You’re viewing a text-only version of this website that uses less data. View the main version of the website including all images and videos.
ਪਹਿਲੇ ਸਵਦੇਸ਼ੀ ਏਅਰਕ੍ਰਾਫਟ ਦੀ ਕਾਰੋਬਾਰੀ ਉਡਾਣ 'ਤੇ ਮੋਦੀ ਸਰਕਾਰ ਦਾ ਦਾਅਵਾ ਕਿੰਨਾ ਸੱਚ - ਫੈਕਟ ਚੈੱਕ
- ਲੇਖਕ, ਜੁਗਲ ਪੁਰੋਹਿਤ
- ਰੋਲ, ਬੀਬੀਸੀ ਡਿਸਇਨਫਾਰਮੇਸ਼ਨ ਯੂਨਿਟ, ਦਿੱਲੀ
ਪਿਛਲੇ ਹਫ਼ਤੇ ਭਾਰਤ ਦੇ ਸਿਵਿਲ ਏਵੀਏਸ਼ਨ ਮੰਤਰੀ ਜਿਓਤੀਰਾਦਿਤਿਆ ਸਿੰਧਿਆ ਨੇ ਟਵੀਟ ਕਰ ਕੇ ਸਵਦੇਸ਼ੀ ਡੋਰਨੀਅਰ ਏਅਰਕ੍ਰਾਫ਼ਟ ਦੀ ਪਹਿਲੀ ਉਡਾਣ ਸੇਵਾ ਸ਼ੁਰੂ ਕਰਨ ਦੀ ਜਾਣਕਾਰੀ ਦਿੱਤੀ।
ਸਿੰਧਿਆ ਦੇ ਟਵੀਟ ਤੋਂ ਇੱਕ ਦਿਨ ਪਹਿਲਾਂ ਉਨ੍ਹਾਂ ਦੇ ਮੰਤਰਾਲੇ ਨੇ ਪ੍ਰੈੱਸ ਨੋਟ ਜਾਰੀ ਕਰ ਕੇ ਦੱਸਿਆ, "ਮੇਡ ਇਨ ਇੰਡੀਆ ਡੋਰਨੀਅਰ ਏਅਰਕ੍ਰਾਫਟ ਐੱਚਏਐੱਲ ਡੋਰਨੀਅਰ ਡੀਓ-228 ਦੀ ਪਹਿਲੀ ਉਡਾਣ ਸੇਵਾ ਅਸਮ ਦੇ ਡਿਬਰੂਗੜ੍ਹ ਤੋਂ ਅਰੁਣਾਚਲ ਪ੍ਰਦੇਸ਼ ਕੋਲ ਪਾਸੀਘਾਟ ਵਿਚਾਲੇ ਸ਼ੁਰੂ ਹੋਵੇਗੀ।"
ਇਸ ਨੋਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਅਲਾਇੰਸ ਏਅਰ ਭਾਰਤ ਦੀ ਪਹਿਲੀ ਕਾਰੋਬਾਰੀ ਉਡਾਣ ਹੈ ਜੋ ਨਾਗਰਿਕ ਆਪਰੇਸ਼ਨ ਲਈ ਭਾਰਤ ਵਿੱਚ ਬਣੇ ਜਹਾਜ਼ਾਂ ਦਾ ਇਸਤੇਮਾਲ ਕਰ ਰਹੀ ਹੈ।
ਸਿੰਧਿਆ ਤੋਂ ਇਲਾਵਾ ਕੇਂਦਰ ਅਤੇ ਸੂਬਾ ਸਰਕਾਰ ਦੇ ਦੂਜੇ ਮੰਤਰੀਆਂ ਨੇ ਵੀ ਸੋਸ਼ਲ ਮੀਡੀਆ ਪੋਸਟ ਰਾਹੀਂ ਇਸ ਦੀ ਜਾਣਕਾਰੀ ਦਿੱਤੀ।
ਭਾਰਤ ਸਰਕਾਰ ਦੇ ਸੱਭਿਆਚਾਰਕ ਮਾਮਲਿਆਂ ਦੇ ਮੰਤਰੀ ਜੀ ਕਿਸ਼ਨ ਰੈੱਡੀ ਨੇ ਪੋਸਟ ਕੀਤਾ, "ਉਡਾਣ ਤਹਿਤ ਮੇਡ ਇਨ ਇੰਡੀਆ ਡੋਰਨੀਅਰ ਜਹਾਜ਼ 228 ਹੁਣ ਸੇਵਾ ਵਿੱਚ ਹੈ। ਇਸ ਸਵਦੇਸ਼ੀ ਜਹਾਜ਼ ਨੇ ਆਪਣੀ ਉਡਾਣ ਭਰੀ।"
ਭਾਰਤ ਦੇ ਕਾਨੂੰਨ ਅਤੇ ਨਿਆਂ ਮੰਤਰੀ ਕਿਰਨ ਰਿਜੀਜੂ ਨੇ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ, "ਕੁਝ ਲੋਕ ਮੇਕ ਇਨ ਇੰਡੀਆ ਨੂੰ ਖਾਰਜ ਕਰਦੇ ਹਨ ਅਤੇ ਪ੍ਰਧਾਨ ਮੰਤਰੀ ਮੋਦੀ ਜੀ ਦੇ ਆਤਮ ਨਿਰਭਰ ਭਾਰਤ ਵਿਜਨ 'ਤੇ ਸਵਾਲ ਚੁੱਕਦੇ ਹਨ। ਮੇਡ ਇਨ ਇੰਡੀਆ ਡੋਰਨੀਅਰ ਏਅਰਕ੍ਰਾਫ ਨਵੇਂ ਭਾਰਤ ਦੀ ਸਮਰੱਥਾ ਨੂੰ ਪ੍ਰਦਰਸ਼ਿਤ ਕਰ ਰਿਹਾ ਹੈ।"
ਕਈ ਮੀਡੀਆ ਪ੍ਰਕਾਸ਼ਨਾਂ ਨੇ ਇਸ ਨੈਰੇਟਿਵ ਨਾਲ ਇਸ ਖ਼ਬਰ ਨੂੰ ਪ੍ਰਕਾਸ਼ਿਤ ਅਤੇ ਪ੍ਰਸਾਰਿਤ ਕੀਤਾ ਹੈ।
ਪਰ ਕੀ ਸਰਕਾਰ ਦਾ ਦਾਅਵਾ ਸਹੀ ਹੈ? ਇਸ ਦਾ ਜਵਾਬ ਹੈ -ਨਹੀਂ।
ਇਸ ਦਾਅਵੇ ਦੀ ਸੱਚਾਈ ਨੂੰ ਜਾਨਣ ਲਈ ਅਸੀਂ ਦੋ ਗੱਲਾਂ ਦਾ ਪਤਾ ਲਗਾਇਆ, ਭਾਰਤ ਵਿੱਚ ਯਾਤਰੀਆਂ ਲਈ ਸਵੈ-ਨਿਰਮਿਤ ਜਹਾਜ਼ ਕਿਹੜਾ ਸੀ ਅਤੇ ਡੋਰਨੀਅਰ ਏਅਰਕ੍ਰਾਫਟ ਨਾਲ ਜੁੜੇ ਤੱਥ ਕੀ ਹਨ?
ਇਹ ਵੀ ਪੜ੍ਹੋ-
ਭਾਰਤ ਸਰਕਾਰ ਦੇ ਆਪਣੇ ਰਿਕਾਰਡ ਮੁਤਾਬਕ, ਦੇਸ਼ ਵਿੱਚ ਬਣਿਆ ਅਤੇ ਨਾਗਰਿਕਾਂ ਨੂੰ ਇੱਕ ਥਾਂ ਤੋਂ ਦੂਜੀ ਥਾਂ ਲੈ ਕੇ ਜਾਣ ਵਾਲਾ ਜਹਾਜ਼ ਡੋਰਨੀਅਰ ਨਹੀਂ, ਇਹ ਏਵਰੋ ਜਹਾਜ਼ ਸੀ।
25 ਜੂਨ, 1967 ਨੂੰ ਜਾਰੀ ਸਰਕਾਰੀ ਪ੍ਰੈੱਸ ਰਿਲੀਜ਼ ਵਿੱਚ ਕਿਹਾ ਗਿਆ, "28 ਜੂਨ ਨੂੰ ਕਾਨਪੁਰ ਵਿੱਚ ਪ੍ਰਬੰਧਿਤ ਇੱਕ ਸਮਾਗਮ ਵਿੱਚ ਰੱਖਿਆ ਮੰਤਰੀ ਸਰਦਾਰ ਸਵਰਨ ਸਿੰਘ, ਸੈਰ-ਸਪਾਟਾ ਅਤੇ ਸਿਵਿਲ ਏਵੀਏਸ਼ਨ ਮੰਤਰੀ ਡਾ. ਕਰਨ ਸਿੰਘ ਨੂੰ ਦੇਸ਼ ਵਿੱਚ ਬਣੇ 14 ਏਵਰੋ ਜਹਾਜ਼ਾਂ ਵਿੱਚੋਂ ਪਹਿਲਾ ਜਹਾਜ਼ ਸੌਂਪਣਗੇ, ਜਿਸ ਨੂੰ ਇੰਡੀਅਨ ਏਅਰਲਾਈਂਸ ਦੀਆਂ ਉਡਾਣਾਂ ਵਿੱਚ ਲਗਾਇਆ ਜਾਵੇਗਾ।"
"ਮੌਜੂਦਾ ਸਮੇਂ ਵਿੱਚ ਦੇਸ਼ ਵਿੱਚ ਏਵਰੋ ਇਕੱਲਾ ਯਾਤਰੀ ਜਹਾਜ਼ ਹੈ ਜਿਸ ਦਾ ਨਿਰਮਾਣ ਦੇਸ਼ ਵਿੱਚ ਹੋ ਰਿਹਾ ਹੈ। ਹਰੇਕ ਜਹਾਜ਼ ਦੀ ਲਾਗਤ 82.53 ਲੱਖ ਰੁਪਏ ਹੈ।"
ਇਸ ਜਹਾਜ਼ ਦੇ ਅਸਲ ਨਿਰਮਾਤਾ ਬੀਏਈ ਸਿਸਟਮ ਨੇ ਇਸ ਜਹਾਜ਼ ਬਾਰੇ ਵਿੱਚ ਜੋ ਕਿਹਾ ਸੀ, "ਕੁਲ 381 ਜਹਾਜ਼ ਬਣਾਏ ਗਏ ਹਨ, ਜਿਸ ਵਿੱਚ 89 ਦਾ ਨਿਰਮਾਣ ਹਿੰਦੁਸਤਾਨ ਏਅਰੋਨਾਟਿਕਸ ਲਿਮੀਟਡ (ਐੱਚਏਐੱਲ) ਨੇ ਕੀਤਾ ਹੈ।"
"ਭਾਰਤ ਵਿੱਚ ਬਣਾਏ ਪਹਿਲੇ ਜਹਾਜ਼ ਨੇ ਇੱਕ ਨਵੰਬਰ, 1961 ਨੂੰ ਉਡਾਣ ਭਰੀ ਸੀ। ਐੱਚਐੱਲਏ ਵੱਲੋਂ ਬਣਾਏ ਗਏ ਜਹਾਜ਼ ਦਾ ਇਸਤੇਮਾਲ ਇੰਡੀਅਨ ਏਅਰਲਾਈਨਸ ਨੇ ਵੀ ਕੀਤਾ ਸੀ।"
ਲਗਾਤਾਰ ਕੋਸ਼ਿਸ਼ਾਂ ਤੋਂ ਬਾਅਦ ਵੀ ਐੱਚਏਐੱਲ ਨੇ ਸਾਡੇ ਕਿਸੇ ਸਵਾਲ ਦਾ ਜਵਾਬ ਨਹੀਂ ਦਿੱਤਾ ਹੈ, ਹਿੰਦੁਸਤਾਨ ਏਅਰੋਨਾਟਿਕਸ ਲਿਮੀਟਡ, ਭਾਰਤ ਦੇ ਰੱਖਿਆ ਮੰਤਰਾਲੇ ਅਧੀਨ ਕੰਮ ਕਰਦੀ ਹੈ।
ਪਰ ਇੱਕ ਸਰਕਾਰੀ ਅਧਿਕਾਰੀ ਨੇ ਪਛਾਣ ਨਾ ਦੱਸਣ ਦੀ ਸ਼ਰਤ 'ਤੇ ਕਿਹਾ, "ਇੰਡੀਅਨ ਏਅਰਲਾਈਨਸ ਉਦੋਂ ਵੱਡੀ ਉਡਾਣ ਸੇਵਾ ਹੁੰਦੀ ਸੀ ਅਤੇ ਉਹ ਭਾਰਤ ਵਿੱਚ ਬਣੇ ਜਹਾਜ਼ਾਂ ਦੀ ਵਰਤੋਂ ਵੀ ਕਰਦੀ ਸੀ।"
ਇਸ ਬਾਰੇ ਬੀਬੀਸੀ ਨੇ ਕੁਝ ਆਜ਼ਾਦ ਮਾਹਿਰਾਂ ਨਾਲ ਗੱਲ ਕੀਤੀ। ਸਿਵਿਲ ਏਵੀਏਸ਼ਨ ਮਾਮਲਿਆਂ ਦੇ ਮਾਹਿਰ ਕੈਪਟਨ ਮੋਹਨ ਰੰਗਨਾਥਨ ਨੇ ਬੀਬੀਸੀ ਨੂੰ ਦੱਸਿਆ ਕਿ ਇੰਡੀਅਨ ਏਅਰਲਾਈਨਸ ਦੇ ਨਾਲ ਰਹਿੰਦਿਆਂ ਉਹ ਖ਼ੁਦ ਏਵਰੋ ਉਡਾ ਚੁੱਕੇ ਹਨ। ਉਨ੍ਹਾਂ ਨੇ ਸਿਵਿਲ ਏਵੀਏਸ਼ਨ ਮੰਤਰੀ ਦੇ ਦਾਅਵੇ ਨੂੰ 'ਝੂਠਾ' ਦੱਸਿਆ।
ਫੇਡਰੇਸ਼ਨ ਆਫ ਇੰਡੀਅਨ ਪਾਇਲਟ ਦੇ ਫਾਊਂਡਰ ਪ੍ਰੈਸੀਡੈਂਟ ਕੈਪਟਨ ਮੀਨੂ ਵਾਡੀਆ ਨੇ ਕਿਹਾ, "ਸਰਕਾਰ ਦਾ ਇਹ ਦਾਅਵਾ ਗੁੰਮਰਾਹਕੁਨ ਹੈ।"
ਸਰਕਾਰ ਨੇ ਆਪਣੇ ਪ੍ਰੈੱਸ ਰਿਲੀਜ਼ ਵਿੱਚ ਦਾਅਵਾ ਕੀਤਾ ਸੀ ਕਿ ਅਲਾਇੰਸ ਏਅਰ, ਨਾਗਰਿਕ ਸੇਵਾ ਲਈ ਭਾਰਤ ਵਿੱਚ ਬਣੇ ਜਹਾਜ਼ਾਂ ਦਾ ਇਸਤੇਮਾਲ ਕਰਨ ਵਾਲੀ ਪਹਿਲੀ ਵਪਾਰਕ ਏਅਰਲਾਈਨਸ ਹੈ।
ਇਸ ਦਲੀਲ ਨੂੰ ਖਾਰਜ ਕਰਦਿਆਂ ਹੋਇਆ ਮੀਨੂ ਵਾਡੀਆ ਦੱਸਦੇ ਹਨ, "ਕੋਈ ਵੀ ਜਹਾਜ਼ ਜੋ ਨਾਗਰਿਕ ਜਹਾਜ਼ ਵਜੋਂ ਰਜਿਸਟਰ ਹੋਵੇ ਅਤੇ ਟਿਕਟ ਬਦਲੇ ਯਾਤਰੀਆਂ ਨੂੰ ਇੱਕ ਥਾਂ ਤੋਂ ਦੂਜੀ ਥਾਂ 'ਤੇ ਪਹੁੰਚਾਉਂਦਾ ਹੋਵੇ, ਉਸ ਨੂੰ ਕਾਰੋਬਾਰੀ ਉਡਾਣ ਕਹਿੰਦੇ ਹਨ।"
"ਯਾਤਰੀ ਨੂੰ ਢੋਣ ਵਾਲੇ ਜਹਾਜ਼ ਅਤੇ ਕਾਰੋਬਾਰੀ ਉਡਾਣ ਵਾਲੇ ਜਹਾਜ਼ ਵਿੱਚ ਕੋਈ ਅੰਤਰ ਨਹੀਂ ਹੈ। ਭਾਰਤ ਵਿੱਚ ਬਣੇ ਜਹਾਜ਼ ਦੀ ਇਸਤੇਮਾਲ ਏਅਰਲਾਈਨ ਪਹਿਲਾ ਵੀ ਕਰ ਚੁੱਕੇ ਹਨ।"
ਹੁਣ ਭਾਰਤ ਵਿੱਚ ਬਣੇ ਡੋਰਨੀਅਰ ਜਹਾਜ਼ ਨੂੰ ਲੈ ਕੇ ਜੋ ਦਾਅਵੇ ਕੀਤੇ ਜਾ ਰਹੇ ਹਨ, ਉਸ ਦੀ ਤਸਦੀਕ ਨੂੰ ਦੇਖਦੇ ਹਾਂ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਬੀਬੀਸੀ ਕੋਲ ਮੌਜੂਦ ਅੰਕੜੇ ਤਸਦੀਕ ਕਰਦੇ ਹਨ ਕਿ ਡੋਰਨੀਅਰ ਜਹਾਜ਼ (ਨਾਗਰਿਕਾਂ ਨੂੰ ਢੋਣ ਵਾਲੇ ਜਹਾਜ਼ਾਂ ਸਣੇ) ਦਾ ਨਿਰਮਾਣ ਦੇਸ਼ ਵਿੱਚ ਪਹਿਲਾਂ ਵੀ ਹੋ ਚੁੱਕਿਆ ਹੈ।
ਸਰਕਾਰੀ ਅੰਡਰਟੇਕਿੰਗ ਹਿੰਦੁਸਤਾਨ ਏਅਰੋਨਾਟਿਕਸ ਲਿਮੀਟਡ ਇਸ ਜਹਾਜ਼ ਨੂੰ 1980 ਦੇ ਦਹਾਕੇ ਤੋਂ ਬਣਾ ਰਿਹਾ ਹੈ ਅਤੇ ਇਸ ਵਿੱਚ ਕੁਝ ਘਰੇਲੂ ਉਡਾਣ ਸੇਵਾ ਇੰਡੀਅਨ ਏਅਰਲਾਈਂਸ ਦੇ ਬੇੜੇ ਵਿੱਚ ਸ਼ਾਮਿਲ ਸਨ।
ਭਾਰਤੀ ਜਲ ਸੈਨਾ ਦੇ ਅਧਿਕਾਰਤ ਇਤਿਹਾਸ ਵਿੱਚ ਵਾਈਸ ਐਡਮਿਰਲ ਜੀਐੱਮ ਹੀਰਾਨੰਦਾਨੀ (ਰਿਟਾਇਰਡ) ਨੇ ਲਿਖਿਆ ਹੈ, "1980 ਦੇ ਸ਼ੁਰੂਆਤੀ ਸਾਲਾਂ ਵਿੱਚ ਹਵਾਈ ਸੈਨਾ, ਜਲ ਸੈਨਾ, ਕੋਸਟ ਗਾਰਡ ਅਤੇ ਇੰਡੀਅਨ ਏਅਰਲਾਈਨਸ ਦੀ ਫੀਡਰ ਸੇਵਾ ਵਾਯੂਦੂਤ ਦੀ ਲੋੜਾਂ ਨੂੰ ਦੇਖਦਿਆਂ ਹੋਇਆ ਘੱਟ ਭਾਰ ਵਾਲੇ ਟਰਾਂਸਪੋਰਟ ਯੋਗ ਜਹਾਜ਼ ਦੇ ਸਵਦੇਸ਼ੀ ਉਤਪਾਦਨ 'ਤੇ ਵਿਚਾਰ ਕੀਤਾ ਗਿਆ ਸੀ।"
"ਉਦੋਂ ਚਾਰ ਜਹਾਜ਼ਾਂ ਦਾ ਮੁਲਾਂਕਣ ਕੀਤਾ ਗਿਆ ਸੀ, ਬ੍ਰਿਟਿਸ਼ ਆਇਰਲੈਂਡ, ਜਰਮਨ ਡੋਰਨੀਅਰ, ਇਤਾਲਵੀ ਕਾਸਾ ਅਤੇ ਅਮਰੀਕੀ ਟਵੀਨ ਓਟਰ। ਜਲ ਸੈਨਾ, ਕੋਸਡ ਗਾਰਡ ਅਤੇ ਵਾਯੂਦੂਤ ਨੇ ਲੋੜਾਂ ਦੇ ਹਿਸਾਬ ਨਾਲ ਡੋਰਨੀਅਰ ਨੂੰ ਸਭ ਤੋਂ ਬਿਹਤਰ ਮੰਨਿਆ ਸੀ। ਉਦੋਂ ਐੱਚਏਐੱਲ ਕਾਨਪੁਰ ਵਿੱਚ ਉਤਪਾਦਨ ਲਈ ਡੋਰਨੀਅਰ ਦੀ ਚੋਣ ਕੀਤੀ ਗਈ ਸੀ।"
ਬੀਬੀਸੀ ਕੋਲ ਪੁਰਾਣੇ ਡਿਫੈਂਸ ਮੈਗਜ਼ੀਨ, ਵਾਯੂ ਏਅਰੋਸਪੇਸ ਅਤੇ ਡਿਫੈਂਸ ਰਿਵੀਊ ਦੇ ਪੁਰਾਣੇ ਅੰਕ ਮੌਜੂਦ ਹਨ।
ਅਪ੍ਰੈਲ 1986 ਵਿੱਚ ਮੈਗ਼ਜ਼ੀਨ ਦੇ ਅੰਕ ਭਾਰਤ ਵਿੱਚ ਬਣੇ ਜਹਾਜ਼ ਡੋਰਨੀਅਰ ਦੇ ਇੰਡੀਅਨ ਏਅਰਲਾਈਨਸ ਨਾਲ ਜੁੜੀ ਸਹਿਯੋਗੀ ਵਪਾਰਕ ਉਡਾਣ ਸੇਵਾ ਵਾਯੂਦੂਤ ਵਿੱਚ ਸ਼ਾਮਿਲ ਹੋਣ ਦੀ ਰਿਪੋਰਟ ਪ੍ਰਕਾਸ਼ਿਤ ਹੈ।
ਇਸ ਰਿਪੋਰਟ ਵਿੱਚ ਕਿਹਾ ਗਿਆ ਹੈ, "ਹਿੰਦੁਸਤਾਨ ਏਅਰੋਨਾਟਿਕਸ ਲਿਮੀਟਡ ਦੀ ਕਾਨਪੁਰ ਡਿਵੀਜਨ ਵਿੱਚ 22 ਮਾਰਚ, 1986 ਦੀ ਸਵੇਰੇ ਚਕੇਰੀ ਏਅਰਫੀਲਡ ਵਿੱਚ ਐੱਚਏਐੱਲ ਵੱਲੋਂ ਬਣਾਏ ਗਏ ਪੰਜ ਡੋਰਨੀਅਰ 228 ਲਾਈਟ ਟਰਾਂਸਪੋਰਟ ਏਅਰਪੋਰਟ ਵਿੱਚੋਂ ਪਹਿਲੇ ਜਹਾਜ਼ ਨੂੰ ਵਾਯੂਦੂਤ ਨੂੰ ਸੌਂਪਿਆ ਗਿਆ ਸੀ।"
ਓਬਜਰਵਰ ਰਿਸਰਚ ਫਾਊਂਡੇਸ਼ਨ ਨਾਲ ਜੁੜੇ ਅੰਗਦ ਸਿੰਘ ਦੱਸਦੇ ਹਨ, "ਐੱਚਏਐੱਲ ਨਿਰਮਿਤ ਡੋਰਨੀਅਰ (ਡੀਓ 228) ਨੂੰ ਵਾਯੂਦੂਤ ਨੂੰ 1986 ਵਿੱਚ ਸੌਂਪਿਆ ਗਿਆ ਅਤੇ ਇਸ ਦਾ ਇਸਤੇਮਾਲ ਨਵੰਬਰ, 1984 ਤੋਂ ਬਾਅਦ ਸ਼ੁਰੂ ਹੋ ਗਿਆ ਸੀ।"
ਅੰਗਦ ਸਿੰਘ ਨੇ ਇਹ ਵੀ ਕਿਹਾ, "12 ਅਪ੍ਰੈਲ, 2002 ਨੂੰ ਜੋ ਜਹਾਜ਼ ਉੱਡਿਆ ਹੈ, ਉਹ ਇੱਕ ਤਰ੍ਹਾਂ ਨਾਲ ਓਰਿਜਨਲ ਡੋਰਨੀਅਰ 228 ਜਹਾਜ਼ ਦਾ ਅਪਗ੍ਰੇਟਡ ਵਰਜਨ ਹੈ, ਹਾਲਾਂਕਿ ਢਾਂਚਾ ਇੱਕੋ-ਜਿਹਾ ਹੀ ਹੈ। ਡੋਰਨੀਅਰ 228 ਇੱਕ ਪਹਿਲੀ ਰੈਵੀਨਿਊ ਫਲਾਈਟ ਸੀ।"
ਵਾਯੂਦੂਤ ਦੀ ਸ਼ੁਰੂਆਤ 26 ਜਨਵਰੀ, 1981 ਨੂੰ ਛੋਟੇ-ਛੋਟੇ ਇਲਾਕਿਆਂ ਨੂੰ ਜੋੜਨ ਲਈ ਹੋਇਆ ਸੀ।
ਮਾਰਚ, 1982 ਵਿੱਚ ਵਾਯੂਦੂਤ ਨੂੰ ਉੱਤਰ ਪੂਰਬੀ ਸਣੇ 23 ਥਾਵਾਂ ਤੋਂ ਮੁਹਿੰਮ ਸ਼ੁਰੂ ਕਰਨ ਦੀ ਇਜਾਜ਼ਤ ਮਿਲ ਚੁੱਕੀ ਸੀ।
ਬਾਅਦ ਵਿੱਚ ਇਹ ਇੰਡੀਅਨ ਏਅਰਲਾਈਨਸ ਵਿੱਚ ਸ਼ਾਮਿਲ ਹੋ ਗਿਆ ਅਤੇ ਇਸ ਦੇ ਜਹਾਜ਼ਾਂ ਦਾ ਇਸਤੇਮਾਲ ਵੀ ਕੁਝ ਸਮੇਂ ਲਈ ਕੀਤਾ ਗਿਆ।
ਸਾਫ਼ ਹੈ ਕਿ ਭਾਰਤ ਵਿੱਚ ਦਹਾਕਿਆਂ ਪਹਿਲਾ ਹੀ ਇਹੋ-ਜਿਹੇ ਹੀ ਸਵੈ-ਨਿਰਮਿਤ ਜਹਾਜ਼ ਬਣਾਏ ਜਾ ਚੁੱਕੇ ਸਨ, ਜਿਨ੍ਹਾਂ ਦਾ ਵਪਾਰਕ ਉਡਾਣਾਂ ਲਈ ਇਸਤੇਮਾਲ ਕੀਤਾ ਗਿਆ ਸੀ।
ਬੀਬੀਸੀ ਨੇ ਸਿਵਿਲ ਏਵੀਏਸ਼ਨ ਮੰਤਰਾਲੇ ਨੂੰ ਵੀ ਕਈ ਵਾਰ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਵੱਲੋਂ ਕੋਈ ਪ੍ਰਤੀਕਿਰਿਆ ਨਹੀਂ ਮਿਲੀ।
ਇਹ ਵੀ ਪੜ੍ਹੋ: