜਾ ਰਹੇ ਆਗੂਆਂ 'ਤੇ ਨਿਸ਼ਾਨਾ ਸਾਧਿਆ ਹੈ।

ਇੱਕ ਵੀਡੀਓ ਰਾਹੀਂ ਨਾਗਰਾ ਨੇ ਕਿਹਾ, ''ਭਾਜਪਾ ਲਈ ਬਹੁਤ ਮਾੜੀ ਗੱਲ ਹੈ ਕਿ ਪੰਜਾਬ 'ਚ ਇੰਨਾ ਵੱਡਾ ਦੁਖਾਂਤ ਹੋਇਆ ਤੇ ਉਨ੍ਹਾਂ ਨੂੰ ਪਈ ਹੈ ਕਿ ਅਸੀਂ ਵੱਖ-ਵੱਖ ਪਾਰਟੀਆਂ ਦੇ ਲੀਡਰਾਂ ਨੂੰ ਇਸ ਤਰ੍ਹਾਂ ਡਰਾ-ਧਮਕਾ ਕੇ ਆਪਣੇ ਨਾਲ ਸ਼ਾਮਲ ਕਰਨਾ ਹੈ।''

ਉਨ੍ਹਾਂ ਨੇ ਕਿਹਾ ਕਿ ਅੱਜ ਮੌਕਾ ਸੀ ਜਦੋਂ ਅਮਿਤ ਸ਼ਾਹ ਨੂੰ ਪੰਜਾਬ ਤੇ ਪੰਜਾਬੀਆਂ ਨਾਲ ਉਨ੍ਹਾਂ ਦਾ ਦੁੱਖ ਸਾਂਝਾ ਕਰਨਾ ਚਾਹੀਦਾ ਸੀ।

ਭਾਜਪਾ ਵਿੱਚ ਸ਼ਾਮਲ ਹੋਣ ਜਾ ਰਹੇ ਆਗੂਆਂ ਬਾਰੇ ਉਨ੍ਹਾਂ ਨੇ ਕਿਹਾ ਕਿ ਇਹ ਉਹ ਲੋਕ ਨੇ ਜਿਨ੍ਹਾਂ ਨੂੰ ਆਪਣੇ ਗਤਲ ਕੰਮਾਂ ਕਾਰਨ ਡਰ ਹੈ।

ਨਾਗਰਾ ਨੇ ਕਿਹਾ, ''ਉਹ ਕੈਪਟਨ ਅਮਰਿੰਦਰ ਸਿੰਘ ਜੀ ਨਾਲ ਗਲਤ ਕੰਮਾਂ 'ਚ ਸ਼ਾਮਲ ਸੀ ਅਤੇ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਉਨ੍ਹਾਂ ਦਾ ਪਤਾ ਹੈ। ਉਹ ਉਨ੍ਹਾਂ ਨੂੰ ਡਰਾ ਰਹੇ ਹਨ।''

ਉਨ੍ਹਾਂ ਅੱਗੇ ਕਿਹਾ ਕਿ ਕੈਪਟਨ ਅਜਿਹੇ ਆਗੂਆਂ ਨੂੰ ਡਰਾ ਰਹੇ ਹਨ ਨਹੀਂ ਤਾਂ ਉਹ ਉਨ੍ਹਾਂ ਦੀ ਲਿਸਟ ਜਾਰੀ ਕਰ ਦੇਣਗੇ ਅਤੇ ਬਚਾਅ ਲਈ ਉਹ ਭਾਜਪਾ 'ਚ ਸ਼ਾਮਲ ਹੋ ਜਾਣ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)