ਪੰਜਾਬ ਵਿੱਚ ਗਹਿਰਾ ਹੋ ਸਕਦਾ ਹੈ ਬਿਜਲੀ ਸੰਕਟ, ਕੋਲੇ ਦੀਆਂ ਵਧੀਆਂ ਕੀਮਤਾਂ - ਪ੍ਰੈੱਸ ਰਿਵੀਊ

ਕੋਲੇ ਦੀਆਂ ਵਧੀਆਂ ਕੀਮਤਾਂ ਤੋਂ ਬਾਅਦ ਪੰਜਾਬ ਵਿੱਚ ਬਿਜਲੀ ਸੰਕਟ ਗਹਿਰਾ ਹੋ ਸਕਦਾ ਹੈ।

ਅੰਗਰੇਜ਼ੀ ਅਖ਼ਬਾਰ 'ਦਿ ਟ੍ਰਿਬਿਊਨ' ਦੀ ਖ਼ਬਰ ਮੁਤਾਬਕ ਗੋਇੰਦਵਾਲ ਸਾਹਿਬ ਅਤੇ ਰੋਪੜ ਦੀ ਥਰਮਲ ਪਲਾਂਟ ਦਾ ਇੱਕ ਇੱਕ ਯੂਨਿਟ ਬੰਦ ਹੈ ਜਦੋਂਕਿ ਤਲਵੰਡੀ ਸਾਬੋ ਦਾ ਥਰਮਲ ਪਲਾਂਟ ਕੋਲੇ ਦੀ ਕਮੀ ਕਾਰਨ ਸਮਰੱਥਾ ਤੋਂ ਘੱਟ ਬਿਜਲੀ ਬਣਾ ਰਿਹਾ ਹੈ।

ਖ਼ਬਰ ਮੁਤਾਬਕ ਕੋਲੇ ਦੀਆਂ ਵਧੀਆਂ ਕੀਮਤਾਂ ਕਾਰਨ ਸੂਬੇ ਨੂੰ ਕੋਸਟਲ ਗੁਜਰਾਤ ਪਾਵਰ ਲਿਮਿਟਡ ਤੋਂ ਆਪਣੇ ਹਿੱਸੇ ਦੀ 475 ਮੇਗਾਵਾਟ ਬਿਜਲੀ ਨਹੀਂ ਮਿਲ ਰਹੀ।

ਪੀਐੱਸਪੀਸੀਐਲ ਦੇ ਅਧਿਕਾਰੀਆਂ ਮੁਤਾਬਕ ਸਮਝੌਤੇ ਮੁਤਾਬਕ ਪੰਜਾਬ ਨੂੰ 2.90 ਰੁਪਏ ਪ੍ਰਤੀ ਯੂਨਿਟ 'ਤੇ ਬਿਜਲੀ ਵੇਚੀ ਜਾਣੀ ਹੈ ਪਰ ਹੁਣ ਕੋਲੇ ਦੀਆਂ ਕੀਮਤਾਂ ਵਿੱਚ ਵਾਧਾ ਹੋਣ ਕਰਕੇ 5.50-6 ਰੁਪਏ ਪ੍ਰਤੀ ਯੂਨਿਟ ਦੀ ਮੰਗ ਕੀਤੀ ਜਾ ਰਹੀ ਹੈ।

ਖ਼ਬਰ ਮੁਤਾਬਕ ਵਧ ਰਹੀ ਗਰਮੀ ਕਰਕੇ ਵੀ ਬਿਜਲੀ ਦੀ ਮੰਗ ਵਧ ਰਹੀ ਹੈ ਤੇ ਪਿਛਲੇ ਪੰਦਰਾਂ ਦਿਨਾਂ ਵਿੱਚ ਇਹ 7395 ਤੋਂ 8490 ਮੈਗਾਵਾਟ ਪ੍ਰਤੀ ਦਿਨ ਤੱਕ ਪਹੁੰਚੀ ਹੈ।

ਇੱਕ ਸੀਨੀਅਰ ਅਧਿਕਾਰੀ ਮੁਤਾਬਕ ਪਿਛਲੇ ਦੋ ਦਿਨਾਂ ਵਿੱਚ ਪੰਜਾਬ ਨੇ ਕੋਈ ਪਾਵਰ ਐਕਸਚੇਂਜ ਨਹੀਂ ਕੀਤਾ ਕਿਉਂਕਿ ਪੰਜਾਬ ਕੋਲ ਸਰਪਲੱਸ ਬਿਜਲੀ ਨਹੀਂ ਹੈ।

ਮਜੀਠੀਆ ਖਾਲਿਸਤਾਨੀ ਤੱਤਾਂ ਦੇ ਨਿਸ਼ਾਨੇ 'ਤੇ - ਖੁਫੀਆ ਵਿਭਾਗ ਰਿਪੋਰਟ

ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਜੋ ਇਸ ਵੇਲੇ ਪਟਿਆਲਾ ਦੀ ਕੇਂਦਰੀ ਜੇਲ੍ਹ ਵਿਚ ਹਨ, ਖਾਲਿਸਤਾਨੀ ਤੱਤਾਂ ਦੇ ਨਿਸ਼ਾਨੇ 'ਤੇ ਹਨ।

ਅੰਗਰੇਜ਼ੀ ਅਖ਼ਬਾਰ 'ਦਿ ਇੰਡੀਅਨ ਐਕਸਪ੍ਰੈਸ' ਦੀ ਖ਼ਬਰ ਮੁਤਾਬਕ ਖੁਫੀਆ ਵਿਭਾਗ ਦੇ ਦਸਤਾਵੇਜ਼ਾਂ ਮੁਤਾਬਕ ਉਹ ਬੱਬਰ ਖਾਲਸਾ ਇੰਟਰਨੈਸ਼ਨਲ, ਖਾਲਿਸਤਾਨ ਟਾਈਗਰ ਫੋਰਸ, ਖਾਲਿਸਤਾਨ ਜ਼ਿੰਦਾਬਾਦ ਫੋਰਸ ਵਰਗੀਆਂ ਸੰਸਥਾਵਾਂ ਦੇ ਨਿਸ਼ਾਨੇ 'ਤੇ ਹਨ ਅਤੇ ਇਸ ਕਰਕੇ ਉਨ੍ਹਾਂ ਨੂੰ ਜੇਲ੍ਹ ਵਿੱਚ ਸੁਰੱਖਿਆ ਮੁਹੱਈਆ ਕਰਵਾਉਣ ਬਾਰੇ ਆਖਿਆ ਗਿਆ ਹੈ।

ਖ਼ਬਰ ਮੁਤਾਬਕ ਜੇਲ੍ਹ ਵਿੱਚ ਮਜੀਠੀਆ ਨੂੰ ਖ਼ਾਸ ਹਿੱਸੇ ਵਿੱਚ ਰੱਖਿਆ ਗਿਆ ਹੈ। ਐਡੀਸ਼ਨਲ ਡੀਜੀਪੀ ਪੀ ਕੇ ਸਿਨ੍ਹਾ ਮੁਤਾਬਕ ਬਿਕਰਮ ਸਿੰਘ ਮਜੀਠੀਆ ਦੀ ਸੁਰੱਖਿਆ ਲਈ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ।

ਇਨ੍ਹਾਂ ਦਸਤਾਵੇਜ਼ਾਂ ਮੁਤਾਬਕ ਪੰਜਾਬ ਵਿੱਚ ਮੌਜੂਦ ਗੈਂਗਸਟਰਾਂ ਦੀ ਸਹਾਇਤਾ ਨਾਲ ਮਜੀਠੀਆ ਨੂੰ ਨਿਸ਼ਾਨਾ ਬਣਾਇਆ ਜਾ ਸਕਦਾ ਹੈ ਜਿਸ ਕਰਕੇ ਜੁਡੀਸ਼ੀਅਲ ਕਸਟਡੀ ਦੌਰਾਨ ਉਨ੍ਹਾਂ ਦੀ ਸੁਰੱਖਿਆ ਲਈ ਜੇਲ੍ਹ ਅਧਿਕਾਰੀਆਂ ਨੂੰ ਅਪੀਲ ਕੀਤੀ ਗਈ ਹੈ।

ਜ਼ਿਕਰਯੋਗ ਹੈ ਕਿ ਬਿਕਰਮ ਸਿੰਘ ਮਜੀਠੀਆ ਉਪਰ ਪਿਛਲੇ ਸਾਲ ਦਸੰਬਰ ਵਿੱਚ ਐੱਨ ਡੀ ਪੀ ਇਸ ਐਕਟ ਤਹਿਤ ਮੁਕੱਦਮਾ ਦਰਜ ਹੋਇਆ ਸੀ ਜਿਸ ਤੋਂ ਬਾਅਦ ਉਹ 24 ਫਰਵਰੀ ਤੋਂ ਜੇਲ੍ਹ ਵਿੱਚ ਹਨ।

ਬਿਕਰਮ ਸਿੰਘ ਮਜੀਠੀਆ ਵਿਰੁੱਧ ਮਾਮਲੇ ਦੀ ਜਾਂਚ ਅਤੇ ਪੰਜਾਬ ਸਰਕਾਰ ਵੱਲੋਂ ਇੱਕ ਐਸਆਈਟੀ ਦਾ ਗਠਨ ਵੀ ਕੀਤਾ ਗਿਆ ਹੈ ਜਿਸ ਦੀ ਅਗਵਾਈ ਏਆਈਜੀ ਡਾ ਰਾਹੁਲ ਕਰ ਰਹੇ ਹਨ।

'ਤੇਲ ਦੀਆਂ ਵਧੀਆਂ ਕੀਮਤਾਂ ਦਾ ਕਾਰਨ ਯੂਕਰੇਨ ਰੂਸ ਜੰਗ'

ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸ਼ੁੱਕਰਵਾਰ ਨੂੰ ਸੰਸਦ ਵਿੱਚ ਆਖਿਆ ਕਿ ਦੇਸ਼ ਵਿੱਚ ਡੀਜ਼ਲ ਅਤੇ ਪੈਟਰੋਲ ਦੀਆਂ ਵਧੀਆਂ ਕੀਮਤਾਂ ਲਈ ਰੂਸ ਅਤੇ ਯੂਕਰੇਨ ਦਰਮਿਆਨ ਜੰਗ ਇੱਕ ਕਾਰਨ ਹੈ।

ਅੰਗਰੇਜ਼ੀ ਅਖ਼ਬਾਰ 'ਦਿ ਟਾਈਮਜ਼ ਆਫ ਇੰਡੀਆ' ਦੀ ਰਿਪੋਰਟ ਮੁਤਾਬਕ ਨਿਰਮਲਾ ਸੀਤਾਰਮਨ ਨੇ ਆਖਿਆ ਕਿ ਯੁੱਧ ਕਾਰਨ ਕੱਚੇ ਤੇਲ ਦੀਆਂ ਕੀਮਤਾਂ ਵਧ ਗਈਆਂ ਹਨ ਜਿਸ ਕਰਕੇ ਸਪਲਾਈ ਚੇਨ ਉੱਪਰ ਅਸਰ ਪਿਆ ਹੈ। ਉਨ੍ਹਾਂ ਨੇ ਆਖਿਆ ਕਿ ਇਸ ਦਾ ਚੋਣਾਂ ਨਾਲ ਕੋਈ ਸਬੰਧ ਨਹੀਂ ਹੈ।

ਨਿਰਮਲਾ ਸੀਤਾਰਮਨ ਨੇ 1951 ਵਿੱਚ ਕੋਰੀਆ ਵਿੱਚ ਹੋਈ ਜੰਗ ਦਾ ਜ਼ਿਕਰ ਵੀ ਕੀਤਾ ਤੇ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੀ ਇਸ ਬਾਰੇ ਟਿੱਪਣੀ ਵੀ ਸੰਸਦ ਦੇ ਅੱਗੇ ਰੱਖੀ।

ਉਨ੍ਹਾਂ ਨੇ ਆਖਿਆ ਕਿ ਪਿਛਲੇ ਇੱਕ ਦਹਾਕੇ ਵਿੱਚ ਇਸ ਸਮੇਂ ਕੱਚੇ ਤੇਲ ਦੀਆਂ ਕੀਮਤਾਂ ਸਭ ਤੋਂ ਵੱਧ ਹਨ ਅਤੇ ਇਸ ਕਰਕੇ ਤੇਲ ਕੰਪਨੀਆਂ ਕੋਲ ਕੀਮਤਾਂ ਦੇ ਵਾਧੇ ਤੋਂ ਬਿਨਾਂ ਹੋਰ ਕੋਈ ਹੱਲ ਨਹੀਂ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)