ਗੈਂਗਸਟਰ ਪੰਜਾਬੀ ਗਾਇਕਾਂ ਅਤੇ ਕਲਾਕਾਰਾਂ ਨੂੰ ਧਮਕੀਆਂ ਦਾ ਸ਼ਿਕਾਰ ਕਿਉਂ ਬਣਾਉਂਦੇ ਹਨ

- ਲੇਖਕ, ਅਵਤਾਰ ਸਿੰਘ
- ਰੋਲ, ਬੀਬੀਸੀ ਪੱਤਰਕਾਰ
ਪੰਜਾਬੀ ਗਾਇਕ ਅਤੇ ਕਾਂਗਰਸ ਨੇਤਾ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਦੀ ਐਤਵਾਰ ਨੂੰ ਮਾਨਸਾ ਜ਼ਿਲ੍ਹੇ ਦੇ ਪਿੰਡ ਜਵਾਹਰਕੇ ਵਿਖੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ।
ਪੈਸੇ ਅਤੇ ਠਾਠ-ਬਾਠ ਦਾ ਪ੍ਰਤੀਕ ਬਣਿਆ ਪੰਜਾਬੀ ਸੰਗੀਤ ਜਗਤ ਪਿਛਲੇ ਸਮੇਂ ਤੋਂ ਗੈਂਗਸਟਰਾਂ ਦੀਆਂ ਧਮਕੀਆਂ ਅਤੇ ਹਮਲਿਆਂ ਦਾ ਗਵਾਹ ਬਣਿਆ ਹੈ।
ਇਸ ਦੇ ਨਾਲ ਹੀ ਗਾਇਕਾਂ ਦੀ ਆਪਸੀ ਖਿੱਚੋਤਾਣ ਵੀ ਗੀਤਾਂ ਦੇ ਬੋਲਾਂ ਰਾਹੀਂ ਪ੍ਰਤੱਖ ਦੇਖੀ ਜਾ ਸਕਦੀ ਹੈ।
ਪੰਜਾਬ ਦਾ ਮੁਹਾਲੀ ਸ਼ਹਿਰ ਸੰਗੀਤ ਜਗਤ ਦਾ ਕੇਂਦਰ ਬਣਿਆ ਹੈ। ਇਥੇ ਸੈਂਕੜੇ ਸਟੂਡੀਊ ਹਨ ਜਿੰਨ੍ਹਾਂ ਵਿੱਚੋਂ ਕਈ ਵਿਸ਼ਵ ਪੱਧਰੀ ਸਾਜੋ-ਸਮਾਨ ਰੱਖੇ ਹੋਏ ਹਨ। ਪੰਜਾਬੀ ਮਿਊਜਿਕ ਇੰਡਸਟਰੀ ਹਰ ਸਾਲ ਕਈ ਸੌ ਕਰੋੜ ਦਾ ਧੰਦਾ ਕਰਦੀ ਹੈ।
ਥੋੜੇ ਹੀ ਸਮੇਂ ਵਿੱਚ ਗਾਇਕੀ ਦੇ ਖੇਤਰ ਵਿੱਚ ਵੱਡਾ ਨਾਮ ਬਣੇ ਸਿੱਧੂ ਮੂਸੇਵਾਲਾ ਅਕਸਰ ਆਪਣੇ ਗਾਣਿਆਂ ਦੀ ਸਮੱਗਰੀ ਅਤੇ ਹਥਿਆਰਾਂ ਨੂੰ ਉਤਸ਼ਾਹਿਤ ਕਰਨ ਕਰਕੇ ਵਿਵਾਦਾਂ ਵਿੱਚ ਰਹੇ ਸਨ। ਉਹਨਾਂ ਦਾ ਕਤਲ ਕਥਿਤ ਤੌਰ 'ਤੇ ਇੱਕ ਗੈਂਗ ਵੱਲੋਂ ਕੀਤੀ ਕਾਰਵਾਈ ਦਾ ਨਤੀਜਾ ਦੱਸਿਆ ਜਾ ਰਿਹਾ ਹੈ।

ਸਿੱਧੂ ਮੂਸੇਵਾਲਾ ਪੰਜਾਬੀ ਦਾ ਕੌਮਾਂਤਰੀ ਪੱਧਰ ਦਾ ਪੌਪ ਸਟਾਰ ਸੀ। ਉਸ ਨੂੰ ਘੇਰ ਕੇ ਦਿਨ-ਦਿਹਾੜੇ ਅਤਿਆਧੁਨਿਕ ਹਥਿਆਰਾਂ ਨਾਲ ਕਤਲ ਕੀਤਾ ਜਾਣਾ ਸਮੁੱਚੇ ਸਮਾਜ ਲਈ ਦੁੱਖਦਾਇਕ ਅਤੇ ਪ੍ਰੇਸ਼ਾਨੀ ਵਾਲਾ ਹੈ।
ਸਿੱਧੂ ਮੂਸੇਵਾਲਾ ਦੇ ਕਤਲ ਨੂੰ ਪੰਜਾਬ ਪੁਲਿਸ ਨੇ ਜਿਵੇਂ ਗੈਂਗਵਾਰ ਨਾਲ ਜੋੜਿਆ ਹੈ, ਉਸ ਨੇ ਪਿਛਲੇ ਕੁਝ ਸਮੇਂ ਤੋਂ ਹੋ ਰਹੀਆਂ ਹਿੰਸਕ ਵਾਰਦਾਤਾਂ ਪ੍ਰਤੀ ਲੋਕਾਂ ਦੀ ਚਿੰਤਾਂ ਨੂੰ ਸਿਖ਼ਰਾਂ ਉੱਤੇ ਪਹੁੰਚਾ ਦਿੱਤਾ ਹੈ।
ਪੰਜਾਬ ਨੇ ਲੰਬਾ ਸਮਾਂ ਹਿੰਸਕ ਦੌਰ ਦੇਖਿਆ ਹੈ ਅਤੇ ਕਬੱਡੀ ਖਿਡਾਰੀ ਨੰਗਲ ਅੰਬੀਆਂ ਅਤੇ ਸਿੱਧੂ ਮੂਸੇਵਾਲਾ ਵਰਗੇ ਕਤਲਾਂ ਨੇ ਪੰਜਾਬ ਦੇ ਲੋਕਾਂ ਅੱਗੇ ਉਸੇ ਵਰਗਾ ਦੌਰ ਮੁੜਨ ਦਾ ਡਰ ਤੇ ਸਹਿਮ ਪਾ ਦਿੱਤਾ ਹੈ।

ਪੰਜਾਬੀ ਸੰਗੀਤ ਜਗਤ ਅਤੇ ਗੈਂਗਸਟਰ
ਗੈਂਗਸਟਰਾਂ ਵੱਲੋਂ ਪੰਜਾਬੀ ਗਾਇਕਾਂ ਨੂੰ ਜਬਰੀ ਵਸੂਲੀ ਲਈ ਧਮਕੀਆਂ ਦੇਣ ਦੀਆਂ ਖ਼ਬਰਾਂ ਪਹਿਲਾਂ ਵੀ ਆਈਆਂ ਹਨ।
ਹਾਲਾਂਕਿ ਇਹ ਵੀ ਕਿਹਾ ਜਾਂਦਾ ਹੈ ਕਿ ਕਈ ਵਾਰ ਧਮਕੀਆਂ ਤੋਂ ਬਾਅਦ ਗਾਇਕਾਂ ਵੱਲੋਂ ਗੈਂਗਸਟਰਾਂ ਨੂੰ ਪੈਸੇ ਵੀ ਦੇ ਦਿੱਤੇ ਜਾਂਦੇ ਹਨ ਪਰ ਬਹੁਤ ਸਾਰੇ ਗਾਇਕਾਂ ਨੇ ਅਜਿਹਾ ਕਰਨ ਤੋਂ ਮਨ੍ਹਾਂ ਕਰ ਦਿੱਤਾ ਸੀ, ਜਿੰਨ੍ਹਾਂ ਪੁਲਿਸ ਨੂੰ ਸ਼ਿਕਾਇਤ ਵੀ ਦਰਜ ਕਰਵਾਈ।
ਸੰਗੀਤ ਜਗਤ ਅਤੇ ਫਿਲਮ ਇੰਡਸਟਰੀ ਆਪਸ ਵਿੱਚ ਜੁੜੇ ਹੋਏ
ਗੀਤਕਾਰ ਅਤੇ ਪੰਜਾਬੀ ਫਿਲਮਕਾਰ ਅਮਰਦੀਪ ਗਿੱਲ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਸੰਗੀਤ ਜਗਤ ਅਤੇ ਫਿਲਮ ਇੰਡਸਰੀ ਆਪਸ ਵਿੱਚ ਜੁੜੇ ਹੋਏ ਹਨ।
ਇਸ ਤਰ੍ਹਾਂ ਕਈ ਵਾਰ ਧਮਕੀ ਇਕੱਲੇ ਗਾਇਕ ਨੂੰ ਨਹੀਂ ਹੁੰਦੀ ਸਗੋਂ ਅਦਾਕਾਰ, ਨਿਰਦੇਸ਼ਕ ਜਾਂ ਫਿਰ ਨਿਰਮਾਤਾਵਾਂ ਨੂੰ ਵੀ ਹੁੰਦੀ ਹੈ।
ਅਮਰਦੀਪ ਗਿੱਲ ਕਹਿਦੇ ਹਨ, "ਇਸ ਇੰਡਸਟਰੀ ਵਿੱਚ ਪੈਸਾ ਬਹੁਤ ਹੈ। ਕਲਾਕਾਰ ਅਕਸਰ ਸੋਫਟ ਟਾਰਗੇਟ ਹੁੰਦੇ ਹਨ ਜਿੰਨ੍ਹਾਂ ਨੇ ਨਾ ਤਾਂ ਲੜਨਾ ਹੁੰਦਾ ਹੈ ਅਤੇ ਨਾ ਹੀ ਵਿਰੋਧ ਕਰਨਾ ਹੁੰਦਾ ਹੈ। ਅਪਰਾਧੀ ਕਿਸਮ ਦੇ ਲੋਕ ਇਹਨਾਂ ਤੋਂ ਪੈਸਾ ਕਮਾਉਣਾ ਚਾਹੁੰਦੇ ਹਨ।"
"ਬਹੁਤ ਘੱਟ ਲੋਕ ਹੁੰਦੇ ਹਨ ਜੋ ਬੋਲਦੇ ਹਨ ਅਤੇ ਵਿਰੋਧ ਕਰਦੇ ਹਨ। ਬਾਕੀ ਅਸਾਨੀ ਨਾਲ ਡਰਾਏ ਜਾ ਸਕਦੇ ਹਨ।"
ਇਹ ਵੀ ਪੜ੍ਹੋ:
ਵਿਵਾਦਿਤ ਗਾਇਕ ਅਤੇ ਵਿਖਾਵਾ ਸੱਭਿਆਚਾਰ
ਨਾਟਕਕਾਰ ਤੇ ਫਿਲਮਕਾਰ ਪ੍ਰੋਫੈਸਰ ਪਾਲੀ ਭੁਪਿੰਦਰ ਦਾ ਕਹਿਣਾ ਹੈ ਕਿ ਧਮਕੀਆਂ ਅਤੇ ਹਮਲੇ ਵਰਗੀਆਂ ਘਟਨਾਵਾਂ ਸਿਰਫ ਉਹਨਾਂ ਗਾਇਕਾਂ ਨਾਲ ਵਾਪਰਦੀਆਂ ਹਨ, ਜੋ ਕੁਝ ਵਿਵਾਦਤ ਗੱਲਾਂ ਕਰਦੇ ਹਨ।
ਪਾਲੀ ਭੁਪਿੰਦਰ ਕਹਿੰਦੇ ਹਨ, "ਅਸੀਂ ਅਕਸਰ ਅਜਿਹੀਆਂ ਖ਼ਬਰਾਂ ਪੜਦੇ ਹਾਂ ਗਾਇਕਾਂ ਨੂੰ ਧਮਕੀਆਂ ਮਿਲਦੀਆਂ ਹਨ ਪਰ ਨਿੱਜੀ ਤੌਰ ’ਤੇ ਕਿਸੇ ਨੇ ਕਦੇ ਵੀ ਮੇਰੇ ਨਾਲ ਸਾਂਝੇ ਨਹੀਂ ਕੀਤੇ।"
"ਹਾਲਾਂਕਿ ਜਿਨ੍ਹਾਂ ਗਾਇਕਾਂ ਨਾਲ ਅਜਿਹਾ ਵਾਪਰਿਆ ਹੈ, ਉਹਨਾਂ ਦਾ ਆਪਣਾ ਵਿਵਹਾਰ ਗਾਇਕਾਂ ਵਾਲਾ ਘੱਟ ਪਰ ਵਿਵਾਦਿਤ ਜ਼ਿਆਦਾ ਰਿਹਾ ਹੈ। ਕੁਝ ਹੋਰ ਵੱਡੇ ਗਾਇਕਾਂ ਨਾਲ ਅਜਿਹਾ ਕਦੇ ਨਹੀਂ ਹੋਇਆ।"
"ਕਰਨ ਔਜਲਾ, ਪ੍ਰਮੀਸ਼ ਵਰਮਾ, ਮਨਕੀਰਤ ਔਲਖ, ਸਿੱਧੂ ਮੂਸੇਵਾਲਾ ਵਿਵਾਦਾਂ ਵਿੱਚ ਰਹੇ ਹਨ। ਇਹਨਾਂ ਨੂੰ ਵੀ ਇਹ ਸਵਾਲ ਕਰਨਾ ਬਣਦਾ ਹੈ ਕਿ ਉਹ ਆਪਣੇ ਲਾਈਫ ਸਟਾਇਲ ਅੰਦਰ ਵੀ ਝਾਤ ਮਾਰਨ।"
"ਪੰਜਾਬ ਉਹਨਾਂ ਵਾਰੇ ਫਿਕਰਮੰਦ ਹੈ ਪਰ ਉਹ ਆਪ ਵੀ ਫਿਕਰਮੰਦ ਹੋਣ।"
"ਦੂਜੇ ਪਾਸੇ ਜੇਕਰ ਸੱਚ ਵਿੱਚ ਗਾਇਕਾਂ ਨੂੰ ਧਮਕਾਇਆ ਜਾ ਰਿਹਾ ਹੈ ਤਾਂ ਇਹ ਬਹੁਤ ਗੰਭੀਰ ਹੈ। ਇਹ ਪੰਜਾਬ ਦੀ ਇੱਕੋ-ਇੱਕ ਇੰਡਸਟਰੀ ਹੈ ਜੋ ਕਮਾਊ ਪੁੱਤ ਹੈ ਅਤੇ ਵੱਡੀ ਗਿਣਤੀ ਲੋਕਾਂ ਨੂੰ ਰੁਜ਼ਗਾਰ ਦੇ ਰਹੀ ਹੈ।"
"ਜਦੋਂ ਪੰਜਾਬ ਦਾ ਮੁੱਖ ਮੰਤਰੀ ਆਪ ਇੱਕ ਕਲਾਕਾਰ ਹੈ ਤਾਂ ਉਹਨਾਂ ਨੂੰ ਪੂਰੀ ਤਾਕਤ ਲਗਾ ਕੇ ਇੰਡਸਰੀ ਨੂੰ ਬਚਾਉਣਾ ਚਾਹੀਦਾ ਹੈ।"
ਅਮਰਦੀਪ ਗਿੱਲ ਦਾ ਕਹਿਣਾ ਹੈ, "ਕੁਝ ਗਾਇਕ ਅਤੇ ਅਦਾਕਾਰ ਆਪਣੇ ਪੈਸੇ ਅਤੇ ਗੱਡੀਆਂ ਦਾ ਵਿਖਾਵਾ ਕਰਦੇ ਹਨ। ਅਜਿਹਾ ਵਿਖਾਵਾ ਉਹਨਾਂ ਨੂੰ ਅਪਰਾਧੀਆਂ ਦਾ ਨਿਸ਼ਾਨਾ ਬਣਾਉਂਦਾ ਹੈ। ਪਰ ਬਹੁਤ ਘੱਟ ਕਲਾਕਾਰ ਹਨ ਜੋ ਅਜਿਹਾ ਨਹੀਂ ਕਰਦੇ ਅਤੇ ਉਹ ਕਿਸੇ ਪੰਗੇ ਤੋਂ ਬਚੇ ਵੀ ਰਹਿੰਦੇ ਹਨ।"
ਗਾਇਕਾਂ ਅਤੇ ਅਦਾਕਾਰਾਂ ਉੱਤੇ ਹਮਲਿਆਂ ਦੀਆਂ ਕੁਝ ਘਟਨਾਵਾਂ
ਪ੍ਰਮੀਸ਼ ਵਰਮਾ 'ਤੇ ਹਮਲਾ

ਤਸਵੀਰ ਸਰੋਤ, DILPREET SINGH DHAHN/FACEBOOK/BBC
ਮਸ਼ਹੂਰ ਪੰਜਾਬੀ ਗਾਇਕ ਪ੍ਰਮੀਸ਼ ਵਰਮਾ ਉੁਪਰ ਅ੍ਰਪੈਲ 2018 ਵਿੱਚ ਮੁਹਾਲੀ 'ਚ ਗੋਲੀਆਂ ਨਾਲ ਹਮਲਾ ਕੀਤਾ ਗਿਆ ਸੀ।
ਇਸ ਹਮਲੇ ਦੀ ਜ਼ਿੰਮੇਵਾਰੀ ਗੈਂਗਸਟਰ ਦਿਲਪ੍ਰੀਤ ਸਿੰਘ ਢਾਹਾਂ ਨੇ ਇੱਕ ਫੇਸਬੁੱਕ ਪੋਸਟ ਪਾ ਕੇ ਲਈ ਸੀ।
ਕਰੀਬ ਇੱਕ ਮਹੀਨੇ ਬਾਅਦ ਪ੍ਰਮੀਸ਼ ਵਰਮਾ ਨੇ ਕਿਹਾ ਸੀ ਕਿ ਇਹ ਹਮਲਾ ਜਬਰਨ ਵਸੂਲੀ ਲਈ ਕੀਤਾ ਗਿਆ ਸੀ।
ਗਿੱਪੀ ਗਰੇਵਾਲ ਨੂੰ ਧਮਕੀ ਅਤੇ ਸੁਰੱਖਿਆ ਦਾ ਭਰੋਸਾ
ਪ੍ਰਮੀਸ਼ ਵਰਮਾ ਉੁਪਰ ਕਥਿਤ ਤੌਰ 'ਤੇ ਗੋਲੀਆਂ ਚਲਾਉਣ ਵਾਲੇ ਦਿਲਪ੍ਰੀਤ ਸਿੰਘ ਵੱਲੋਂ ਗਾਇਕ ਅਤੇ ਅਦਾਕਾਰ ਗਿੱਪੀ ਗਰੇਵਾਲ ਨੂੰ ਵੀ ਇਸ ਹਮਲੇ ਤੋਂ ਕਰੀਬ ਕਈ ਮਹੀਨੇ ਬਾਅਦ ਧਮਕੀ ਦਿੱਤੀ ਗਈ ਸੀ।
ਗੈਂਗਸਟਰ ਨੇ ਗਿੱਪੀ ਗਰੇਵਾਲ ਨੂੰ ਵਸੂਲੀ ਨਾ ਦੇਣ ਦੀ ਸੂਰਤ ਵਿੱਚ ਕਥਿਤ ਤੌਰ ’ਤੇ ਪ੍ਰਮੀਸ਼ ਵਰਮਾ ਵਰਗੇ ਨਤੀਜਿਆਂ ਦੀ ਧਮਕੀ ਦਿੱਤੀ ਗਈ ਸੀ।
ਗਿੱਪੀ ਗਰੇਵਾਲ ਨੇ ਬਾਅਦ ਵਿੱਚ ਕਿਹਾ ਸੀ ਕਿ ਉਸ ਸਮੇਂ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਹਨਾਂ ਨੂੰ ਸੁਰੱਖਿਆ ਦਾ ਭਰੋਸਾ ਦਿੱਤੀ ਸੀ।
ਕਰਨ ਔਜਲਾ ਉਪਰ ਕੈਨੇਡਾ ਵਿੱਚ ਹਮਲਾ
ਜੂਨ 2019 ਵਿੱਚ ਪੰਜਾਬੀ ਗਾਇਕ ਅਤੇ ਰੈਪਰ ਕਰਨ ਔਜਲਾ ਉਪਰ ਕੈਨੇਡਾ ਦੇ ਸਰੀ ਵਿੱਚ ਹਮਲਾ ਹੋਇਆ ਸੀ।
ਇਸ ਹਮਲੇ ਦੀ ਜਿੰਮੇਵਾਰੀ ਪੰਜਾਬ ਨਾਲ ਸਬੰਧਤ ਇੱਕ ਗੈਂਗ ਨੇ ਲਈ ਸੀ ਪਰ ਬਾਅਦ ਵਿੱਚ ਇਸੇ ਗਰੁੱਪ ਵੱਲੋਂ ਫੇਸਬੁੱਕ ਪੋਸਟ ਪਾ ਕੇ ਜਿੰਮੇਵਾਰੀ ਤੋਂ ਇਨਕਾਰ ਕਰ ਦਿੱਤਾ ਗਿਆ ਸੀ।
ਮਨਕੀਰਤ ਔਲਖ ਨੂੰ 'ਧਮਕੀ'
ਅਗਸਤ 2021 ਵਿੱਚ ਗੋਲੀਆਂ ਮਾਰ ਕੇ ਕਤਲ ਕੀਤੇ ਗਏ ਯੂਥ ਅਕਾਲੀ ਦਲ ਦੇ ਨੇਤਾ ਵਿਕਰਮ ਸਿੰਘ ਉਰਫ਼ ਵਿੱਕੀ ਮਿੱਡੂਖੇੜਾ ਦੇ ਕਰੀਬੀ ਰਹੇ ਪੰਜਾਬੀ ਗਾਇਕ ਮਨਕੀਰਤ ਔਲਖ ਵੀ ਸਾਲ 2022 ਵਿੱਚ ਕਥਿਤ ਧਮਕੀਆਂ ਦੀਆਂ ਖ਼ਬਰਾਂ ਆਈਆਂ ਸਨ।
ਵਿੱਕੀ ਮਿੱਡੂਖੇੜਾ ਦੇ ਕਤਲ ਦੀ ਜਿੰਮੇਵਾਰੀ ਦੇਂਵਿੰਦਰ ਬੰਬੀਹਾ ਗਰੁੱਪ ਨੇ ਲਈ ਸੀ।
ਅਮਰ ਸਿੰਘ ਚਮਕੀਲਾ ਦੀ ਹੱਤਿਆ
ਮਰਹੂਮ ਪੰਜਾਬੀ ਗਾਇਕ ਅਮਰ ਸਿੰਘ ਚਮਕੀਲਾ ਦੀ ਹੱਤਿਆ ਤੋਂ ਕਰੀਬ 34 ਸਾਲ ਬਾਅਦ ਸਿੱਧੂ ਮੂਸੇਵਾਲਾ ਦਾ ਕਤਲ ਹੋਇਆ ਹੈ।
ਅਮਰ ਸਿੰਘ ਚਮਕੀਲਾ ਦਾ ਕਤਲ 8 ਮਾਰਚ 1988 ਨੂੰ ਕਥਿਤ ਤੌਰ ’ਤੇ 'ਅੱਤਵਾਦੀਆਂ' ਵੱਲੋਂ ਜਲੰਧਰ ਦੇ ਨਾਲ ਲੱਗਦੇ ਪਿੰਡ ਮਹਿਸਾਮਪੁਰ ਵਿੱਚ ਕੀਤਾ ਗਿਆ ਸੀ।
ਚਮਕੀਲਾ ਅਤੇ ਉਹਨਾਂ ਦੀ ਪਤਨੀ ਅਮਰਜੋਤ ਕੌਰ ਮਹਿਸਾਮਪੁਰ ਵਿੱਚ ਅਖਾੜਾ ਲਗਾਉਣ ਪਹੁੰਚੇ ਸਨ ਪਰ ਕੁਝ ਨੌਜਵਾਨਾਂ ਨੇ ਗੋਲੀਆਂ ਮਾਰ ਕੇ ਉਹਨਾਂ ਦੀ ਹੱਤਿਆ ਕਰ ਦਿੱਤੀ ਅਤੇ ਫਰਾਰ ਹੋ ਗਏ ਸਨ।
ਅਮਰ ਸਿੰਘ ਚਮਕੀਲਾ ਨੂੰ ਗੀਤਾਂ ਵਿੱਚ ਕਥਿਤ ਅਸ਼ਲੀਲਤਾ ਅਤੇ ਦੋਹਰੇ ਅਰਥਾਂ ਕਰਕੇ ਅਲੋਚਨਾਂ ਦਾ ਸਾਹਮਣਾ ਕਰਨ ਪੈ ਰਿਹਾ ਸੀ।
ਇਹ ਵੀ ਕਿਹਾ ਜਾਂਦਾ ਹੈ ਕਿ ਉਹਨਾਂ ਗਾਇਕੀ ਸਿਖਰਾਂ ਨੂੰ ਛੂਹ ਰਹੀ ਸੀ ਜਿਸ ਕਾਰਨ ਕਤਲ ਪਿਛੇ ਸੰਗੀਤ ਜਗਤ ਦੇ ਲੋਕ ਹੀ ਸਨ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post













