ਸਾਊਦੀ ਅਰਬ 'ਚ ਪੰਜਾਬੀ ਨੂੰ ਮੌਤ ਦੀ ਸਜ਼ਾ ਤੋਂ ਬਚਾਉਣ ਲਈ ਜੋ ਬਲੱਡ ਮਨੀ ਇਕੱਠੀ ਕੀਤੀ ਜਾ ਰਹੀ, ਉਹ ਕੀ ਹੈ

    • ਲੇਖਕ, ਭਾਰਤ ਭੂਸ਼ਣ ਆਜ਼ਾਦ
    • ਰੋਲ, ਬੀਬੀਸੀ ਸਹਿਯੋਗੀ

ਪੰਜਾਬ ਦੇ ਮੁਕਤਸਰ ਸਾਹਿਬ ਦੇ ਜਿਸ ਬਲਵਿੰਦਰ ਸਿੰਘ ਨੂੰ ਸਾਊਦੀ ਅਰਬ ਵਿੱਚ ਮੌਤ ਦੀ ਸਜ਼ਾ ਸੁਣਾਈ ਗਈ ਹੈ, ਉਸ ਨੂੰ ਬਚਾਉਣ ਲਈ ਭਾਰਤ ਅਤੇ ਭਾਰਤੀਆਂ ਦੀ ਮਦਦ ਕਰਨ ਲਈ ਜਾਣੇ ਜਾਂਦੇ ਐਸਪੀ ਓਬਰਾਏ ਬਲੱਡ ਮਨੀ ਇਕੱਠੀ ਕਰ ਰਹੇ ਹਨ।

ਐਸਪੀ ਓਬਰਾਏ ਅਤੇ ਬਲਵਿੰਦਰ ਸਿੰਘ ਦੇ ਪਰਿਵਾਰ ਦੇ ਮੁਤਾਬਕ ਲੋੜੀਂਦੇ ਪੈਸੇ 2 ਕਰੋੜ ਰੁਪਏ ਇਕੱਠੇ ਵੀ ਹੋ ਗਏ ਹਨ।

ਹਾਲਾਂਕਿ ਸਜ਼ਾ ਦੇ ਮੁਤਾਬਕ ਬਲਵਿੰਦਰ ਸਿੰਘ ਨੂੰ 15 ਮਈ ਨੂੰ ਮੌਤ ਦੀ ਸਜ਼ਾ ਦਿੱਤੀ ਜਾਣੀ ਹੈ। ਜਿਸ ਨੂੰ ਬਚਾਉਣ ਲਈ ਪਰਿਵਾਰ ਨੇ ਇਹ ਪੈਸਾ ਇਕੱਠਾ ਕੀਤਾ ਹੈ।

ਮਾਮਲਾ ਕੀ ਹੈ

ਪੰਜਾਬ ਦੇ ਸ਼੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਗਿੱਦੜਬਾਹਾ ਦੇ ਪਿੰਡ ਮੱਲਣ ਦੇ ਰਹਿਣ ਵਾਲੇ ਬਲਵਿੰਦਰ ਸਿੰਘ ਸਾਲ 2008 ਵਿੱਚ ਰੋਜ਼ੀ-ਰੋਟੀ ਦੀ ਭਾਲ 'ਚ ਸਾਊਦੀ ਅਰਬ ਗਏ ਸਨ।

32 ਸਾਲਾ ਬਲਵਿੰਦਰ ਸਿੰਘ ਵਰਕ ਪਰਮਿਟ 'ਤੇ ਸਾਊਦੀ ਅਰਬ ਵਿੱਚ ਹਨ ਪਰ ਸਾਲ 2013 ਵਿੱਚ ਹੋਏ ਇੱਕ ਝਗੜੇ ਦੌਰਾਨ ਮਿਸਰ ਦੇ ਵਸਨੀਕ ਦੀ ਮੌਤ ਤੋਂ ਬਾਅਦ ਬਲਵਿੰਦਰ ਉੱਥੋਂ ਦੀ ਜੇਲ੍ਹ 'ਚ ਬੰਦ ਹਨ।

ਸਾਊਥੀ ਅਰਬ ਰਿਆਦ ਦੀ ਅਦਾਲਤ ਨੇ ਇਸ ਮਾਮਲੇ 'ਚ ਬਲਵਿੰਦਰ ਸਿੰਘ ਦਾ ਸਿਰ ਕਲਮ ਕਰਨ ਦੀ ਸਜ਼ਾ ਸੁਣਾਈ ਹੈ। ਪਰ ਉਨ੍ਹਾਂ ਵੱਲੋਂ ਰਹਿਮ ਦੀ ਅਪੀਲ ਕਰਨ 'ਤੇ ਉਨ੍ਹਾਂ ਨੂੰ ਸਜ਼ਾ ਦੇ ਬਦਲੇ ਮ੍ਰਿਤਕ ਵਿਅਕਤੀ ਦੇ ਪਰਿਵਾਰ ਨੂੰ 10 ਲੱਖ ਰਿਆਲ (ਭਾਰਤੀ ਕਰੰਸੀ ਮੁਤਾਬਕ 2 ਕਰੋੜ) ਬਲੱਡ ਮਨੀ ਦੇਣ ਦਾ ਹੁਕਮ ਦਿੱਤਾ ਗਿਆ ਹੈ।

ਕੀ ਹੁੰਦੀ ਹੈ ਬਲੱਡ ਮਨੀ?

ਇਸਲਾਮ ਵਿੱਚ ਸ਼ਰੀਆ ਕਾਨੂੰਨ ਅਨੁਸਾਰ ਜੇ ਕਤਲ ਦੇ ਮੁਲਜ਼ਮ ਅਤੇ ਪੀੜਤ ਪੱਖ (ਪਰਿਵਾਰ) ਵਿਚਕਾਰ ਸਮਝੌਤਾ ਹੋ ਜਾਵੇ ਅਤੇ ਜੇ ਪੀੜਿਤ ਪਰਿਵਾਰ ਮੁਆਫ਼ੀ ਦੇਣ ਲਈ ਸਹਿਮਤ ਹੋ ਜਾਵੇ ਤਾਂ ਫਾਂਸੀ ਮੁਆਫ਼ ਕਰਨ ਲਈ ਅਦਾਲਤਾਂ 'ਚ ਅਪੀਲ ਕੀਤੀ ਜਾ ਸਕਦੀ ਹੈ।

ਹਾਲਾਂਕਿ ਇਸ 'ਚ ਕਈ ਵਾਰ ਮੁਆਵਜ਼ਾ ਵੀ ਦਿੱਤਾ ਜਾਂਦਾ ਹੈ, ਜਿਸ ਨੂੰ ਬਲੱਡ ਮਨੀ ਕਹਿੰਦੇ ਹਨ। ਬੱਲਡ ਮਨੀ ਕਿੰਨੀ ਹੋਵੇਗੀ, ਇਹ ਵੱਖ-ਵੱਖ ਕੇਸ ਅਤੇ ਦੇਸ਼ ਦੇ ਹਿਸਾਬ ਨਾਲ ਤੈਅ ਕੀਤਾ ਜਾਂਦਾ ਹੈ।

ਪਰਿਵਾਰ ਇਕੱਠੀ ਕਰ ਰਿਹਾ ਬਲੱਡ ਮਨੀ

ਬਲੱਡ ਮਨੀ ਦਾ ਬੰਦੋਬਸਤ ਕਰਨ ਲਈ ਬਲਵਿੰਦਰ ਸਿੰਘ ਨੂੰ ਸਾਊਦੀ ਅਰਬ ਦੀ ਅਦਾਲਤ ਨੇ 6 ਮਹੀਨੇ ਦੀ ਮੋਹਲਤ ਦਿੱਤੀ ਸੀ ਜਿਸਦੀ ਮਿਆਦ ਆਉਂਦੀ 15 ਮਈ, ਭਾਵ ਕੱਲ੍ਹ ਪੂਰੀ ਹੋ ਰਹੀ ਹੈ। ਉਨ੍ਹਾਂ ਦਾ ਪਰਿਵਾਰ ਇਸ ਦੇ ਲਈ ਪੰਜਾਬੀਆਂ ਤੋਂ ਮਦਦ ਰਾਸ਼ੀ ਇਕੱਠੀ ਕਰ ਰਿਹਾ ਹੈ।

ਪਰਿਵਾਰ ਮੁਤਾਬਕ ਹੁਣ ਤੱਕ ਉਨ੍ਹਾਂ ਨੇ 1.30 ਕਰੋੜ ਦੀ ਰਾਸ਼ੀ ਇਕੱਠੀ ਕਰ ਲਈ ਹੈ।

ਉਨ੍ਹਾਂ ਦੇ ਚਚੇਰੇ ਭਰਾ ਜੋਗਿੰਦਰ ਸਿੰਘ ਨੇ ਦੱਸਿਆ ਕਿ ਜਦੋਂ 2019 'ਚ ਉਨ੍ਹਾਂ ਕੋਲ ਬਲਵਿੰਦਰ ਸਿੰਘ ਦੀ ਸਜ਼ਾ ਅਤੇ ਬਲੱਡ ਮਨੀ ਬਾਰੇ ਫੋਨ ਆਇਆ ਤਾਂ ਉਹ ਵੀਡੀਓ ਸੋਸ਼ਲ ਮੀਡੀਆ 'ਤੇ ਬਹੁਤ ਵਾਇਰਲ ਹੋਇਆ ਸੀ ਅਤੇ ਉਨ੍ਹਾਂ ਕੋਲ ਉਸ ਸਮੇਂ 50 ਲੱਖ ਰੁਪਏ ਇਕੱਠੇ ਹੋਏ ਸਨ।

ਐੱਸਪੀ ਸਿੰਘ ਓਬਰਾਏ ਵੀ ਕਰ ਰਹੇ ਮਦਦ

ਡਾਕਟਰ ਐੱਸਪੀ ਸਿੰਘ ਓਬਰਾਏ ਸਾਊਦੀ ਅਰਬ 'ਚ ਰਹਿੰਦੇ ਹਨ ਅਤੇ ਉੱਥੋਂ ਪੰਜਾਬੀਆਂ ਨੂੰ ਭਾਰਤ ਮੁੜਨ ਲਈ ਮਦਦ ਕਰਨ ਲਈ ਜਾਣੇ ਜਾਂਦੇ ਹਨ। ਬਲਵਿੰਦਰ ਦੇ ਮਾਮਲੇ 'ਚ ਵੀ ਉਨ੍ਹਾਂ ਨੇ ਮਦਦ ਕਰਨ ਦੀ ਗੱਲ ਕਹੀ ਹੈ।

ਆਪਣੇ ਟਵਿੱਟਰ ਹੈਂਡਲ 'ਤੇ ਇੱਕ ਵੀਡੀਓ ਜਾਰੀ ਕਰਕੇ ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਬਲਵਿੰਦਰ ਦੇ ਭਰਾ ਨਾਲ ਗੱਲ ਹੋਈ ਹੈ ਅਤੇ ਉਨ੍ਹਾਂ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਕੋਲ ਲੋਕਾਂ ਵੱਲੋਂ ਦਿੱਤੇ ਗਏ 1 ਕਰੋੜ 45 ਲੱਖ ਰੁਪਏ ਇਕੱਠੇ ਹੋ ਚੁਕੇ ਹੱਨ ਅਤੇ ਉਨ੍ਹਾਂ ਨੇ ਉਹ ਪੈਸੇ ਸਾਊਦੀ ਅਰਬ ਭੇਜਣ ਲਈ ਭਾਰਤ ਸਰਕਾਰ ਤੋਂ ਮਨਜ਼ੂਰੀ ਲੈ ਲਈ ਹੈ।

ਇਹ ਵੀ ਪੜ੍ਹੋ:

ਐੱਸਪੀ ਸਿੰਘ ਓਬਰਾਏ ਨੇ ਦੱਸਿਆ ਕਿ ਜਿਸ ਕੰਪਨੀ 'ਚ ਬਲਵਿੰਦਰ ਕੰਮ ਕਰਦੇ ਸਨ ਉਨ੍ਹਾਂ ਨੇ ਵੀ 40 ਲੱਖ ਰੁਪਏ ਦੇਣ ਦਾ ਵਾਅਦਾ ਕੀਤਾ ਹੈ।

ਉਨ੍ਹਾਂ ਕਿਹਾ ਕਿ ''ਇਸ ਤਰ੍ਹਾਂ ਕੁੱਲ 1 ਕਰੋੜ 85 ਲੱਖ ਰੁਪਏ ਹੋ ਜਾਂਦੇ ਹਨ ਅਤੇ 15 ਲੱਖ ਰੁਪਏ ਘਟਦੇ ਹਨ। ਮੈਂ ਆਪਣੇ ਵੱਲੋਂ ਇਹ ਵਾਅਦਾ ਕੀਤਾ ਹੈ ਕਿ ਇਹ ਘਟੇ ਪੈਸੇ, 20 ਲੱਖ ਰੁਪਏ ਮੈਂ ਦੇਵਾਂਗਾ ਤਾਂ ਜੋ ਉਸ ਮੁੰਡੇ ਦੀ ਰਿਹਾਈ ਹੋ ਸਕੇ ਅਤੇ ਉਹ ਆਪਣੇ ਦੇਸ਼ ਆਪਣੇ ਪਰਿਵਾਰ ਕੋਲ ਪਰਤ ਸਕੇ।''

ਬਲਵਿੰਦਰ ਦੇ ਪਿੰਡ ਦੇ ਸਾਬਕਾ ਪੰਚਾਇਤ ਮੈਂਬਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਅਜੇ ਤੱਕ ਸਰਕਾਰ ਵੱਲੋਂ ਕੋਈ ਮਦਦ ਨਹੀਂ ਆਈ ਹੈ ਤੇ ਉਹ ਇਸ ਮਾਮਲੇ 'ਚ ਡੀਸੀ ਨੂੰ ਮਿਲਣ ਜਾ ਰਹੇ ਹਨ।

ਉਨ੍ਹਾਂ ਦੱਸਿਆ, ''ਅਸੀਂ ਸਿਆਸੀ ਆਗੂਆਂ ਤੱਕ ਵੀ ਪਹੁੰਚ ਕੀਤੀ ਹੈ, ਪਹਿਲਾਂ ਤਾਂ ਉਹ ਕਹਿੰਦੇ ਸਨ ਕਿ ਪੈਸੇ ਪਾਉਣਗੇ ਪਰ ਹੁਣ ਪਾਏ ਨਹੀਂ।''

ਬਲਵਿੰਦਰ ਸਿੰਘ ਕਹਿੰਦੇ ਹਨ, ''ਪੰਚਾਇਤ ਵੱਲੋਂ ਬਲਵਿੰਦਰ ਤੇ ਉਸ ਦੇ ਪਰਿਵਾਰ ਨਾਲ ਪੂਰੀ ਹਮਦਰਦੀ ਹੈ। ਅਸੀਂ ਚਾਹੁੰਦੇ ਹਾਂ ਕਿ ਉਹ ਸਹੀ ਸਲਾਮਤ ਘਰ ਵਾਪਸ ਪਰਤ ਆਵੇ।''

ਕੀ ਕਹਿੰਦਾ ਹੈ ਪਰਿਵਾਰ

ਬਲਵਿੰਦਰ ਦੇ ਚਚੇਰੇ ਭਰਾ ਜੋਗਿੰਦਰ ਸਿੰਘ ਨੇ ਦੱਸਿਆ, "ਮੇਰਾ ਭਰਾ 2008 ਵਿੱਚ ਸਾਊਦੀ ਅਰਬ ਵਿੱਚ ਗਿਆ ਸੀ। ਉਹ ਉੱਥੇ ਇੱਕ ਕੰਪਨੀ ਵਿੱਚ ਡਰਾਈਵਰ ਵਜੋਂ ਕੰਮ ਕਰਦਾ ਸੀ। ਸਾਲ 2013 ਵਿੱਚ ਇਸੇ ਕੰਪਨੀ ਦੇ ਮੈਨੇਜਰ ਦਾ ਹੋਰ ਪੰਜਾਬੀ ਨੌਜਵਾਨਾਂ ਨਾਲ ਝਗੜਾ ਹੋ ਗਿਆ ਸੀ।''

ਉਨ੍ਹਾਂ ਦੱਸਿਆ, ''ਕੰਪਨੀ ਦੇ ਮਾਲਕ ਦੇ ਕਹਿਣ ਉੱਤੇ ਬਲਵਿੰਦਰ ਨੇ ਮੌਕੇ 'ਤੇ ਪਹੁੰਚ ਕੇ ਮਿਸਰ ਦੇ ਵਸਨੀਕ ਨੇ ਇਸ ਵਿਅਕਤੀ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਝਗੜਾ ਵਧ ਗਿਆ।''

''ਝਗੜੇ ਦੌਰਾਨ ਬਲਵਿੰਦਰ ਨੇ ਉਸ ਵਿਅਕਤੀ ਦੇ ਸਿਰ 'ਤੇ ਡੰਡਾ ਮਾਰਿਆ ਜਿਸ ਕਾਰਨ ਉਹ ਜ਼ਖਮੀ ਹੋ ਗਿਆ ਅਤੇ ਚਾਰ ਦਿਨਾਂ ਮਗਰੋਂ ਉਸ ਨੇ ਹਸਪਤਾਲ 'ਚ ਦਮ ਤੋੜ ਦਿੱਤਾ ਸੀ।''

''ਅਦਾਲਤ ਨੇ ਉਸ ਨੂੰ ਸਜ਼ਾ ਸੁਣਾਈ। ਰਹਿਮ ਦੀ ਅਪੀਲ ਕਰਨ 'ਤੇ ਬਲਵਿੰਦਰ ਸਿੰਘ ਨੂੰ ਬਲੱਡ ਮਨੀ ਜਮ੍ਹਾਂ ਕਰਵਾਉਣ ਲਈ ਕਿਹਾ ਗਿਆ। ਬਲੱਡ ਮਨੀ ਨੂੰ ਜਮ੍ਹਾਂ ਕਰਵਾਉਣ 6 ਮਹੀਨੇ ਦਾ ਸਮਾਂ ਦਿੱਤਾ ਗਿਆ ਸੀ, ਜੋ 15 ਮਈ ਨੂੰ ਖਤਮ ਹੋ ਜਾਵੇਗਾ।''

ਬਲਵਿੰਦਰ ਨੂੰ ਦੇਖਣ ਦੀ ਉਡੀਕ ਕਰਦਿਆਂ-ਕਰਦਿਆਂ ਉਨ੍ਹਾਂ ਦੇ ਪਿਤਾ ਕਰਮ ਸਿੰਘ, ਮਾਂ ਤੇ ਚਾਚੀ ਹਮੇਸ਼ਾਂ ਲਈ ਦੁਨੀਆਂ ਨੂੰ ਅਲਵਿਦਾ ਕਹਿ ਗਏ ਹਨ। ਘਰ ਦੇ ਇੱਕ ਖੂੰਜੇ 'ਚ ਮੰਜੇ ਤੇ ਪਏ ਚਾਚੇ ਦੀਆਂ ਨਮ ਅੱਖਾਂ ਵੀ ਆਪਣੇ ਭਤੀਜੇ ਨੂੰ ਉਡੀਕ ਰਹੀਆਂ ਹਨ।

ਬਲਵਿੰਦਰ ਦੇ ਚਾਚਾ ਮੱਖਣ ਸਿੰਘ ਕਹਿੰਦੇ ਹਨ, ''ਬਲਵਿੰਦਰ ਮੇਰੇ ਹੱਥਾਂ 'ਚ ਪਲਿ਼ਆ ਵੱਡਾ ਹੋਇਆ ਹੈ। ਉਸ ਦੀ ਉਡੀਕ 'ਚ ਮੇਰਾ ਭਰਾ, ਮੇਰੀ ਭਰਜਾਈ ਤੇ ਉਸ ਦੀ ਚਾਚੀ ਇਸ ਦੁਨੀਆਂ ਤੋਂ ਚਲੇ ਗਏ। ਮੇਰਾ ਵੀ ਕੁਝ ਪਤਾ ਨਹੀਂ। ਮੇਰੀ ਆਸ ਹੈ ਕਿ ਉਸ ਨੂੰ ਆਪਣੀਆਂ ਅੱਖਾਂ ਨਾਲ ਵੇਖ ਲਵਾਂ।''

ਉਨ੍ਹਾਂ ਦੇ ਚਚੇਰੇ ਭਰਾ ਦਾ ਇਹ ਵੀ ਕਹਿਣਾ ਹੈ ਕਿ ''ਉੱਥੋਂ ਦੇ ਸ਼ੇਖ ਬਲਵਿੰਦਰ ਸਿੰਘ ਨੂੰ ਕਹਿ ਰਹੇ ਹਨ ਕਿ ਜੇ ਤੇਰੇ ਕੋਲ਼ੋਂ ਬਲੱਡ ਮਨੀ ਨਹੀਂ ਦਿੱਤੀ ਜਾ ਰਹੀ ਤਾਂ ਤੂੰ ਸਾਡਾ ਧਰਮ ਕਬੂਲ ਕਰ ਲੈ, ਅਸੀਂ ਤੈਨੂੰ ਇੱਕ ਘੰਟੇ 'ਚ ਬੱਲਡ ਮਨੀ ਦੇ ਕੇ ਤੈਨੂੰ ਜੇਲ੍ਹ 'ਚੋਂ ਬਾਹਰ ਕੱਢ ਦਿਆਂਗੇ।''

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)