ਪੰਜਾਬੀਆਂ ਨੂੰ ਮੁੜ ਵੱਡੇ ਬਿਜਲੀ ਸੰਕਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਪਰ ਕਿਉਂ

    • ਲੇਖਕ, ਅਰਵਿੰਦ ਛਾਬੜਾ
    • ਰੋਲ, ਬੀਬੀਸੀ ਪੱਤਰਕਾਰ

ਆਉਣ ਵਾਲੇ ਦਿਨਾਂ ਵਿੱਚ ਪੰਜਾਬ ਗੰਭੀਰ ਬਿਜਲੀ ਸੰਕਟ ਦਾ ਸਾਹਮਣਾ ਕਰ ਸਕਦਾ ਹੈ। ਇਸ ਦਾ ਕਾਰਨ ਹੈ ਬਿਜਲੀ ਦੀ ਘੱਟ ਪੂਰਤੀ ਤੇ ਵੱਧ ਲੋੜ। ਘੱਟ ਬਿਜਲੀ ਹੋਣ ਦਾ ਵੱਡਾ ਕਾਰਨ ਕੋਲੇ ਦੀ ਕਮੀ ਹੈ ਜੋ ਕੋਲੇ ਦੀਆਂ ਵਧੀਆਂ ਕੀਮਤਾਂ ਕਾਰਨ ਦੱਸੀ ਜਾ ਰਹੀ ਹੈ।

ਜਿੱਥੇ ਇਹ ਕਿਸਾਨਾਂ ਸਮੇਤ ਆਮ ਲੋਕਾਂ ਲਈ ਚਿੰਤਾ ਦਾ ਵਿਸ਼ਾ ਹੈ ਉੱਥੇ ਇਹ ਪੰਜਾਬ ਦੀ ਨਵੀਂ ਬਣੀ ਆਮ ਆਦਮੀ ਪਾਰਟੀ ਲਈ ਇੱਕ ਪਹਿਲੀ ਵੱਡੀ ਚੁਣੌਤੀ ਵੀ ਹੈ।

ਖ਼ਾਸ ਤੌਰ 'ਤੇ ਪਿੰਡਾਂ ਵਿੱਚ ਲੋਕਾਂ ਨੂੰ ਬਿਜਲੀ ਕੱਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਪੰਜਾਬ ਦੇ ਲੁਧਿਆਣਾ ਤੇ ਜਲੰਧਰ ਤੋਂ ਬੀਬੀਸੀ ਸਹਿਯੋਗੀਆਂ ਨੇ ਦੱਸਿਆ ਕਿ ਦੋਵੇਂ ਜ਼ਿਲ੍ਹਿਆਂ ਦੇ ਪਿੰਡਾਂ ਵਿੱਚ ਖੇਤੀ ਮੋਟਰਾਂ ਲਈ ਲੋੜੀਂਦੀ ਬਿਜਲੀ ਨਹੀਂ ਮਿਲ ਰਹੀ ਤੇ ਅਣ-ਐਲਾਨੇ ਕੱਟ ਲੱਗ ਰਹੇ ਹਨ। ਲੁਧਿਆਣਾ ਵਿੱਚ ਕਿਸਾਨਾਂ ਨੇ ਸ਼ੁੱਕਰਵਾਰ ਨੂੰ ਇਸ ਸੰਬੰਧ ਵਿੱਚ ਧਰਨਾ ਵੀ ਲਗਾਇਆ ਸੀ।

ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ.ਐੱਸ.ਪੀ.ਸੀ.ਐੱਲ.) ਦੇ ਅਧਿਕਾਰਤ ਸੂਤਰਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਪ੍ਰਾਈਵੇਟ ਥਰਮਲ ਪਾਵਰ ਜਨਰੇਟਰਾਂ ਤੋਂ ਬਿਜਲੀ ਦੀ ਉਪਲਬਧਤਾ ਦੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਉਹ ਆਪਣੇ ਥਰਮਲ ਪਲਾਂਟਾਂ 'ਤੇ ਕੋਲੇ ਦਾ ਲੋੜੀਂਦਾ ਭੰਡਾਰ ਨਹੀਂ ਰੱਖ ਰਹੇ ਹਨ।

ਪਿਛਲੇ ਸਾਲ ਅਕਤੂਬਰ ਵਿੱਚ ਵੀ ਕੋਲੇ ਦੀ ਕਮੀ ਕਾਰਨ ਪੰਜਾਬ ਨੂੰ ਬਹੁਤ ਵੱਡੇ ਬਿਜਲੀ ਸੰਕਟ ਦਾ ਸਾਹਮਣਾ ਕਰਨਾ ਪਿਆ ਸੀ।

ਇਹ ਵੀ ਪੜ੍ਹੋ:

ਬੀਬੀਸੀ ਪੰਜਾਬੀ ਨਾਲ ਗੱਲਬਾਤ ਕਰਦੇ ਹੋਏ, ਆਲ ਇੰਡੀਆ ਪਾਵਰ ਇੰਜੀਨੀਅਰ ਫੈਡਰੇਸ਼ਨ (ਏਆਈਪੀਈਐਫ) ਦੇ ਬੁਲਾਰੇ ਵੀਕੇ ਗੁਪਤਾ ਨੇ ਕਿਹਾ ਕਿ ਪੰਜਾਬ ਵਿੱਚ ਪ੍ਰਾਈਵੇਟ ਜਨਰੇਟਰਾਂ ਦੇ ਥਰਮਲ ਪਲਾਂਟਾਂ ਵਿੱਚ ਕੋਲੇ ਦਾ ਸਟਾਕ ਸੁੱਕ ਰਿਹਾ ਹੈ ਕਿਉਂਕਿ ਉਹ ਲਗਭਗ ਰੋਜ਼ਾਨਾ ਦੇ ਹਿਸਾਬ ਨਾਲ ਕੋਲੇ ਦਾ ਸਟਾਕ ਰੱਖਦੇ ਹਨ।

ਉਹ ਕਹਿੰਦੇ ਹਨ, "ਇਹ ਇਸ ਤੱਥ ਦੇ ਬਾਵਜੂਦ ਹੈ ਕਿ ਬਿਜਲੀ ਮੰਤਰਾਲੇ ਨੇ ਸਾਰੇ ਕੋਲਾ ਆਧਾਰਤ ਥਰਮਲ ਜਨਰੇਟਿੰਗ ਸਟੇਸ਼ਨਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਆਪਣੀਆਂ ਜ਼ਿੰਮੇਵਾਰੀਆਂ ਦੇ ਅਨੁਸਾਰ ਕੋਲੇ ਦੇ ਢੁਕਵੇਂ ਸਟਾਕ ਨੂੰ ਕਾਇਮ ਰੱਖਣ ਅਤੇ ਇਹ ਯਕੀਨੀ ਬਣਾਉਣ ਲਈ ਲੋੜਾਂ ਅਨੁਸਾਰ ਬਿਜਲੀ ਪੈਦਾ ਕਰਨ।"

ਬਿਜਲੀ ਦੀ ਸਥਿਤੀ

ਸੂਤਰਾਂ ਮੁਤਾਬਕ ਸ਼ਨਿੱਚਰਵਾਰ ਤੱਕ ਤਲਵੰਡੀ ਸਾਬੋ ਅਤੇ ਜੀ.ਵੀ.ਕੇ ਵਿਖੇ ਕੋਲੇ ਦਾ ਸਟਾਕ ਮਹਿਜ਼ 1 ਤੋਂ 2 ਦਿਨਾਂ ਲਈ ਹੈ, ਜਦਕਿ ਰਾਜਪੁਰਾ ਥਰਮਲ ਪਲਾਂਟ ਵਿੱਚ ਇਹ 7 ਦਿਨਾਂ ਲਈ ਹੀ ਬਚਿਆ ਹੈ। ਰਾਜ ਦੇ ਲਹਿਰਾ ਮੁਹੱਬਤ ਅਤੇ ਰੋਪੜ ਥਰਮਲ ਪਲਾਂਟਾਂ ਵਿੱਚ ਕੋਲੇ ਦਾ ਭੰਡਾਰ 16 ਤੋਂ 17 ਦਿਨਾਂ ਲਈ ਹੈ।

26 ਮਾਰਚ ਤੱਕ ਕੋਲੇ ਦੀ ਘਾਟ ਕਾਰਨ ਤਲਵੰਡੀ ਸਾਬੋ ਦੇ ਯੂਨਿਟ ਅੱਧੀ ਸਮਰੱਥਾ 'ਤੇ ਚੱਲ ਰਹੇ ਹਨ।

ਜੀਵੀਕੇ ਦੀ ਇੱਕ ਯੂਨਿਟ ਕੋਲੇ ਦੀ ਘਾਟ ਕਾਰਨ ਬੰਦ ਹੈ। ਰਾਜਪੁਰਾ ਥਰਮਲ ਦਾ ਇੱਕ ਯੂਨਿਟ ਵੀ ਤਕਨੀਕੀ ਨੁਕਸ ਕਾਰਨ ਬੰਦ ਪਿਆ ਹੈ।

ਲਹਿਰਾ ਮੁਹੱਬਤ ਵਿਖੇ ਸਾਰੇ ਚਾਰ ਯੂਨਿਟ ਅਤੇ ਰੋਪੜ ਥਰਮਲ ਵਿਖੇ ਚਾਰ ਵਿੱਚੋਂ ਤਿੰਨ ਯੂਨਿਟ ਕੰਮ ਕਰ ਰਹੇ ਹਨ।

ਵੀਡੀਓ: ਬਿਜਲੀ ਸੋਧ ਬਿੱਲ 2020 ਕੀ ਹੈ ਸਮਝੋ

ਬਿਜਲੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਸਾਲ ਮਾਰਚ ਮਹੀਨੇ ਬਿਜਲੀ ਦੀ ਮੰਗ ਗਰਮੀ ਜਲਦੀ ਹੋਣ ਕਾਰਨ 1000 ਮੈਗਾਵਾਟ ਵੱਧ ਗਈ ਹੈ।

ਵੀ.ਕੇ.ਗੁਪਤਾ ਨੇ ਦੱਸਿਆ ਕਿ ਸੂਬੇ ਵਿੱਚ 24 ਲੱਖ ਯੂਨਿਟ ਦੀ ਘਾਟ ਨਾਲ 1583 ਲੱਖ ਯੂਨਿਟ ਬਿਜਲੀ ਸਪਲਾਈ ਮਿਲ ਰਹੀ ਹੈ।

ਇਸ ਤੋਂ ਇਲਾਵਾ ਪਾਵਰ ਐਕਸਚੇਂਜ 'ਤੇ ਵਿਕਰੀ ਲਈ ਉਪਲਬਧ ਬਿਜਲੀ ਦੀਆਂ ਦਰਾਂ ਪਿਛਲੇ ਲਗਭਗ ਤਿੰਨ ਹਫ਼ਤਿਆਂ ਵਿੱਚ ਚਾਰ ਗੁਣਾਂ ਵੱਧ ਗਈਆਂ ਹਨ।

ਪੰਜਾਬ ਲਈ ਉਮੀਦ

ਹੋਰ ਚੀਜ਼ਾਂ ਦੇ ਨਾਲ, ਸਰਕਾਰ ਆਪਣੀ ਝਾਰਖੰਡ ਕੋਲਾ ਖਾਨ 'ਤੇ ਨਿਰਭਰ ਕਰ ਰਹੀ ਹੈ। ਵੀ ਕੇ ਗੁਪਤਾ ਨੇ ਕਿਹਾ ਕਿ ਪਛਵਾੜਾ ਕੋਲਾ ਖ਼ਾਨ ਤੋਂ ਕੋਲੇ ਦੀ ਸਪਲਾਈ ਜੂਨ ਤੋਂ ਪਹਿਲਾਂ ਸ਼ੁਰੂ ਹੋਣ ਦੀ ਸੰਭਾਵਨਾ ਹੈ।

ਝੋਨੇ ਦਾ ਸੀਜ਼ਨ ਅਤੇ ਇਸ ਨਾਲ ਰੋਪੜ ਅਤੇ ਲਹਿਰਾ ਮੁਹੱਬਤ ਥਰਮਲ ਪਲਾਂਟਾਂ 'ਤੇ ਕੋਲੇ ਦਾ ਕਾਫ਼ੀ ਸਟਾਕ ਮਿਲੇਗਾ।

ਬਿਜਲੀ ਮੰਤਰੀ ਹਰਭਜਨ ਸਿੰਘ ਦਾ ਕਹਿਣਾ ਹੈ ਕਿ ਸਰਕਾਰ ਕੋਲੇ ਦੀ ਕਮੀ ਤੋਂ ਜਾਣੂ ਹੈ। ਉਨ੍ਹਾਂ ਨੇ ਕਿਹਾ ਕਿ ਅਧਿਕਾਰੀਆਂ ਨੂੰ ਝਾਰਖੰਡ ਕੋਲਾ ਖ਼ਾਨ ਦੀ ਸਥਿਤੀ ਦੇਖਣ ਲਈ ਭੇਜਿਆ ਗਿਆ ਹੈ ਤਾਂ ਜੋ ਸਥਿਤੀ ਨੂੰ ਕਾਬੂ ਵਿੱਚ ਲਿਆਂਦਾ ਜਾ ਸਕੇ। ਉਨ੍ਹਾਂ ਨੇ ਦੱਸਿਆ ਕਿ ਗਰਮੀਆਂ ਅਤੇ ਝੋਨੇ ਦੇ ਸੀਜ਼ਨ ਵਿੱਚ ਬਿਜਲੀ ਦੀ ਮੰਗ ਵਧੇਗੀ।

ਹਾਲਾਂਕਿ ਵੀ ਕੇ ਗੁਪਤਾ ਨੇ ਚੇਤਾਵਨੀ ਦਿੱਤੀ ਕਿ ਪੀਐਸਪੀਸੀਐਲ ਨੂੰ ਝੋਨੇ ਦੇ ਸੀਜ਼ਨ ਦੌਰਾਨ ਕੋਲੇ ਦੀ ਕਮੀ ਦਾ ਨੁਕਸਾਨ ਝੱਲਣਾ ਪੈ ਸਕਦਾ ਹੈ। ਆਪਣੀਆਂ ਲੋੜਾਂ ਪੂਰੀਆਂ ਕਰਨ ਲਈ ਪਾਵਰ ਐਕਸਚੇਂਜ ਰਾਹੀਂ ਮਹਿੰਗੀ ਬਿਜਲੀ ਖ਼ਰੀਦ ਕਰਨੀ ਪਵੇਗੀ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)