You’re viewing a text-only version of this website that uses less data. View the main version of the website including all images and videos.
ਜਸਵੰਤ ਸਿੰਘ ਖਾਲੜਾ ਕੌਣ ਸਨ ਜਿਨ੍ਹਾਂ 'ਤੇ ਬਣਨ ਜਾ ਰਹੀ ਫ਼ਿਲਮ ਦਾ ਹਿੱਸਾ ਦਿਲਜੀਤ ਦੋਸਾਂਝ ਹੋਣਗੇ
ਦਿਲਜੀਤ ਦੋਸਾਂਝ ਅਤੇ ਉਨ੍ਹਾਂ ਦੀ ਟੀਮ ਜਲਦੀ ਹੀ ਜਸਵੰਤ ਸਿੰਘ ਖਾਲੜਾ ਦੀ ਜ਼ਿੰਦਗੀ ਅਤੇ ਕੰਮ ਦੇ ਉੱਤੇ ਫਿਲਮ ਬਣਾਉਣਗੇ। ਇਸ ਦੀ ਜਾਣਕਾਰੀ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਰਾਹੀਂ ਦਿੱਤੀ ਹੈ।
ਖਾਲੜਾ ਪਰਿਵਾਰ ਨੇ ਇਹ ਫਿਲਮ ਬਣਾਉਣ ਦੀ ਆਗਿਆ ਹਨੀ ਤਰੇਹਨ ਦੀ ਟੀਮ ਜਿਸ ਦਾ ਦਲਜੀਤ ਦੁਸਾਂਝ ਵੀ ਹਿੱਸਾ ਹਨ, ਨੂੰ ਦੇ ਦਿੱਤੀ ਹੈ।
ਪਰਮਜੀਤ ਕੌਰ ਖਾਲੜਾ ਦੇ ਫੇਸਬੁੱਕ ਪੇਜ 'ਤੇ ਇੱਕ ਪੋਸਟ ਪਾ ਕੇ ਲਿਖਿਆ ਗਿਆ ਹੈ, "ਪਿਛਲੇ ਕੁਝ ਸਾਲਾਂ ਤੋਂ ਖਾਲੜਾ ਪਰਿਵਾਰ ਨੂੰ ਬਹੁਤ ਜਥੇਬੰਦੀਆਂ ਨੇ ਜਸਵੰਤ ਸਿੰਘ ਖਾਲੜਾ ਦੀ ਜ਼ਿੰਦਗੀ ਅਤੇ ਕੰਮ ਦੇ ਉੱਤੇ ਫਿਲਮ ਬਣਾਉਣ ਲਈ ਸੰਪਰਕ ਕੀਤਾ ਸੀ ਪਰ ਇਹ ਜ਼ਿਆਦਾਤਰ ਸੰਗਤੀ ਗਰਾਹੀਆਂ ਦੇ ਨਾਲ ਇਸ ਫਿਲਮ ਨੂੰ ਪ੍ਰੋਡਿਊਸ ਕਰਨਾ ਚਹੁੰਦੇ ਸੀ, ਜਿਸਦਾ ਹਿੱਸਾ ਅਸੀਂ ਨਹੀਂ ਬਣਨਾ ਚਾਹੁੰਦੇ।"
ਉਨ੍ਹਾਂ ਅੱਗੇ ਲਿਖਿਆ, "ਸੋ ਅਖ਼ੀਰ ਖਾਲੜਾ ਪਰਿਵਾਰ ਨੇ ਇਹ ਫਿਲਮ ਬਣਾਉਣ ਦੀ ਆਗਿਆ ਹਨੀ ਤਰੇਹਨ ਦੀ ਟੀਮ ਜਿਸ ਦਾ ਦਿਲਜੀਤ ਦੋਸਾਂਝ ਵੀ ਹਿੱਸਾ ਹਨ, ਨੂੰ ਦੇ ਦਿੱਤੀ ਹੈ।"
ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਖਾਲੜਾ ਮਿਸ਼ਨ ਜਥੇਬੰਦੀ ਇਸ ਫਿਲਮ ਵਿੱਚ ਸ਼ਾਮਲ ਨਹੀਂ ਹੈ ਅਤੇ ਪਰਿਵਾਰ ਦੀ ਸ਼ਮੂਲਿਅਤ ਕਹਾਣੀ ਨੂੰ ਪੜ੍ਹ ਕੇ ਆਪਣੀ ਰਾਇ ਦੇਣ ਦੀ ਹੈ।"
ਉਨ੍ਹਾਂ ਨੇ ਦੱਸਿਆ, "ਪਰਿਵਾਰ ਵੱਲੋਂ ਇਹ ਵੀ ਹੱਕ ਰਾਖਵਾਂ ਰੱਖਿਆ ਗਿਆ ਹੈ ਕਿ ਜੇ ਫਿਲਮ ਬਣਨ 'ਤੇ ਸਾਨੂੰ ਇਸ ਵਿੱਚ ਕੋਈ ਤੱਥਾਂ ਨੂੰ ਲੈ ਕੇ ਊਣਤਾਈਆਂ ਨਜ਼ਰ ਆਈਆਂ ਤਾਂ ਅਸੀਂ ਇਸ ਨੂੰ ਮਨ੍ਹਾਂ ਕਰ ਸਕਦੇ ਹਾਂ।"
ਉਨ੍ਹਾਂ ਨੇ ਕਿਹਾ ਕਿ ਪਿਛਲੇ ਸਮੇਂ ਵਿੱਚ ਬਾਲੀਵੁੱਡ ਵੱਲੋਂ ਸਿੱਖ ਸੰਘਰਸ਼ ਨੂੰ ਗਲਤ ਤਰੀਕੇ ਨਾਲ ਬਿਆਨਣ ਦੀ ਪੰਥਕ ਫਿਕਰਮੰਦੀ ਵਿੱਚ ਅਸੀਂ ਵੀ ਸ਼ਾਮਲ ਹਾਂ ਤੇ ਕੋਸ਼ਿਸ਼ ਕਰਾਂਗੇ ਕਿ ਅਸੀਂ ਇਸ ਟੀਮ ਨੂੰ ਸਹੀ ਅਤੇ ਢੁੱਕਵੇਂ ਸੁਝਾਅ ਦੇ ਕੇ ਬਰਤਾਂਤ ਨੂੰ ਠੀਕ ਰੱਖਵਾ ਸਕੀਏ।
ਇਹ ਵੀ ਪੜ੍ਹੋ
ਕੌਣ ਸਨ ਜਸਵੰਤ ਸਿੰਘ ਖਾਲੜਾ?
ਪੰਜਾਬ ਦਾ 1980ਵਿਆਂ ਅਤੇ 1990ਵਿਆਂ ਦਾ ਪਹਿਲਾ ਅੱਧ ਖਾੜਕੂ ਲਹਿਰ, ਪੁਲਿਸ ਕਾਰਵਾਈਆਂ ਅਤੇ ਬੇਕਸੂਰ ਲੋਕਾਂ ਦੇ ਘਾਣ ਲਈ ਜਾਣਿਆ ਜਾਂਦਾ ਹੈ।
ਇਸ ਦੌਰ ਵਿੱਚ ਜੇ ਦਹਿਸ਼ਤਗਰਦੀ ਦੀਆਂ ਵਾਰਦਾਤਾਂ ਹੋਈਆਂ ਤਾਂ ਪੁਲਿਸ ਤਸ਼ੱਦਦ, ਹਿਰਾਸਤੀ ਮੌਤਾਂ ਅਤੇ ਝੂਠੇ ਪੁਲਿਸ ਮੁਕਾਬਲੇ ਵੀ ਲਗਾਤਾਰ ਚਰਚਾ ਵਿੱਚ ਰਹੇ।
ਇਹ ਮਸਲਾ ਮਨੁੱਖੀ ਹੱਕਾਂ ਬਾਰੇ ਕਾਰਕੁਨ ਜਸਵੰਤ ਸਿੰਘ ਖਾਲੜਾ ਦੇ ਹਵਾਲੇ ਨਾਲ ਚਰਚਾ ਵਿੱਚ ਆਇਆ ਜਦੋਂ ਉਨ੍ਹਾਂ ਨੇ ਅੰਮ੍ਰਿਤਸਰ, ਮਜੀਠਾ ਅਤੇ ਤਰਨ ਤਾਰਨ ਦੇ ਤਿੰਨ ਸ਼ਮਸ਼ਾਨ ਘਾਟਾਂ ਵਿੱਚ ਜੂਨ 1984 ਤੋਂ ਦਸੰਬਰ 1994 ਤੱਕ ਕਿਓਟੀਆਂ ਗਈਆਂ ਲਾਸ਼ਾਂ ਦੇ ਵੇਰਵੇ ਨਸ਼ਰ ਕੀਤੇ।
ਉਨ੍ਹਾਂ ਇਹ ਦਾਅਵਾ ਕੀਤਾ ਕਿ ਇਹ ਲਾਵਾਰਿਸ ਲਾਸ਼ਾਂ ਪੁਲਿਸ ਦੀਆਂ ਗ਼ੈਰ-ਕਾਨੂੰਨੀ ਕਾਰਵਾਈਆਂ ਦੀ ਗਵਾਹੀ ਭਰਦੀਆਂ ਹਨ।
ਵੀਡੀਓ:ਲਾਵਾਰਿਸ ਕਹਿ ਕੇ ਸਾੜੀਆਂ ਹਜ਼ਾਰਾਂ ਲਾਸ਼ਾਂ ਦਾ ਵਾਰਿਸ
ਜਸਵੰਤ ਸਿੰਘ ਖਾਲੜਾ ਦੇ ਦਾਅਵੇ ਦੀ ਤਸਦੀਕ ਇਹ ਤੱਥ ਕਰਦੇ ਸਨ ਕਿ ਇਨ੍ਹਾਂ ਵਿੱਚੋਂ ਜ਼ਿਆਦਾਤਰ ਲਾਸ਼ਾਂ ਪੁਲਿਸ ਨੇ ਸ਼ਮਸ਼ਾਨ ਘਾਟਾਂ ਵਿੱਚ ਲਿਆਂਦੀਆਂ ਸਨ।
ਖਾਲੜਾ ਰਾਹੀਂ ਹੋਏ ਖੁਲਾਸੇ ਨੇ ਲਾਵਾਰਿਸ ਲਾਸ਼ਾਂ ਅਤੇ ਲਾਪਤਾ ਜੀਆਂ ਦੇ ਸਵਾਲ ਪਰਿਵਾਰਾਂ ਜਾਂ ਉਨ੍ਹਾਂ ਨਾਲ ਜੁੜੀਆਂ ਜਥੇਬੰਦੀਆਂ ਦੇ ਘੇਰੇ ਵਿੱਚੋਂ ਕੱਢ ਸਿਆਸੀ-ਸਮਾਜਿਕ ਪਿੜ ਵਿੱਚ ਲਿਆ ਦਿੱਤੇ।
ਲਾਪਤਾ ਲੋਕਾਂ ਦੀ ਭਾਲ ਕਰਨ ਵਾਲਾ ਜਦੋਂ ਖ਼ੁਦ 'ਲਾਪਤਾ' ਹੋਇਆ
ਇਨ੍ਹਾਂ ਮਸਲਿਆਂ ਨਾਲ ਜੁੜੇ ਸਵਾਲਾਂ ਦੀ ਕੀਮਤ ਜਸਵੰਤ ਸਿੰਘ ਖਾਲੜਾ ਨੂੰ ਆਪਣੀ ਜਾਨ ਦੇ ਕੇ ਉਤਾਰਨੀ ਪਈ ਸੀ।
ਵੀਡੀਓ:ਮਨੁੱਖੀ ਹੱਕਾਂ ਲਈ ਲੜਨ ਵਾਲਾ 'ਮਰਜੀਵੜਾ'
ਉਨ੍ਹਾਂ ਨੂੰ 6 ਸਤੰਬਰ 1995 ਨੂੰ ਅੰਮ੍ਰਿਤਸਰ ਵਿੱਚ ਉਨ੍ਹਾਂ ਦੇ ਘਰੋਂ ਪੁਲਿਸ ਨੇ ਅਗਵਾ ਕੀਤਾ ਅਤੇ ਉਸ ਤੋਂ ਬਾਅਦ ਉਨ੍ਹਾਂ ਦਾ ਕੋਈ ਥਹੁ-ਪਤਾ ਨਹੀਂ ਲੱਗਿਆ।
ਉਨ੍ਹਾਂ ਨੂੰ ਅਗਵਾ ਕਰਨ ਅਤੇ ਕਤਲ ਕਰਨ ਲਈ ਸੀਬੀਆਈ ਨੇ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਨੂੰ ਦੋਸ਼ੀ ਦੱਸਿਆ।
ਬਾਅਦ ਵਿੱਚ ਉਨ੍ਹਾਂ ਮੁਲਾਜ਼ਮਾਂ ਨੂੰ ਅਦਾਲਤ ਵਿੱਚ ਦੋਸ਼ੀ ਕਰਾਰ ਦਿੱਤਾ ਗਿਆ।
ਇਹ ਵੀ ਪੜ੍ਹੋ:
ਇਹ ਵੀ ਦੇਖੋ: