ਅਮਰੀਕਾ 'ਚ ਖ਼ਤਮ ਹੋ ਸਕਦਾ ਹੈ ਗਰਭਪਾਤ ਦਾ ਅਧਿਕਾਰ, ਲੀਕ ਹੋਏ ਦਸਤਾਵੇਜ਼ਾਂ ਤੋਂ ਮਿਲੇ ਸੰਕੇਤ - ਪ੍ਰੈੱਸ ਰਿਵੀਊ

ਪ੍ਰਦਰਸ਼ਨ

ਤਸਵੀਰ ਸਰੋਤ, AFP via Getty Images

ਤਸਵੀਰ ਕੈਪਸ਼ਨ, ਗਰਭਪਾਤ ਦਾ ਅਧਿਕਾਰ ਖਤਮ ਕਰਨ ਬਾਰੇ ਲੀਕ ਹੋਏ ਦਸਤਾਵੇਜ਼ਾਂ ਨੂੰ ਲੈ ਕੇ ਲੋਕਾਂ ਵਿੱਚ ਭਾਰੀ ਰੋਸ ਹੈ।

ਲੀਕ ਹੋਏ ਕੁਝ ਦਸਤਾਵੇਜ਼ਾਂ ਤੋਂ ਸੰਕੇਤ ਮਿਲੇ ਹਨ ਕਿ ਯੂਐੱਸ ਦੀ ਸੁਪਰੀਮ ਕੋਰਟ ਗਰਭਪਾਤ ਦੇ ਅਧਿਕਾਰ ਨੂੰ ਖਤਮ ਕਰ ਸਕਦੀ ਹੈ। ਜਿਸਦਾ ਅਰਥ ਹੈ ਕਿ ਆਉਣ ਵਾਲੇ ਸਮੇਂ ਵਿੱਚ ਯੂਐੱਸ ਦੀਆਂ ਔਰਤਾਂ ਆਪਣੀ ਮਰਜ਼ੀ ਨਾਲ ਗਰਭਪਾਤ ਨਹੀਂ ਕਰਵਾ ਸਕਣਗੀਆਂ।

ਬੀਬੀਸੀ ਡਾਟ ਕਾਮ ਦੀ ਖ਼ਬਰ ਮੁਤਾਬਕ, ਗਰਭਪਾਤ ਦਾ ਅਧਿਕਾਰ ਖਤਮ ਕਰਨ ਸਬੰਧੀ ਲੀਕ ਹੋਏ ਇਹ ਦਸਤਾਵੇਜ਼ ਸਹੀ ਹਨ ਅਤੇ ਸੁਪਰੀਮ ਕੋਰਟ ਦੇ ਮੁੱਖ ਜੱਜ ਨੇ ਆਪ ਇਸਦੀ ਪੁਸ਼ਟੀ ਕੀਤੀ ਹੈ।

ਨਾਲ ਹੀ ਜਾਣਕਾਰੀ ਦਿੱਤੀ ਗਈ ਹੈ ਕਿ ਇਸ ਮਾਮਲੇ ਵਿੱਚ ਜਾਂਚ ਦੇ ਆਦੇਸ਼ ਦੇ ਦਿੱਤੇ ਗਏ ਹਨ।

ਰਾਸ਼ਟਰਪਤੀ ਜੋਅ ਬਾਇਡਨ ਦਾ ਕਹਿਣਾ ਹੈ ਕਿ ਜੇ ਇਹ ਫੈਸਲਾ ਹੁੰਦਾ ਹੈ ਤਾਂ ਇਸ ਨਾਲ ਹੋਰ ਗੱਲਾਂ ਨਾਲ ਸਬੰਧਿਤ ਆਜ਼ਾਦੀ 'ਤੇ ਵੀ ਸਵਾਲ ਖੜ੍ਹੇ ਹੋ ਜਾਣਗੇ।

ਉਨ੍ਹਾਂ ਕਿਹਾ, ''ਮੈਂ ਇਸਨੂੰ ਲੈ ਕੇ ਚਿੰਤਤ ਹਾਂ ਕਿ 50 ਸਾਲ ਬਾਅਦ ਅਸੀਂ ਇਹ ਤੈਅ ਕਰਨ ਜਾ ਰਹੇ ਹਾਂ ਕਿ ਔਰਤ ਨੂੰ ਚੁਣਨ ਦਾ ਅਧਿਕਾਰ ਨਹੀਂ ਹੈ।''

ਇਨ੍ਹਾਂ ਲੀਕ ਹੋਏ ਦਸਤਾਵੇਜ਼ਾਂ ਨੂੰ ''ਫਰਸਟ ਡਰਾਫ਼ਟ'' ਨਾਮ ਦਿੱਤਾ ਗਿਆ ਹੈ ਅਤੇ ਇਨ੍ਹਾਂ ਵਿੱਚ ਜੱਜ ਸੈਮੁਅਲ ਅਲੀਟੋ ਨੇ ਲਿਖਿਆ ਹੈ ਕਿ 1973 ਦਾ ਰੋਅ ਵਰਸਜ਼ ਵੇਡ ਜੋ ਕਿ ਯੂਐੱਸ ਵਿੱਚ ਗਰਭਪਾਤ ਨੂੰ ਕਾਨੂਨੀ ਬਣਾਉਂਦਾ ਹੈ, ''ਸ਼ੁਰੂ ਤੋਂ ਹੀ ਗਲਤ ਹੈ''।

ਹਾਲਾਂਕਿ ਇਹ ਅਦਾਲਤ ਦਾ ਅੰਤਿਮ ਫੈਸਲਾ ਨਹੀਂ ਹੈ ਅਤੇ ਇਸ ਬਾਰੇ ਮਤਾ ਬਦਲ ਵੀ ਸਕਦਾ ਹੈ। ਫਿਲਹਾਲ ਦੇਸ਼ ਵਿੱਚ ਇਸਨੂੰ ਲੈ ਕੇ ਸਖਤ ਵਿਰੋਧ ਦੇਖਣ ਦੀਆਂ ਰਿਪੋਰਟਾਂ ਹਨ।

ਇਹ ਵੀ ਪੜ੍ਹੋ:

ਚੰਨੀ ਖ਼ਿਲਾਫ਼ ਅਪਮਾਨਜਨਕ ਟਿੱਪਣੀ ਦੇ ਮਾਮਲੇ 'ਚ ਸੁਨੀਲ ਜਾਖੜ ਦੇ ਖ਼ਿਲਾਫ਼ ਕੋਈ ਕੇਸ ਨਹੀਂ ਬਣਦਾ - ਪੁਲਿਸ

ਪੰਜਾਬ ਪੁਲਿਸ ਨੇ ਪਿਛੜੀਆਂ ਜਾਤਾਂ ਲਈ ਬਣੇ ਨੈਸ਼ਨਲ ਕਮਿਸ਼ਨ ਨੂੰ ਜਾਣਕਾਰੀ ਦਿੱਤੀ ਹੈ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਖ਼ਿਲਾਫ਼ ਅਪਮਾਨਜਨਕ ਟਿੱਪਣੀ ਕਰਨ ਦੇ ਮਾਮਲੇ ਵਿੱਚ ਸੁਨੀਲ ਜਾਖੜ ਦੇ ਖ਼ਿਲਾਫ਼ ਕੋਈ ਕੇਸ ਨਹੀਂ ਬਣਦਾ।

ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਜਾਖੜ ਸ਼ੁਰੂ ਇਸ ਗੱਲ ਤੋਂ ਇਨਕਾਰ ਕਰਦੇ ਰਹੇ ਹਨ ਕਿ ਉਨ੍ਹਾਂ ਨੇ ਚੰਨੀ ਖ਼ਿਤਾਫ਼ ਕੋਈ ਅਜਿਹੀ ਟਿੱਪਣੀ ਕੀਤੀ ਹੈ।

ਸੁਨੀਲ ਜਾਖੜ, ਚਰਨਜੀਤ ਸਿੰਘ ਚੰਨੀ

ਤਸਵੀਰ ਸਰੋਤ, Facebook

ਤਸਵੀਰ ਕੈਪਸ਼ਨ, ਜਾਖੜ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਜੋ ਵੀ ਕਿਹਾ ਉਸਨੂੰ ਗਲਤ ਤਰੀਕੇ ਨਾਲ ਸਮਝਿਆ ਗਿਆ।

ਦਿ ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ, ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਕਮਿਸ਼ਨ ਨੂੰ ਜਵਾਬ ਸੌਂਪ ਦਿੱਤਾ ਦਿੱਤਾ ਗਿਆ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਅਜਿਹਾ ਕੁਝ ਵੀ ਨਹੀਂ ਹੈ ਜਿਸ ਦੇ ਆਧਾਰ 'ਤੇ ਜਾਖੜ ਖ਼ਿਲਾਫ਼ ਕੇਸ ਬਣਦਾ ਹੋਵੇ।

ਅਧਿਕਾਰੀ ਨੇ ਕਿਹਾ ਕਿ ਸ਼ਿਕਾਇਤ ਕਿਸੇ 'ਤੀਜੇ ਵਿਅਕਤੀ' ਦੁਆਰਾ ਦਰਜ ਕਰਵਾਈ ਗਈ ਹੈ ਜੋ ਕਿ 'ਕਥਿਤ ਪੀੜਿਤ ਵੀ ਨਹੀਂ ਹੈ' ਇਸ ਲਈ ਕੇਸ ਦਰਜ ਕਰਨ ਦਾ 'ਕੋਈ ਆਧਾਰ' ਨਹੀਂ ਬਣਦਾ।

ਸਾਲ 2020 'ਚ ਭਾਰਤ 'ਚ 82 ਲੱਖ ਲੋਕਾਂ ਦੀ ਮੌਤ ਹੋਈ, 1.48 ਲੱਖ ਮੌਤਾਂ ਕੋਰੋਨਾ ਕਾਰਨ ਹੋਈਆਂ

ਰਜਿਸਟਰ ਜਨਰਲ ਆਫ਼ ਇੰਡੀਆ (ਆਰਜੀਆਈ) ਦੇ ਡੇਟਾ ਅਨੁਸਾਰ, ਸਾਲ 2020 ਵਿੱਚ ਭਾਰਤ 'ਚ 81.2 ਲੱਖ ਲੋਕਾਂ ਦੀ ਮੌਤ ਹੋਈ ਹੈ ਜੋ ਕਿ ਸਾਲ 2019 ਦੋ ਮੁਕਾਬਲੇ 6 ਫੀਸਦੀ ਵੱਧ ਹੈ। 2019 ਵਿੱਚ 76.4 ਲੱਖ ਲੋਕਾਂ ਦੀ ਮੌਤ ਹੋਈ ਸੀ।

2020 ਵਿੱਚ ਜਦੋਂ ਦੇਸ਼ 'ਚ ਪਹਿਲੀ ਵਾਰ ਕੋਰੋਨਾ ਮਹਾਮਾਰੀ ਨੇ ਪੈਰ ਪਸਾਰੇ, ਉਸ ਵੇਲੇ 1.48 ਲੱਖ ਲੋਕਾਂ ਨੇ ਇਸ ਦੇ ਚੱਲਦਿਆਂ ਆਪਣੀ ਜਾਨ ਗਵਾਈ ਸੀ। ਹਾਲਾਂਕਿ ਇਹ ਅੰਕੜਾ 2021 ਦੇ ਮੁਕਾਬਲੇ ਕਾਫ਼ੀ ਘੱਟ ਹੈ ਜਦੋਂ ਮਹਾਮਾਰੀ ਕਾਰਨ 3.32 ਲੱਖ ਲੋਕਾਂ ਦੀ ਮੌਤ ਹੋਈ।

ਕੋਰੋਨਾਵਾਇਰਸ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, 2020 ਵਿੱਚ ਕੋਰੋਨਾ ਨਾਲ 1.48 ਲੱਖ ਅਤੇ 2021 ਵਿੱਚ 3.32 ਲੱਖ ਲੋਕਾਂ ਦੀ ਮੌਤ ਹੋਈ ਹੈ।

ਐੱਨਡੀਟੀਵੀ ਦੀ ਖ਼ਬਰ ਮੁਤਾਬਕ, ਮੰਗਲਵਾਲ ਨੂੰ ਕੇਂਦਰੀ ਸਿਹਤ ਮੰਤਰਾਲੇ ਦੁਆਰਾ ਜਾਰੀ ਕੀਤੇ ਗਏ ਡੇਟਾ ਅਨੁਸਾਰ, 2020 ਦੀ ਸ਼ੁਰੂਆਤ ਤੋਂ ਲੈ ਕੇ, ਮਹਾਮਾਰੀ ਕਾਰਨ 5,23,899 ਲੋਕਾਂ ਦੀ ਜਾਨ ਗਈ।

ਜਾਣਕਾਰੀ ਮੁਤਾਬਕ, ਮਹਾਰਾਸ਼ਟਰ, ਬਿਹਾਰ, ਗੁਜਰਾਤ, ਪੱਛਮੀ ਬੰਗਾਲ, ਆਂਧਰਾ ਪ੍ਰਦੇਸ਼, ਤਾਮਿਲਨਾਡੂ, ਕਰਨਾਟਕ, ਮੱਧ ਪ੍ਰਦੇਸ਼, ਰਾਜਸਥਾਨ, ਅਸਮ ਅਤੇ ਹਰਿਆਣਾ ਸੂਬਿਆਂ ਵਿੱਚ ਇਸ ਦੌਰਾਨ ਸਭ ਤੋਂ ਵੱਧ ਮੌਤਾਂ ਦਰਜ ਹੋਈਆਂ।

ਇਸਦੇ ਨਾਲ ਹੀ, ਡੇਟਾ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ 2019 ਵਿੱਚ ਜਿੱਥੇ 2.48 ਕਰੋੜ ਬੱਚਿਆਂ ਦਾ ਜਨਮ ਹੋਇਆ, 2020 ਵਿੱਚ ਇਹ ਅੰਕੜਾ 2.42 ਕਰੋੜ ਰਿਹਾ। ਜਿਸਦਾ ਮਤਲਬ ਹੈ ਕਿ ਇਸ ਵਿੱਚ 2.4 ਫੀਸਦੀ ਦੀ ਗਿਰਾਵਟ ਆਈ ਹੈ।

ਇਹ ਵੀ ਪੜ੍ਹੋ:

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)