ਸਿੱਧੂ ਮੂਸੇ ਵਾਲਾ ਦੇ ਪਿਤਾ ਨੇ ਸੰਗਰੂਰ ਲੋਕ ਸਭਾ ਸੀਟ ਤੋਂ ਬਿਨਾਂ ਮੁਕਾਬਲੇ ਚੁਣੇ ਜਾਣ ਦੀ ਮੰਗ ਬਾਰੇ ਕੀ ਕਿਹਾ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਤੋਂ ਬਾਅਦ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਆਪਣੇ ਮਰਹੂਮ ਪੁੱਤਰ ਦੇ ਇੰਸਟਾਗ੍ਰਾਮ ਤੋਂ ਲਾਈਵ ਹੋਏ।

ਉਨ੍ਹਾਂ ਨੇ ਆਪਣੇ ਚੋਣ ਲੜਨ ਦੀਆਂ ਅਟਕਲਾਂ ਨੂੰ ਕੋਰੀ ਅਫ਼ਵਾਹ ਦੱਸਿਆ।

ਸ਼ੁੱਕਰਵਾਰ ਨੂੰ ਉੱਘੇ ਖੇਤੀ-ਆਰਥਿਕਤਾ ਮਾਹਰ ਸਰਦਾਰਾ ਸਿੰਘ ਜੌਹਲ ਨੇ ਬਲਕੌਰ ਸਿੰਘ ਨੂੰ ਸੰਗਰੂਰ ਤੋਂ ਬਿਨਾਂ ਵਿਰੋਧ ਜਿਤਾਉਣ ਦੀ ਅਪੀਲ ਕੀਤੀ ਸੀ। ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਉਨ੍ਹਾਂ ਦੇ ਸੁਝਾਅ ਦਾ ਸਮਰਥਨ ਵੀ ਕੀਤਾ ਸੀ।

ਹਾਲਾਂਕਿ ਬਲਕੌਰ ਸਿੰਘ ਨੇ ਕਿਹਾ ਕਿ ਸੋਸ਼ਲ ਮੀਡੀਆ ਉੱਪਰ ਉਨ੍ਹਾਂ ਦੇ ਚੋਣ ਲੜਨ ਦੀਆਂ ਚਲਦੀਆਂ ਗੱਲਾਂ ਦੇਖ ਕੇ ਉਨ੍ਹਾਂ ਦਾ ਮਨ ਬੜਾ ਦੁੱਖਦਾ ਹੈ।

ਉਨ੍ਹਾਂ ਨੇ ਕਿਹਾ, ''ਸੋਸ਼ਲ ਮੀਡੀਆ 'ਤੇ ਜੋ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਚੱਲ ਰਹੀਆਂ ਹਨ। ਉਨ੍ਹਾਂ 'ਤੇ ਯਕੀਨ ਨਾ ਕਰੋ। ਅਜੇ ਤਾਂ ਮੇਰੇ ਪੁੱਤ ਦਾ ਸਿਵਾ ਵੀ ਠੰਢਾ ਨਹੀਂ ਹੋਇਆ। ਮੇਰਾ ਚੋਣ ਲੜਨ ਦਾ ਕੋਈ ਮਨ ਨਹੀਂ ਹੈ।''

ਉਨ੍ਹਾਂ ਨੇ ਕਿਹਾ ਕਿ ਤੁਸੀਂ ਸਾਰਿਆਂ ਨੇ ''ਦੁੱਖ ਵਿੱਚ ਮੇਰਾ ਸਾਥ ਦਿੱਤਾ ਹੈ ਤੁਹਾਡਾ ਬਹੁਤ ਧੰਨਵਾਦ''। ਬਲਕੌਰ ਸਿੰਘ ਨੇ ਕਿਹਾ ਕਿ ਅੱਠ ਤਰੀਕ ਨੂੰ ਸਿੱਧੂ ਮੂਸੇਵਾਲਾ ਦੇ ਭੋਗ ਹੈ ਉਹ ਉਸ ''ਦਿਨ ਦਿਲ ਖੋਲ੍ਹ ਕੇ ਗੱਲ ਕਰਨਗੇ।''

ਲੰਘੀ 29 ਮਈ ਨੂੰ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਦਾ ਪੰਜਾਬ ਦੇ ਮਾਨਸਾ ਜ਼ਿਲ੍ਹੇ ਵਿੱਚ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।

ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਚੀਫ਼ ਜਸਟਿਸ ਨੂੰ ਪੱਤਰ ਲਿਖ ਕੇ ਕਤਲ ਦੀ ਜਾਂਚ ਲਈ ਕਿਸੇ ਮੌਜੂਦਾ ਜੱਜ ਨੂੰ ਨਿਯੁਕਤ ਕਰਨ ਦੀ ਬੇਨਤੀ ਕੀਤੀ ਸੀ।

ਇਹ ਸਿੱਧੂ ਮੂਸੇਵਾਲਾ ਦੇ ਪਰਿਵਾਰ ਦੀ ਬੇਨਤੀ ਤੋਂ ਬਾਅਦ ਹੋਇਆ ਹੈ ਜੋ ਐੱਸਆਈਟੀ ਬਣਾਏ ਜਾਣ ਤੋਂ ਖ਼ੁਸ਼ ਨਹੀਂ ਸਨ ਅਤੇ ਉਹ ਇਸ ਮਾਮਲੇ ਦੀ ਨਿਆਂਇਕ ਜਾਂਚ ਚਾਹੁੰਦੇ ਸਨ।

ਹੁਣ ਉਨ੍ਹਾਂ ਦੇ ਪਿਤਾ ਨੂੰ ਸੰਗਰੂਰ ਲੋਕ ਸਭਾ ਸੀਟ ਤੋਂ ਬਿਨਾਂ ਮੁਕਾਬਲੇ ਚੁਣੇ ਜਾਣ ਦੀ ਚਰਚਾ ਛਿੜ ਗਈ ਹੈ।

ਕੀ ਹੋ ਰਹੀ ਸੀ ਚਰਚਾ

ਉੱਘੇ ਅਰਥਸ਼ਾਸਤਰੀ ਸਰਦਾਰਾ ਸਿੰਘ ਜੌਹਲ ਨੇ ਸੁਝਾਅ ਦਿੱਤਾ ਹੈ ਕਿ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ ਬਿਨਾਂ ਕਿਸੇ ਮੁਕਾਬਲੇ ਦੇ ਸੰਗਰੂਰ ਲੋਕ ਸਭਾ ਸੀਟ ਤੋਂ ਚੁਣਿਆ ਜਾਣਾ ਚਾਹੀਦਾ ਹੈ।

ਇਸ ਤੋਂ ਬਾਅਦ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਸ਼ੁੱਕਰਵਾਰ ਨੂੰ ਇਸ ਸੁਝਾਅ ਦਾ ਸਮਰਥਨ ਕੀਤਾ ਹੈ।

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ, 2014 ਅਤੇ 2019 ਦੀਆਂ ਚੋਣਾਂ ਵਿੱਚ ਸੰਗਰੂਰ ਸੰਸਦੀ ਸੀਟ ਤੋਂ ਜਿੱਤ ਪ੍ਰਾਪਤ ਕੀਤੀ ਸੀ।

ਫਿਰ ਜਦੋਂ 2022 ਵਿੱਚ ਉਹ ਵਿਧਾਨ ਸਭਾ ਚੋਣਾਂ ਵਿੱਚ ਧੂਰੀ ਵਿਧਾਨ ਸਭਾ ਹਲਕੇ ਤੋਂ ਚੋਣ ਲੜੇ ਅਤੇ ਜਿੱਤੇ ਤਾਂ ਉਸ ਤੋਂ ਬਾਅਦ ਇਹ ਸੀਟ ਖਾਲੀ ਹੋ ਗਈ।

ਹੁਣ ਇਸ ਸੀਟ ਲਈ 23 ਜੂਨ ਨੂੰ ਵੋਟਾਂ ਪੈਣੀਆਂ ਹਨ ਅਤੇ 26 ਜੂਨ ਨੂੰ ਵੋਟਾਂ ਦੀ ਗਿਣਤੀ ਹੋਣੀ ਹੈ।

ਇਹ ਵੀ ਪੜ੍ਹੋ:

'ਜਿਸ ਤਨ ਲਾਗੇ ਸੋ ਤਨ ਜਾਣੇ' - ਜੌਹਲ

ਸਰਦਾਰਾ ਸਿੰਘ ਜੌਹਲ ਨੇ ਆਪਣੇ ਫੇਸਬੁੱਕ ਪੇਜ 'ਤੇ ਮਸ਼ਹੂਰ ਗਾਇਕ ਦੀ ਹੱਤਿਆ ਨੂੰ "ਬਹੁਤ ਮੰਦਭਾਗਾ ਅਤੇ ਦੁਖਦਾਈ" ਕਰਾਰ ਦਿੱਤਾ ਹੈ।

ਉਨ੍ਹਾਂ ਨੇ ਲਿਖਿਆ, "ਸਮਾਜ ਨੇ ਇੱਕ ਜ਼ਬਰਦਸਤ ਅਤੇ ਹਰਮਨਪਿਆਰੀ ਆਵਾਜ਼ ਗੁਆ ਦਿੱਤੀ ਹੈ। ਇਹ ਇੱਕ ਸੱਭਿਆਚਾਰਕ ਤੌਰ 'ਤੇ ਨੁਕਸਾਨ ਹੈ। ਫਿਰ ਵੀ ਮਾਪਿਆਂ ਨੂੰ ਜੋ ਘਾਟਾ ਪਿਆ ਹੈ ਉਸ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ ਅਤੇ ਇਸ ਦੀ ਭਰਪਾਈ ਵੀ ਨਹੀਂ ਕੀਤੀ ਜਾ ਸਕਦੀ।''

'ਜਿਸ ਤਨ ਲਾਗੇ, ਸੋ ਤਨ ਜਾਣੇ'

ਗਾਇਕ ਦੇ ਮਾਪਿਆਂ ਪ੍ਰਤੀ ਹਮਦਰਦੀ ਜਤਾਉਂਦਿਆਂ ਉਨ੍ਹਾਂ ਅੱਗੇ ਲਿਖਿਆ, "ਮੈਨੂੰ ਲੱਗਦਾ ਹੈ ਕਿ ਜੇਕਰ ਸਿੱਧੂ ਮੂਸੇਵਾਲਾ ਦੇ ਪਿਤਾ ਸੰਗਰੂਰ ਹਲਕੇ ਤੋਂ ਸੰਸਦ ਲਈ ਜ਼ਿਮਨੀ ਚੋਣ ਵਿੱਚ ਬਿਨਾਂ ਮੁਕਾਬਲਾ ਚੁਣੇ ਜਾਂਦੇ ਹਨ ਤਾਂ ਇਹ ਥੋੜ੍ਹੀ ਤਸੱਲੀ ਵਾਲੀ ਗੱਲ ਹੋ ਸਕਦੀ ਹੈ।"

ਕਾਂਗਰਸ ਪ੍ਰਧਾਨ ਨੇ ਕੀਤਾ ਸਮਰਥਨ

ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਸਰਦਾਰਾ ਸਿੰਘ ਜੌਹਲ ਦੇ ਇਸ ਵਿਚਾਰ ਦਾ ਸਮਰਥਨ ਕੀਤਾ ਹੈ।

ਵੜਿੰਗ ਨੇ ਜੌਹਲ ਦੀ ਪੋਸਟ ਨੂੰ ਸ਼ੇਅਰ ਕਰਦਿਆਂ ਆਪਣੇ ਟਵੀਟ 'ਚ ਲਿਖਿਆ, "ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਨੂੰ ਹੋਏ ਘਾਟੇ ਦੀ ਭਰਪਾਈ ਕੋਈ ਵੀ ਨਹੀਂ ਕਰ ਸਕਦਾ। ਡਾ. ਐੱਸਐੱਸ ਜੌਹਲ ਨੇ ਸੁਝਾਅ ਦਿੱਤਾ ਹੈ ਕਿ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਜੀ ਨੂੰ ਸੰਗਰੂਰ ਜ਼ਿਮਨੀ ਚੋਣ ਲਈ ਸਰਬਸੰਮਤੀ ਨਾਲ ਉਮੀਦਵਾਰ ਵਜੋਂ ਮੈਦਾਨ ਵਿੱਚ ਉਤਾਰਿਆ ਜਾਵੇ ਅਤੇ ਉਹ ਬਿਨਾਂ ਮੁਕਾਬਲਾ ਚੁਣੇ ਜਾਣ।''

''ਮੈਂ ਇਸਦਾ ਸਮਰਥਨ ਕਰਦਾ ਹਾਂ। ਉਮੀਦ ਹੈ ਕਿ ਬਾਕੀ ਸਾਰੀਆਂ ਪਾਰਟੀਆਂ ਸਹਿਮਤ ਹੋਣਗੀਆਂ। ਆਓ, ਇੱਕ-ਦੂਜੇ ਦੀ ਰਾਜਨੀਤੀ ਨੂੰ ਪਾਸੇ ਰੱਖੀਏ।''

'ਆਪ' ਦੇ ਸਾਬਕਾ ਵਿਧਾਇਕ ਕੰਵਰ ਸੰਧੂ ਨੇ ਵੀ ਇਸ ਨਾਲ ਸਹਿਮਤੀ ਪ੍ਰਗਟਾਈ ਹੈ।

ਉਨ੍ਹਾਂ ਇੱਕ ਟਵੀਟ ਵਿੱਚ ਕਿਹਾ, "ਸਰਦਾਰਾ ਸਿੰਘ ਜੌਹਲ ਨਾਲ ਸਹਿਮਤ ਹਾਂ, ਬਸ਼ਰਤੇ ਪਰਿਵਾਰ ਸਹਿਮਤ ਹੋਵੇ। ਪਰਿਵਾਰ ਨੂੰ ਜਿਉਣ ਦਾ ਕੋਈ ਮਕਸਦ ਮਿਲ ਜਾਵੇਗਾ।"

'ਆਪ' ਨੇ ਐਲਾਨਿਆ ਆਪਣਾ ਉਮੀਦਵਾਰ

ਮੂਸੇਵਾਲਾ ਦੇ ਪਿਤਾ ਨੂੰ ਸੰਗਰੂਰ ਸੀਟ ਤੋਂ ਚੁਣੇ ਜਾਣ ਦੀ ਗੱਲ ਉਦੋਂ ਉੱਠੀ ਹੈ ਜਦੋਂ ਪੰਜਾਬ ਦੀ ਸੱਤਾਧਾਰੀ ਪਾਰਟੀ 'ਆਪ' ਨੇ ਇਸ ਸੀਟ ਤੋਂ ਆਪਣਾ ਉਮੀਦਵਾਰ ਐਲਾਨਿਆ।

ਪਾਰਟੀ ਨੇ ਇਸ ਸੀਟ ਦੇ ਲਈ ਗੁਰਮੇਲ ਸਿੰਘ ਦੇ ਨਾਂਅ ਦਾ ਐਲਾਨ ਕੀਤਾ ਹੈ। ਗੁਰਮੇਲ ਸਿੰਘ ਨੇ 2013 ਵਿੱਚ ਆਮ ਆਦਮੀ ਪਾਰਟੀ ਜੁਆਇਨ ਕੀਤੀ ਸੀ।

ਗੁਰਮੇਲ ਸਿੰਘ ਜ਼ਿਲ੍ਹੇ ਵਿੱਚ ਸੀਐੱਮ ਮਾਨ ਦੀ ਗ਼ੈਰ-ਮੌਜੂਦਗੀ ਵਿੱਚ, ਉਨ੍ਹਾਂ ਦੀ ਕੋਠੀ ਵਿੱਚ ਹਾਜ਼ਰ ਰਹਿਣ ਵਾਲੇ ਵਿਅਕਤੀਆਂ 'ਚੋਂ ਹਨ। ਮੁੱਖ ਮੰਤਰੀ ਦੇ ਧੂਰੀ ਵਾਲੇ ਦਫਤਰ ਵਿੱਚ ਗੁਰਮੇਲ ਸਿੰਘ ਹੀ ਹੁੰਦੇ ਹਨ।

ਸੰਗਰੂਰ ਤੋਂ ਪਹਿਲਾਂ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਸਾਂਸਦ ਸਨ। ਉਨ੍ਹਾਂ ਦੀ ਵਿਧਾਨ ਸਭਾ ਲਈ ਚੋਣ ਤੋਂ ਬਾਅਦ ਲੋਕ ਸਭਾ ਸੀਟ ਖਾਲੀ ਹੋ ਗਈ ਸੀ।

ਇਹ ਵੀ ਅਟਕਲਾਂ ਲਗਾਈਆਂ ਜਾ ਰਹੀਆਂ ਸਨ ਕਿ ਭਗਵੰਤ ਮਾਨ ਦੀ ਭੈਣ ਮਨਪ੍ਰੀਤ ਕੌਰ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਜਾ ਸਕਦਾ ਹੈ।

ਹਲਕੇ ਵਿੱਚ ਉਨ੍ਹਾਂ ਦੇ ਕਈ ਪੋਸਟਰ ਵੀ ਲੱਗੇ ਸਨ ਪਰ ਫਿਲਹਾਲ ਆਮ ਆਦਮੀ ਪਾਰਟੀ ਨੇ ਗੁਰਮੇਲ ਸਿੰਘ ਨੂੰ ਉਮੀਦਵਾਰ ਐਲਾਨ ਦਿੱਤਾ ਹੈ।

ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਨੇ ਦਿੱਤਾ ਇਹ ਸੱਦਾ

ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਆਗੂ ਸਿਮਰਨਜੀਤ ਸਿੰਘ ਮਾਨ ਵੀ ਆਪਣੇ ਆਪ ਨੂੰ ਸੰਗਰੂਰ ਲੋਕ ਸਭਾ ਸੀਟ ਤੋਂ ਉਮੀਦਵਾਰ ਘੋਸ਼ਿਤ ਕਰ ਚੁੱਕੇ ਹਨ।

ਹਾਲਾਂਕਿ, ਸ਼੍ਰੋਮਣੀ ਅਕਾਲੀ ਦਲ, ਅਕਾਲ ਤਖ਼ਤ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਇਸ ਵਿਚਾਰ ਨਾਲ ਸਹਿਮਤੀ ਜਤਾ ਰਿਹਾ ਹੈ ਕਿ ਦੇਸ਼ ਭਰ ਦੀਆਂ ਵੱਖ-ਵੱਖ ਜੇਲ੍ਹਾਂ ਵਿੱਚ ਬੰਦ "ਸਾਰੇ ਬੰਦੀ ਸਿੰਘਾਂ" ਦੀ ਰਿਹਾਈ ਨੂੰ ਯਕੀਨੀ ਬਣਾਉਣ ਲਈ ਸੰਗਰੂਰ ਲੋਕ ਸਭਾ ਦੀਆਂ ਆਉਂਦੀਆਂ ਚੋਣਾਂ ਵਿੱਚ ਬੰਦੀ ਸਿੰਘਾਂ ਦੇ ਪਰਿਵਾਰਕ ਮੈਂਬਰਾਂ ਵਿੱਚੋਂ ਕੋਈ ਇੱਕ ਸਰਬਸੰਮਤੀ ਵਾਲਾ ਪੰਥਕ ਉਮੀਦਵਾਰ ਐਲਾਨਿਆ ਜਾਵੇ।

ਇਸ ਸਬੰਧੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਪਣੀ ਪਾਰਟੀ ਦੇ ਸੀਨੀਅਰ ਆਗੂਆਂ ਸਮੇਤ ਸ਼ੁੱਕਰਵਾਰ ਨੂੰ ਸਿਮਰਨਜੀਤ ਸਿੰਘ ਮਾਨ ਨਾਲ ਮੁਲਾਕਾਤ ਵੀ ਕੀਤੀ ਅਤੇ ਉਨ੍ਹਾਂ ਨੂੰ ਅਕਾਲ ਤਖ਼ਤ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਸੱਦੇ ਦਾ ਸਨਮਾਨ ਕਰਨ ਦੀ ਅਪੀਲ ਕੀਤੀ ਹੈ।

ਇਸ ਬੈਠਕ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਹਰਜਿੰਦਰ ਸਿੰਘ ਧਾਮੀ ਨੇ ਗੱਲਬਾਤ ਕਰਦਿਆਂ ਕਿਹਾ ਕਿ ਸਰਦਾਰ ਮਾਨ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਸੀ ਕਿ ਉਹ ਇਹ ਮਾਮਲਾ ਆਪਣੀ ਪਾਰਟੀ ਦੇ ਸੀਨੀਅਰ ਸਾਥੀਆਂ ਅੱਗੇ ਰੱਖਣਗੇ।

ਰਾਜੋਆਣਾ ਦੀ ਭੈਣ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਦਿੱਤੀ ਟਿਕਟ

ਸੰਗਰੂਰ ਜ਼ਿਮਨੀ ਚੋਣ ਲਈ ਸ਼੍ਰੋਮਣੀ ਅਕਾਲੀ ਦਲ ਨੇ ਪਟਿਆਲਾ ਜੇਲ੍ਹ ਵਿੱਚ ਬੰਦ ਬਲਵੰਤ ਸਿੰਘ ਰਾਜੋਆਣਾ ਦੀ ਭੈਣ ਕਮਲਦੀਪ ਕੌਰ ਨੂੰ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ। ਕਮਲਦੀਪ ਕੌਰ ਨੇ ਚੋਣ ਲੜਨ ਲਈ ਹਾਮੀ ਵੀ ਭਰ ਦਿੱਤੀ ਹੈ।

ਇਸ ਤੋਂ ਪਹਿਲਾਂ ਬੰਦੀ ਸਿੰਘ ਰਿਹਾਈ ਮੋਰਚਾ ਅਤੇ ਦਮਦਮੀ ਟਕਸਾਲ ਨੇ ਕਮਲਦੀਪ ਕੌਰ ਨੂੰ ਆਪਣਾ ਉਮੀਦਵਾਰ ਐਲਾਨਿਆ ਸੀ ਪਰ ਕਮਲਦੀਪ ਨੇ ਇਸ ਦੇ ਲਈ ਅਸਮਰਥਾ ਪ੍ਰਗਟਾਉਂਦੇ ਹੋਏ ਚੋਣ ਲੜਨ ਤੋਂ ਇਨਕਾਰ ਕਰ ਦਿੱਤਾ ਸੀ।

ਦੱਸ ਦੇਈਏ ਕਿ ਰਾਜੋਆਣਾ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਦੇ ਦੋਸ਼ ਵਿੱਚ ਜੇਲ੍ਹ ਵਿੱਚ ਬੰਦ ਹਨ।

(ਬੀਬੀਸੀ ਸਹਿਯੋਗੀ ਅਨੁਰੀਤ ਭਾਰਦਵਾਜ ਵੱਲੋਂ ਇਹ ਖ਼ਬਰ ਤਿਆਰ ਕੀਤੀ ਗਈ ਹੈ)

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)