ਨਵਜੋਤ ਸਿੱਧੂ ਨੇ ਆਪਣੇ ਖ਼ਿਲਾਫ਼ ਹਾਈਕਮਾਂਡ ਨੂੰ ਗਈ ਚਿੱਠੀ 'ਤੇ ਸਾਧੀ ਰੱਖੀ ਚੁੱਪੀ, ਕਾਂਗਰਸ 'ਚ ਖਿੱਚੋਤਾਣ ਬਰਕਰਾਰ

ਕਾਂਗਰਸ ਆਗੂ ਨਵਜੋਤ ਸਿੰਘ ਸਿੱਧੂ ਖਿਲਾਫ਼ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਚੌਧਰੀ ਵੱਲੋਂ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨੂੰ ਕੀਤੀ ਗਈ ਸ਼ਿਕਾਇਤ ਉੱਪਰ ਸਿੱਧੂ ਦੀ ਚੁੱਪੀ ਬਰਕਰਾਰ ਹੈ।

ਅੰਮ੍ਰਿਤਸਰ ਦੇ ਜਹਾਜਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਵਿੱਚ ਰੇਤੇ ਦੀਆਂ ਵਧੀਆਂ ਕੀਮਤਾਂ ਅਤੇ ਪੰਜਾਬ ਦੀ ਕਾਨੂੰਨ ਵਿਵਸਥਾ ਉੱਪਰ ਸਵਾਲ ਚੁੱਕੇ ਪਰ ਆਪਣੇ ਖ਼ਿਲਾਫ਼ ਹੋਈ ਸ਼ਿਕਾਇਤ ਉੱਪਰ ਕੋਈ ਟਿੱਪਣੀ ਨਹੀਂ ਕੀਤੀ।

ਪ੍ਰੈੱਸ ਕਾਨਫਰੰਸ ਦੌਰਾਨ ਪੱਤਰਕਾਰ ਉਨ੍ਹਾਂ ਨੂੰ ਇਸ ਬਾਰੇ ਪੁੱਛਦੇ ਰਹੇ, ਪਰ ਉਨ੍ਹਾਂ ਨੇ 'ਬੱਸ ਅੱਜ ਲਈ ਐਨਾ ਹੀ ਕਾਫ਼ੀ ਹੈ' ਕਹਿ ਕੇ ਹੀ ਸਾਰ ਦਿੱਤਾ ਤੇ ਉੱਥੋਂ ਚਲੇ ਗਏ।

ਨਵਜੋਤ ਸਿੰਘ ਸਿੱਧੂ ਨੇ ਅੰਮ੍ਰਿਤਸਰ ਵਿਖੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਰੇਤੇ ਦੀਆਂ ਵਧੀਆਂ ਕੀਮਤਾਂ ਦੇ ਮੁੱਦੇ 'ਤੇ ਨਿਸ਼ਾਨੇ ਉੱਤੇ ਲਿਆ।

ਹਰੀਸ਼ ਚੌਧਰੀ ਨੇ ਚਿੱਠੀ ਵਿੱਚ ਕੀ ਲਿਖਿਆ

ਨਵਜੋਤ ਸਿੰਘ ਸਿੱਧੂ ਬਾਰੇ ਸੋਨੀਆ ਗਾਂਧੀ ਨੂੰ ਲਿਖੀ ਗਈ ਚਿੱਠੀ ਵਿੱਚ ਹਰੀਸ਼ ਚੌਧਰੀ ਨੇ ਕਿਹਾ ਹੈ ਕਿ ਸਿੱਧੂ ਲਗਾਤਾਰ ਪਾਰਟੀ ਦੀ ਨਿਖੇਧੀ ਕਰਦੇ ਰਹਿੰਦੇ ਹਨ।

ਹਰੀਸ਼ ਚੌਧਰੀ ਨੇ ਲਿਖਿਆ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਨਵਜੋਤ ਸਿੰਘ ਸਿੱਧੂ ਖਿਲਾਫ ਇੱਕ ਚਿੱਠੀ ਲਿਖੀ ਹੈ ਜਿਸ ਵਿੱਚ ਸਿੱਧੂ ਦੀਆਂ ਪਾਰਟੀ ਵਿਰੋਧੀ ਗਤੀਵਿਧੀਆਂ ਦਾ ਜ਼ਿਕਰ ਹੈ।

ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਪੰਜਾਬ ਕਾਂਗਰਸ ਪ੍ਰਧਾਨ ਵਜੋਂ ਅਹੁਦਾ ਸੰਭਾਲਣ 'ਤੇ ਨਵਜੋਤ ਸਿੰਘ ਸਿੱਧੂ ਦੇ ਰਵੱਈਏ ਦਾ ਜ਼ਿਕਰ ਵੀ ਚਿੱਠੀ ਵਿੱਚ ਕੀਤਾ ਗਿਆ ਹੈ।

ਇਸ ਚਿੱਠੀ ਵਿੱਚ ਨਵਜੋਤ ਸਿੰਘ ਸਿੱਧੂ ਤੋਂ ਸਪੱਸ਼ਟੀਕਰਨ ਲੈਣ ਬਾਰੇ ਵੀ ਆਖਿਆ ਗਿਆ ਹੈ।

ਇਹ ਵੀ ਪੜ੍ਹੋ:

ਕੇਜਰੀਵਾਲ ਨੂੰ ਝੂਠਾ ਕਹਿ ਕੇ ਘੇਰਦੇ ਨਜ਼ਰ ਆਏ ਸਿੱਧੂ

ਸਿੱਧੂ ਨੇ ਕਿ ਕਾਂਗਰਸ ਦੀ ਸਰਕਾਰ ਦੇ ਸਮੇਂ ਰੇਤੇ ਦੀ ਟਰਾਲੀ ਤਕਰੀਬਨ 3600 ਰੁਪਏ ਦੀ ਸੀ ਅਤੇ ਹੁਣ ਇਹ ਵੱਧ ਕੇ 16000 ਤੱਕ ਪਹੁੰਚ ਗਈ ਹੈ। ਅਰਵਿੰਦ ਕੇਜਰੀਵਾਲ ਆਮ ਆਦਮੀ ਦੀ ਗੱਲ ਕਰਦੇ ਹਨ ਪਰ ਗ਼ਰੀਬ ਅਤੇ ਮਜ਼ਦੂਰ ਪ੍ਰੇਸ਼ਾਨ ਹਨ।

ਨਵਜੋਤ ਸਿੰਘ ਸਿੱਧੂ ਨੇ ਕਿਹਾ," ਜਦੋਂ ਤੱਕ ਅਰਵਿੰਦ ਕੇਜਰੀਵਾਲ ਦੀ ਪਾਲਿਸੀ ਆਵੇਗੀ ਉਸ ਸਮੇਂ ਤੱਕ ਪੰਜਾਬ ਬਰਬਾਦ ਹੋ ਜਾਵੇਗਾ। ਅਰਵਿੰਦ ਕੇਜਰੀਵਾਲ ਪੰਜਾਬੀਆਂ ਨਾਲ ਝੂਠ ਬੋਲਦੇ ਹਨ।"

''ਪੰਜਾਬ ਵਿੱਚ ਰੇਤੇ ਦਾ ਮਸਲਾ ਗੰਭੀਰ ਹੈ। ਸਿਰਫ਼ ਮਾਈਨਿੰਗ ਰੋਕ ਦੇਣ ਨਾਲ ਇਸ ਦਾ ਹੱਲ ਨਹੀਂ ਹੋ ਸਕੀ।''

ਸਿੱਧੂ ਦੀਆਂ ਨਿੱਜੀ ਪੱਧਰ ਦੀਆਂ ਗਤੀਵਿਧੀਆਂ

ਵਿਧਾਨ ਸਭਾ ਚੋਣਾਂ ਹਾਰਨ ਤੋਂ ਬਾਅਦ ਤੋਂ ਹੀ ਨਵਜੋਤ ਸਿੰਘ ਸਿੱਧੂ ਨੂੰ ਆਪਣੇ ਪੱਧਰ 'ਤੇ ਲੋਕਾਂ ਦੇ ਮਸਲੇ ਚੁੱਕਦੇ ਦੇਖਿਆ ਜਾਂਦਾ ਹੈ।

ਕਦੇ ਉਹ ਬੇਅਦਬੀ ਦੇ ਪੀੜਤਾਂ ਨੂੰ ਇਨਸਾਫ਼ ਦਿਵਾਉਣ ਲਈ ਧਰਨਾ ਲਾ ਲੈਂਦੇ ਹਨ, ਕਦੇ ਬਿਜਲੀ ਦੀਆਂ ਵਧਦੀਆਂ ਕੀਮਤਾਂ ਖ਼ਿਲਾਫ਼ ਮੋਰਚਾ ਖੋਲ੍ਹ ਲੈਂਦੇ ਹਨ ਤੇ ਕਦੇ ਸੂਬੇ ਦੇ ਕਾਨੂੰਨ ਪ੍ਰਬੰਧ ਨੂੰ ਲੈ ਕੇ ਭਗਵੰਤ ਮਾਨ ਸਰਕਾਰ ਨੂੰ ਘੇਰਦੇ ਨਜ਼ਰ ਆਉਂਦੇ ਹਨ।

ਹਾਲ ਹੀ ਵਿੱਚ ਨਵੀਂ ਸਰਕਾਰ ਦੇ ਕਾਰਜਕਾਲ ਦੌਰਾਨ ਹੋਏ ਕਤਲਾਂ ਦਾ ਮਸਲਾ ਸਿੱਧੂ ਜੋਰ-ਸ਼ੋਰ ਨਾਲ ਚੁੱਕਦੇ ਰਹੇ ਸਨ। ਉਹ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨੂੰ ਮਿਲਣ ਵੀ ਪਹੁੰਚੇ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਕਾਰਗੁਜ਼ਾਰੀ ਉੱਪਰ ਸਵਾਲ ਚੁੱਕਦੇ ਰਹੇ।

ਨਵਜੋਤ ਸਿੰਘ ਸਿੱਧੂ ਨੇ ਅਪ੍ਰੈਲ ਮਹੀਨੇ ਦੀ ਸ਼ੁਰੂਆਤ ਵਿੱਚ ਫ਼ਰੀਦਕੋਟ ਵਿਖੇ ਸਿੱਖ ਜੱਥੇਬੰਦੀਆਂ ਦੇ ਧਰਨੇ ਵਿੱਚ ਸ਼ਮੂਲੀਅਤ ਕੀਤੀ ਸੀ।

ਇਹ ਜੱਥੇਬੰਦੀਆਂ ਸਾਲ 2015 ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਅਤੇ ਇਨਸਾਫ਼ ਲਈ ਪ੍ਰਦਰਸ਼ਨ ਕਰ ਰਹੇ ਲੋਕਾਂ ਉੱਪਰ ਪੁਲਿਸ ਵੱਲੋਂ ਕੀਤੀ ਗੋਲੀਬਾਰੀ ਦੇ ਦੋਸ਼ੀਆਂ ਨੂੰ ਸਜ਼ਾ ਦੇਣ ਦੀ ਮੰਗ ਕਰ ਰਹੀਆਂ ਸਨ।

ਆਪਣੀ ਸਰਕਾਰ ਖ਼ਿਲਾਫ਼ ਮੋਰਚਾ ਖੋਲ੍ਹਦੇ ਰਹੇ ਹਨ ਸਿੱਧੂ

ਸਾਬਕਾ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਆਪਣੀ ਹੀ ਪਾਰਟੀ ਨਾਲ ਖਿੱਚੋਤਾਣ ਕਾਫ਼ੀ ਲੰਮੇ ਸਮੇਂ ਤੋਂ ਚੱਲਦੀ ਆ ਰਹੀ ਹੈ। ਸਿੱਧੂ ਦਾ ਕਾਂਗਰਸ ਪਾਰਟੀ ਨਾਲੋਂ ਕੁਝ ਮੁੱਦਿਆਂ ਉੱਪਰ ਵੱਖਰਾ ਸਟੈਂਡ ਰਿਹਾ ਹੈ।

ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਤਾਜਪੋਸ਼ੀ ਸਮੇਂ ਨਵਜੋਤ ਸਿੰਘ ਸਿੱਧੂ ਨੇ ਕਾਂਗਰਸ ਭਵਨ ਚੰਡੀਗੜ੍ਹ ਵਿਖੇ ਥੋੜ੍ਹੇ ਸਮੇਂ ਲਈ ਸਮਾਗਮ ਵਿੱਚ ਸ਼ਮੂਲੀਅਤ ਕੀਤੀ। ਹਾਲਾਂਕਿ ਸਿੱਧੂ ਨੇ ਰਾਜਾ ਵੜਿੰਗ ਨਾਲ ਸਟੇਜ ਸਾਂਝੀ ਨਹੀਂ ਕੀਤੀ।

ਪੰਜਾਬ ਵਿੱਚ ਚੋਣਾਂ ਤੋਂ ਪਹਿਲਾਂ ਵੀ ਨਵਜੋਤ ਸਿੰਘ ਸਿੱਧੂ ਆਪਣੀ ਹੀ ਸਰਕਾਰ ਖਿਲਾਫ਼ ਭ੍ਰਿਸ਼ਟਾਚਾਰ, ਰੇਤ ਮਾਫ਼ੀਆ ਅਤੇ ਬੇਅਦਬੀਆਂ ਦੇ ਕੇਸਾਂ ਵਿੱਚ ਇਨਸਾਫ਼ ਨਾ ਹੋਣ ਨੂੰ ਲੈ ਕੇ ਅਲੋਚਨਾ ਕਰਦੇ ਰਹਿੰਦੇ ਸਨ।

ਵਿਧਾਨ ਸਭਾ ਚੋਣਾਂ ਦੌਰਾਨ ਸਿੱਧੂ ਨੇ ਆਪਣਾ ਹੀ ''ਪੰਜਾਬ ਮਾਡਲ'' ਵੀ ਪੇਸ਼ ਕੀਤਾ ਸੀ ਜੋ ਕਿ ਕਾਂਗਰਸ ਦੇ ਚੋਣ ਮੈਨੀਫੈਸਟੋ ਤੋਂ ਵੱਖਰਾ ਸੀ।

ਕੈਪਟਨ ਖਿਲਾਫ਼ ਵੀ ਬੋਲਦੇ ਰਹੇ, ਚੰਨੀ ਦੀ ਵੀ ਕੀਤੀ ਆਲੋਚਨਾ

ਨਵਜੋਤ ਸਿੰਘ ਸਿੱਧੂ ਨੇ ਉਸ ਸਮੇਂ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖ਼ਿਲਾਫ਼ ਵੀ ਮੋਰਚਾ ਖੋਲ੍ਹਿਆ ਹੋਇਆ ਸੀ। ਉੁਹ ਅਕਸਰ ਹੀ ਕੈਪਟਨ ਉੱਪਰ ਬਾਦਲ ਪਰਿਵਾਰ ਨਾਲ ਕਥਿਤ ਨਜ਼ਦੀਕੀਆਂ ਨੂੰ ਲੈ ਕੇ ਨਿਸ਼ਾਨੇ ਸਾਧਦੇ ਸਨ।

ਇਸ ਤੋਂ ਬਾਅਦ ਅਗਲੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਵੀ ਸਿੱਧੂ ਦੇ ਸਬੰਧ ਸੁਖਾਵੇਂ ਨਹੀਂ ਸਨ। ਉਹ ਹਮੇਸ਼ਾ ਸੂਬੇ ਵਿੱਚ ਚੱਲ ਰਹੇ ਕਥਿਤ ਰੇਤ ਅਤੇ ਹੋਰ ਮਾਫ਼ੀਆ ਨੂੰ ਕਾਬੂ ਕਰਨ ਵਿੱਚ ''ਅਸਫ਼ਲ ਰਹੀ ਸਰਕਾਰ'' ਨੂੰ ਕੋਸਦੇ ਸਨ।

ਪੰਜਾਬ ਵਿਧਾਨ ਸਭਾ ਚੋਣਾਂ ਲਈ ਸਿੱਧੂ ਵੀ ਮੁੱਖ ਮੰਤਰੀ ਦੇ ਚਿਹਰੇ ਦੇ ਦਾਅਵੇਦਾਰ ਦੀ ਦੌੜ ਵਿੱਚ ਸਨ ਪਰ ਪਾਰਟੀ ਹਾਈ ਕਮਾਂਡ ਨੇ ਚੋਣਾਂ ਵਿੱਚ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਦਾ ਉਮੀਦਵਾਰ ਐਲਾਨਿਆ।

ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਹੋਈ ਨਮੋਸ਼ੀ ਭਰੀ ਹਾਰ ਤੋਂ ਬਾਅਦ ਕਾਂਗਰਸ ਨੇਤਾ ਸੁਖਜਿੰਦਰ ਸਿੰਘ ਰੰਧਾਵਾ ਅਤੇ ਭਾਰਤ ਭੂਸ਼ਣ ਆਸ਼ੂ ਨੇ ਨਵਜੋਤ ਸਿੰਘ ਸਿੱਧੂ ਦੀਆਂ ਗਤੀਵਿਧੀਆਂ ਉੱਪਰ ਸਵਾਲ ਚੁੱਕੇ ਸਨ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)