ਗੁਰਦਾਸਪੁਰ ਵਿੱਚ ਹੋਈ ਹਿੰਦੂ ਦੇਵੀ-ਦੇਵਤਿਆਂ ਦੀ ਕਥਿਤ ਬੇਅਦਬੀ ਦਾ ਕੀ ਹੈ ਪੂਰਾ ਮਾਮਲਾ

    • ਲੇਖਕ, ਗੁਰਪ੍ਰੀਤ ਚਾਵਲਾ
    • ਰੋਲ, ਬੀਬੀਸੀ ਸਹਿਯੋਗੀ

ਗੁਰਦਾਸਪੁਰ ਦੇ ਸਰਹੱਦੀ ਕਸਬੇ ਦੋਰਾਂਗਲਾ ਵਿੱਚ ਸ਼ਨਿੱਚਰਵਾਰ ਨੂੰ ਦੁਪਹਿਰ ਇੱਕ ਧਾਰਮਿਕ ਸਮਾਗਮ ਵਿੱਚ ਹਿੰਦੂ ਦੇਵਤਿਆਂ ਦੀ ਕਥਿਤ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਹੈ।

ਦੋਰਾਂਗਲਾ ਦੇ ਮੁੱਖ ਬਜ਼ਾਰ ਵਿੱਚ ਨਰਾਤੇ ਦੇ ਆਖਰੀ ਦਿਨ ਨੂੰ ਲੈਕੇ ਲੰਗਰ ਲਗਾਇਆ ਗਿਆ ਸੀ। ਸਮਾਗਮ ਦੇ ਪ੍ਰਬੰਧਕਾਂ ਨੇ ਇਲਜ਼ਾਮ ਲਗਾਏ ਕਿ ਉਸ ਵੇਲੇ ਇੱਕ ਨੌਜਵਾਨ ਨੇ ਹਿੰਦੂ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਅੱਗੇ ਕਥਿਤ ਤੌਰ ’ਤੇ ਆਪਣੇ ਪੈਰ ਦੀ ਜੁੱਤੀ ਰੱਖ ਕੇ ਬੇਅਦਬੀ ਕੀਤੀ।

ਇਸ ਘਟਨਾ ਤੋਂ ਬਾਅਦ ਮਾਹੌਲ ਤਣਾਵਪੂਰਨ ਬਣ ਗਿਆ। ਕਥਿਤ ਬੇਅਦਬੀ ਕਰਨ ਵਾਲੇ ਨੌਜਵਾਨ ਕੁਲਜੀਤ ਸਿੰਘ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ।ਨੌਜਵਾਨ ਦੀ ਲੰਗਰ ਦਾ ਪ੍ਰਬੰਧ ਕਰ ਰਹੇ ਮੌਕੇ 'ਤੇ ਮੌਜੂਦ ਦੁਕਾਨਦਾਰਾਂ ਵਲੋਂ ਕਾਬੂ ਕਰਕੇ ਕੁੱਟ ਮਾਰ ਕੀਤੀ ਗਈ ਅਤੇ ਭੀੜ ਨੇ ਇਕੱਠੇ ਹੋਕੇ ਮੁਲਜ਼ਮ ਨੂੰ ਉਥੇ ਖੰਭੇ ਨਾਲ ਬੰਨ੍ਹ ਲਿਆ ਗਿਆ | ਹਰ ਸਾਲ ਰਾਮ ਨੌਮੀ ਦੇ ਮੌਕੇ ਦੁਕਾਨਦਾਰਾਂ ਵਲੋਂ ਰਲ ਕੇ ਲੰਗਰ ਲਗਾਇਆ ਜਾਂਦਾ ਹੈ।

ਕਸਬਾ ਦੋਰੰਗਲਾ ਦੇ ਰਹਿਣ ਵਾਲੇ ਜੋਗਿੰਦਰਪਾਲ ਅਰੋੜਾ ਨੇ ਦੱਸਿਆ, "ਮੈਂ ਲੰਗਰ ਨੇੜੇ ਸਥਾਪਿਤ ਮੂਰਤੀਆਂ ਨੇੜੇ ਖੜ੍ਹਾ ਸੀ ਤੇ ਮੈਂ ਸੋਚਿਆ ਕਿ ਨੌਜ਼ਵਾਨ ਮੱਥਾ ਟੇਕਣ ਆਇਆ ਹੈ ਪਰ ਉਹ ਜਿਵੇਂ ਹੀ ਨੇੜੇ ਆਇਆ ਤਾਂ ਆਪਣੇ ਬੂਟ ਲਾਹ ਕੇ ਭਗਵਾਨ ਸ਼ਿਵ ਜੀ ਦੀ ਮੂਰਤੀ ਨੂੰ ਛੁਆ ਦਿੱਤਾ ਅਤੇ ਉਸੇ ਸਮੇਂ ਮੌਕੇ 'ਤੇ ਕਾਬੂ ਕਰ ਲਿਆ ਗਿਆ।''

ਇਹ ਵੀ ਪੜ੍ਹੋ:

ਜੋਗਿੰਦਰਪਾਲ ਅੱਗੇ ਦੱਸਦੇ ਹਨ, ''ਪੁਲਿਸ ਦੇਰੀ ਨਾਲ ਆਈ, ਇਸ ਪੂਰੀ ਘਟਨਾ ਨੂੰ ਲੈ ਕੇ ਪੁਲਿਸ ਕੋਲ ਸ਼ਿਕਾਇਤ ਦਰਜ ਕਾਰਵਾਈ ਗਈ ਹੈ।''

ਸ਼ਿਕਾਇਤ ਕਰਤਾ ਜਗਜੀਤ ਕੁਮਾਰ ਨੇ ਵੀ ਕਿਹਾ ਕਿ ਪੁਲਿਸ ਨੂੰ ਸੂਚਨਾ ਦਿੱਤੀ ਸੀ ਪਰ ਪੁਲਿਸ ਦੇਰੀ ਨਾਲ ਆਈ ਅਤੇ ਰੋਸ ਵਜੋਂ ਪੂਰੇ ਬਾਜ਼ਾਰ ਦੀਆ ਦੁਕਾਨਾਂ ਬੰਦ ਕਰ ਪੁਲਿਸ ਪ੍ਰਸ਼ਾਸ਼ਨ ਦੇ ਖਿਲਾਫ਼ ਅਤੇ ਇਸ ਘਟਨਾ ਨੂੰ ਲੈਕੇ ਕਈ ਘੰਟਿਆਂ ਤਕ ਪ੍ਰਦਰਸ਼ਨ ਕੀਤਾ ਗਿਆ ਹੈ। ਪੁਲਿਸ ਦੇ ਆਲਾ ਅਧਕਾਰੀ ਬਾਅਦ 'ਚ ਪਹੁੰਚ ਗਏ ਸਨ।

ਸ਼ਿਵ ਸੈਨਾ ਆਗੂ ਹਨੀ ਮਹਾਜਨ ਨੇ ਮੰਗ ਕੀਤੀ ਕਿ ਪੰਜਾਬ 'ਚ ਹਿੰਦੂ-ਸਿੱਖ ਸਮਾਜ ਵਿੱਚ ਲਗਾਤਾਰ ਬੇਅਦਬੀਆਂ ਹੋ ਰਹੀਆਂ ਹਨ। ਮੁਲਜ਼ਮਾਂ ਖਿਲਾਫ਼ ਸਖਤ ਕਾਰਵਾਈ ਹੋਣੀ ਚਾਹੀਦੀ ਹੈ।

ਸਖਤ ਕਾਨੂੰਨੀ ਕਾਰਵਾਈ ਦੀ ਮੰਗ ਨੂੰ ਦੁਕਾਨਦਾਰਾਂ ਅਤੇ ਇਲਾਕੇ ਦੇ ਲੋਕਾਂ ਵਲੋਂ ਕਈ ਘੰਟਿਆਂ ਤੱਕ ਗੁਰਦਾਸਪੁਰ - ਦੋਰੰਗਲਾ ਮੁੱਖ ਮਾਰਗ 'ਤੇ ਚੱਕਾ ਜਾਮ ਕਰਕੇ ਧਾਰਨਾ ਦਿਤਾ ਗਿਆ। ਉਸ ਤੋਂ ਬਾਅਦ ਗੁਰਦਾਸਪੁਰ ਪੁਲਿਸ ਦੇ ਆਲ੍ਹਾ ਅਧਕਾਰੀ ਮੌਕੇ 'ਤੇ ਪਹੁਚੇ।ਡੀਐੱਸਪੀ ਰਾਜਬੀਰ ਸਿੰਘ ਨੇ ਦੱਸਿਆ, “ਸਾਨੂੰ ਸੂਚਨਾ ਮਿਲੀ ਸੀ ਕਿ ਦੋਰਾਂਗਲਾ ਦੇ ਬਜ਼ਾਰ 'ਚ ਲੰਗਰ ਲਗਾਇਆ ਗਿਆ ਸੀ। ਇਸ ਦੌਰਾਨ ਇਕ ਅਣਪਛਾਤੇ ਨੌਜਵਾਨ ਨੇ ਆ ਕੇ ਧਾਰਮਿਕ ਤਸਵੀਰਾਂ ਤੇ ਮੂਰਤੀਆਂ ਅੱਗੇ ਆਪਣੀਆਂ ਜੁੱਤੀਆਂ ਰੱਖ ਦਿੱਤੀਆਂ।”

''ਇਸ ਤੋਂ ਭੀੜ ਭੜਕ ਗਈ ਅਤੇ ਨੌਜਵਾਨ ਨੂੰ ਭੀੜ ਤੋਂ ਬਚਾਅ ਕਰ ਹਿਰਾਸਤ ਵਿੱਚ ਲਿਆ ਗਿਆ ਅਤੇ ਉਥੇ ਹੀ ਲੰਗਰ ਪ੍ਰਬੰਧਕਾਂ ਦੀ ਸ਼ਿਕਾਇਤ ਤੇ ਧਾਰਮਿਕ ਭਾਵਨਾਂ ਨੂੰ ਠੇਸ ਪਹੁਚਾਉਣ ਦੇ ਇਲਜ਼ਾਮ ਵਿੱਚ ਧਾਰਾ 295 A ਤਹਿਤ ਪੁਲਿਸ ਥਾਣਾ ਦੋਰਾਂਗਲਾ 'ਚ ਮਾਮਲਾ ਦਰਜ ਕੀਤਾ ਗਿਆ ਹੈ।''

ਇਸ ਦੇ ਨਾਲ ਹੀ ਡੀਐੱਸਪੀ ਨੇ ਦੱਸਿਆ ਕਿ ਉਕਤ ਮੁਲਜ਼ਮ ਦੀ ਪਛਾਣ ਨੌਸ਼ਹਿਰਾ ਵਾਸੀ ਵਜੋਂ ਹੋਈ ਹੈ। ਡੀਐਸਪੀ ਦਾ ਇਹ ਵੀ ਕਹਿਣਾ ਹੈ ਕਿ ਕੁਲਜੀਤ ਦੇ ਪਰਿਵਾਰ ਮੁਤਾਬਿਕ ਉਹ ਦਿਮਾਗੀ ਤੌਰ 'ਤੇ ਪ੍ਰੇਸ਼ਾਨ ਹੈ ਉਸ ਦੀ ਡਾਕਟਰੀ ਜਾਂਚ ਵੀ ਕਰਵਾਈ ਜਾ ਰਹੀ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)