ਸਿੱਧੂ ਮੂਸੇਵਾਲਾ ਕਤਲ ਕੇਸ: ਜਾਂਚ ਟੀਮ ਬਾਰੇ ਡੀਜੀਪੀ ਦਾ ਨਵਾਂ ਫੈਸਲਾ, ਕਿੱਥੇ ਤੱਕ ਪਹੁੰਚੀ ਜਾਂਚ
- ਲੇਖਕ, ਅਰਵਿੰਦ ਛਾਬੜਾ
- ਰੋਲ, ਬੀਬੀਸੀ ਪੱਤਰਕਾਰ
ਮੰਗਲਵਾਰ ਨੂੰ ਸਿੱਧੂ ਮੂਸੇਵਾਲਾ ਕਤਲ ਕੇਸ ਵਿਚ ਪੁਲਿਸ ਨੇ ਮਨਪ੍ਰੀਤ ਸਿੰਘ ਨਾਂ ਦੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਸੀ।
ਬੁੱਧਵਾਰ ਨੂੰ ਮਾਨਸਾ ਦੇ ਐੱਸਐੱਸਪੀ ਗੌਰਵ ਤੂਰਾ ਨੇ ਖ਼ਬਰ ਏਜੰਸੀ ਏਐੱਨਆਈ ਨਾਲ ਗੱਲਬਾਤ ਦੌਰਾਨ ਦੱਸਿਆ ਕਿ 2 ਹੋਰ ਵਿਅਕਤੀਆਂ ਨੂੰ ਫਿਰੋਜ਼ਪੁਰ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ ਉੱਤੇ ਲਿਆ ਗਿਆ ਹੈ।
ਤੂਰਾ ਨੇ ਇਹ ਵੀ ਦਾਅਵਾ ਕੀਤਾ ਕਿ ਪੁਲਿਸ ਹੱਥ ਕਾਫ਼ੀ ਸਬੂਤ ਲੱਗ ਚੁੱਕੇ ਹਨ ਅਤੇ ਛੇਤੀ ਹੀ ਇਸ ਬਾਰੇ ਖੁਲਾਸਾ ਕੀਤਾ ਜਾਵੇਗਾ।
ਮੰਗਵਾਲ ਨੂੰ ਪੁਲਿਸ ਸੂਤਰਾਂ ਮੁਤਾਬਕ ਰਿਪੋਰਟਾਂ ਵਿਚ ਕਿਹਾ ਗਿਆ ਸੀ ਕਿ ਜਿਸ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਉਹ ਉਤਰਾਖੰਡ ਤੋਂ ਹਿਰਾਸਤ ਵਿਚ ਲਏ ਗਏ 5 ਵਿਅਕਤੀਆਂ ਵਿਚੋਂ ਇੱਕ ਹੈ।
ਇਸ ਨੂੰ ਮੰਗਲਵਾਰ ਨੂੰ ਅਦਾਲਤ ਵਿਚ ਪੇਸ਼ ਕਰਕੇ 5 ਦਿਨਾਂ ਦਾ ਰਿਮਾਂਡ ਹਾਸਲ ਕਰ ਲਿਆ ਸੀ। ਪੁਲਿਸ ਸੂਤਰਾਂ ਮੁਤਾਬਕ ਲਾਰੈਂਸ਼ ਬਿਸ਼ਨੋਈ ਗੈਂਗ ਦੇ ਮੁਖੀ ਲਾਰੈਂਸ਼ ਨੂੰ ਵੀ ਪੁਲਿਸ ਰਿਮਾਂਡ ਉੱਤੇ ਲੈਣ ਜਾ ਰਹੀ ਹੈ।
ਸਿੱਧੂ ਮੂਸੇਵਾਲਾ ਕਤਲ ਕਾਂਡ ਦੀ ਜਾਂਚ ਟੀਮ ਦਾ ਘੇਰਾ ਵਧਾਇਆ
ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ਦੀ ਜਾਂਚ ਨੂੰ ਹੋਰ ਤੇਜ਼ ਕਰਨ ਲਈ, ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਵੀ.ਕੇ. ਭਾਵਰਾ ਨੇ ਏਡੀਜੀਪੀ ਐਂਟੀ ਗੈਂਗਸਟਰ ਟਾਸਕ ਫੋਰਸ ਦੇ ਮੁਖੀ ਪ੍ਰਮੋਦ ਬਾਨ ਦੀ ਨਿਗਰਾਨੀ ਹੇਠ ਵਿਸ਼ੇਸ਼ ਜਾਂਚ ਟੀਮ ਨੂੰ ਪੁਨਰਗਠਿਤ ਕੀਤਾ ਹੈ।
ਹੁਣ, ਛੇ ਮੈਂਬਰੀ ਐਸ.ਆਈ.ਟੀ. ਵਿੱਚ ਨਵਾਂ ਚੇਅਰਮੈਨ ਇੰਸਪੈਕਟਰ ਜਨਰਲ ਆਫ ਪੁਲਿਸ (ਆਈਜੀਪੀ) ਪੀ.ਏ.ਪੀ. ਜਸਕਰਨ ਸਿੰਘ ਅਤੇ ਦੋ ਨਵੇਂ ਮੈਂਬਰਾਂ ਵਿੱਚ ਏਆਈਜੀ ਏਜੀਟੀਐਫ ਗੁਰਮੀਤ ਸਿੰਘ ਚੌਹਾਨ ਅਤੇ ਐਸਐਸਪੀ. ਮਾਨਸਾ ਗੌਰਵ ਤੂਰਾ ਸ਼ਾਮਲ ਹੋਣਗੇ।
ਜਦਕਿ ਐਸ.ਪੀ. ਇਨਵੈਸਟੀਗੇਸ਼ਨ ਮਾਨਸਾ ਧਰਮਵੀਰ ਸਿੰਘ, ਡੀ.ਐਸ.ਪੀ. ਇਨਵੈਸਟੀਗੇਸ਼ਨ ਬਠਿੰਡਾ ਵਿਸ਼ਵਜੀਤ ਸਿੰਘ ਅਤੇ ਇੰਚਾਰਜ ਸੀ.ਆਈ.ਏ. ਮਾਨਸਾ ਪ੍ਰਿਥੀਪਾਲ ਸਿੰਘ ਮੌਜੂਦਾ ਤਿੰਨ ਮੈਂਬਰ ਹਨ।
ਆਪਣੇ ਤਾਜ਼ਾ ਹੁਕਮਾਂ ਵਿੱਚ, ਡੀ.ਜੀ.ਪੀ. ਨੇ ਕਿਹਾ ਕਿ ਐਸ.ਆਈ.ਟੀ. ਰੋਜ਼ਾਨਾ ਅਧਾਰ 'ਤੇ ਜਾਂਚ ਕਰੇਗੀ, ਇਸ ਘਿਨਾਉਣੇ ਅਪਰਾਧ ਦੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰੇਗੀ ਅਤੇ ਜਾਂਚ ਪੂਰੀ ਹੋਣ 'ਤੇ, ਸੀ.ਆਰ.ਪੀ.ਸੀ. ਦੀ ਧਾਰਾ 173 ਦੇ ਤਹਿਤ ਪੁਲਿਸ ਰਿਪੋਰਟ ਅਧਿਕਾਰ ਖੇਤਰ ਦੀ ਸਮਰੱਥ ਅਦਾਲਤ ਵਿੱਚ ਪੇਸ਼ ਕੀਤੀ ਜਾਵੇਗੀ।
ਹੁਕਮਾਂ ਵਿੱਚ ਅੱਗੇ ਕਿਹਾ ਗਿਆ ਹੈ ਕਿ ਲੋੜ ਪੈਣ ਤੇ ਐਸ.ਆਈ.ਟੀ. ਕਿਸੇ ਹੋਰ ਪੁਲਿਸ ਅਧਿਕਾਰੀ ਦੀ ਚੋਣ ਕਰ ਸਕਦੀ ਹੈ ਅਤੇ ਡੀਜੀਪੀ ਦੀ ਪ੍ਰਵਾਨਗੀ ਨਾਲ ਕਿਸੇ ਵੀ ਮਾਹਰ/ਅਧਿਕਾਰੀ ਦੀ ਸਹਾਇਤਾ ਲੈ ਸਕਦੀ ਹੈ।
ਮਿਲੇ ਸੁਰਾਗਾਂ ਬਾਰੇ ਪੁਲਿਸ ਅਜੇ ਚੁੱਪ
ਜਿੱਥੇ ਸਿੱਧੂ ਮੂਸੇਵਾਲਾ ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਹੁਣ ਤੱਕ ਮਿਲੇ ਸੁਰਾਗਾਂ ਨੂੰ ਲੈ ਕੇ ਚੁੱਪ ਹਨ।
ਉੱਥੇ ਹੀ ਅਧਿਕਾਰਤ ਸੂਤਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਅਹਿਮ ਸੁਰਾਗ਼ ਮਿਲੇ ਹਨ ਅਤੇ ਉੱਚ ਅਧਿਕਾਰੀ ਇੱਕ ਅੱਧੇ ਦਿਨ ਤੱਕ ਇਨ੍ਹਾਂ ਨੂੰ ਸਾਂਝਾ ਕਰ ਸਕਦੇ ਹਨ।
ਪੰਜਾਬੀ ਗਾਇਕ ਅਤੇ ਕਾਂਗਰਸੀ ਆਗੂ ਸਿੱਧੂ ਮੂਸੇਵਾਲਾ ਉੱਪਰ ਮਾਨਸਾ ਵਿਖੇ 29 ਮਈ ਨੂੰ ਅਣਪਛਾਤੇ ਲੋਕਾਂ ਵੱਲੋਂ ਐਤਵਾਰ ਸ਼ਾਮੀਂ ਗੋਲੀਆਂ ਚਲਾਈਆਂ ਗਈਆਂ ਸੀ, ਜਿਸ ਵਿਚ ਉਨ੍ਹਾਂ ਦੀ ਮੌਤ ਹੋ ਗਈ ਸੀ।
31 ਮਈ ਨੂੰ ਸਿੱਧੂ ਮੂਸੇਵਾਲਾ ਦਾ ਸਸਕਾਰ ਉਨ੍ਹਾਂ ਦੇ ਪਿੰਡ ਮੂਸਾ ਵਿਚ ਧਾਰਮਿਕ ਰੀਤੀ ਰਿਵਾਜ਼ਾਂ ਨਾਲ ਕਰ ਦਿੱਤਾ ਗਿਆ।

ਸਿੱਧੂ ਮੂਸੇਵਾਲਾ ਪੰਜਾਬੀ ਦਾ ਕੌਮਾਂਤਰੀ ਪੱਧਰ ਦਾ ਪੌਪ ਸਟਾਰ ਸੀ। ਉਸ ਨੂੰ ਘੇਰ ਕੇ ਦਿਨ-ਦਿਹਾੜੇ ਅਤਿਆਧੁਨਿਕ ਹਥਿਆਰਾਂ ਨਾਲ ਕਤਲ ਕੀਤਾ ਜਾਣਾ ਸਮੁੱਚੇ ਸਮਾਜ ਲਈ ਦੁੱਖਦਾਇਕ ਅਤੇ ਪ੍ਰੇਸ਼ਾਨੀ ਵਾਲਾ ਹੈ।
ਸਿੱਧੂ ਮੂਸੇਵਾਲਾ ਦੇ ਕਤਲ ਨੂੰ ਪੰਜਾਬ ਪੁਲਿਸ ਨੇ ਜਿਵੇਂ ਗੈਂਗਵਾਰ ਨਾਲ ਜੋੜਿਆ ਹੈ, ਉਸ ਨੇ ਪਿਛਲੇ ਕੁਝ ਸਮੇਂ ਤੋਂ ਹੋ ਰਹੀਆਂ ਹਿੰਸਕ ਵਾਰਦਾਤਾਂ ਪ੍ਰਤੀ ਲੋਕਾਂ ਦੀ ਚਿੰਤਾਂ ਨੂੰ ਸਿਖ਼ਰਾਂ ਉੱਤੇ ਪਹੁੰਚਾ ਦਿੱਤਾ ਹੈ।
ਪੰਜਾਬ ਨੇ ਲੰਬਾ ਸਮਾਂ ਹਿੰਸਕ ਦੌਰ ਦੇਖਿਆ ਹੈ ਅਤੇ ਕਬੱਡੀ ਖਿਡਾਰੀ ਨੰਗਲ ਅੰਬੀਆਂ ਅਤੇ ਸਿੱਧੂ ਮੂਸੇਵਾਲਾ ਵਰਗੇ ਕਤਲਾਂ ਨੇ ਪੰਜਾਬ ਦੇ ਲੋਕਾਂ ਅੱਗੇ ਉਸੇ ਵਰਗਾ ਦੌਰ ਮੁੜਨ ਦਾ ਡਰ ਤੇ ਸਹਿਮ ਪਾ ਦਿੱਤਾ ਹੈ।

1. ਕੁਝ ਮਹੱਤਵਪੂਰਨ ਸੁਰਾਗ਼
ਬੀਬੀਸੀ ਪੰਜਾਬੀ ਨਾਲ ਗੱਲਬਾਤ ਕਰਦੇ ਹੋਏ ਇੱਕ ਪੁਲਿਸ ਅਧਿਕਾਰੀ ਨੇ ਕਿਹਾ, "ਮੈਂ ਜਾਂਚ 'ਤੇ ਟਿੱਪਣੀ ਕਰਨ ਦੇ ਯੋਗ ਨਹੀਂ ਹੋਵਾਂਗਾ ਕਿਉਂਕਿ ਇਹ ਇੱਕ ਮਹੱਤਵਪੂਰਨ ਪੜਾਅ 'ਤੇ ਹੈ ਪਰ ਮੈਂ ਤੁਹਾਨੂੰ ਇੰਨਾ ਦੱਸ ਸਕਦਾ ਹਾਂ ਕਿ ਸਾਨੂੰ ਕੁਝ ਮਹੱਤਵਪੂਰਨ ਸੁਰਾਗ਼ ਮਿਲੇ ਹਨ। ਮੇਰੀ ਬੇਨਤੀ ਹੈ ਕਿ ਇੱਕ-ਦੋ ਦਿਨ ਉਡੀਕ ਕਰੋ।"
ਪੁਲਿਸ ਨੇ ਕੁਝ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਹੈ ਪਰ ਫ਼ਿਲਹਾਲ ਉਹ ਇਨ੍ਹਾਂ ਦੀ ਗਿਣਤੀ ਦੱਸਣ ਲਈ ਤਿਆਰ ਨਹੀਂ ਹਨ।
ਉਨ੍ਹਾਂ ਨੇ ਸੋਮਵਾਰ ਨੂੰ ਦੇਹਰਾਦੂਨ ਵਿੱਚ ਪੰਜ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਸੀ।
ਅਧਿਕਾਰੀ ਨੇ ਕਿਹਾ ਕਿ ਪੰਜ ਵਿਅਕਤੀਆਂ ਨੂੰ ਇਸ ਮਾਮਲੇ ਨਾਲ ਸਬੰਧ ਹੋਣ ਦੇ ਸ਼ੱਕ ਵਿੱਚ ਫੜਿਆ ਗਿਆ ਸੀ। ਉਹ ਹੇਮਕੁੰਟ ਸਾਹਿਬ ਤੋਂ ਵਾਪਸ ਆ ਰਹੇ ਸਨ।
2. ਐੱਸਆਈਟੀ ਦਾ ਗਠਨ
ਪੁਲਿਸ ਨੇ ਮਾਮਲੇ ਦੀ ਜਾਂਚ ਕਰਨ ਲਈ ਇੱਕ ਐੱਸਆਈਟੀ ਦਾ ਗਠਨ ਕੀਤਾ ਹੈ ਜੋ ਕਿ ਇੰਸਪੈਕਟਰ ਜਨਰਲ ਆਫ਼ ਪੁਲਿਸ (ਫ਼ਰੀਦਕੋਟ ਰੇਂਜ) ਪ੍ਰਦੀਪ ਯਾਦਵ ਨੂੰ ਰਿਪੋਰਟ ਕਰ ਰਹੀ ਹੈ।
ਪਰ ਸਰਕਾਰੀ ਸੂਤਰਾਂ ਨੇ ਬੀਬੀਸੀ ਪੰਜਾਬੀ ਨੂੰ ਦੱਸਿਆ ਕਿ ਐੱਸਆਈਟੀ ਤੋਂ ਇਲਾਵਾ ਗੁਆਂਢੀ ਜ਼ਿਲ੍ਹਿਆਂ ਦੇ ਪੁਲਿਸ ਅਧਿਕਾਰੀ ਵੀ ਜਾਂਚ ਵਿੱਚ ਆਪਣੀ ਮਦਦ ਦੇ ਰਹੇ ਹਨ।
ਇਹ ਵੀ ਪੜ੍ਹੋ-
ਇੱਕ ਪੁਲਿਸ ਅਧਿਕਾਰੀ ਨੇ ਕਿਹਾ, "ਅਸੀਂ ਸਾਰੇ ਇਸ ਵਿੱਚ ਯੋਗਦਾਨ ਪਾਉਣ ਦੀ ਜ਼ਰੂਰਤ ਨੂੰ ਪਛਾਣਦੇ ਹਾਂ ਹਾਲਾਂਕਿ ਐੱਸਆਈਟੀ ਜਾਂਚ ਦੀ ਅਗਵਾਈ ਕਰ ਰਹੀ ਹੈ।"
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੁਲਿਸ ਡਾਇਰੈਕਟਰ ਜਨਰਲ (ਡੀਜੀਪੀ) ਪੰਜਾਬ ਵੀਕੇ ਭੰਵਰਾ ਦੇ ਨਿਰਦੇਸ਼ਾਂ 'ਤੇ, ਇੰਸਪੈਕਟਰ ਜਨਰਲ ਆਫ਼ ਪੁਲਿਸ (ਆਈਜੀਪੀ) ਬਠਿੰਡਾ ਰੇਂਜ ਪ੍ਰਦੀਪ ਯਾਦਵ ਨੇ ਤਿੰਨ ਮੈਂਬਰੀ ਵਿਸ਼ੇਸ਼ ਜਾਂਚ ਟੀਮ (ਐੱਸਆਈਟੀ) ਦਾ ਗਠਨ ਕੀਤਾ ਸੀ।
ਐੱਸਆਈਟੀ ਮੈਂਬਰਾਂ ਵਿੱਚ ਐੱਸਪੀ ਜਾਂਚ ਮਾਨਸਾ ਧਰਮਵੀਰ ਸਿੰਘ, ਡੀਐੱਸਪੀ ਇਨਵੈਸਟੀਗੇਸ਼ਨ ਬਠਿੰਡਾ ਵਿਸ਼ਵਜੀਤ ਸਿੰਘ ਅਤੇ ਇੰਚਾਰਜ ਸੀਆਈਏ ਮਾਨਸਾ ਪ੍ਰਿਥੀਪਾਲ ਸਿੰਘ ਸ਼ਾਮਲ ਹਨ।
3. ਜਾਂਚ ਲਈ ਮੌਜੂਦਾ ਜੱਜ ਨਿਯੁਕਤ ਕਰਨ ਦੀ ਬੇਨਤੀ
ਐੱਸਆਈਟੀ ਸੋਮਵਾਰ ਤੋਂ ਜਾਂਚ 'ਤੇ ਕੰਮ ਕਰ ਰਹੀ ਹੈ, ਮੁੱਖ ਮੰਤਰੀ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਚੀਫ਼ ਜਸਟਿਸ ਨੂੰ ਪੱਤਰ ਲਿਖ ਕੇ ਕਤਲ ਦੀ ਜਾਂਚ ਲਈ ਕਿਸੇ ਮੌਜੂਦਾ ਜੱਜ ਨਿਯੁਕਤ ਕਰਨ ਦੀ ਬੇਨਤੀ ਕੀਤੀ ਸੀ।
ਇਹ ਸਿੱਧੂ ਮੂਸੇਵਾਲਾ ਦੇ ਪਰਿਵਾਰ ਦੀ ਬੇਨਤੀ ਤੋਂ ਬਾਅਦ ਹੋਇਆ ਹੈ ਜੋ ਐੱਸਆਈਟੀ ਦੇ ਗਠਨ ਤੋਂ ਖ਼ੁਸ਼ ਨਹੀਂ ਸਨ ਅਤੇ ਉਹ ਇਸ ਮਾਮਲੇ ਦੀ ਨਿਆਇਕ ਜਾਂਚ ਚਾਹੁੰਦੇ ਸਨ।
ਸੂਤਰਾਂ ਦਾ ਕਹਿਣਾ ਹੈ ਕਿ ਅਜਿਹੇ ਜਾਂਚ ਕਮਿਸ਼ਨ ਨੂੰ ਨਿਯੁਕਤ ਕਰਨਾ ਜਾਂ ਨਾ ਕਰਨਾ ਚੀਫ਼ ਜਸਟਿਸ 'ਤੇ ਨਿਰਭਰ ਕਰਦਾ ਹੈ।
ਹਾਲਾਂਕਿ, ਪਿਛਲੇ ਤਜਰਬੇ ਤੋਂ ਇਹ ਦੇਖਿਆ ਗਿਆ ਹੈ ਕਿ ਆਮ ਤੌਰ 'ਤੇ ਸੇਵਾਮੁਕਤ ਜੱਜਾਂ ਨੂੰ ਅਜਿਹੀਆਂ ਜਾਂਚਾਂ ਸੌਂਪੀਆਂ ਜਾਂਦੀਆਂ ਹਨ ਭਾਵੇਂ ਕਿ ਸੂਬਾ ਸਰਕਾਰਾਂ ਨੇ ਮੌਜੂਦਾ ਜੱਜਾਂ ਤੋਂ ਜਾਂਚ ਦੀ ਮੰਗ ਕੀਤੀ ਸੀ।
4. ਪੁਲਿਸ ਨੇ ਹੁਣ ਤੱਕ ਕੀ ਬਰਾਮਦ ਕੀਤਾ ਹੈ
ਅਧਿਕਾਰਤ ਸੂਤਰਾਂ ਦਾ ਕਹਿਣਾ ਹੈ ਕਿ ਮਹੱਤਵਪੂਰਨ ਸਮੱਗਰੀ ਵਿੱਚੋਂ ਇੱਕ ਸੀਸੀਟੀਵੀ ਫੁਟੇਜ ਵੀ ਹੈ ਜੋ ਸੋਸ਼ਲ ਮੀਡੀਆ 'ਤੇ ਸਾਹਮਣੇ ਆਈ ਹੈ, ਜਿਸ ਵਿੱਚ ਦਿਖਾਇਆ ਗਿਆ ਹੈ ਕਿ ਗਾਇਕ ਦੀ ਗੋਲੀ ਮਾਰਨ ਤੋਂ ਠੀਕ ਪਹਿਲਾਂ ਉਸ ਦੀ ਗੱਡੀ ਦਾ ਪਿੱਛਾ ਕੀਤਾ ਜਾ ਰਿਹਾ ਸੀ।
ਪੁਲਿਸ ਨੇ ਦੱਸਿਆ ਕਿ ਮੋਗਾ ਵਿੱਚ ਇੱਕ ਛੱਡੀ ਹੋਈ ਕਾਰ ਬਰਾਮਦ ਕੀਤੀ ਗਈ ਹੈ।
ਉਨ੍ਹਾਂ ਨੂੰ ਸ਼ੱਕ ਹੈ ਕਿ ਹਮਲਾਵਰ ਕਤਲ ਕਰਨ ਤੋਂ ਬਾਅਦ ਇਸ ਗੱਡੀ ਵਿੱਚ ਭੱਜ ਗਏ ਹੋ ਸਕਦੇ ਹਨ। ਪੁਲਿਸ ਨੇ ਦੱਸਿਆ ਕਿ ਫੋਰੈਂਸਿਕ ਟੀਮ ਨੇ ਵੀ ਕਾਰ ਦੀ ਜਾਂਚ ਕਰ ਕੇ ਸਬੂਤ ਇਕੱਠੇ ਕੀਤੇ ਹਨ।
ਪੁਲਿਸ ਨੇ ਸੋਸ਼ਲ ਮੀਡੀਆ 'ਤੇ ਕੀਤੇ ਦਾਅਵਿਆਂ ਤੋਂ ਕਿਹਾ ਸੀ ਕਿ ਮੂਸੇਵਾਲਾ ਦੇ ਕਤਲ ਪਿੱਛੇ ਲਾਰੈਂਸ ਬਿਸ਼ਨੋਈ ਗੈਂਗ ਦਾ ਹੱਥ ਸੀ।
ਬਿਸ਼ਨੋਈ ਗੈਂਗ ਦੇ ਮੈਂਬਰ ਕੈਨੇਡਾ ਸਥਿਤ ਗੋਲਡੀ ਬਰਾੜ ਨੇ ਪੰਜਾਬੀ ਗਾਇਕ ਦੇ ਕਤਲ ਦੀ ਜ਼ਿੰਮੇਵਾਰੀ ਲਈ ਸੀ। ਪੁਲਿਸ ਨੇ ਲਾਰੈਂਸ ਬਿਸ਼ਨੋਈ ਨਾਲ ਜੇਲ੍ਹ ਵਿੱਚ ਮੁਲਾਕਾਤ ਕੀਤੀ ਸੀ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post

















